ਅੱਜ 9 ਸਤੰਬਰ ਦਾ ਦਿਨ ਹੈ। ਇਹ ਤਰੀਕ ਤਾਂ ਹਰ ਸਾਲ ਕੈਲੰਡਰ ’ਚ ਆਉਂਦੀ ਹੈ ਅਤੇ ਅਸੀਂ ਯਾਦ ਕਰਦੇ ਹਾਂ ਸਤਿਕਾਰਯੋਗ ਲਾਲਾ ਜਗਤ ਨਾਰਾਇਣ ਜੀ ਨੂੰ, ਜਿਨ੍ਹਾਂ ਦੀ ਅੱਜ 44ਵੀਂ ਬਰਸੀ ਹੈ, ਇਸੇ ਿਦਨ ਲਾਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਲਾਲਾ ਜੀ ਜਿਨ੍ਹਾਂ ਦਾ ਜਨਮ 31 ਮਈ, 1899 ਨੂੰ ਵਜੀਰਾਬਾਦ (ਪਾਕਿਸਤਾਨ) ’ਚ ਹੋਇਆ, ਉਨ੍ਹਾਂ ਨੇ ਬੀ. ਏ. ਦੀ ਡਿਗਰੀ ਡੀ. ਏ. ਵੀ. ਕਾਲਜ ਲਾਹੌਰ ਤੋਂ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਲਾਅ ਕਾਲਜ ’ਚ ਐਡਮਿਸ਼ਨ ਲੈ ਲਈ ਪਰ ਮਹਾਤਮਾ ਗਾਂਧੀ ਜੀ ਦੀ ਕਾਲ ’ਤੇ ਪੜ੍ਹਾਈ ਛੱਡ ਦਿੱਤੀ ਅਤੇ ਆਜ਼ਾਦੀ ਦੀ ਲੜਾਈ ’ਚ ਸ਼ਾਮਲ ਹੋ ਗਏ ਅਤੇ ਕੁਝ ਦੇਰ ਦੇ ਬਾਅਦ ਉਹ ਲਾਹੌਰ ਕਾਂਗਰਸ ਦੇ ਪ੍ਰਧਾਨ ਬਣੇ ਪਰ ਬਟਵਾਰੇ ਤੋਂ ਬਾਅਦ ਉਹ ਜਲੰਧਰ ਆ ਗਏ ਅਤੇ ਉਥੇ ਵਸ ਗਏ। ਜਲੰਧਰ ਆ ਕੇ 1948 ’ਚ ਉਨ੍ਹਾਂ ਨੇ ਹਿੰਦ ਸਮਾਚਾਰ ਪੱਤਰ (ਉਰਦੂ) ਦਾ ਨੀਂਹ ਪੱਥਰ ਰੱਖਿਆ ਅਤੇ ਉਹ ਚਾਹੁੰਦੇ ਸਨ ਕਿ ਗੈਰ-ਸਮਾਜਿਕ ਤੱਤਾਂ ਨੂੰ ਸਰਕਾਰ ਸਖਤੀ ਨਾਲ ਨਜਿੱਠੇ।
ਅੱਜ ਹਿੰਦ ਸਮਾਚਾਰ ਗਰੁੱਪ ‘ਪੰਜਾਬ ਕੇਸਰੀ’ ਕਈ ਜਗ੍ਹਾ ਤੋਂ ਨਿਕਲ ਰਿਹਾ ਹੈ, ਜਗ ਬਾਣੀ (ਪੰਜਾਬੀ) ’ਚ ਵੀ ਕੱਢਿਆ ਅਤੇ ਦੇਸ਼ ’ਚ ਕਰੋੜਾਂ ਇਨ੍ਹਾਂ ਦੇ ਪਾਠਕ ਹਨ। ਅੱਜ ਦੀ ਸਥਿਤੀ ’ਚ ਆਉਣ ਦੇ ਲਈ ਬਹੁਤ ਮਿਹਨਤ ਅਤੇ ਸਖਤ ਮੁਸ਼ੱਕਤ ਕਰਨੀ ਪਈ। ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ। ਇਸ ਦੇ ਲਈ ਲਾਲਾ ਜੀ ਦਾ ਸੰਕਲਪ ਸਖਤ ਮਿਹਨਤ ਅਤੇ ਕਈ ਹਾਕਰਸ ਅਤੇ ਪੰਜਾਬ ਕੇਸਰੀ ਦੇ ਕਈ ਕਰਮਚਾਰੀਆਂ ਦੀਆਂ ਜ਼ਿੰਦਗੀਆਂ ਦਾ ਬਲੀਦਾਨ ਦੇਣਾ ਪਿਆ ਪਰ ਰਮੇਸ਼ ਚੰਦਰ ਜੀ ਅਤੇ ਵਿਜੇ ਚੋਪੜਾ ਜੀ ਦੇ ਦ੍ਰਿੜ੍ਹ ਸੰਕਲਪ ਅਤੇ ਲਾਲਾ ਜੀ ਦੇ ਦੱਸੇ ਗਏ ਰਸਤੇ ਨੂੰ ਨਹੀਂ ਛੱਡਿਆ।
ਲਾਲਾ ਜੀ ਦਾ ਸੁਪਨਾ ਸੀ ਆਜ਼ਾਦ ਭਾਰਤ ’ਚ ਪੱਤਰਕਾਰਿਤਾ ਵੀ ਆਜ਼ਾਦ ਹੋਣੀ ਚਾਹੀਦੀ ਹੈ ਅਤੇ ਪੰਜਾਬ ਕੇਸਰੀ ਦੇ ਸਾਰੇ ਡਾਇਰੈਕਟਰਾਂ ਨੇ ਇਸ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ ਅਤੇ ਇਸ ਦੇ ਲਈ ਉਨ੍ਹਾਂ ਨੂੰ ਸਰਕਾਰਾਂ ਦਾ ਵਿਰੋਧ ਵੀ ਸਹਿਣਾ ਪਿਆ। 1974 ’ਚ ਤਾਂ ਸਰਕਾਰ ਨੇ ਪ੍ਰੈੱਸ ਦੀ ਬਿਜਲੀ ਵੀ ਕੱਟ ਦਿੱਤੀ ਪਰ ਹਿੰਦ ਸਮਾਚਾਰ ਪਰਿਵਾਰ ਨੇ ਹਾਰ ਨਹੀਂ ਮੰਨੀ ਅਤੇ ਟ੍ਰੈਕਟਰ ਦੇ ਨਾਲ 10 ਦਿਨ ਪ੍ਰੈੱਸ ਨੂੰ ਚਲਾ ਕੇ ਪਾਠਕਾਂ ਦੇ ਲਈ ਅਖਬਾਰਾਂ ਮੁਹੱਈਆ ਕਰਵਾਈਆਂ। ਜੰਮੂ-ਕਸ਼ਮੀਰ ਦੀ ਸਰਕਾਰ ਨੇ ਅਖਬਾਰ ’ਤੇ ਬੈਨ ਲਗਾ ਦਿੱਤਾ ਪਰ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਜੰਮੂ-ਕਸ਼ਮੀਰ ਸਰਕਾਰ ਨੂੰ ਹੁਕਮ ਵਾਪਸ ਲੈਣਾ ਪਿਆ।
ਲਾਲਾ ਜੀ ਨੇ ਸੈਫੁਦੀਨ ਕਿਚਲੂ, ਡਾਕਟਰ ਗੋਪੀਚੰਦ ਭਾਰਗਵ, ਲਾਲਾ ਲਾਜਪਤ ਰਾਏ, ਆਗਾ ਸਫਦਰ ਵਰਗੇ ਮਹਾਨ ਸੱਤਿਆਵਾਦੀ ਅਤੇ ਰਾਸ਼ਟਰ ਪ੍ਰੇਮੀਆਂ ਦੇ ਨਾਲ ਮਿਲ ਕੇ ਦੇਸ਼ ਨੂੰ ਉਪਰ ਲੈ ਜਾਣ ’ਚ ਪੂਰਾ ਯੋਗਦਾਨ ਦਿੱਤਾ।
