ਮਹਾਨ ਦੋਗਾਣਾ ਜੋੜੀ ਸਵੈ. ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਗਾਏ ਧਾਰਮਿਕ ਗੀਤ, ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੇ ਨਰਿੰਦਰ ਬੀਬਾ, ਯਮਲਾ ਜੱਟ, ਕੁਲਦੀਪ ਮਾਣਕ, ਸਰੂਪ ਸਿੰਘ ਸਰੂਪ ਵਾਂਗ ਸਿੱਖ ਇਤਿਹਾਸ ਨਾਲ ਸੰਬੰਧਤ ਬਹੁਤ ਹੀ ਵਧੀਆ ਤੇ ਪ੍ਰਸਿੱਧ ਗੀਤ ਗਾਏ। ਚਮੀਕਲੇ ਦਾ ਜਨਮ 21 ਜੁਲਾਈ ਹੋਇਆ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਆਵਾਂ ਵਿਚ ਪਹਿਲਾ ਧਾਰਮਿਕ ਗੀਤ ''ਤਲਵਾਰ ਮੈਂ ਕਲਗੀਧਰ ਦੀ ਹਾਂ'' ਸੰਨ 1985 'ਚ ਐਚ. ਐਮ. ਵੀ. ਕੰਪਨੀ ਨੇ ਰਿਕਾਰਡ ਕੀਤਾ ।ਸਵੈ. ਗੀਤਕਾਰ ਸਨਮੁੱਖ ਸਿੰਘ ਜੀ ਦਾ ਲਿਖਿਆ ਇਹ ਧਾਰਮਿਕ ਗੀਤ ਬਹੁਤ ਹਿੱਟ ਹੋਇਆ ਅਤੇ ਉਸ ਸਮੇਂ ਹਰ ਧਾਰਮਿਕ ਸਥਾਨਾਂ ਵਿਚ ਵੱਜਿਆ।ਸਿਰਫ ਤਲਵਾਰ ਮੈਂ ਕਲਗੀਧਰ ਦੀ ਹਾਂ ਗੀਤ ਕਰਕੇ ਹੀ ਸਾਰਾ ਐਲ. ਪੀ. ਰਿਕਾਰਡ ਵਿਕਿਆ ਸੀ ।ਸੰਨ 1986 'ਚ ਇਸ ਮਹਾਨ ਜੋੜੀ ਦਾ 11 ਧਾਰਮਿਕ ਗੀਤਾਂ ਦਾ ਇਕ ਵੱਡਾ ਐਲ. ਪੀ. ਨਾਮ ਜੱਪ ਲੈ ਸੋਨੋਟੋਨ ਕੰਪਨੀ 'ਚ ਰਿਕਾਰਡ ਹੋਇਆ ।ਧਾਰਮਿਕ ਟੇਪ ਬਾਬਾ ਤੇਰਾ ਨਨਕਾਣਾ ਸੰਨ 1987 'ਚ ਐਚ. ਐਮ. ਵੀ। ਕੰਪਨੀ 'ਚ ਰਿਕਾਰਡ ਹੋਈ ਜਿਸ 'ਚ ਕੁੱਲ 9 ਧਾਰਮਿਕ ਗੀਤ ਸਨ ।ਇਸ ਟੇਪ ਵਿਚਲਾ ਧਾਰਮਿਕ ਗੀਤ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ' ਜੋ ਪ੍ਰਸਿੱਧ ਗੀਤਕਾਰ ਸਵਰਨ ਸੀਵੀਆ ਜੀ ਦਾ ਲਿਖਿਆ ਹੋਇਆ ਹੈ ਅਤੇ ਇਸ ਦੀ ਤਰਜ ਚਮਕੀਲੇ ਨੇ ਖੁਦ ਬਣਾਈ ਸੀ,ਜੋ ਅੱਜ ਤੱਕ ਮਕਬੂਲ ਹੈ। ਚਮਕੀਲੇ ਦੇ ਗਾਏ ਧਾਰਮਿਕ ਗੀਤ 'ਨੀਂ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ',ਬਾਬਾ ਦੀਪ ਸਿੰਘ, ਕਾਲਜੇ ਨੂੰ ਚੀਸ ਪੈ ਗਈ ਨੂੰ ਸੁਣ ਕੇ ਮਨ ਅੰਦਰ ਜਊ ਭਰ ਜਾਂਦਾ ਹੈ। ਧਾਰਮਿਕ ਗੀਤ ਆਉਣ ਨਾਲ ਚਮਕੀਲਾ ਧਾਰਮਿਕ ਸਭਾ 'ਚ ਵੀ ਚਰਚਿਤ ਹੋ ਗਿਆ ਸੀ। ਅਮਰਜੋਤ ਦਾ ਵੀ ਚਮਕੀਲੇ ਦੇ ਹਿੱਟ ਹੋਣ 'ਚ ਬਹੁਤ ਵੱਡਾ ਯੋਗਦਾਨ ਸੀ। ਅਮਰਜੋਤ ਦੇ ਗਾਏ ਸੋਲੋ ਧਾਰਮਿਕ ਗੀਤ ਦਸਤਾਰਾਂ ਕੇਸਰੀ ,ਕੰਧੇ ਸਰਹਿੰਦ ਦੀਏ, ਪੀਰਾਂ ਦਾ ਪੀਰ ਕੁੜੇ ਸੁੱਤਾ ਜੰਡ ਦੇ ਥੱਲੇ, ਨੀਂ ਆਓ ਭੈਣੋਂ ਵੀਰਾਂ ਦੀਆਂ ਗਾਈਏ ਘੋੜੀਆਂ, ਲੈ ਲਓ ਚੁੰਨੀਆਂ ਸਿਰਾਂ ਤੇ ਅਸੀਂ ਕਰਨ ਲੜਾਈ ਆਪੇ ਚੱਲੀਆਂ ਬਹੁਤ ਹਿੱਟ ਹੋਏ। ਭਾਈ ਚਤਰ ਸਿੰਘ ਜੀਵਨ ਸਿੰਘ ਪੁਸਤਕਾਂ ਵਾਲਿਆਂ ਦੇ ਦੱਸਣ ਮੁਤਾਬਿਕ ਚਮਕੀਲੇ ਦੀਆਂ ਲਿਖੀਆਂ ਧਾਰਮਿਕ ਤੇ ਹੋਰਨਾਂ ਪੁਸਤਕਾਂ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਸੀ ਤੇ ਅੱਜ ਵੀ ਲੋਕ ਚਮਕੀਲੇ ਦੀਆਂ ਪੁਸਤਕਾਂ ਦੀ ਮੰਗ ਕਰਦੇ ਹਨ। ਚਮਕੀਲੇ ਦੇ ਧਾਰਮਿਕ ਗੀਤ ਇੰਨੇ ਹਿੱਟ ਹੋਏ ਸਨ ਕਿ ਅੱਜ ਵੀ ਸਾਨੂੰ ਚਮਕੀਲੇ ਦੇ ਧਾਰਮਿਕ ਗੀਤ ਹਰ ਗੁਰਦੁਆਰੇ 'ਚ ਸੁਣਨ ਨੂੰ ਮਿਲ ਜਾਂਦੇ ਹੈ।
ਚਮਕੀਲੇ ਦੇ ਗਾਏ ਧਾਰਮਿਕ ਗੀਤ ਜਿਸ 'ਚ ਮਨੁੱਖੀ ਜੀਵਨ ਦੀ ਅਸਥਿਰਤਾ ਨੂੰ ਬਿਆਨ ਕੀਤਾ ਗਿਆ ਹੈ। ਮਾਤਾ ਗੁਜਰੀ ਜੀ ਦੀ ਉਪਮਾ ਨੂੰ ਵੀ ਚਮਕੀਲੇ ਨੇ ਵੱਖਰੇ ਹੀ ਢੰਗ ਨਾਲ ਪੇਸ਼ ਕੀਤਾ ਸੀ ਪਤੀ ਦਿੱਤਾ, ਪੁੱਤ ਗਿਆ, ਪੋਤਰੇ ਵੀ ਤੋਰ ਦਿੱਤੇ ।ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਨੇ ਸਰਹਿੰਦ ਦੀ ਦੀਵਾਰ ਨੂੰ ਇਕ ਪਾਤਰ ਦੇ ਰੂਪ ਵਿਚ ਖੜ੍ਹਾ ਕਰਕੇ ਇਕ ਬਹੁਤ ਵਧੀਆ ਤਸਵੀਰ ਪੇਸ਼ ਕੀਤੀ ਹੈ
ਚਮਕੀਲੇ ਨੇ ਬਹੁਤੇ ਧਾਰਮਿਕ ਗੀਤ ਪੰਜਾਬ ਦੇ ਪ੍ਰਸਿੱਧ ਗੀਤਕਾਰ ਸਵਰਨ ਸੀਵੀਆ ਦੇ ਲਿਖੇ ਹੋਏ ਗਾਏ ਕੁਝ ਗੀਤ ਚਮਕੀਲੇ ਨੇ ਸਨਮੁੱਖ ਸਿੰਘ, ਦਲਜੀਤ ਦਰਦੀ, ਗਿੱਲ ਨੱਥੋਹੇੜੀ , ਸੇਵਾ ਸਿੰਘ ਨੌਰਥ, ਦੇਬੀ ਮਖਸੂਸਪੁਰੀ, ਕਰਮ ਸਿੰਘ ਮੱਹਾਲਵੀ ਅਤੇ ਕੁਝ ਧਾਰਮਿਕ ਗੀਤ ਆਪਣੇ ਲਿਖੇ ਗਾਏ। ਚਮਕੀਲਾ ਦੇ ਕੁਝ ਧਾਰਮਿਕ ਗੀਤ ਪੰਡਤੋਂ ਪੱਟੇ ਗਏ ਤਰ ਗਈ ਰਵੀਦਾਸ ਦੀ ਪੱਥਰੀਂ, ਦੇਗ 'ਚ ਉਬਾਲੇ ਖਾਵੇ ਬੈਠ ਕੇ ਦਿਆਲਾ ਭਾਈ ਮੁੱਖ 'ਚੋਂ ਰਾਮ ਨਾਮ ਬੋਲਦਾ, ਸੱਚ ਦੀਆਂ ਕੱਤ ਪੂਣੀਆਂ ਰੱਬ ਚਰਖਾ ਕੱਤੇ ਨੀਂ ਜਿੰਦੇ ਤੇਰਾ, ਜੋ ਰਿਕਾਰਡ ਨਹੀਂ ਹੋਏ, ਜਿਨ੍ਹਾਂ ਨੂੰ ਸੁਣਨ ਤੋਂ ਸਰੋਤੇ ਵਾਂਝੇ ਰਹਿ ਗਏ। ਭਾਵੇਂ ਇਹ ਮਹਾਨ ਜੋੜੀ 8 ਮਾਰਚ, 1988 ਨੂੰ ਪੰਜਾਬ ਵਿਚ ਛਾਏ ਕਾਲੇ ਦੌਰ ਦਾ ਸ਼ਿਕਾਰ ਹੋ ਗਈ ਸੀ ਪਰ ਅੱਜ ਵੀ ਇਸ ਜੋੜੀ ਦੇ ਗਾਏ ਗੀਤਾਂ ਨੂੰ ਸਰੋਤੇ ਦਿਲੋਂ ਪਸੰਦ ਕਰਦੇ ਹਨ ਤੇ ਰਹਿੰਦੀ ਦੁਨੀਆਂ ਤੱਕ ਇਸ ਜੋੜੀ ਦੀਆਂ ਪੰਜਾਬ 'ਚ ਗੂੰਜਦੀਆਂ ਰਹਿਣਗੀਆਂ ਤੇ ਸਰੋਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਸੁਣ ਕੇ ਯਾਦ ਕਰਦੇ ਰਹਿਣਗੇ।
ਮੇਰ ਸਿੰਘ ਸੋਹੀ
ਦਿਨ ਉਹ ਵੀ ਨਹੀਂ ਰਹੇ ਦਿਨ ਇਹ ਵੀ ਨਹੀਂ ਰਹਿਣੇ
NEXT STORY