ਮੇਰੇ ਦਿਲ ਵਿਚ ਇਕ ਚਿਰੋਕੀ ਚਾਹਤ ਸੀ ਕਿ ਗੁਆਂਢੀ ਸੂਬੇ ਰਾਜਸਥਾਨ ਵਿਚਲੇ ਦੋ ਇਤਿਹਾਸਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕੀਤੇ ਜਾਣ। ਇਨ੍ਹਾਂ ਅਸਥਾਨਾਂ 'ਚੋਂ ਇਕ ਅਸਥਾਨ ਦਾ ਸਿੱਖ ਇਤਿਹਾਸ ਨਾਲ ਸਿੱਧਾ ਅਤੇ ਦੂਜੇ ਦਾ ਅਸਿੱਧਾ ਪਰ ਬਹੁਤ ਹੀ ਗੂੜ੍ਹਾ ਸਬੰਧ ਹੈ।ਪਹਿਲਾ ਇਕ ਅਣਖੀਲੇ ਅਤੇ ਮਾਣ-ਮੱਤੇ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਪਵਿੱਤਰ ਅਸਥਾਨ ਗੁਰਦੁਆਰਾ ਬੁੱਢਾ ਜੋਹੜ ਹੈ ਅਤੇ ਦੂਸਰਾ ਸ਼ੋਮਣੀ ਭਗਤ ਧੰਨਾ ਜੀ ਨਾਲ ਜੁੜਿਆ ਉਨ੍ਹਾਂ ਦਾ ਜਨਮ ਅਸਥਾਨ(ਮੰਦਰ ਅਤੇ ਗੁਰਦੁਆਰੇ ਦੇ ਰੂਪ ਵਿਚ) ਪਿੰਡ ਧੂਆਂ ਕਲਾਂ (ਜ਼ਿਲ੍ਹਾ ਟਾਂਕ) ਹੈ। ਗੁਰਦੁਆਰਾ ਬੁੱਢਾ ਜੋਹੜ ਉਨ੍ਹਾਂ ਦੋ ਸਿੰਘ ਸੁਰਮਿਆਂ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਅਣਖ 'ਤੇ ਪਹਿਰਾ ਦਿੰਦਿਆਂ ਹੋਇਆਂ ਬੀਕਾਨੇਰ ਦੇ ਜੰਗਲਾਂ ਤੋਂ ਚਾਲੇ ਪਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਧੜ ਨਾਲੋਂ ਵੱਖ ਕਰਕੇ ਮੁਗਲ਼ਾਂ ਦੀ ਮਹਿਫਲ ਦਾ ਰੰਗ ਭੰਗ ਕਰ ਦਿੱਤਾ ਸੀ।ਇਨ੍ਹਾਂ ਸੂਰਮਿਆਂ 'ਚੋਂ ਇਕ ਦਾ ਨਾਂ ਮਹਿਤਾਬ ਸਿੰਘ ਮੀਰਾਂ ਕੋਟੀਆ ਅਤੇ ਦੂਜੇ ਦਾ ਨਾਂ ਸੁੱਖਾ ਸਿੰਘ ਮਾੜੀ ਕੰਬੋਕੀ ਸੀ। ਸਿੰਘਾਂ ਦੀ ਇਹ ਦਲੇਰਾਨਾ ਕਰਵਾਈ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਪ੍ਰੇਮ ਦੀ ਖੇਡ ਖੇਡਣ ਵਾਲੇ ਸਿੱਖ ਲੋੜ ਪੈਣ 'ਤੇ ਸੀਸ ਤਲੀ ਉਪਰ ਧਰਕੇ ਜ਼ਾਲਮਾਂ ਦਾ ਸਿਰ ਲਾਹੁਣਾ ਵੀ ਜਾਣਦੇ ਹਨ। ਇਸ ਸਥਾਨ 'ਤੇ ਪਹੁੰਚਣ ਲਈ ਅਸੀਂ ਬਠਿੰਡੇ ਦੇ ਰੇਲਵੇ ਸਟੇਸ਼ਨ ਤੋਂ ਸ੍ਰੀ ਗੰਗਾ ਨਗਰ ਨੂੰ ਜਾਣ ਵਾਲੀ ਗੱਡੀ ਉਪਰ ਬੈਠ ਗਏ। ਇਸ ਸਫਰ 'ਚ ਮੇਰਾ ਸਾਥ ਮੇਰੀ ਅਰਧਾਂਗਣੀ ਦੇ ਰਹੀ ਸੀ। ਹਿੰਦੂ ਪੂਜਾ ਪੱਧਤੀਆਂ ਨਾਲ ਡੂੰਘੀ ਜੁੜੀ ਹੋਣ ਦੇ ਬਾਵਜ਼ੂਦ ਵੀ ਉਹ ਗੁਰਧਾਮਾਂ ਪ੍ਰਤੀ ਅਥਾਹ ਸ਼ਰਧਾ-ਭਾਵਨਾ ਰੱਖਦੀ ਹੈ ਅਤੇ ਇਸ ਭਾਵਨਾ ਤਹਿਤ ਹੀ ਉਹ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਨ ਲਈ ਤੱਤਪਰ ਰਹਿੰਦੀ ਹੈ।
