ਮਸਨੂਈ ਬੁੱਧੀਮਤਾ (ਏ. ਆਈ.) ਅੱਜ ਸਿਰਫ ਇਕ ਤਕਨੀਕੀ ਧਾਰਨਾ ਨਹੀਂ ਰਹਿ ਗਈ, ਸਗੋਂ ਇਹ ਗਲੋਬਲ ਅਰਥਵਿਵਸਥਾ, ਉਦਯੋਗ, ਵਪਾਰ, ਸਿੱਖਿਆ, ਸਿਹਤ ਅਤੇ ਸ਼ਾਸਨ ਵਿਵਸਥਾ ਦੇ ਕੇਂਦਰ ’ਚ ਆ ਚੁੱਕੀ ਹੈ। ਜਿਸ ਪ੍ਰਕਾਰ 20ਵੀਂ ਸਦੀ ’ਚ ਬਿਜਲੀ ਅਤੇ ਇੰਟਰਨੈੱਟ ਨੇ ਦੁਨੀਆ ਦੀ ਆਰਥਿਕ ਬਣਤਰ ਨੂੰ ਬਦਲ ਦਿੱਤਾ ਸੀ, ਉਸੇ ਪ੍ਰਕਾਰ 21ਵੀਂ ਸਦੀ ’ਚ ਏ. ਆਈ. ਨੂੰ ਤਬਦੀਲੀ ਦਾ ਸਭ ਤੋਂ ਵੱਡਾ ਮਾਧਿਅਮ ਮੰਨਿਆ ਜਾ ਰਿਹਾ ਹੈ। ਦੁਨੀਆ ਦੀਆਂ ਲੱਗਭਗ ਸਾਰੀਆਂ ਵੱਡੀਆਂ ਕੰਪਨੀਆਂ ਏ. ਆਈ. ’ਤੇ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀਆਂ ਹਨ। ਨਿਵੇਸ਼ਕਾਂ ਦਾ ਵਿਸ਼ਵਾਸ ਹੈ ਕਿ ਏ. ਆਈ. ਉਤਪਾਦਕਤਾ ਨੂੰ ਤਾਂ ਵਧਾਏਗਾ ਹੀ, ਨਾਲ ਹੀ ਲਾਗਤ ਨੂੰ ਵੀ ਘਟਾਏਗਾ ਅਤੇ ਨਵੇਂ ਵਪਾਰਕ ਮੌਕੇ ਪੈਦਾ ਕਰੇਗਾ ਪਰ ਸਵਾਲ ਇਹ ਹੈ ਕਿ ਕੀ ਇਹ ਨਿਵੇਸ਼ ਅਸਲ ਲਾਭ ’ਚ ਬਦਲ ਰਿਹਾ ਹੈ?
