ਹਰ ਸਾਲ 26 ਜੂਨ ਨੂੰ ਨਸ਼ਾ ਵਿਰੋਧੀ ਦਿਵਸ ਆਉਂਦਾ ਹੈ ਅਤੇ ਕਈ ਸਵਾਲ ਛੱਡ ਜਾਂਦਾ ਹੈ। ਕੀ ਅਸੀਂ ਵਾਕਿਆ ਹੀ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਸਮਝ ਸਕੇ ਹਾਂ? ਕੀ ਅਸੀਂ ਇਸ ਦਾ ਹੱਲ ਸਿਰਫ ਗ੍ਰਿਫਤਾਰੀ, ਛਾਪੇਮਾਰੀ ਅਤੇ ਅਦਾਲਤਾਂ ਦੇ ਹੁਕਮਾਂ ’ਚ ਲੱਭ ਲਿਆ ਹੈ ਅਤੇ ਜੇਕਰ ਹਾਂ ਤਾਂ ਫਿਰ ਇਹ ਜਾਣ ਦਾ ਨਾਂ ਕਿਉਂ ਨਹੀਂ ਲੈਂਦੀ। ਸ਼ਾਇਦ ਇਸ ਲਈ ਕਿ ਅਸੀ ਸਿਰਫ ਲੱਛਣਾਂ ਨਾਲ ਲੜਦੇ ਹਾਂ, ਕਾਰਨਾਂ ਨਾਲ ਨਹੀਂ। ਬੁਖਾਰ ਤੋਂ ਬਚਣ ਲਈ ਮੱਥੇ ’ਤੇ ਬਰਫ ਲਗਾਉਣਾ ਬੀਮਾਰੀ ਦਾ ਸੰਪੂਰਨ ਇਲਾਜ ਨਹੀਂ ਹੈ।
ਇਹ ਮੰਨਣ ’ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਸਖਤ ਕਾਨੂੰਨੀ ਕਾਰਵਾਈ ਜ਼ਰੂਰੀ ਹੈ। ਹਰ ਸਮਾਜ ਨੇ ਆਪਣੇ ਨਿਯਮਾਂ ਦੀ ਰੱਖਿਆ ਕਰਨੀ ਹੁੰਦੀ ਹੈ। ਜੋ ਲੋਕ ਡਰੱਗਜ਼ ਵੇਚਦੇ ਹਨ, ਸਮੱਗਲਿੰਗ ਕਰਦੇ ਹਨ ਜਾਂ ਸਮਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਜੇਲ ’ਚ ਧੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਕਾਲੀ ਕਮਾਈ ਜ਼ਬਤ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਆਰਥਿਕ ਮੁੱਖ ਧਾਰਾ ਤੋਂ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਤੋਂ ਵਾਂਝਿਆ ਕਰ ਦਿੱਤਾ ਜਾਣਾ ਚਾਹੀਦਾ ਹੈ। ਹਰਿਆਣਾ ’ਚ ਅਸੀਂ ਇਹੀ ਕੀਤਾ। ਐਂਟੀ ਨਾਰਕੋਟਿਕ ਟਾਸਕ ਫੋਰਸ ਬਣਾਈ, ਫਾਸਟ ਟ੍ਰੈਕ ਕੋਰਟ ਸਥਾਪਿਤ ਕੀਤੀਆਂ, ਫਾਰੈਂਸਿਕ ਸਾਇੰਸ ਲੈਬੋਰੇਟਰੀ ਨੂੰ ਅਪਗ੍ਰੇਡ ਕੀਤਾ, ਹਜ਼ਾਰਾਂ ਨੂੰ ਜੇਲ ਭੇਜਿਆ। ਉਨ੍ਹਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ। ਇਹ ਕਦਮ ਜ਼ਰੂਰੀ ਸਨ ਅਤੇ ਅੱਗੇ ਵੀ ਪੂਰੀ ਮਜ਼ਬੂਤੀ ਨਾਲ ਉਠਾਏ ਜਾਂਦੇ ਰਹਿਣਗੇ।