ਗੰਗਾ ਨਗਰ ਪਹੁੰਚ ਕੇ ਪਤਾ ਚੱਲਿਆ ਕਿ ਸਾਡੀ ਮੰਜ਼ਿਲ ਅਜੇ ਕਾਫੀ ਦੂਰ ਹੈ ਅਤੇ ਇੱਥੇ ਪਹੁੰਚਣ ਲਈ ਜੈਤਸਰ ਵਾਲੀ ਬੱਸ ਦਾ ਸਹਾਰਾ ਲੈਣਾ ਪੈਣਾ ਹੈ।ਜੈਤਸਰ ਨੂੰ ਜਾਣ ਵਾਲੀ ਬੱਸ ਲੱਭ ਕੇ ਅਸੀਂ ਉਸ ਵਿਚ ਸਵਾਰ ਹੋ ਗਏ। ਇਧਰ ਰਾਜਸਥਾਨ ਦੀ ਗਰਮੀ ਵੀ ਆਪਣਾ ਪੂਰਾ ਰੰਗ ਦਿਖਾਉਣ ਲੱਗ ਪਈ ਸੀ।ਸਾਡੀ ਬੱਸ ਸਾਧਾਰਣ ਸੀ ਤੇ ਗਰਮੀ ਕੁਝ ਅਸਧਾਰਣ ਪਰ ਗੁਰੂਘਰ ਦੇ ਦਰਸ਼ਨਾਂ ਦੀ ਲੋਚਾ ਬਲਵਾਨ ਹੋਣ ਕਰਕੇ ਇਹ ਅਸਧਾਰਣ ਗਰਮੀ ਸਾਡੇ (ਵਿਸ਼ੇਸ਼ ਕਰਕੇ ਮੇਰੇ) ਉਪਰ ਬਹੁਤੀ ਅਸਰ- ਅੰਦਾਜ਼ ਨਹੀਂ ਹੋ ਰਹੀ ਸੀ। ਘੰਟਿਆਂ ਬੱਧੀ ਸਫ਼ਰ ਤਹਿ ਕਰਕੇ ਅਖੀਰ ਉਸ ਬੱਸ ਨੇ ਸਾਨੂੰ ਸਾਡੀ ਮੰਜ਼ਿਲ ਦੇ ਨੇੜੇ ਲਾ ਦਿੱਤਾ।ਅਸੀਂ ਪਿੰਡ ਡਾਬਲਾ ਕੋਲ ਦੀ ਲੰਘ ਕੇ ਜਾਣ ਵਾਲੀ ਸੜਕ ਉਪਰ ਬਣੇ ਗੁਰਦੁਆਰਾ ਬੁੱਢਾ ਜੋਹੜ ਦੇ ਮੁੱਖ ਦੁਆਰ ਕੋਲ ਉਤਰ ਗਏ।ਇਸ ਦੁਆਰ ਤੋਂ ਗੁਰਦੁਆਰਾ ਤਕਰੀਬਨ ਇੱਕ ਕਿਲੋਮੀਟਰ ਦੀ ਵਿੱਥ 'ਤੇ ਸੀ,ਜਿਥੋਂ ਤੱਕ ਦੀ ਪਹੁੰਚ ਪੈਦਲ ਜਾਂ ਕਿਸੇ ਨਿੱਜੀ ਸਾਧਨ ਵਾਲੇ ਦੀ ਓਟ ਨਾਲ ਹੀ ਕੀਤੀ ਜਾ ਸਕਦੀ ਸੀ।ਦੁਪਹਿਰ ਜੋਬਨ 'ਤੇ ਹੋਣ ਕਰਕੇ ਪੈਦਲ ਤੁਰਨ ਨੂੰ ਮਨ ਹਾਮੀ ਨਹੀਂ ਭਰ ਰਿਹਾ ਸੀ। ਇਸ ਲਈ ਕੁਝ ਸਮਾਂ ਕਿਸੇ ਨਿੱਜੀ ਵਾਹਨ ਦੀ ਉਡੀਕ ਕਰਨ ਵਿਚ ਹੀ ਭਲਾ ਸਮਝਿਆ।ਸਾਡੀਆਂ ਉਡੀਕ ਦੀਆਂ ਘੜੀਆਂ ਤਦ ਖਤਮ ਹੋਈਆਂ ਜਦੋਂ ਕੁੱਝ ਕੁ ਰਾਜਸਥਾਨੀ ਇੱਕ ਕਾਰ ਲੈ ਕਿ ਸਾਡੇ ਕੋਲ ਦੀ ਲੰਘਣ ਲੱਗੇ।ਕਾਰ ਵਿਚ ਦੋ ਕੁ ਸਵਾਰੀਆਂ ਦੀ ਗੂੰਜ਼ਾਇਸ਼ ਬਚੀ ਹੋਈ ਸੀ।ਇਸ ਗੂੰੰਜ਼ਾਇਸ਼ ਸਦਕਾ ਅਸੀਂ ਉਸ ਕਾਰ ਵਿਚ ਸਵਾਰ ਹੋ ਗਏ ਅਤੇ ਗੁਰਦੁਆਰਾ ਸਾਹਿਬ ਪਹੁੰਚ ਗਏ।ਗੁਰਦੁਆਰੇ ਵਿੱਚ ਜਾ ਕੇ ਪਹਿਲਾਂ ਸਮਾਨ ਰੱਖਣ ਲਈ ਕਮਰਾ ਲਿਆ।ਸਮਾਨ ਰੱਖਣ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਨ ਲਈ ਚਲੇ ਗਏ।ਅਜਾਇਬ ਘਰ ਵਿਚ ਵੱਖ-ਵੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।ਇਹ ਤਸਵੀਰਾਂ ਦੇਖਣ ਤੋਂ ਬਾਅਦ ਅਸੀਂ ਕੁੱਝ ਸਮਾਂ ਆਰਾਮ ਕੀਤਾ ਅਤੇ ਸ਼ਾਮ ਪੰਜ ਕੁ ਵਜੇ ਨੇੜਲੇ ਕਸਬੇ ਜੈਤਸਰ ਨੂੰ ਰਵਾਨਾ ਹੋ ਗਏ।ਜੈਤਸਰ ਪਹੁੰਚ ਕੇ ਅਸੀਂ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਸੂਰਤਗੜ੍ਹ ਦੀ ਟ੍ਰੇਨ ਲੈ ਲਈ।ਇਥੋਂ ਅਸੀਂ ਆਪਣੀ ਧਾਰਮਿਕ ਯਾਤਰਾ ਦੇ ਦੂਜੇ ਪੜਾਅ ਵੱਲ ਰਵਾਨਾ ਹੋਣਾ ਸੀ।