ਹਾਲ ਹੀ ’ਚ ਪ੍ਰਕਾਸ਼ਿਤ ਗਲੋਬਲ ਕੰਸਲਟਿੰਗ ਫਰਮ ‘ਕੇ. ਪੀ. ਐੱਮ. ਜੀ.’ ਦੀ ਟੈਕ ਰਿਪੋਰਟ ਨੇ ਇਸ ਉਤਸ਼ਾਹ ਦੇ ਪਿੱਛੇ ਲੁਕੀ ਅਸਲੀਅਤ ਨੂੰ ਸਾਹਮਣੇ ਰੱਖਿਆ ਹੈ। ਇਹ ਰਿਪੋਰਟ ਦੱਸਦੀ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਏ. ਆਈ. ਨੂੰ ਅਪਣਾਉਣ ਦੀ ਦੌੜ ’ਚ ਤਾਂ ਸ਼ਾਮਲ ਹਨ ਪਰ ਅਸਲ ਅਤੇ ਸਥਾਈ ਲਾਭ ਬਹੁਤ ਘੱਟ ਸੰਸਥਾਵਾਂ ਨੂੰ ਮਿਲ ਪਾ ਰਿਹਾ ਹੈ। ਰਿਪੋਰਟ ਅਨੁਸਾਰ ਵਿਸ਼ਵ ਦੀਆਂ ਵੱਡੀਆਂ ਕੰਪਨੀਆਂ ਏ. ਆਈ. ’ਤੇ ਲਗਾਤਾਰ ਨਿਵੇਸ਼ ਵਧਾ ਰਹੀਆਂ ਹਨ ਪਰ ਇਸ ਤੋਂ ਲਗਾਤਾਰ ਮੁਨਾਫ਼ਾ ਸਿਰਫ਼ 10 ਫ਼ੀਸਦੀ ਕੰਪਨੀਆਂ ਹੀ ਕਮਾ ਪਾ ਰਹੀਆਂ ਹਨ। ਟੈਕ ਰਿਪੋਰਟ ’ਚ ਇਹ ਸਿੱਟਾ 1 ਅਰਬ ਡਾਲਰ (ਲਗਭਗ 9,573 ਕਰੋੜ ਰੁਪਏ) ਤੋਂ ਵੱਧ ਆਮਦਨ ਵਾਲੀਆਂ 155 ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਦੇ ਸਰਵੇਖਣ ਦੇ ਆਧਾਰ ’ਤੇ ਕੱਢਿਆ ਗਿਆ ਹੈ।
ਰਿਪੋਰਟ ਮੁਤਾਬਕ 74 ਫ਼ੀਸਦੀ ਟੈਕ ਕੰਪਨੀਆਂ ਡਿਜੀਟਲ ਤਕਨੀਕਾਂ ’ਤੇ ਸਾਲਾਨਾ ਔਸਤਨ 479 ਕਰੋੜ ਰੁਪਏ ਖਰਚ ਕਰ ਰਹੀਆਂ ਹਨ, ਜਦੋਂਕਿ 51 ਫ਼ੀਸਦੀ ਕੰਪਨੀਆਂ ਔਸਤਨ 957 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕਰ ਰਹੀਆਂ ਹਨ ਪਰ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਅਨੁਸਾਰ ਕੁੱਲ ਡਿਜੀਟਲ ਆਮਦਨ ’ਚ ਏ. ਆਈ. ਦਾ ਯੋਗਦਾਨ ਸਿਰਫ਼ 21 ਤੋਂ 40 ਫ਼ੀਸਦੀ ਦੇ ਵਿਚਾਲੇ ਹੀ ਹੈ। ਇਸ ਰਿਪੋਰਟ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਕਈ ਕੰਪਨੀਆਂ ਹਰ ਸਾਲ ਕਰੋੜਾਂ ਡਾਲਰ ਖਰਚ ਕਰ ਰਹੀਆਂ ਹਨ, ਪਰ ਸਿਰਫ ਸੀਮਤ ਗਿਣਤੀ ’ਚ ਹੀ ਕੰਪਨੀਆਂ ਬਹੁ-ਪੱਧਰੀ ਨਿਵੇਸ਼ ’ਤੇ ਸਪੱਸ਼ਟ ਰਿਟਰਨ ਪ੍ਰਾਪਤ ਕਰ ਪਾ ਰਹੀਆਂ ਹਨ। ਏ. ਆਈ. ਉਨ੍ਹਾਂ ਦੇ ਗਿਆਨ-ਅਾਧਾਰਿਤ ਕਰਮਚਾਰੀਆਂ ਦੀ ਉਤਪਾਦਕਤਾ ਨੂੰ ਤਾਂ ਵਧਾ ਰਿਹਾ ਹੈ ਪਰ ਸਿਰਫ ਲਗਭਗ ਇਕ-ਤਿਹਾਈ ਸੰਸਥਾਵਾਂ ਹੀ ਏ. ਆਈ. ਨੂੰ ਵੱਡੇ ਪੱਧਰ ’ਤੇ ਉਤਪਾਦਨ ਅਤੇ ਵਪਾਰਕ ਪ੍ਰਕਿਰਿਆਵਾਂ ’ਚ ਸਫਲਤਾਪੂਰਵਕ ਲਾਗੂ ਕਰ ਸਕਦੀਆਂ ਹਨ।
ਅਸਲ ’ਚ ਏ. ਆਈ. ਤੋਂ ਉਮੀਦਾਂ ਅਸਾਧਾਰਨ ਹਨ। ਇਹ ਡਾਟਾ ਵਿਸ਼ਲੇਸ਼ਣ, ਗਾਹਕ ਸੇਵਾ, ਖੋਜ, ਵਿੱਤੀ ਪ੍ਰਬੰਧਨ, ਉਤਪਾਦਨ ਕੰਟਰੋਲ, ਮੈਡੀਕਲ ਨਿਦਾਨ ਅਤੇ ਪ੍ਰਸ਼ਾਸਨਿਕ ਕਾਰਜਾਂ ’ਚ ਬੇਮਿਸਾਲ ਕੁਸ਼ਲਤਾ ਪ੍ਰਦਾਨ ਕਰ ਸਕਦਾ ਹੈ। ‘ਕੇ. ਪੀ. ਐੱਮ. ਜੀ.’ ਦੇ ਇਕ ਗਲੋਬਲ ਸਰਵੇਖਣ ਅਨੁਸਾਰ 64 ਫੀਸਦੀ ਤੋਂ ਵੱਧ ਸੰਗਠਨ ਮੰਨਦੇ ਹਨ ਕਿ ਏ. ਆਈ. ਪਹਿਲਾਂ ਦੀ ਤੁਲਨਾ ’ਚ ਉਨ੍ਹਾਂ ਨੂੰ ਸਾਰਥਕ ਵਪਾਰਕ ਲਾਭ ਪ੍ਰਦਾਨ ਕਰ ਰਿਹਾ ਹੈ, ਜਿਸ ਕਾਰਨ ਏ. ਆਈ. ਏਜੰਟਾਂ ਅਤੇ ਸਵੈਚਾਲਨ ਤਕਨੀਕਾਂ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਉੱਥੇ ਹੀ 90 ਫ਼ੀਸਦੀ ਕੰਪਨੀਆਂ ਨੇ ਨਵੀਆਂ ਨੌਕਰੀਆਂ ’ਚ ਏ. ਆਈ. ਨੂੰ ਸ਼ਾਮਲ ਕੀਤਾ ਹੈ ਅਤੇ 89 ਫ਼ੀਸਦੀ ਕੰਪਨੀਆਂ ਏਜੰਟਿਕ ਏ. ਆਈ. ’ਚ ਨਿਵੇਸ਼ ਕਰ ਰਹੀਆਂ ਹਨ। ਇਸ ਦੇ ਬਾਵਜੂਦ 54 ਫ਼ੀਸਦੀ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਉਹ ਇਸ ਦੌੜ ’ਚ ਪਿੱਛੇ ਛੁੱਟ ਰਹੇ ਹਨ। ਹਾਲਾਂਕਿ 83 ਫ਼ੀਸਦੀ ਕੰਪਨੀਆਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਫੈਸਲੇ ਲੈਣ ’ਚ ਏ. ਆਈ. ’ਤੇ ਭਰੋਸਾ ਕਰਦੇ ਹਨ।