ਪਰ ਕਾਨੂੰਨ ਉਥੇ ਕੰਮ ਕਰਦਾ ਹੈ ਜਿਥੇ ਅਪਰਾਧ ਹੋ ਚੁੱਕਾ ਹੋਵੇ। ਪੀੜਤਾਂ ਨੂੰ ਤਸੱਲੀ, ਅਪਰਾਧੀਆਂ ਨੂੰ ਸਜ਼ਾ ਮਿਲਦੀ ਹੈ ਪਰ ਲੰਬੀ ਕਾਨੂੰਨੀ ਪ੍ਰਕਿਰਿਆ ਬਾਕੀਆਂ ਨੂੰ ਅਪਰਾਧ ਤੋਂ ਦੂਰ ਰਹਿਣ ਦਾ ਸਬਕ ਓਨੀ ਤੇਜ਼ੀ ਨਾਲ ਨਹੀਂ ਦੇ ਪਾਉਂਦੀ, ਜਦਕਿ ਲੋਕਾਂ ਦੀ ਆਸ ਹੁੰਦੀ ਹੈ ਕਿ ਅਪਰਾਧ ਹੋਣ ਹੀ ਨਾ। ਠੀਕ ਇਹੀ ਉਹ ਜਗ੍ਹਾ ਹੈ ਜਿਥੇ ਸਾਨੂੰ ਰੋਕਥਾਮ ਦੀ ਅਹਿਮੀਅਤ ਨੂੰ ਸਮਝਣਾ ਹੋਵੇਗਾ। ਇਸ ਦਾ ਅਸਰ ਰਾਤੋਂ-ਰਾਤ ਨਹੀਂ ਦਿਸਦਾ। ਇਹ ਤੁਰੰਤ ਸੁਰਖੀਆਂ ’ਚ ਨਹੀਂ ਆਉਂਦਾ ਪਰ ਇਸ ਦਾ ਅਸਰ ਪੀੜ੍ਹੀਆਂ ਤਕ ਰਹਿੰਦਾ ਹੈ।
ਅੱਜ ਦੁਨੀਆ ਭਰ ’ਚ ਦਰਜਨਾਂ ਅਧਿਐਨ ਇਸ ਗੱਲ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਸਹੀ ਸਮੇਂ ’ਤੇ ਕੀਤੀ ਗਈ ਰੋਕਥਾਮ, ਖਾਸ ਕਰ ਕੇ ਸਕੂਲਾਂ ਅਤੇ ਪਰਿਵਾਰਾਂ ਦੇ ਪੱਧਰ ’ਤੇ ਨਸ਼ੇ ਦੀ ਸ਼ੁਰੂਆਤ 30 ਤੋਂ 50 ਫੀਸਦੀ ਤਕ ਘੱਟ ਕਰ ਸਕਦੀ ਹੈ। ਭਾਵਨਾਤਮਕ ਸਿੱਖਿਆ, ਆਤਮ-ਕੰਟਰੋਲ, ਸੰਵਾਦ ਕੌਸ਼ਲ ਅਤੇ ਸਮਾਜਿਕ ਸਮਝ ਵਰਗੇ ਤੱਤ ਜਦੋਂ ਬੱਚਿਆਂ ਨੂੰ ਸਮਾਂ ਰਹਿੰਦੇ ਸਿਖਾਏ ਜਾਂਦੇ ਹਨ ਤਾਂ ਉਹ ਉਲਟ ਹਾਲਾਤ ’ਚ ਟਿਕਣ ਲੱਗਦੇ ਹਨ। ਅਮਰੀਕਾ ਦੇ ਲਾਈਫ ਸਕਿੱਲਸ ਟ੍ਰੇਨਿੰਗ ਪ੍ਰੋਗਰਾਮ ਨੇ ਇਹ ਦਿਖਾਇਆ ਕਿ ਕਿਵੇਂ ਅਜਿਹੀਆਂ ਟ੍ਰੇਨਿੰਗਾਂ ਨਾਲ ਬੱਚਿਆਂ ’ਚ ਨਸ਼ੇ ਦੀਆਂ ਆਦਤਾਂ ਕਾਫੀ ਹੱਦ ਤੱਕ ਘੱਟ ਗਈਆਂ ਹਨ।
