ਸਮਾਂ ਬੜਾ ਸ਼ਕਤੀਸ਼ਾਲੀ ਹੈ ਜੋ ਨਿਰੰਤਰ ਅੱਗੇ ਹੀ ਅੱਗੇ ਚਲਦਾ ਜਾਂਦਾ ਹੈ ਕਹਿੰਦੇ ਨੇ ਮੌਸਮ ਤੇ ਰੁੱਤਾਂ ਕਰਵਟ ਬਦਲ ਕੇ ਆਉਂਦੇ ਰਰਿੰਦੇ ਹਨ ਪਰ ਇਕ ਵਾਰੀ ਲੰਘਿਆ ਵੇਲਾ ਮੁੜ ਕੇ ਵਾਪਿਸ ਨਹੀਂ ਆਉਂਦਾ । ਜ਼ਿੰਦਗੀ ਵਿਚ ਦਿਨ ਵੀ ਹੁੰਦੇ ਹਨ ਅਤੇ ਰਾਤਾਂ ਵੀ ਹੁੰਦੀਆ ਹਨ। ਕਈ ਦਿਨ ਬੜੇ ਖੁਸ਼ਗਵਾਰ, ਰੁਮਾਂਟਿਕ ਅਤੇ ਬੜੇ ਸੋਹਣੇ ਹੁੰਦੇ ਹਨ ਅਤੇ ਕਈ ਦੁੱਖਦਾਈ, ਨਮੋਸ਼ੀ ਭਰੇ ਜੋ ਬੀਤਣ ਵਿਚ ਨਹੀਂ ਆਉਂਦੇ । ਇਸੇ ਤਰ੍ਹਾਂ ਕੁਝ ਰਾਤਾਂ ਚਾਨਣੀਆਂ ਅਤੇ ਕੁਝ ਕਾਲੀਆਂ-ਬੋਲੀਆਂ ਹੁੰਦੀਆਂ ਹਨ । ਜ਼ਿੰਦਗੀ ਵਿਚ ਜਰੂਰੀ ਨਹੀਂ ਹੁੰਦਾ ਹਰ ਦਿਨ ਖੁਸ਼ਗਵਾਰ ਤੇ ਹਰ ਰਾਤ ਚਾਨਣੀ ਹੀ ਹੋਵੇ। ਹਨੇਰੀਆਂ ਰਾਤਾਂ ਦੀ ਲੋਕਾਂ ਦੇ ਮਨ 'ਚ ਖੁਸ਼ੀ ਵਾਲੇ ਸਮੇਂ 'ਚ ਕੋਈ ਥਾਂ ਨਹੀਂ ਰਹਿੰਦੀ ਪਰ ਆਉਂਦੀਆਂ ਇਹ ਵੀ ਜਰੂਰ ਹਨ ਕਿਉਂਕਿ ਕੁਦਰਤੀ ਚੱਕਰ ਤੇ ਜ਼ਿੰਦਗੀ ਦਾ ਹਿੱਸਾ ਹਨ। ਹਕੀਕਤ ਹੈ ਦਿਨ ਦੁਖੀ ਹੋਣ ਜਾਂ ਸੁਖੀ “ਦਿਨ ਉਹ ਵੀ ਨੀਂ ਰਹੇ ਦਿਨ ਇਹ ਵੀ ਨੀਂ ਰਹਿਣੇ ।'ਜਿੱਤਾਂ-ਹਾਰਾਂ , ਖੁਸ਼ੀ-ਗਮੀਂ , ਹੱਸਣਾ ਰੋਣਾ ,ਦੁੱਖਾਂ-ਸੁੱਖਾਂ ਦਾ ਮਨੁੱਖੀ ਜ਼ਿੰਦਗੀ ਨਾਲ ਅਹਿਮ ਸੰਬੰਧ ਹੈ । ਉਪਰੋਕਤ ਸਾਰੇ ਪੱਖ ਜ਼ਿੰਦਗੀ ਵਿਚ ਬਰਾਬਰ ਮਾਤਰਾ ਵਿਚ ਆਉਂਦੇ ਹਨ ।ਜਿਤਾਂ, ਖੁਸ਼ੀ, ਹੱਸਣਾ ਅਤੇ ਸੁੱਖ ਭਾਵੇਂ ਵੱਡੀ ਮਾਤਰਾ 'ਚ ਲੰਬਾ ਸਮਾਂ ਆਉਣ ਥੋੜੇ ਲਗਦੇ ਹਨ ਇਸਦੇ ਉਲਟ ਦੁੱਖ ਭਾਵੇਂ ਥੋੜੇ ਹੋਣ ਇੰਨਾਂ ਦਾ ਥੋੜਾ ਸਮਾਂ ਹੀ ਮੁੱਕਣ 'ਚ ਨਹੀਂ ਆਉਂਦਾ ਪਰ ਨਿਰਾਸ਼ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਵਿਚ ਬਹਾਰਾਂ ਦਾ ਮੌਸਮ ਵੀ ਆਉਂਦਾ ਹੈ ਅਤੇ ਪਤਝੜਾਂ ਵੀ ਆਉਂਦੀਆਂ ਹਨ ਯਾਦ ਰੱਖੋ ਦੋਨੇ ਸਥਿਤੀਆਂ ਸਦਾ ਨਹੀਂ ਰਹਿੰਦੀਆਂ ।ਕਿਉਂਕਿ ਮੰਜ਼ਿਲਾਂ ਤੇ ਪਹੁੰਚਣ ਲਈ ਕਈ ਤਰਾਂ ਦੇ ਰਸਤੇ ਉੱਚੇ-ਨੀਵੇਂ , ਵਿੰਗੇ ਟੇਢੇ , ਅੋਖੇ-ਸੌਖੇ ਲੰਘਣੇ ਹੀ ਪੈਂਦੇ ਹਨ ।ਮੰਜ਼ਿਲ ਜਿੰਨੀਂ ਮਰਜੀ ਮਨਮੋਹਣੀ ਹੋਵੇ ਪਰ ਰਸਤੇ ਦੁਖਦਾਈ ਹੀ ਹੁੰਦੇ ਹਨ । ਅਜਿਹੇ ਰਸਤਿਆਂ ਦੇ ਪਾਂਧੀ ਬਨਣ ਵਾਲੇ ਹੀ ਜ਼ਿੰਦਗੀ ਦਾ ਅਸਲੀ ਆਨੰਦ ਮਾਣਦੇ ਹਨ ।
ਸਮਾਂ ਆਪਣੀ ਮਸਤ ਚਾਲ ਚਲਦਾ ਜਾਂਦਾ ਹੈ ।ਸਮੇਂ ਨਾਲ ਕਦਮ ਮਿਲਾ ਕੇ ਚਲਣ ਵਾਲਾ ਮਨੁੱਖ ਹਰ ਤਰਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦਾ ।ਉਹ ਦੁੱਖਾਂ ਤੋਂ ਨਾਂ ਘਬਰਾਉਂਦਾ ਹੋਇਆ ਮਿਹਨਤ ਕਰਦਾ ਰਹਿੰਦਾ ਹੈ ਬੰਜ਼ਰ ਧਰਤੀਆਂ ਨੂੰ ਜਰਖੇਜ਼ ਬਣਾ ਦਿੰਦਾ ਹੈ । ਜਿਹੜੇ ਮਨੁੱਖ ਨੂੰ ਕਦੇ ਦੁੱਖਾਂ ਦਾ ਅਹਿਸਾਸ ਨਹੀਂ ਹੋਇਆ ਉਹ ਕਦੇ ਸੁੱਖਾਂ ਦਾ ਅਸਲੀ ਆਨੰਦ ਨਹੀਂ ਲੈ ਸਕਦਾ ।ਜਿੰਦਗੀ ਇਕ ਲੰਮੇਰਾ ਪੰਧ ਹੈ, ਜਿਸ ਵਿਚ ਜਿਸ 'ਚ ਸਮਾਂ ਕਈ ਪ੍ਰਕਾਰ ਦੇ ਕਰਤਬ ਦਿਖਾਉਂਦਾ ਰਹਿੰਦਾ ਹੈ ਪਰ ਨਿਰਾਸ਼ ਨਹੀਂ ਹੋਣਾ ਚਾਹੀਦਾ ਦੁੱਖਾਂ ਦਾ ਸਮਾਂ ਸਦਾ ਨਹੀਂ ਰਹਿੰਦਾ ਰਾਤ ਤੋਂ ਬਾਅਦ ਸਵੇਰ ਅਵੱਸ਼ ਹੁੰਦੀ ਹੈ ।ਪਰ ਲੰਬੇਰੇ ਪੰਧ 'ਚ ਦੁੱਖਦਾਈ ਪਲ ਵੀ ਆਉਣੇ ਹੁੰਦੇ ਹਨ । ਜਿੰਨਾਂ ਦਾ ਸਾਹਮਣਾ ਸਾਨੂੰ ਖਿੜੇ ਮੱਥੇ ਕਰਨਾ ਚਾਹੀਦਾ ਹੈ ।ਪਤਝੜ ਤੋਂ ਬਾਅਦ ਬਹਾਰ , ਦਿਨ ਤੋਂ ਬਾਅਦ ਰਾਤ ਅਤੇ ਰਾਤ ਤੋਂ ਦਿਨ ਆਉਣੇ ਅਵੱਸ਼ ਹਨ ਕਿਉਂਕਿ ਇਹ ਕੁਦਰਤ ਦੇ ਚੱਕਰ ਦਾ ਹਿੱਸਾ ਹਨ ਇਸੇ ਦੁੱਖ-ਸੁੱਖ ਜ਼ਿੰਦਗੀ ਦੇ ਚੱਕਰ ਦਾ ਹਿੱਸਾ ਹਨ ।ਇਸ ਚੱਕਰ ਨੂੰ ਪੂਰਾ ਕਰਦਾ ਮਨੁੱਖ ਆਪਣੀਆਂ ਜਿੰਮੇਵਾਰੀਆਂ ਪੂਰਾ ਕਰਦਾ ਹੈ ।ਮਨੁੱਖ ਨੂੰ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਮਾਨਣ ਦੀ ਆਦਤ ਪਾਉਣੀ ਚਾਹੀਦੀ ਹੈ ਕਿਉਂਕਿ ਸਮੇਂ ਦੇ ਬੀਤਣ ਨਾਲ ਜ਼ਿੰਦਗੀ ਦਾ ਪੰਧ ਵੀ ਬੀਤਤਾ ਜਾਂਦਾ ਹੈ ਤਾਂ ਬੀਤੇ ਸਮੇਂ 'ਚ ਕੀਤੇ ਸੰਘਰਸ਼ਾਂ ਨੂੰ ਯਾਦ ਕਰਕੇ ਸਕੂਨ ਮਿਲੇ ।ਅਜਾਈ ਗੁਆਏ ਸਮੇਂ ਲਈ ਨਿਰਾਸ਼ ਤੇ ਪਛਤਾਉਣਾ ਨਾ ਪਵੇ ।
ਪ੍ਰੋ. ਹਰਜਿੰਦਰ ਭੋਤਨਾ
ਮਰਜ਼ੀ ਮੈਡਮ ਦੀ ਸਕੂਲ 'ਚ ਚੱਲਦੀ, ਹੈਂਕੜਬਾਜ਼ ਬੜੀ ਕਰਦੀ ਬੇਨਤੀ ਨਹੀਂ ਕਬੂਲ
NEXT STORY