ਰਿਪੋਰਟ ਅਨੁਸਾਰ 61 ਫ਼ੀਸਦੀ ਕੰਪਨੀਆਂ ਦਾ ਕਹਿਣਾ ਹੈ ਕਿ ਤਕਨੀਕ ਬਦਲਣ ਦੀ ਤੇਜ਼ ਰਫ਼ਤਾਰ ਕਾਰਨ ਯੋਜਨਾਵਾਂ ਵਾਰ-ਵਾਰ ਬਦਲਣੀਆਂ ਪੈਂਦੀਆਂ ਹਨ। ਪੁਰਾਣੇ ਸਿਸਟਮ ਅਤੇ ਗੁੰਝਲਦਾਰ ਏਕੀਕਰਨ ਇਸ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਹਨ। ਅਨੇਕ ਕੰਪਨੀਆਂ ਅਜੇ ਵੀ ਪ੍ਰਯੋਗ, ਪ੍ਰੀਖਣ ਅਤੇ ਸੀਮਤ ਪ੍ਰਾਜੈਕਟਾਂ ਦੇ ਪੱਧਰ ’ਤੇ ਹੀ ਹਨ। ਕਈ ਕੰਪਨੀਆਂ ਨੂੰ ਇਹ ਤਜਰਬਾ ਹੋ ਰਿਹਾ ਹੈ ਕਿ ਏ. ਆਈ. ਨੂੰ ਸਿਰਫ ਇਕ ਵਾਧੂ ਉਪਕਰਣ ਦੇ ਰੂਪ ’ਚ ਜੋੜਨ ਨਾਲ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਹੁੰਦੇ। ਇਸ ਲਈ ਪੂਰੀ ਕਾਰਜ-ਸੰਸਕ੍ਰਿਤੀ ਅਤੇ ਫੈਸਲਾ ਪ੍ਰਕਿਰਿਆ ’ਚ ਤਬਦੀਲੀ ਜ਼ਰੂਰੀ ਹੈ।
ਏ. ਆਈ. ਦੀ ਵਧ ਰਹੀ ਵਰਤੋਂ ਨੇ ਦੁਨੀਆ ਭਰ ਦੇ ਕਰਮਚਾਰੀਆਂ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਹੈ। ਅਨੇਕ ਕਰਮਚਾਰੀ ਇਹ ਮਹਿਸੂਸ ਕਰ ਰਹੇ ਹਨ ਕਿ ਤਕਨੀਕੀ ਤਬਦੀਲੀ ਦੀ ਗਤੀ ਉਨ੍ਹਾਂ ਦੇ ਹੁਨਰ ਵਿਕਾਸ ਦੀ ਗਤੀ ਨਾਲੋਂ ਕਿਤੇ ਵੱਧ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਹੁਣ ਸਿਰਫ ਤਕਨੀਕ ’ਚ ਨਿਵੇਸ਼ ਨਹੀਂ ਕਰ ਰਹੀਆਂ, ਸਗੋਂ ਕਰਮਚਾਰੀਆਂ ਦੇ ਮੁੜ-ਸਿਖਲਾਈ ਅਤੇ ਹੁਨਰ ਉੱਨਤੀ ’ਤੇ ਵੀ ਧਿਆਨ ਦੇ ਰਹੀਆਂ ਹਨ। ਜਿਨ੍ਹਾਂ ਸੰਗਠਨਾਂ ਨੇ ਆਪਣੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ, ਉਨ੍ਹਾਂ ਨੂੰ ਏ. ਆਈ. ਤੋਂ ਵੱਧ ਲਾਭ ਮਿਲਿਆ ਹੈ।
