ਆਪਣੇ 50 ਸਾਲਾਂ ਤੋਂ ਵੱਧ ਦੇ ਜਨਤਕ ਜੀਵਨ ’ਚ ਮੈਂ ਲੋਕਾਂ ਨੂੰ ਆਪਣੀ ਮਨਪਸੰਦ ਸਿਆਸੀ ਪਾਰਟੀ ਜਾਂ ਉਸ ਦੇ ਆਗੂ ਦੀ ਜਿੱਤ ’ਤੇ ਜਸ਼ਨ ਮਨਾਉਂਦੇ ਹੋਏ ਕਈ ਵਾਰ ਦੇਖਿਆ ਹੈ ਪਰ ਕਿਸੇ ਆਗੂ ਜਾਂ ਉਸ ਦੀ ਪਾਰਟੀ ਦੀ ਹਾਰ ’ਤੇ ਲੋਕਾਂ ਨੂੰ ਨੱਚਦੇ-ਗਾਉਂਦੇ ਅਤੇ ਉਤਸਵ ਮਨਾਉਣ ਦਾ ਗਵਾਹ 2 ਵਾਰ ਰਿਹਾ ਹਾਂ। ਇਸ ਤਰ੍ਹਾਂ ਦਾ ਪਹਿਲਾ ਮੌਕਾ ਮੇਰੀ ਜ਼ਿੰਦਗੀ ’ਚ 1975-77 ਦੀ ਐਮਰਜੈਂਸੀ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਧੀ ਦੀ ਰਵਾਇਤੀ ਰਾਏਬਰੇਲੀ ਸੀਟ ਤੋਂ ਹਾਰਨ ਅਤੇ ਦੇਸ਼ ’ਚੋਂ ਕਾਂਗਰਸ ਦਾ ਜਨਤਾ ਵਲੋਂ ਸਫਾਇਆ ਕਰਨ ਸਮੇਂ ਆਇਆ ਸੀ। ਦੂਸਰਾ ਮੌਕਾ ਬੀਤੀ 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਵੇਲੇ ਆਇਆ, ਜਿਸ ’ਚ ਲੋਕਾਂ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਪਣੀ ਸੀਟ (ਨਵੀਂ ਦਿੱਲੀ) ਤੋਂ ਆਮ ਆਦਮੀ ਪਾਰਟੀ (‘ਆਪ’) ਦੇ ਹਾਰਨ ਦੀ ਖਬਰ ਸੁਣੀ। ਇੰਦਰਾ ਦੀ ਹਾਰ ਨੂੰ ਜਿਥੇ ਤਾਨਾਸ਼ਾਹੀ ਅਤੇ ਵੰਸ਼ਵਾਦ ਦੀ ਹਾਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਉਥੇ ਹੀ ਕੇਜਰੀਵਾਲ ਦੀ ਹਾਰ ਨੂੰ ਭਾਰਤੀ ਸਿਆਸਤ ’ਚ ਇਕ ਗੰਭੀਰ ਬੀਮਾਰੀ ਤੋਂ ਛੁਟਕਾਰੇ ਵਜੋਂ ਦੇਖਿਆ ਜਾ ਰਿਹਾ ਹੈ। ਆਖਿਰ ਇਸ ਦਾ ਕਾਰਨ ਕੀ ਹੈ? ਚੋਣਾਂ ਦੌਰਾਨ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਲੋਕ-ਭਰਮਾਊ ਵਾਅਦੇ ਅਤੇ ਐਲਾਨ ਕਰਦੀਆਂ ਹਨ। ਪਾਰਟੀਆਂ ਆਪਣੇ ਵਿਚਾਰਧਾਰਕ ਦ੍ਰਿਸ਼ਟੀਕੋਣ ਨੂੰ ਲੋਕਾਂ ਸਾਹਮਣੇ ਰੱਖਦੀਆਂ ਹਨ। ਕਈ ਵਾਰ ਵਾਅਦੇ-ਐਲਾਨ ਪੂਰੇ ਨਹੀਂ ਹੁੰਦੇ ਤਦ ਅਜਿਹੇ ਆਗੂਆਂ-ਪਾਰਟੀਆਂ ’ਤੇ ਅਕਸਰ ਵਾਅਦਾਖਿਲਾਫੀ ਦਾ ਦੋਸ਼ ਲਾਇਆ ਜਾਂਦਾ ਹੈ। ਇਸ ਸੰਬੰਧ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਉਹ ਨਾ ਸਿਰਫ ਜਨਤਾ ਨਾਲ ਕੀਤੇ ਵਾਅਦਿਆਂ ਅਤੇ ਐਲਾਨਾਂ ਨੂੰ ਪੂਰਾ ਕਰਨ ਤੋਂ ਖੁੰਝੇ, ਨਾਲ ਹੀ ਉਹ ਆਪਣੀਆਂ ਐਲਾਨੀਆਂ ਕਦਰਾਂ-ਕੀਮਤਾਂ, ਵਿਚਾਰਾਂ ਦੇ ਉਲਟ ਵੀ ਕੰਮ ਕਰਦੇ ਰਹੇ। ਕੇਜਰੀਵਾਲ ਨੇ ਉਹ ਸਭ ਕੀਤਾ, ਜਿਸ ਨੂੰ ਉਹ 2011-12 ਦੀ ਆਪਣੀ ਸਿਆਸੀ ਸ਼ੁਰੂਆਤ ’ਚ ਅਨੈਤਿਕ ਅਤੇ ਗੈਰ-ਜ਼ਰੂਰੀ ਦੱਸਦੇ ