ਭਾਰਤੀ ਰਾਜਨੀਤੀ ਦੇ ਇਸ ਰੌਲੇ-ਰੱਪੇ ਵਿਚ ਜਿੱਥੇ ਸਿਹਤਮੰਦ ਨੀਤੀਗਤ ਬਹਿਸ ਅਤੇ ਰਚਨਾਤਮਕ ਆਲੋਚਨਾ ਦਾ ਆਦਰਸ਼ ਹੋਣਾ ਚਾਹੀਦਾ ਹੈ, ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਨਿੱਜੀ ਅਪਮਾਨ ਨੂੰ ਜਨਤਕ ਚਰਚਾ ਦਾ ‘ਨਿਊ ਨਾਰਮਲ’ ਬਣਾ ਦਿੱਤਾ ਹੈ। ਇਹ ਰੁਝਾਨ ਸੋਨੀਆ ਗਾਂਧੀ ਦੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ’ਤੇ ‘ਮੌਤ ਕਾ ਸੌਦਾਗਰ’ ਦੇ ਮਜ਼ਾਕ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ ਇਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ ਜਿੱਥੇ ਪ੍ਰਧਾਨ ਮੰਤਰੀ ਦੀ ਸਵਰਗੀ ਮਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਇਹ ਵਰਤਾਰਾ ਬਿਹਾਰ ਦੇ ਦਰਭੰਗਾ ਵਿਚ ਹੋਈ ‘ਇੰਡੀ’ ਗੱਠਜੋੜ ਦੀ ਹਾਲ ਹੀ ਵਿਚ ਹੋਈ ਰੈਲੀ ਵਿਚ ਸਪੱਸ਼ਟ ਤੌਰ ’ਤੇ ਦੇਖਿਆ ਗਿਆ। ਰਾਹੁਲ ਗਾਂਧੀ ਦੀ ‘ਵੋਟਰ ਅਧਿਕਾਰ ਯਾਤਰਾ’ ਦੌਰਾਨ ਕਾਂਗਰਸ ਨਾਲ ਜੁੜੇ ਇਕ ਵਰਕਰ ਨੇ ਅਧਿਕਾਰਤ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਸਵਰਗੀ ਮਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਜਿਸ ਨੇ ਨਾ ਸਿਰਫ਼ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਗੋਂ ਮਾਂ ਬਣਨ ਦੀ ਪਵਿੱਤਰਤਾ ਦਾ ਵੀ ਅਪਮਾਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਸਮਾਗਮ ਵਿਚ ਆਪਣੀ ਭਾਵਨਾਤਮਕ ਪ੍ਰਤੀਕਿਰਿਆ ਵਿਚ ਕਿਹਾ ਕਿ ਅਜਿਹੇ ਅਪਮਾਨ ਨਾ ਸਿਰਫ਼ ਨਿੱਜੀ ਹਮਲੇ ਹਨ, ਸਗੋਂ ਭਾਰਤ ਦੀਆਂ ਸਾਰੀਆਂ ਮਾਵਾਂ, ਭੈਣਾਂ ਅਤੇ ਔਰਤਾਂ ਦਾ ਅਪਮਾਨ ਵੀ ਹਨ ਪਰ ਇਸ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਜਾਂ ਘੱਟੋ-ਘੱਟ ਇਸਦੀ ਨਿੰਦਾ ਕਰਨ ਦੀ ਬਜਾਏ, ਕਾਂਗਰਸ ਦੀ ਪੂਰੀ ਮਸ਼ੀਨਰੀ ਨੇ ਝੂਠ ਫੈਲਾਉਣਾ ਸ਼ੁਰੂ ਕਰ ਦਿੱਤਾ। ਕਈ ਪ੍ਰਮੁੱਖ ਕਾਂਗਰਸ ਪੱਖੀ ਸੋਸ਼ਲ ਮੀਡੀਆ ਹੈਂਡਲਾਂ ਅਤੇ ਕੁਝ ਬੁਲਾਰਿਆਂ ਨੇ ਅਪਰਾਧੀ (ਮੁਹੰਮਦ ਰਿਜ਼ਵੀ) ਨੂੰ ‘ਭਾਜਪਾ ਏਜੰਟ’ ਵਜੋਂ ਦਰਸਾਉਣ ਦੀਆਂ ਵਿਅਰਥ ਕੋਸ਼ਿਸ਼ਾਂ ਕੀਤੀਆਂ! ਇਸ ਉਦੇਸ਼ ਲਈ ਭਾਜਪਾ ਨੇਤਾਵਾਂ ਨਾਲ ਉਸੇ ਨਾਂ ਵਾਲੇ ਇਕ ਹੋਰ ਵਿਅਕਤੀ (ਨੇਕ ਮੁਹੰਮਦ ਰਿਜ਼ਵੀ) ਦੀਆਂ ਤਸਵੀਰਾਂ ਦਿਖਾਈਆਂ ਗਈਆਂ ਪਰ ਇਹ ਪੂਰੀ ਤਰ੍ਹਾਂ ਝੂਠਾ ਨਿਕਲਿਆ ਅਤੇ ਨੇਕ ਮੁਹੰਮਦ ਨੇ ਉਸ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਰੈਲੀ ਪ੍ਰਬੰਧਕ ਨੇ ਮੰਨਿਆ ਸੀ ਕਿ ਇਕ ਕਾਂਗਰਸੀ ਵਰਕਰ ਨੇ ਹੱਦ ਪਾਰ ਕੀਤੀ ਸੀ ਤਾਂ ਵੀ ਉਸਦਾ ਬਚਾਅ ਕਰਨ ਦੀ ਅਜਿਹੀ ਘਿਨੌਣੀ ਕੋਸ਼ਿਸ਼ ਕੀਤੀ ਗਈ!
ਇਹ ਪਹਿਲੀ ਵਾਰ ਅਜਿਹਾ ਨਹੀਂ ਹੈ ਸਗੋਂ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ‘ਗਾਲ੍ਹ ਦੀ ਰਾਜਨੀਤੀ’ ਇਕ ਯੋਜਨਾਬੱਧ ‘ਪ੍ਰਣਾਲੀ’ ਦਾ ਹਿੱਸਾ ਹੈ। 2014 ਤੋਂ 2025 ਤੱਕ ਕਾਂਗਰਸੀ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ’ਤੇ ਘੱਟੋ-ਘੱਟ 150 ਵੱਖ-ਵੱਖ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ‘ਨੀਚ’ ਤੋਂ ਲੈ ਕੇ ਉਨ੍ਹਾਂ ਦੀ ‘ਚਾਹ ਵਾਲਾ’ ਪਛਾਣ ’ਤੇ ਹਮਲੇ, ‘ਗੰਗੂ ਤੇਲੀ’ ਅਤੇ ‘ਸਾਰੇ ਮੋਦੀ ਚੋਰ ਹਨ’ ਵਰਗੇ ਜਾਤੀਵਾਦੀ ਬਿਆਨ, ‘ਹਿਟਲਰ ਦੀ ਮੌਤ ਮਰੇਗਾ’, ‘ਮੋਦੀ ਦੀ ਕਬਰ ਪੁੱਟ ਦਿੱਤੀ ਜਾਵੇਗੀ’ ਅਤੇ ਹਿੰਸਕ ਗਾਲ੍ਹਾਂ ਅਤੇ ਧਮਕੀਆਂ ਦੀ ਦੁਕਾਨ ਦੀ ਨਫ਼ਰਤ ਭਰੀ ਸਮੱਗਰੀ ਵਾਰ-ਵਾਰ ਪੇਸ਼ ਕੀਤੀ ਗਈ ਹੈ।
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਖੁਦ ਇਕ ਜਨਤਕ ਰੈਲੀ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਡੰਡਿਆਂ ਨਾਲ ਕੁੱਟਿਆ ਜਾਵੇਗਾ! 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦਾ ਬਦਨਾਮ ‘ਚੌਕੀਦਾਰ ਚੋਰ ਹੈ’ ਨਾਅਰਾ, ਜੋ ਰੈਲੀਆਂ ਅਤੇ ਸੋਸ਼ਲ ਮੀਡੀਆ ’ਤੇ ਵਾਰ-ਵਾਰ ਦੁਹਰਾਇਆ ਗਿਆ ਸੀ, ਸਿਰਫ਼ ਬਿਆਨਬਾਜ਼ੀ ਨਹੀਂ ਸੀ, ਸਗੋਂ ਬਿਨਾਂ ਕਿਸੇ ਠੋਸ ਸਬੂਤ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਲਈ ਇਕ ਯੋਜਨਾਬੱਧ ਮੁਹਿੰਮ ਸੀ, ਜਿਸ ਕਾਰਨ ਗਾਂਧੀ ਨੂੰ 2023 ਵਿਚ ਸੂਰਤ ਦੀ ਇਕ ਅਦਾਲਤ ਨੇ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਝਿੜਕਿਆ।
ਅਪ੍ਰੈਲ 2023 ਵਿਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ‘ਜ਼ਹਿਰੀਲੇ ਸੱਪ’ ਨਾਲ ਕੀਤੀ ਸੀ। ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਚੋਣਾਂ ਦੇ ਸਮੇਂ ਅਜਿਹੀਆਂ ਘਟਨਾਵਾਂ ਵਧ ਜਾਂਦੀਆਂ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਅਪਮਾਨ ਸਿਰਫ਼ ਜ਼ੁਬਾਨ ਦਾ ਤਿਲਕਣਾ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਡੂੰਘੀ ਨਫ਼ਰਤ ਨੂੰ ਉਤਸ਼ਾਹਿਤ ਕਰ ਕੇ ਵੋਟ ਬੈਂਕ ਨੂੰ ਖੁਸ਼ ਕਰਨ ਦੀ ਇਕ ਯੋਜਨਾਬੱਧ ਰਣਨੀਤੀ ਹੈ ਅਤੇ ਜੇਕਰ ਇਹ ਕਾਫ਼ੀ ਨਹੀਂ ਸੀ ਤਾਂ ਕਾਂਗਰਸ ਦੇ ਕੇਰਲ ਹੈਂਡਲ ਨੇ ਵੀ ਬਿਹਾਰ ਦੀ ਤੁਲਨਾ ‘ਬੀੜੀ’ ਨਾਲ ਕੀਤੀ। ਇਸ ਟਵੀਟ ’ਤੇ ਰੋਸ ਵਧਣ ਤੋਂ ਬਾਅਦ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਪਰ ਮਾਨਸਿਕਤਾ ਨੂੰ ਡਿਲੀਟ ਨਹੀਂ ਕੀਤਾ ਜਾ ਸਕਦਾ। ਮਾਂ ਨੂੰ ਗਾਲ੍ਹਾਂ ਕੱਢਣ ਦੇ ਮੁੱਦੇ ’ਤੇ ਪਿੱਛੇ ਹਟਣ ਵਾਲੇ ਮਹਾਗੱਠਜੋੜ ਦੇ ਨੇਤਾ ਵੀ ਇਸ ਟਵੀਟ ’ਤੇ ਸਪੱਸ਼ਟੀਕਰਨ ਦੇਣ ਲਈ ਮਜਬੂਰ ਹੋਏ!
ਹੁਣ ਦੂਜੇ ਪਾਸੇ ਜੇਕਰ ਅਸੀਂ ਵਿਰੋਧੀ ਧਿਰ ਵਿਚ ਰਹਿੰਦਿਆਂ ਭਾਜਪਾ ਦੇ ਆਚਰਣ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦੀ ਉਦਾਹਰਣ ਮਿਲਦੀ ਹੈ, ਜਿਨ੍ਹਾਂ ਨੇ ਨਾ ਸਿਰਫ਼ ਨਿੱਜੀ ਹਮਲਿਆਂ ਅਤੇ ਅਪਮਾਨਜਨਕ ਭਾਸ਼ਾ ਤੋਂ ਪਰਹੇਜ਼ ਕੀਤਾ, ਸਗੋਂ ਢੁਕਵੇਂ ਸਮੇਂ ’ਤੇ ਪ੍ਰਧਾਨ ਮੰਤਰੀਆਂ ਨਹਿਰੂ ਅਤੇ ਇੰਦਰਾ ਗਾਂਧੀ ਦੀ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਵਾਜਪਾਈ ਨੇ ਹਮੇਸ਼ਾ ਰਾਸ਼ਟਰੀ ਹਿੱਤ ਨੂੰ ਪਾਰਟੀ ਹਿੱਤਾਂ ਤੋਂ ਉੱਪਰ ਰੱਖਿਆ। 1994 ਵਿਚ ਤਤਕਾਲੀ ਪ੍ਰਧਾਨ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਨਿਯੁਕਤ ਕੀਤਾ।