ਦੇਸ਼ ਦੀ ਆਜ਼ਾਦੀ ਦੇ ਲਈ ਕਈ ਵਾਰ ਜੇਲ ਵੀ ਗਏ ਅਤੇ ਲਾਲਾ ਲਾਜਪਤ ਰਾਏ ਦੇ ਨਾਲ ਇਕ ਹੀ ਜੇਲ ’ਚ ਰਹੇ। ਲਾਲਾ ਜੀ ਨੇ ਸਮਾਜ ਸੇਵਾ ਦੇ ਲਈ ਕੀ ਕੁਝ ਨਹੀਂ ਕੀਤਾ। ਉਦੋਂ ਦੀ ਦਾਜ ਪ੍ਰਥਾ ਅਤੇ ਨਸ਼ਾਖੋਰੀ ਨੂੰ ਦੂਰ ਕਰਨ ਲਈ ਅਣਥੱਕ ਯਤਨ ਕੀਤੇ। ਇਸ ਕੰਮ ਦੇ ਲਈ ਕੋਈ ਵੀ ਉਨ੍ਹਾਂ ਨੂੰ ਕਿਤੇ ਵੀ ਬੁਲਾਉਂਦਾ, ਆਪਣੇ ਖਰਚ ’ਤੇ ਉੱਥੇ ਪਹੁੰਚਦੇ ਅਤੇ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ।
ਦਾਜ ਨਾ ਲੈਣ ਦੀ ਪ੍ਰਥਾ ਦੇ ਲਈ ਮੇਰੇ ਵਰਗੇ ਬਹੁਤ ਸਾਰੇ ਨੌਜਵਾਨਾਂ ਨੇ ਸਹੁੰ ਚੁੱਕੀ, ਖੁਦ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਿਆਹ ’ਤੇ ਦਾਜ ਨਾ ਲੈ ਕੇ ਇਕ ਮਿਸਾਲ ਕਾਇਮ ਕੀਤੀ ਅਤੇ ਅੱਜ ਤੱਕ ਉਹ ਪ੍ਰਥਾ ਚਲਦੀ ਆ ਰਹੀ ਹੈ। ਉਹ ਕਦੇ ਕਿਸੇ ਵੀ ਸ਼ਕਤੀ ਦੇ ਡਰ ਨਾਲ ਆਪਣੇ ਫੈਸਲੇ ਨਹੀਂ ਬਦਲਦੇ ਅਤੇ ਦੱਬੇ ਹੋਏ ਵਰਗ ਨੂੰ ਉੱਚਾ ਚੁੱਕਣ ਤਿਆਰ ਰਹਿੰਦੇ ਸਨ। ਉਨ੍ਹਾਂ ਨੂੰ ਬੜੀਆਂ ਧਮਕੀਆਂ ਮਿਲਦੀਆਂ ਰਹੀਆਂ ਪਰ ਉਨ੍ਹਾਂ ’ਤੇ ਕੋਈ ਡਰ ਨਹੀਂ ਆਇਆ। ਉਨ੍ਹਾਂ ਨੇ ਅੱਤਵਾਦ ਅਤੇ ਖਾਲਿਸਤਾਨ ਦੇ ਵਿਰੁੱਧ ਲੇਖ ਲਿਖੇ ਅਤੇ ਕਈ ਸਭਾਵਾਂ ਵਿਚ ਨਿਡਰਤਾ ਨਾਲ ਵਿਚਾਰ ਵੀ ਰੱਖੇ।
ਇਹੀ ਕਾਰਣ ਸੀ ਕਿ ਅੱਤਵਾਦੀਆਂ ਨੂੰ 9 ਸਤੰਬਰ, 1981 ਦਾ ਮੌਕਾ ਮਿਲਿਆ ਜਦ ਲਾਲਾ ਜੀ ਪਟਿਆਲਾ ਤੋਂ ਇਕ ਸਮਾਜਿਕ ਸਭਾ ਨੂੰ ਸੰਬੋਧਨ ਕਰ ਕੇ ਜਲੰਧਰ ਦੇ ਲਈ ਚੱਲੇ ਤਾਂ ਪਟਿਆਲਾ ਤੋਂ ਹੀ ਇਕ ਮੋਟਰਸਾਈਕਲ ’ਤੇ ਤਿੰਨ ਅੱਤਵਾਦੀਆਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਸਰਹਿੰਦ ਦੇ ਕੋਲ ਉਨ੍ਹਾਂ ਦੀ ਕੋਸ਼ਿਸ਼ ਨਾਕਾਮਯਾਬ ਹੋ ਗਈ ਪਰ ਲੁਧਿਆਣਾ ’ਚ ਲਾਡੋਵਾਲ ਪੁਲ ਦੇ ਕੋਲ ਜਾਮ੍ਹ ਲੱਗਾ ਹੋਣ ਦੇ ਕਾਰਨ ਜਦੋਂ ਉਨ੍ਹਾਂ ਦੇ ਡਰਾਈਵਰ ਸੋਮਨਾਥ ਨੇ ਖੱਬੇ ਪਾਸੇ ਗੱਡੀ ਮੋੜੀ ਤਾਂ ਅੱਗੇ ਰਸਤਾ ਨਾ ਮਿਲਣ ਕਾਰਨ ਅੱਤਵਾਦੀਆਂ ਨੇ ਕਾਰ ਦੇ ਕੋਲ ਆ ਕੇ ਗੋਲੀਆਂ ਦੀ ਵਾਛੜ ਕਰ ਦਿੱਤੀ।