ਇਹ ਪੈਂਡਾ ਕਾਫੀ ਲੰਮੇਰਾ ਸੀ ਜਿਸ ਨੂੰ ਤਹਿ ਕਰਨ ਲਈ ਪਹਿਲਾਂ ਬੀਕਾਨੇਰ ਅਤੇ ਫਿਰ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਪਹੁੰਚਣਾ ਪੈਣਾ ਸੀ।ਸਾਰੀ ਰਾਤ ਅੱਖਾਂ 'ਚੋਂ ਲੰਘਾ ਕੇ ਸਰਘੀ ਵੇਲੇ ਅਸੀਂ ਜੈਪੁਰ ਦੇ ਸਟੇਸ਼ਨ 'ਤੇ ਪਹੁੰਚ ਗਏ।ਇਸ ਤੋਂ ਅਗਲੇਰੀ (ਪਿੰਡ ਧੂੰਆਂ ਕਲਾਂ ਦੀ) ਮੰਜ਼ਿਲ ਅਸੀਂ ਬੱਸ ਰਾਹੀਂ ਤਹਿ ਕਰਨੀ ਸੀ ਇਸ ਲਈ ਅਸੀਂ ਜੈਪੁਰ ਦੇ ਬੱਸ ਸਟੈਂਡ ਵੱਲ ਜਾਣ ਵਾਲੇ ਆਟੋ-ਰਿਕਸ਼ਾ ਵਿਚ ਬੈਠ ਗਏ।ਬੱਸ ਸਟੈਂਡ ਆ ਕੇ ਸ਼੍ਰੀਮਤੀ ਨੇ ਚਾਹ ਦਾ ਕੱਪ ਪੀਣ ਦੀ ਇੱਛਾ ਪ੍ਰਗਟ ਕੀਤੀ, ਜਿਸ ਨੂੰ ਜੈਪੁਰ ਦੇ ਇਕ ਹੋਟਲ ਵਿਚ ਬੈਠ ਕੇ ਪੂਰਾ ਕੀਤਾ ਗਿਆ।
ਬੱਸ ਸਟੈਂਡ ਤੋਂ ਜਦੋਂ ਅਸੀਂ ਭਗਤ ਧੰਨਾ ਜੀ ਦੇ ਜਨਮ ਸਥਾਨ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਬਹੁਤ ਸਾਰੇ ਰਾਜਸਥਾਨੀ ਇਸ ਤੋਂ ਬੇਖ਼ਬਰ ਹੀ ਮਿਲੇ।ਫਿਰ ਅਸੀਂ ਸੋਚਿਆ ਕਿ ਭਗਤ ਜੀ ਦੀ ਨੇੜਤਾ ਸਿੱਖ ਧਰਮ ਨਾਲ ਵਧੇਰੇ ਪੈਂਦੀ ਹੈ ਇਸ ਲਈ ਕਿਉਂ ਨਾ ਕਿਸੇ ਸਿੱਖ ਸੱਜਣ ਕੋਲੋਂ ਹੀ ਪੁੱਛ ਕੇ ਦੇਖਿਆ ਜਾਵੇ।ਪਰ ਬੜੇ ਅਫ਼ਸੋਸ ਦੀ ਗੱਲ ਕਿ ਜਿਹੜੇ ਸਿੱਖ ਸੱਜਣਾਂ ਕੋਲੋਂ ਅਸੀਂ ਪੁੱਛਗਿੱਛ ਕੀਤੀ ਉਨ੍ਹਾਂ ਨੇ ਵੀ ਸਾਡੇ ਪਿੜ-ਪੱਲੇ ਕੁਝ ਨਹੀਂ ਪਾਇਆ। ਕੋਈ ਸਿੱਕੇਬੰਦ ਜਾਣਕਾਰੀ ਨਾ ਮਿਲਦੀ ਦੇਖ ਕਿ ਅਸੀਂ ਆਪ ਹੀ ਕੋਟਾ ਨੂੰ ਜਾਣ ਵਾਲੀ ਇਕ ਰਾਜਸਥਾਨੀ ਬੱਸ ਵਿਚ ਬੈਠ ਗਏ।ਜਦੋਂ ਅਸੀਂ ਕੰਡਕਟਰ ਕੋਲੋਂ ਆਪਣੇ ਅਸਲ ਟਿਕਾਣੇ ਦੀ ਟਿਕਟ ਮੰਗੀ ਤਾਂ ਉਹ ਵੀ ਇਸ ਬਾਰੇ ਸਪਸ਼ਟ ਨਹੀਂ ਸੀ।ਮੈਨੂੰ ਇਸ ਗੱਲ 'ਤੇ ਕੁੱਝ ਹੈਰਾਨੀ ਵੀ ਹੋ ਰਹੀ ਸੀ ਕਿ ਸ਼੍ਰੋਮਣੀ ਭਗਤ ਧੰਨਾ ਜੀ ਜਿਨ੍ਹਾਂ ਦਾ ਰੱਜਵਾਂ ਸੱਤਿਕਾਰ ਕਰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ ਤਿੰਨ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ ਵਿਚ) ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤੇ ਹੋਏ ਹਨ, ਉਨ੍ਹਾਂ ਬਾਬਤ ਉਨ੍ਹਾਂ ਦੇ ਪਿਤਰੀ ਸੂਬੇ ਦੇ ਲੋਕਾਂ ਦੀ ਜਾਣਕਾਰੀ ਬਹੁਤ ਹੀ ਨਿਮਨ ਪੱਧਰ ਦੀ ਹੈ।