ਹਰਿਆਣਾ ’ਚ ਅਸੀਂ ਇਸੇ ਸੋਚ ਦੇ ਨਾਲ ਕੰਮ ਕੀਤਾ। ਅਸੀਂ ਤੈਅ ਕੀਤਾ ਕਿ ਅਸੀਂ ਫੜੋ-ਫੜੀ ਬਾਦਸਤੂਰ ਜਾਰੀ ਰੱਖਾਂਗੇ ਪਰ ਇਸ ਦੀ ਰੋਕਥਾਮ ’ਤੇ ਵੀ ਓਨਾ ਹੀ ਜ਼ੋਰ ਲਗਾਵਾਂਗੇ। ਇਸੇ ਸੋਚ ਨਾਲ ‘ਡਰੱਗ ਫ੍ਰੀ ਪੰਚਾਇਤ ਅਤੇ ਵਾਰਡ ਮੁਹਿੰਮ’ ਸ਼ੁਰੂ ਕੀਤੀ ਗਈ। ਇਹ ਕੋਈ ਰਵਾਇਤੀ ਤਮਗਾ ਨਹੀਂ ਹੈ। ਕੋਈ ਵੀ ਪਿੰਡ ਜਾਂ ਮੁਹੱਲਾ ਉਦੋਂ ਤਕ ‘ਨਸ਼ਾਮੁਕਤ’ ਨਹੀਂ ਕਹਿਲਾਉਂਦਾ ਜਦੋਂ ਤੱਕ ਕਿ ਉਥੇ ਇਕ ਵੀ ਸਰਗਰਮ ਸਮੱਗਲਰ ਮੌਜੂਦ ਹੋਵੇ ਜਾਂ ਕੋਈ ਨਸ਼ੇ ਦੀ ਵਰਤੋਂ ਕਰਨ ਵਾਲਾ ਬਿਨਾਂ ਇਲਾਜ ਦੇ ਹੋਵੇ। ਇਹ ਵਿਵਸਥਾ ਸਿਰਫ ਅੰਕੜਿਆਂ ਤੱਕ ਸੀਮਤ ਨਹੀਂ ਹੈ। ਇਹ ਸਮਾਜ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਹਿੱਸੇਦਾਰੀ ਨੂੰ ਕੇਂਦਰ ’ਚ ਮੰਗ ਲਿਆਉਂਦੀ ਹੈ।
ਅਸੀਂ ਮਹਿਸੂਸ ਕੀਤਾ ਕਿ ਜਦੋਂ ਨੌਜਵਾਨ ਜੁੜਨਗੇ ਨਹੀਂ, ਉਦੋਂ ਤਕ ਬਦਲਾਅ ਟਿਕੇਗਾ ਨਹੀਂ। ਇਸ ਲਈ ਅਸੀਂ ਪੁਲਸ ਦੀ ਭੂਮਿਕਾ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ, ਜਿਥੇ ਉਹ ਸਿਰਫ ਕਾਨੂੰਨ ਦੀ ਰੱਖਿਅਕ ਨਹੀਂ, ਸਗੋਂ ਮਾਰਗਰਸ਼ਕ ਵੀ ਬਣੇ। ਪੁਲਸ ਅਧਿਕਾਰੀਆਂ ਦੀ ਲੀਡਰਸ਼ਿਪ ’ਚ ਤਿੰਨ ਲੱਖ ਤੋਂ ਵੱਧ ਨੌਜਵਾਨ ਖੇਡ ਅਤੇ ਸਲਾਹ ਮਸ਼ਵਰੇ ਦੇ ਪ੍ਰੋਗਰਾਮਾਂ ’ਚ ਸ਼ਾਮਲ ਹੁੰਦੇ ਹਨ। ਇਨ੍ਹਾਂ ਨਾਲ ਸਕੂਲਾਂ ’ਚ ਅਨੁਸ਼ਾਸਨ ਬਿਹਤਰ ਹੋਇਆ ਹੈ, ਬੱਚਿਆਂ ’ਚ ਆਤਮਵਿਸ਼ਵਾਸ ਵਧਿਆ ਹੈ ਅਤੇ ਉਨ੍ਹਾਂ ਦਾ ਵਤੀਰਾ ਬਦਲਿਆ ਹੈ।
ਇਸ ਬਦਲਾਅ ਨੂੰ ਹੋਰ ਡੂੰਘਾਈ ਦੇਣ ਲਈ ਅਸੀਂ ਪ੍ਰਯੋਗ ਕੀਤੇ। ਜਿਵੇਂ ‘ਚੱਕਰਵਿਊ’ ਨਾਂ ਦੀ ਇਕ ਇੰਟਰੈਕਟਿਵ ਗੇਮ, ਜਿਸ ’ਚ ਬੱਚੇ ਖੁਦ ਤੈਅ ਕਰਦੇ ਹਨ ਕਿ ਕਿਸੇ ਚੁਣੌਤੀ ਜਾਂ ਦਬਾਅ ’ਚ ਕਿਵੇਂ ਪ੍ਰਤੀਕਿਰਿਆ ਦੇਣ। ਇਹ ਵਿਦਿਆਰਥੀਆਂ ਨੂੰ ਖੁਦ ’ਤੇ ਭਰੋਸਾ ਕਰਨਾ ਸਿਖਾਉਂਦੀ ਹੈ ਅਤੇ ਸਮੇਂ ਸਿਰ ਉਚਿਤ ਫੈਸਲੇ ਲੈਣ ਦੀ ਸਮਰੱਥਾ ਵਿਕਸਿਤ ਕਰਦੀ ਹੈ। ਉਥੇ ਰਾਮ ਗੁਰੂਕੁਲ ਗਮਨ ਵਰਗੇ ਨੌਜਵਾਨ ਕੇਂਦ੍ਰਿਤ ਸੱਭਿਆਚਾਰਕ ਪ੍ਰੋਗਰਾਮਾਂ ਨੇ ਸੱਭਿਆਚਾਰਕ ਕਥਾਨਕਾਂ ਜ਼ਰੀਏ ਸੰਜਮ ਸੰਘਰਸ਼ ਅਤੇ ਵਿਵੇਕ ਦਾ ਪਾਠ ਪੜ੍ਹਾਇਆ।