ਏ. ਆਈ. ਦਾ ਦੂਜਾ ਵੱਡਾ ਪੱਖ ਸਾਈਬਰ ਸੁਰੱਖਿਆ ਹੈ। ਸਿਸਟਮ ’ਚ ਏ. ਆਈ. ਜੁੜਨ ਨਾਲ ਸਾਈਬਰ ਹਮਲਿਆਂ ਦਾ ਖਤਰਾ ਤੇਜ਼ੀ ਨਾਲ ਵਧਿਆ ਹੈ। 36 ਫ਼ੀਸਦੀ ਟੈਕ ਲੀਡਰਜ਼ ਇਸ ਨੂੰ ਸਭ ਤੋਂ ਵੱਡੀ ਚਿੰਤਾ ਮੰਨਦੇ ਹਨ ਅਤੇ ਅਗਲੇ 24 ਮਹੀਨਿਆਂ ’ਚ ਇਹ ਅੰਕੜਾ ਵਧ ਕੇ 41 ਫ਼ੀਸਦੀ ਤੱਕ ਹੋਣ ਦਾ ਅਨੁਮਾਨ ਹੈ। ਹੁਣ ਏ. ਆਈ. ਅਪਣਾਉਣ ਤੋਂ ਅੱਗੇ ਵਧ ਕੇ ਇਸ ਨੂੰ ਸੁਰੱਖਿਆ ਉਪਾਵਾਂ ਦੇ ਨਾਲ ਲاਗੂ ਕਰਨਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਭਾਰਤ ਲਈ ਇਹ ਵਿਚਾਰ-ਵਟਾਂਦਰਾ ਹੋਰ ਵੀ ਮਹੱਤਵਪੂਰਨ ਹੈ। ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਡਿਜੀਟਲ ਅਰਥਵਿਵਸਥਾਵਾਂ ’ਚ ਸ਼ਾਮਲ ਹੈ। ਦੇਸ਼ ’ਚ ਡਿਜੀਟਲ ਭੁਗਤਾਨ, ਈ-ਗਵਰਨੈਂਸ, ਸਟਾਰਟਅੱਪ ਅਤੇ ਆਈ. ਟੀ. ਸੇਵਾਵਾਂ ਦਾ ਵਿਆਪਕ ਵਿਸਥਾਰ ਹੋਇਆ ਹੈ। ਭਾਰਤੀ ਤਕਨੀਕੀ ਕੰਪਨੀਆਂ ਵੀ ਏ. ਆਈ. ਨੂੰ ਅਪਣਾਉਣ ’ਚ ਮੋਹਰੀ ਬਣਨ ਦਾ ਯਤਨ ਕਰ ਰਹੀਆਂ ਹਨ। ਕੇ. ਪੀ. ਐੱਮ. ਜੀ. ਇੰਡੀਆ ਦੀ ਰਿਪੋਰਟ ਅਨੁਸਾਰ, 81 ਫੀਸਦੀ ਤਕਨੀਕੀ ਕੰਪਨੀਆਂ ਅਗਲੇ 12 ਮਹੀਨਿਆਂ ’ਚ ਆਪਣੇ ਉਤਪਾਦਾਂ ਅਤੇ ਸੇਵਾਵਾਂ ’ਚ ਵਿਵਸਥਿਤ ਰੂਪ ਨਾਲ ਏ. ਆਈ. ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਅਤੇ 63 ਫੀਸਦੀ ਕੰਪਨੀਆਂ ਏ. ਆਈ. ਨਿਵੇਸ਼ ’ਚ 10 ਫੀਸਦੀ ਤੋਂ ਵੱਧ ਵਾਧਾ ਕਰਨ ਦੀ ਤਿਆਰੀ ’ਚ ਹਨ।