ਸੋਮਨਾਥ ਡਰਾਈਵਰ ਵੀ ਗੋਲੀਆਂ ਲੱਗਣ ਨਾਲ ਜ਼ਖਮ ਹੋ ਗਿਆ ਅਤੇ ਸੀਟ ’ਤੇ ਹੀ ਡਿੱਗ ਗਿਆ ਪਰ ਲਾਲਾ ਜੀ ਨੂੰ ਉਹ ਓਨੀ ਦੇਰ ਤੱਕ ਛਲਨੀ ਕਰਦੇ ਰਹੇ ਜਿੰਨੀ ਦੇਰ ਤੱਕ ਉਹ ਸਾਹ ਲੈਂਦੇ ਰਹੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਸ ਗੱਲ ਦੀ ਖਬਰ ਫੈਲਦੇ ਹੀ ਲੋਕ ਹਸਪਤਾਲ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਉਦੋਂ ਦੇ ਡੀ. ਸੀ. ਰਵੀ ਸਾਹਨੀ ਵੀ ਉਥੇ ਪਹੁੰਚ ਗਏ। ਹੋਮ ਮਨਿਸਟਰ ਗਿਆਨੀ ਜ਼ੈਲ ਸਿੰਘ ਜੀ ਨੇ ਡੀ. ਸੀ. ਰਵੀ ਸਾਹਨੀ ਨੂੰ ਸੀ. ਐੱਮ. ਸੀ. ਹਸਪਤਾਲ ’ਚ ਰਾਤੋ-ਰਾਤ ਪੋਸਟਮਾਰਟਮ ਕਰਵਾਉਣ ਦਾ ਆਰਡਰ ਦਿੱਤਾ।
ਪੋਸਟਮਾਰਟਮ ਦੇ ਸਮੇਂ ਸ਼੍ਰੀ ਰਮੇਸ਼ ਚੰਦਰ ਜੀ ਅਤੇ ਮੈਂ ਉੱਥੇ ਮੌਜੂਦ ਸੀ। ਵਿਜੇ ਚੋਪੜਾ ਜੀ ਉਦੋਂ ਬਾਹਰ ਗਏ ਹੋਏ ਸਨ। ਲਾਲਾ ਜੀ ਨੂੰ ਿਜੰਨੀਆਂ ਗੋਲੀਆਂ ਲੱਗੀਆਂ ਉਨ੍ਹਾਂ ’ਚੋਂ 3 ਗੋਲੀਆਂ ਦਿਲ ਦੇ ਆਰ-ਪਾਰ ਹੋਈਆਂ ਅਤੇ ਉਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀਆਂ। ਪ੍ਰਸ਼ਾਸਨ ਨੇ ਤੁਰੰਤ ਮ੍ਰਿਤਕ ਦੇਹ ਨੂੰ ਲੁਧਿਆਣਾ ਤੋਂ ਜਲੰਧਰ ਭੇਜਣ ਦੀ ਵਿਵਸਥਾ ਕਰਵਾ ਦਿੱਤੀ ਤਾਂ ਕਿ ਸ਼ਹਿਰ ’ਚ ਜ਼ਿਆਦਾ ਰੌਲਾ ਨਾ ਪਵੇ ਅਤੇ ਮ੍ਰਿਤਕ ਸਰੀਰ ਨੂੰ ਜਲੰਧਰ ’ਚ ਪੰਜਾਬ ਕੇਸਰੀ ਸਮਾਚਾਰ ਗਰਾਊਂਡ ’ਚ ਰੱਖਿਆ ਗਿਆ ਜਿੱਥੇ ਲਾਲਾ ਜੀ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪੰਜਾਬ ਅਤੇ ਦੇਸ਼ ਭਰ ਤੋਂ ਭੀੜ ਉਮੜ ਪਈ।
ਦੰਗੇ ਫਸਾਦ ਨੂੰ ਰੋਕਣ ਲਈ ਸ਼੍ਰੀ ਰਮੇਸ਼ ਚੰਦਰ ਜੀ ਨੇ ਕਈ ਵਾਰ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖਣ। ਦੇਸ਼ ਭਰ ਤੋਂ ਆਏ ਲੋਕਾਂ ਨੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਹ ਉਨ੍ਹਾਂ ਦੇ ਹੀ ਅਣਥਕ ਯਤਨ ਅਤੇ ਸਖਤ ਮਿਹਨਤ ਦਾ ਫਲ ਹੈ ਕਿ ਅੱਜ ਪੰਜਾਬ ਕੇਸਰੀ ਸਾਰੇ ਉੱਤਰ ਭਾਰਤ ਅਤੇ ਹੋਰ ਕਈਆਂ ਸੂਬਿਆਂ ’ਚ ਬੜੀ ਸ਼ਾਨ ਦੇ ਨਾਲ ਛਪ ਰਹੀ ਹੈ ਅਤੇ ਕਰੋੜਾਂ ਪਾਠਕ ਰੋਜ਼ ਸਵੇਰੇ ਅਖਬਾਰ ਨੂੰ ਪੜ੍ਹਦੇ ਹਨ ਅਤੇ ਦੇਸ਼ ਦੀ ਤਾਜ਼ਾ ਜਾਣਕਾਰੀ ਲੈਂਦੇ ਹਨ।
ਅੱਜ ਵੀ ਵਿਜੇ ਜੀ, ਅਵਿਨਾਸ਼ ਜੀ, ਅਮਿਤ ਜੀ ਅਤੇ ਉਨ੍ਹਾਂ ਦੇ ਬੱਚੇ ਉਨ੍ਹਾਂ ਦੇ (ਲਾਲਾ ਜੀ ਦੇ ) ਕਦਮਾਂ ’ਤੇ ਚੱਲਦੇ ਹੋਏ ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਭੇਦਭਾਵ ਦੇ ਆਜ਼ਾਦ ਪੱਤਰਕਾਰਿਤਾ ਕਰ ਕੇ ਲੋਕਾਂ ਨੂੰ ਆਪਣੀ ਅਖਬਾਰ ਭੇਜ ਰਹੇ ਹਨ। ਲਾਲਾ ਜੀ ਦੇ ਦੱਸੇ ਸੱਚ ਦੇ ਅਸੂਲਾਂ ਤੋਂ ਉਹ ਪਿੱਛੇ ਨਹੀਂ ਹੋਏ। ਚੰਗਾ ਲੱਗਾ ਜਦੋਂ ਮੈਂ ਉਨ੍ਹਾਂ ਦੇ ਪੜਪੋਤਰੇ ਅਭਿਜੈ ਨੂੰ ਮਿਲਿਆ। ਉਹ ਪੰਜਾਬ ’ਚ ਖੂਨ ਦਾਨ ਦਾ ਕੈਂਪਾਂ ਦਾ ਆਯੋਜਨ ਕਰਵਾ ਰਹੇ ਹਨ। ਕੈਂਸਰ ਦੇ ਲਈ ਆਪਣੀ ਆਵਾਜ਼ ਉਠਾ ਰਹੇ ਹਨ। ਲਾਲਾ ਜੀ ਦੀ ਤੀਜੀ ਪੀੜ੍ਹੀ ’ਚ ਵੀ ਮੈਨੂੰ ਲਾਲਾ ਜੀ ਦੀ ਝਲਕ ਦਿਖਾਈ ਦਿੰਦੀ ਹੈ।
ਜਗਜੀਤ ਪਿੰਕੀ
‘ਪੂਜਨੀਕ ਪਿਤਾ ਜੀ ਨੂੰ ਸ਼ਰਧਾਂਜਲੀ’ ਉਨ੍ਹਾਂ ਦੇ ਆਦਰਸ਼ਾਂ ਅਤੇ ਸਿਧਾਂਤਾਂ ਦੇ ਪ੍ਰਤੀ ਅਸੀਂ ਸਮਰਪਿਤ ਹਾਂ!
NEXT STORY