ਡਿਜੀਟਲ ਦੁਨੀਆ ’ਚ ਵੀ ਇਹ ਲੜਾਈ ਜਾਰੀ ਹੈ। ਜਿਥੇ ਡਰੱਗਜ਼ ਦੀ ਵਿਕਰੀ ਹੁਣ ਸੋਸ਼ਲ ਮੀਡੀਆ ’ਤੇ ਹੁੰਦੀ ਹੈ, ਉਥੇ ਹੀ ‘ਨਸ਼ਾ ਮੁਕਤ ਜੀਵਨ ਬਕੇਟ ਚੈਲੇਂਜ’ ਵਰਗੀਆਂ ਮੁਹਿੰਮਾਂ ਉਸੇ ਮੰਚ ’ਤੇ ਨੌਜਵਾਨਾਂ ਨੂੰ ਜੋੜਨ ਦਾ ਕੰਮ ਕਰ ਰਹੀਆਂ ਹਨ। ਲੱਖਾਂ ਵਿਊਜ਼ ਅਤੇ ਵੀਡੀਓ ਇਸ ਗੱਲ ਦਾ ਪ੍ਰਮਾਣ ਹੈ ਕਿ ਸਹੀ ਸੰਦੇਸ਼ ਸਹੀ ਮਾਧਿਅਮ ਨਾਲ ਸਹੀ ਵਕਤ ’ਤੇ ਭੇਜਿਆ ਜਾਵੇ ਤਾਂ ਅਸਰ ਜ਼ਰੂਰ ਹੁੰਦਾ ਹੈ।
ਇਹ ਲੜਾਈ ਸਰਕਾਰ ਜਾਂ ਪੁਲਸ ਇਕੱਲਿਆਂ ਨਹੀਂ ਲੜ ਸਕਦੀ। ਹੁਣ ਵਾਰੀ ਹੈ ਆਮ ਨਾਗਰਿਕਾਂ ਦੀ। ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨ। ਝਿਜਕ ਛੱਡਣ ਅਤੇ ਸੰਵਾਦ ਸ਼ੁਰੂ ਕਰਨ। ਉਨ੍ਹਾਂ ਨੂੰ ਰੋਜ਼ ਕਹਿਣ ਕਿ ਡਰੱਗਜ਼ ਤੋਂ ਦੂਰ ਰਹੋ, ਹੁਨਰ ਸਿੱਖੋ। ਅਧਿਆਪਕ ਸਕੂਲ ’ਚ ਸਿਰਫ ਨੰਬਰ ਨਹੀਂ, ਜੀਵਨ ਕੌਸ਼ਲ ਸਿਖਾਉਣ। ਕਾਨੂੰਨ ਦੀ ਤਲਵਾਰ ਜ਼ਰੂਰੀ ਹੈ ਪਰ ਅਸਲੀ ਜਿੱਤ ਉਦੋਂ ਹੋਵੇਗੀ ਜਦੋਂ ਅਸੀਂ ਅਪਰਾਧ ਨੂੰ ਸ਼ੁਰੂਆਤੀ ਪੜਾਅ ’ਚ ਹੀ ਰੋਕ ਦੇਈਏ। ਰੋਕਥਾਮ ਢਾਲ ਹੈ ਜੋ ਨਸ਼ੇ ਦੇ ਵਿਰੁੱਧ ਪੁਲਸ ਦੀ ਤਲਵਾਰ ਨੂੰ ਸੰਤੁਲਨ ਦਿੰਦੀ ਹੈ। 26 ਜੂਨ ਇਕ ਚਿਤਾਵਨੀ ਹੈ ਅਤੇ ਇਕ ਮੌਕਾ ਵੀ, ਇਕ ਨਵੀਂ ਸੋਚ ਇਕ ਨਵੀਂ ਦਿਸ਼ਾ ਚੁਣਨ ਦਾ।
ਓ. ਪੀ. ਸਿੰਘ
(ਡੀ. ਜੀ. ਪੀ. ਅਤੇ ਮੁਖੀ ਹਰਿਆਣਾ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ)
ਖਾਮੇਨੇਈ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪਰ ਖੋਮੈਨੀ ਦਾ ਬਾਰਾਬੰਕੀ ਨਾਲ ਸਬੰਧ ਹੈ
NEXT STORY