ਇਹ ਪਾਕਿਸਤਾਨ ਦੇ ਮਤੇ ਦਾ ਮੁਕਾਬਲਾ ਕਰਨ ਲਈ ਇਕ ਰਣਨੀਤਕ ਕਦਮ ਸੀ ਜਿਸ ਵਿਚ ਭਾਰਤ ’ਤੇ ਜੰਮੂ-ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਵਫ਼ਦ ਵਿਚ ਸਲਮਾਨ ਖੁਰਸ਼ੀਦ ਅਤੇ ਫਾਰੂਕ ਅਬਦੁੱਲਾ ਵੀ ਸ਼ਾਮਲ ਸਨ। ਵਾਜਪਾਈ ਦੇ ਕੂਟਨੀਤਕ ਹੁਨਰ ਅਤੇ ਭਾਸ਼ਣ ਕਲਾ ਨੇ ਪਾਕਿਸਤਾਨੀ ਪ੍ਰਸਤਾਵ ਨੂੰ ਹਰਾਉਣ ਵਿਚ ਮਦਦ ਕੀਤੀ, ਜਿਸ ਨਾਲ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੱਕ ਨਹੀਂ ਪਹੁੰਚ ਸਕਿਆ। ਇਹ ਦੁਵੱਲਾ ਸਹਿਯੋਗ ਵਿਰੋਧੀ ਧਿਰ ਵਿਚ ਭਾਜਪਾ ਦੀ ਭੂਮਿਕਾ ਦੀ ਪਛਾਣ ਬਣ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਅੱਗੇ ਵਧਾਇਆ।
ਜਦੋਂ ਸਤੰਬਰ 2013 ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਥਿਤ ਤੌਰ ’ਤੇ ਇਕ ਅਸ਼ਲੀਲ ਟਿੱਪਣੀ ਕੀਤੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਦੇਸੀ ਔਰਤ’ (ਪਿੰਡ ਦੀ ਔਰਤ) ਕਹਿ ਕੇ ਉਨ੍ਹਾਂ ਦਾ ਅਪਮਾਨ ਕੀਤਾ ਤਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਦਿੱਲੀ ਵਿਚ ਇਕ ਰੈਲੀ ਵਿਚ ਸ਼ਰੀਫ ਦੀਆਂ ‘ਅਪਮਾਨਜਨਕ’ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ।
ਲੋਕਤੰਤਰ ਬਹਿਸ ’ਤੇ ਵਧਦਾ-ਫੁੱਲਦਾ ਹੈ, ਬੇਇੱਜ਼ਤੀ ’ਤੇ ਨਹੀਂ। ਕਾਂਗਰਸ ਦਾ ਇਹ ਪਾਖੰਡ ਕਿ ਜਦੋਂ ਉਸਦੀ ਆਲੋਚਨਾ ਹੁੰਦੀ ਹੈ ਤਾਂ ਉਹ ਸ਼ਿਕਾਇਤ ਕਰਦੀ ਹੈ ਪਰ ਦੂਜਿਆਂ ਨੂੰ ਢੇਰ ਸਾਰੀਆਂ ਗਾਲ੍ਹਾਂ ਕੱਢਦੀ ਹੈ, ਇਸ ਨਾਲ ਜਨਤਾ ਦਾ ਉਸ ’ਤੇ ਵਿਸ਼ਵਾਸ ਅਤੇ ਭਰੋਸਾ ਘਟ ਹੁੰਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਬੇਸ਼ੱਕ ਮਾਫ਼ ਕਰ ਦੇਣ ਪਰ ਜਨਤਾ ਇੰਨੀ ਉਦਾਰ ਨਹੀਂ ਹੈ।
-ਸ਼ਹਿਜ਼ਾਦ ਪੂਨਾਵਾਲਾ (ਰਾਸ਼ਟਰੀ ਬੁਲਾਰੇ, ਭਾਰਤੀ ਜਨਤਾ ਪਾਰਟੀ)
ਮੋਦੀ ਦੇ ਵਫਦ ’ਚ ਜੈਸ਼ੰਕਰ ਗੈਰ-ਹਾਜ਼ਰ ਕਿਉਂ
NEXT STORY