ਇੱਕ ਦੋ ਸਵਾਰੀਆਂ ਦੀ ਸਲਾਹ ਨਾਲ ਕੰਡਕਟਰ ਨੇ ਸਾਡੇ ਨਿਸ਼ਾਨੇ ਦੇ ਨੇੜੇ ਲੱਗਣ ਵਾਲੇ ਸਟਾਪ ਦੀਆਂ ਟਿੱਕਟਾਂ ਕੱਟ ਦਿੱਤੀਆਂ।
ਬੱਸ ਸੈਕੜੇਂ ਮੀਲਾਂ ਦਾ ਸਫ਼ਰ ਤਹਿ ਕਰ ਆਈ ਸੀ ਪਰ ਅਜੇ ਤੱਕ ਇਹ ਸਟਾਪ ਵੀ ਨਜ਼ਰ ਨਹੀਂ ਸੀ ਆ ਰਿਹਾ।ਪੰਜਾਬ ਵਿਚ ਤਾਂ ਜਿਹੜੇ ਮਾਰਗਾਂ 'ਤੇ ਗੁਰੂ ਸਾਹਿਬਾਨ ਨੇ ਆਪਣੇ ਮੁਕੱਦਸ ਚਰਨ ਪਾ ਦਿੱਤੇ ਉਹ ਮਾਰਗ ਹੀ ਉਨ੍ਹਾਂ ਦੇ ਨਾਮ ਹੋ ਗਏ ਹਨ ਅਤੇ ਥਾਂ-ਥਾਂ 'ਤੇ ਉਨ੍ਹਾਂ ਦੇ ਨਾਮ ਦਾ ਲਿਖਤੀ ਜਿਕਰ ਵੀ ਕੀਤਾ ਗਿਆ ਹੈ ਪਰ ਜਿਸ ਮਾਰਗ 'ਤੇ ਚੱਲ ਕੇ ਅਸੀਂ ਭਗਤ ਜੀ ਦੇ ਜਨਮ ਸਥਾਨ ਦੇ ਦਰਸ਼ਨਾਂ ਲਈ ਜਾ ਰਹੇ ਸੀ, ਉਸ ਉਪਰ ਤਾਂ ਕੋਈ ਸੰਕੇਤ ਵੀ ਨਹੀਂ ਸੀ ਮਿਲ ਰਿਹਾ।ਇੱਕ ਵਾਰ ਤਾਂ ਸਾਨੂੰ ਇੰਜ ਲੱਗਣ ਲੱਗ ਪਿਆ ਕਿ ਅਸੀਂ ਕਿਸੇ ਗ਼ਲਤ ਦਿਸ਼ਾ ਵੱਲ ਹੀ ਤੁਰੇ ਜਾ ਰਹੇ ਹਾਂ।ਬੱਸ ਵਿਚ ਕੋਈ ਪੰਜਾਬੀ ਸਵਾਰੀ ਨਾ ਹੋਣ ਕਰਕੇ ਕਿਸੇ ਨਾਲ ਸ਼ੰਕਾ ਵੀ ਸਾਂਝੀ ਨਹੀਂ ਸੀ ਕਰ ਸਕਦੇ।ਸਾਡੀ ਸ਼ੰਕਾਂ ਦੀਆਂ ਤੰਦਾਂ ਉਸ ਵਕਤ ਕੁੱਝ ਢਿੱਲੀਆਂ ਪਈਆਂ ਜਦੋਂ ਬੱਸ ਦੇ ਕੰਡਕਟਰ ਨੇ ਸਾਡੀ ਸੀਟ ਕੋਲ ਆ ਕਿ ਕਿਹਾ ਕਿ 'ਤਿਆਰ ਰਹੋ ਜੀ! ਅਗਲੇ ਸਟਾਪ 'ਤੇ ਮੈਂ ਤਹਾਨੂੰ ਇਸ਼ਾਰਾ ਕਰਾਂਗਾ ਤੁਸੀ ਅੱਗੇ ਆ ਜਾਣਾ।ਇਸ ਸਟਾਪ ਤੋਂ ਅਗਲੇਰਾ ਸਟਾਪ ਤੁਹਾਡਾ ਹੀ ਆਉਣ ਵਾਲਾ ਹੈ। ਕਿਸੇ ਸਹੀ ਸਥਾਨ 'ਤੇ ਲਾਹੀਂ ਯਾਰ! ਦੇਖੀਂ ਕਿਤੇ ਖ਼ਜਲ-ਖ਼ੁਆਰ ਹੀ ਨਾ ਹੁੰਦੇ ਰਹੀਏ। 'ਮੈਂ ਚੰਗੀ ਤਰ੍ਹਾਂ ਪਤਾ ਕਰ ਲਿਆ ਹੈ ਜੀ ਇਹ ਬਿਲਕੁੱਲ ਸਹੀ ਜਗ੍ਹਾ ਹੈ, ਇਥੋਂ ਤਿੰਨ-ਚਾਰ ਕਿਲੋਮੀਟਰ ਅੰਦਰ ਵੱਲ ਨੂੰ ਜਾਣਾ ਪਵੇਗਾ।'ਕੰਡਕਟਰ ਨੇ ਸਾਡਾ ਯਕੀਨ ਪੱਕਾ ਕਰਦਿਆਂ ਕਿਹਾ। ਕੰਡਕਟਰ ਨੇ ਲੰਮੀ ਸੀਟੀ ਮਾਰੀ ਅਤੇ ਅਸੀਂ ਜਰਨੈਲੀ ਸੜਕ 'ਤੇ ਪੈਂਦੇ ਇੱਕ ਪਿੰਡ ਕੋਲ ਉਤਰ ਗਏ।