ਹਾਲਾਂਕਿ ਭਾਰਤ ਦੇ ਸਾਹਮਣੇ ਪਹਿਲੀ ਚੁਣੌਤੀ ਡਿਜੀਟਲ ਅਸਮਾਨਤਾ ਦੀ ਹੈ। ਦੇਸ਼ ਦਾ ਇਕ ਵੱਡਾ ਵਰਗ ਅਜੇ ਵੀ ਮਿਆਰੀ ਇੰਟਰਨੈੱਟ, ਡਿਜੀਟਲ ਸਿੱਖਿਆ ਅਤੇ ਤਕਨੀਕੀ ਸਾਧਨਾਂ ਤੋਂ ਵਾਂਝਾ ਹੈ। ਜੇਕਰ ਏ. ਆਈ. ਅਾਧਾਰਿਤ ਵਿਕਾਸ ਸਿਰਫ ਸ਼ਹਿਰੀ ਅਤੇ ਕਾਰਪੋਰੇਟ ਖੇਤਰਾਂ ਤੱਕ ਸੀਮਤ ਰਹਿ ਗਿਆ, ਤਾਂ ਸਮਾਜਿਕ ਅਤੇ ਆਰਥਿਕ ਅਸਮਾਨਤਾ ਹੋਰ ਵਧ ਸਕਦੀ ਹੈ। ਦੂਜੀ ਚੁਣੌਤੀ ਹੁਨਰ ਵਿਕਾਸ ਦੀ ਹੈ। ਵਿਸ਼ਵ ਆਰਥਿਕ ਮੰਚ ਸਮੇਤ ਅਨੇਕ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ’ਚ ਲੱਖਾਂ ਨੌਕਰੀਆਂ ਦਾ ਸਰੂਪ ਬਦਲੇਗਾ। ਅਜਿਹੇ ’ਚ ਭਾਰਤ ਨੂੰ ਆਪਣੇ ਨੌਜਵਾਨਾਂ ਨੂੰ ਏ. ਆਈ., ਡਾਟਾ ਵਿਗਿਆਨ, ਮਸ਼ੀਨ ਲਰਨਿੰਗ ਅਤੇ ਡਿਜੀਟਲ ਪ੍ਰਬੰਧਨ ਵਰਗੇ ਖੇਤਰਾਂ ’ਚ ਸਿਖਲਾਈ ਦੇਣੀ ਪਵੇਗੀ।
ਤੀਜੀ ਚੁਣੌਤੀ ਰੈਗੂਲੇਟਰੀ ਢਾਂਚੇ ਦੀ ਹੈ। ਯੂਰਪ, ਅਮਰੀਕਾ ਅਤੇ ਚੀਨ ਵਰਗੇ ਦੇਸ਼ ਏ. ਆਈ. ਸ਼ਾਸਨ ਲਈ ਨੀਤੀਆਂ ਵਿਕਸਿਤ ਕਰ ਰਹੇ ਹਨ। ਭਾਰਤ ਨੂੰ ਵੀ ਨਵਾਚਾਰ ਅਤੇ ਸੁਰੱਖਿਆ ਦੇ ਵਿਚਾਲੇ ਸੰਤੁਲਨ ਸਥਾਪਿਤ ਕਰਨ ਵਾਲਾ ਮਜ਼ਬੂਤ ਢਾਂਚਾ ਤਿਆਰ ਕਰਨਾ ਹੋਵੇਗਾ। ਤਕਨੀਕ ਉਦੋਂ ਹੀ ਲਾਭਦਾਇਕ ਬਣਦੀ ਹੈ ਜਦੋਂ ਉਸਦੀ ਵਰਤੋਂ ਸਪੱਸ਼ਟ ਵਪਾਰਕ ਉਦੇਸ਼ਾਂ ਦੇ ਨਾਲ ਕੀਤੀ ਜਾਵੇ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਉਨ੍ਹਾਂ ਸੰਸਥਾਵਾਂ ਦਾ ਹੋਵੇਗਾ ਜੋ ਏ. ਆਈ. ਨੂੰ ਸਿਰਫ ਲਾਗਤ ਘਟਾਉਣ ਦੇ ਸਾਧਨ ਦੇ ਰੂਪ ’ਚ ਨਹੀਂ, ਸਗੋਂ ਨਵਾਚਾਰ ਅਤੇ ਮੁੱਲ ਸਿਰਜਣ ਦੇ ਉਪਕਰਣ ਦੇ ਰੂਪ ’ਚ ਦੇਖਣ।
-ਰਿਸ਼ਭ ਮਿਸ਼ਰਾ
ਰਾਸ਼ਟਰੀ ਖੇਡ ਦਿਵਸ : ਖੇਡਾਂ ਨਾਲ ਮਜ਼ਬੂਤ ਬਣਦਾ ਭਾਰਤ ਦਾ ਨੌਜਵਾਨ
NEXT STORY