ਜਰਨੈਲੀ ਸੜਕ ਉਪਰ ਪੈਣ ਵਾਲੇ ਇਸ ਪਿੰਡ ਦੇ ਅੱਡੇ 'ਤੇ ਖਾਣ-ਪੀਣ ਦੀਆਂ ਕੁੱਝ ਦੁਕਾਨਾਂ ਤਾਂ ਮੌਜੂਦ ਸਨ ਪਰ ਰੌਣਕ ਬੜੀ ਪਤਲੀ ਸੀ।ਅੱਡੇ 'ਤੇ ਬੈਠੇ ਇੱਕ ਰਾਜਸਥਾਨੀ ਕੋਲੋਂ ਜਦੋਂ ਅਸੀਂ ਭਗਤ ਧੰਨਾ ਜੀ ਦੇ ਜਨਮ ਸਥਾਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ 'ਉਹ ਸਥਾਨ ਅਜੇ ਇੱਥੋਂ ਛੇ-ਸੱਤ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਇਧਰ ਵਾਲੇ ਪਾਸੇ ਆਵਾਜਾਈ ਦਾ ਨਿਯਮਿਤ ਸਾਧਨ ਵੀ ਕੋਈ ਨਹੀਂ ਹੈ।ਹਾਂ,ਕਦੇ ਕਦਾਈਂ ਕਿਸੇ ਸ਼ਰਧਾਲੂ ਪਰਿਵਾਰ ਦੀ ਕੋਈ ਕਾਰ ਜਾਂ ਬਾਬਿਆਂ ਦਾ ਟਿੱਪਰ ਇਧਰ ਫੇਰਾ ਜ਼ਰੂਰ ਪਾਉਂਦੇ ਹਨ 'ਤੇ ਉਨ੍ਹਾਂ ਵਾਸਤੇ ਅਣਮਿਥੇ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।'ਤੇ ਹੋਇਆ ਵੀ ਇਸ ਤਰ੍ਹਾਂ ਹੀ।ਇਸ ਅੱਡੇ 'ਤੇ ਬਹਿ ਕੇ ਸਾਨੂੰ ਲਗਭਗ ਡੇਢ ਘੰਟਾ ਉਡੀਕ ਦੀਆਂ ਘੜੀਆਂ ਗਿਣਨੀਆਂ ਪਈਆਂ।ਅਖੀਰ ਕੋਟਾ ਸ਼ਹਿਰ ਤੋਂ ਸੇਵਾਦਾਰਾਂ ਦੀ ਇੱਕ ਜੀਪ ਗੁਰਦੁਆਰਾ ਸਾਹਿਬ ਨੂੰ ਜਾਣ ਵਾਸਤੇ ਆ ਗਈ।ਇਸ ਵਿਚ ਬੈਠਣਾ ਭਾਵੇਂ ਸੁਖਾਲਾ ਨਹੀਂ ਸੀ ਪਰ ਔਖੇ-ਸੌਖੇ ਹੋ ਕਿ ਬੈਠ ਹੀ ਗਏ।ਭਗਤ ਜੀ ਦੀ ਯਾਦ ਨੂੰ ਸਮਰਪਿਤ ਇਸ ਅਸਥਾਨ 'ਤੇ ਜਾਣ ਵਾਸਤੇ ਭਾਵੇਂ ਵੱਖਰਾ ਅਤੇ ਨੇੜਤਾ ਵਾਲਾ ਰਸਤਾ ਵੀ ਬਣਾਇਆ ਹੋਇਆ ਸੀ ਪਰ ਇਸ ਦੇ ਖ਼ਰਾਬ ਹੋਣ ਕਾਰਨ ਸਾਨੂੰ ਭਗਤ ਜੀ ਦੇ ਜੱਦੀ ਪਿੰਡ ਧੂੰਆਂ ਕਲਾਂ ਵਿਚ ਦੀ ਹੋ ਕੇ ਹੀ ਜਾਣਾ ਪਿਆ।ਸਾਰੀ ਰਾਤ ਗੱਡੀ ਅਤੇ ਸਵੇਰੇ ਤਿੰਨ ਘੰਟੇ ਬੱਸ ਦੇ ਸਫ਼ਰ ਕਾਰਨ ਜਿੱਥੇ ਸਰੀਰ ਥਕਾਵਟ ਨਾਲ ਚੂਰੋ-ਚੂਰ ਹੋਇਆ ਪਿਆ ਸੀ ਉੱਥੇ ਨੇਤਰਾਂ ਵਿਚ ਨੀਂਦ ਵੀ ਰੜਕ ਰਹੀ ਸੀ।ਆਪਣੀ ਤਹਿਸ਼ੁਦਾ ਮੰਜ਼ਿਲ (ਗੁਰਦੁਆਰਾ ਭਗਤ ਧੰਨਾ ਜੀ) ਤੱਕ ਪਹੁੰਚ ਕੇ ਸਾਡਾ ਸਾਹ ਕੁੱਝ ਸੁਖਾਲਾ ਹੋ ਗਿਆ।ਗੁਰਦੁਆਰਾ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਇੱਕ ਸੇਵਕ ਕੋਲੋਂ ਕਮਰੇ ਦੀ ਜਾਚਨਾ ਕੀਤੀ।ਬਿੰਨਾਂ ਕੋਈ ਲਿਖਤ-ਪੜ੍ਹਤ ਕੀਤਿਆਂ ਉਸ ਸੇਵਾਦਾਰ ਨੇ ਸਾਡੇ ਲਈ ਕਮਰਾ ਨੰਬਰ ਚਾਰ ਦਾ ਤਾਲਾ ਖੋਲ੍ਹ ਦਿੱਤਾ।ਕਮਰਾ ਭਾਵੇਂ ਸਧਾਰਣ ਹੀ ਸੀ ਪਰ ਇਸ਼ਨਾਨ-ਪਾਣੀ ਦੀ ਸਹੂਲਤ ਨਾਲ ਜੁੜੀ ਹੋਈ ਸੀ।ਇਸ਼ਨਾਨ ਕਰਕੇ ਅਸੀਂ ਆਪਣੇ ਉਪਰ ਪਏ ਨੀਂਦ ਦੇ ਦਬਾਅ ਨੂੰ ਕੁੱਝ ਘੱਟ ਕਰਨ ਦਾ ਯਤਨ ਕੀਤਾ।ਉਨੀਂਦਰੇ ਦਾ ਦਬਾਅ ਘਟਣ ਨਾਲ ਸਰੀਰ ਕੁੱਝ ਐਕਟੀਵੇਟ ਹੋ ਗਿਆ ਜਿਸ ਦੀ ਬਾਦੌਲਤ ਅਸੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ।ਭਗਤ ਜੀ ਦੇ ਨਾਮ ਬੋਲਦੀ ਇਸ ਜ਼ਮੀਨ ਵਿਚ ਬਣੇ ਸੁੰਦਰ ਅਤੇ ਆਲੀਸ਼ਾਨ ਦਰਬਾਰ (ਗੁਰਦੁਆਰਾ ਸਾਹਿਬ) ਦੀ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਕਾਰ-ਸੇਵਾ ਸਰਹਾਲੀ ਸਾਹਿਬ ਵਾਲਿਆਂ ਤੋਂ ਵਰਸੋਏ ਬਾਬਾ ਲੱਖਾ ਸਿੰਘ ਅਤੇ ਬਾਬਾ ਸ਼ੇਰ ਸਿੰਘ ਵੱਲੋਂ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਨਿਭਾਈ ਜਾ ਰਹੀ ਹੈ।ਜਿਸ ਤਰ੍ਹਾਂ ਗੁਰੂ ਸਾਹਿਬਾਨ ਵੱਲੋਂ ਆਪਣੇ ਸਮਕਾਲ ਵਿਚ ਨਵਿਆਂ ਨਗਰਾਂ ਨੂੰ ਵਸਾਇਆ ਜਾਂਦਾ ਰਿਹਾ ਹੈ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਸਿੱਖ-ਸੇਵਕ ਵੀ ਨਵੀਆਂ ਥਾਂਵਾਂ ਨੂੰ ਆਬਾਦ ਕਰਕੇ ਉਨ੍ਹਾਂ ਵੱਲੋਂ ਪਾਈਆਂ ਪਿਰਤਾਂ ਨੂੰ ਕਾਇਮ ਰੱਖ ਰਹੇ ਹਨ। ਆਪਣੀ ਰੁਹਾਨੀ ਭੁੱਖ ਨੂੰ (ਗੁਰੂ ਦੇ ਦਰਸ਼ਨਾਂ ਨਾਲ) ਸ਼ਾਂਤ ਕਰਨ ਤੋਂ ਬਾਅਦ ਅਸੀਂ ਆਪਣੀ ਉਦਰੀ ਭੁੱਖ ਨੂੰ ਸ਼ਾਂਤ ਕਰਨ ਲਈ ਗੁਰੂ ਕੇ ਲੰਗਰ ਵਿਚ ਚਲੇ ਗਏ।ਪ੍ਰਸ਼ਾਦਾ-ਪਾਣੀ ਛੱਕ ਕੇ ਅਸੀਂ ਧੰਨੇ ਭਗਤ ਦਾ ਉਹ ਖੂਹ ਦੇਖਣ ਲਈ ਗਏ ਜਿਸ ਨੂੰ ਗੇੜ ਕੇ ਉਹ ਆਪਣੀ ਸੱਚੀ ਤੇ ਸੁੱਚੀ (ਖੇਤੀਬਾੜੀ) ਕਿਰਤ ਕਰਿਆ ਕਰਦੇ ਸਨ ਅਤੇ ਜਿਸ ਕਿਰਤ ਨੂੰ ਕਰਦਿਆਂ ਉਨ੍ਹਾਂ ਉਪਰ ਕਰਤਾਰ ਦੀ ਕਿਰਪਾ ਹੋਈ ਸੀ।ਇਸ ਵਿਸ਼ੇਸ਼ ਕਿਰਪਾ ਸਦਕਾ ਹੀ ਉਹ ਇੱਕ ਭੋਲੇ-ਭਾਲੇ ਧੰਨੇ ਜੱਟ ਤੋਂ ਸ਼੍ਰੋਮਣੀ ਭਗਤ ਧੰਨਾ ਜੀ ਬਣ ਗਏ ਅਤੇ ਮਾਲਕ ਉਨ੍ਹਾਂ ਦੀ ਮਰਜੀ ਮੁਤਾਬਕ ਉਨ੍ਹਾਂ ਦੇ ਕਾਰਜ ਸੰਵਾਰਦਾ ਰਿਹਾ।
ਇਸ ਖੂਹ ਤੋਂ ਥੋੜ੍ਹੀ ਜਿਹੀ ਵਿੱਥ 'ਤੇ ਇਲਾਕਾ ਨਿਵਾਸੀਆਂ ਵੱਲੋਂ ਧੰਨਾ ਭਗਤ ਜੀ ਦੀ ਮਿੱਠੀ ਯਾਦ ਵਿਚ ਇੱਕ ਮੰਦਿਰ ਬਣਾਇਆ ਹੋਇਆ ਹੈ ਅਤੇ ਉਸ ਵਿਚ ਭਗਤ ਜੀ ਦੀ ਮੂਰਤੀ ਲੱਗੀ ਹੋਈ ਹੈ।ਧੂੰਆਂ ਕਲਾਂ ਅਤੇ ਗੁਆਂਢੀ ਪਿੰਡ ਦੇ ਲੋਕ ਉਨ੍ਹਾਂ ਨੂੰ ਭਗਵਾਨ ਵਾਂਗ ਹੀ ਪੂਜਦੇ ਹਨ।ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਆਪਣੇ ਕਮਰੇ ਵਿਚ ਆ ਗਏ।ਕਮਰੇ ਵਿਚ ਆ ਕੇ ਕੁੱਝ ਸਮੇਂ ਲਈ ਰਾਤ ਵਾਲੇ ਉਨੀਂਦਰੇ ਦੀ ਪੂਰਤੀ ਕੀਤੀ ਅਤੇ ਚਾਰ ਕੁ ਵਜੇ ਵਾਪਸੀ ਲਈ ਤਿਆਰ ਹੋਣ ਲੱਗ ਪਏ। ਦੁਪਹਿਰਾ ਭਾਵੇਂ ਕੁੱਝ ਢਲ ਗਿਆ ਸੀ ਪਰ ਧਰਤੀ ਦਾ ਪਿੰਡਾ ਅਜੇ ਵੀ ਮੱਚ ਰਿਹਾ ਸੀ।ਪੰਜ ਕੁ ਵਜੇ ਦੇ ਕਰੀਬ ਅਸੀਂ ਬਾਬਾ ਸ਼ੇਰ ਸਿੰਘ (ਇੰਚਾਰਜ) ਤੋਂ ਆਗਿਆ ਲੈ ਕੇ ਪੰਜਾਬ ਨੂੰ ਵਾਪਸੀ ਲਈ ਕਦਮ ਪੁੱਟ ਲਏ।ਰਾਜਸਥਾਨੀ ਸ਼ਰਧਾਲੂਆਂ ਦੀ ਇੱਕ ਜੀਪ ਜਿਹੜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜੀ.ਟੀ ਰੋਡ ਵੱਲ ਆਉਣ ਲਈ ਤਿਆਰ ਖੜ੍ਹੀ ਸੀ,ਉਸ ਵਿਚ ਬੈਠ ਕੇ ਅਸੀਂ ਮੁੱਖ ਸੜਕ 'ਤੇ ਆ ਗਏ।ਕੁੱਝ ਸਮੇਂ ਦੀ ਉਡੀਕ ਤੋਂ ਬਾਅਦ ਜੈਪੁਰ ਨੂੰ ਜਾਣ ਵਾਲੀ ਲਾਰੀ ਆ ਗਈ।ਮੈਂ ਅਤੇ ਮੈਡਮ 'ਚੋਹਲਾ' ਉਸ ਲਾਰੀ ਵਿਚ ਸਵਾਰ ਹੋ ਗਏ।ਜੈਪੁਰ ਤੱਕ ਅਪੜਦਿਆਂ ਹਨ੍ਹੇਰਾ ਕਾਫੀ ਸੰਘਣਾ ਹੋ ਚੁੱਕਾ ਸੀ।ਪਹਿਲਾਂ ਤਾਂ ਸਾਡਾ ਵਿਚਾਰ ਸੀ ਕਿ ਰਾਤੋ-ਰਾਤ ਟ੍ਰੇਨ ਦਾ ਸਫ਼ਰ ਕਰਕੇ ਦਿਨ ਦੇ ਚੜ੍ਹਾਅ ਨਾਲ ਪੰਜਾਬ ਦੇ ਲਵੇ ਲੱਗ ਜਾਈਏ ਪਰ ਬਾਅਦ ਵਿਚ ਸੋਚਿਆ ਕਿ ਸਾਰੀ ਰਾਤ ਦਾ ਜਗਰਾਤਾ ਕੱਟਣ ਨਾਲੋਂ ਇੱਕ ਰਾਤ ਜੈਪੁਰ ਵਿਚ ਹੀ ਠਹਿਰ ਲਿਆ ਜਾਵੇ।ਤਿੰਨ-ਚਾਰ ਸੌ ਰੁਪਏ ਤੱਕ ਦੀ ਚੰਗੀ ਠਹਿਰ ਦੇਣ ਲਈ ਕੁੱਝ ਹੋਟਲਾਂ ਵਾਲਿਆਂ ਦੇ ਏਜੰਟ ਆਵਾਜ਼ਾਂ ਤਾਂ ਲਗਾ ਰਹੇ ਸਨ।ਪਰ ਆਪਣੇ ਸੁਭਾਅ ਮੁਤਾਬਕ ਅਸੀਂ ਕਿਸੇ ਗੁਰਦੁਆਰੇ ਵਿਚ ਰਹਿਣ ਨੂੰ ਹੀ ਤਰਜ਼ੀਹ ਦਿੱਤੀ।ਇੱਕ ਗੁਰਦੁਆਰੇ ਦਾ ਪਤਾ ਪੁੱਛਿਆ ਜੋ ਕਿ ਉੱਥੋਂ ਅੱਠ-ਨੌਂ ਕਿਲੋਮੀਟਰ ਦੂਰ ਸੀ।ਇੱਕ ਆਟੋ ਵਿਚ ਬੈਠ ਕੇ ਜਦੋਂ ਅਸੀਂ ਉਸ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਥੇ ਇੱਕ ਅੰਮ੍ਰਿਤਧਾਰੀ ਸਿੰਘ ਮਿਲਿਆ।ਜਦੋਂ ਅਸੀਂ ਉਸ ਨੂੰ ਆਪਣੀ ਯਾਤਰਾ ਦਾ ਵਿਸਥਾਰ ਦੇ ਕੇ ਰਾਤ ਠਹਿਰਣ ਲਈ ਕਮਰੇ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕਮਰੇ ਦਾ ਕਿਰਾਇਆ 200 ਰੁਪਏ ਜਮ੍ਹਾਂ ਕਰਵਾਉਣਾ ਪਵੇਗਾ। ਮੈਂ ਉਸ ਨੂੰ ਬੇਨਤੀ ਕੀਤੀ ਕਿ ਅਸੀਂ ਤਿੰਨ ਰੋਜ਼ ਤੋਂ ਧਾਰਮਿਕ ਯਾਤਰਾ 'ਤੇ ਹਾਂ।ਜਿਹੜੇ ਗੁਰਦੁਆਰੇ ਵਿਚ ਵੀ ਅਸਾਂ ਨੇ ਮੁਕਾਮ ਕੀਤਾ ਹੈ ਉੱਥੋਂ ਦੇ ਪ੍ਰਬੰਧਕਾਂ ਨੇ ਬੰਦਿਸ਼ ਨਾਲ ਸਾਡੇ ਕੋਲੋਂ ਕੁੱਝ ਨਹੀਂ ਲਿਆ, ਹਾਂ ਆਪਣੀ ਸ਼ਰਧਾ ਅਤੇ ਸਮਰੱਥਾ ਮੁਤਾਬਿਕ ਅਸੀਂ ਕੁੱਝ ਨਾ ਕੁੱਝ ਯੋਗਦਾਨ ਪਾਉਣ ਦਾ ਜ਼ਰੂਰ ਯਤਨ ਕਰਦੇ ਹਾਂ।ਸਾਡੀ ਬੇਨਤੀ ਅਤੇ ਦਲੀਲ ਦਾ ਉਸ ਉਪਰ ਕੋਈ ਅਸਰ ਨਾ ਹੋਇਆ ਅਤੇ ਸਾਨੂੰ ਕੋਈ ਹੋਰ ਦਰ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ। ਸਾਨੂੰ ਕਿਸੇ ਨੇ ਦੱਸਿਆ ਕਿ ਇੱਥੋਂ ਥੋੜ੍ਹੀ ਦੂਰੀ 'ਤੇ ਜਾ ਕੇ ਰਾਜਾ ਪਾਰਕ ਵਿਚ ਇੱਕ ਹੋਰ ਵੀ ਗੁਰਦੁਆਰਾ ਸਾਹਿਬ ਹੈ, ਜਿਥੇ ਰਾਤ ਠਹਿਰਨ ਦਾ ਪੂਰਾ ਪ੍ਰਬੰਧ ਹੈ।ਜਦੋਂ ਅਸੀਂ ਡਿੱਗਦੇ-ਢਹਿੰਦੇ ਇਸ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਸਾਡੀ ਨਿਰਾਸ਼ਤਾ ਦੀ ਡਿਗਰੀ ਹੋਰ ਵੀ ਵੱਧ ਗਈ।ਪਹਿਲਾਂ ਤਾਂ ਪ੍ਰਬੰਧਕਾਂ ਨੇ ਅੱਧਾ ਘੰਟਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਜੇ ਖੋਲ੍ਹਿਆ ਤਾਂ ਰਾਤ ਰਹਿਣ ਦੀ ਢਾਈ ਸੌ ਰੁਪਏ ਦੀ ਪਰਚੀ (ਕਿਰਾਏ ਦੇ ਰੂਪ ਵਿਚ) ਕਟਵਾਉਣ ਲਈ ਕਿਹਾ।ਮੈਂ ਉਸ 'ਸਿੰਘ' ਨੂੰ ਬਹੁਤ ਕਿਹਾ ਕਿ ਇਸ ਸ਼ਹਿਰ ਵਿਚ ਅਸੀਂ ਪ੍ਰਦੇਸੀ ਹਾਂ,ਰਾਤ ਵੀ ਅੱਧੀ ਹੋਣ ਵਾਲੀ ਹੈ ਅਤੇ ਨਾਲ ਸਾਥ ਵੀ ਜਨਾਨਾ ਹੈ ਇਸ ਲਈ ਸੌ ਕੁ ਰੁਪਏ ਦੀ ਪਰਚੀ ਕੱਟ ਦੇ,ਬਾਕੀ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਬੇਨਤੀ ਕਰ ਲਵਾਗੇ।ਪਰ ਉਸ 'ਗੁਰੂ ਦੇ ਪਿਆਰੇ ਸਿੱਖ' ਨੇ ਗੁਰੂ ਸਾਹਿਬ ਵੱਲੋਂ ਮਾਇਆ ਨੂੰ ਗੁਜ਼ਰਾਨ ਸਮਝਣ ਵਾਲੇ ਸਿਧਾਂਤ ਨੂੰ ਤਿਲਾਂਜਲੀ ਦਿੰਦੇ ਹੋਏ ਪੈਸੇ ਨੂੰ ਹੀ ਪ੍ਰਧਾਨ ਸਮਝ ਲਿਆ ਅਤੇ ਸਾਨੂੰ ਕਮਰਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ।ਉਸ ਦੀ ਇਸ ਇਨਕਾਰੀ ਕਾਰਣ ਸਾਨੂੰ ਉਹ ਰਾਤ ਜੈਪੁਰ ਦੇ ਰੇਲਵੇ ਸਟੇਸ਼ਨ ਉਪਰ ਹੀ ਗੁਜ਼ਾਰਨੀ ਪਈ।
ਰਮੇਸ਼ ਬੱਗਾ ਚੋਹਲਾ
ਸਫਰ ਦੀ ਕਹਾਣੀ ਕੁਝ ਇਸ ਤਰ੍ਹਾਂ ਕੀਤੀ ਬਿਆਨ
NEXT STORY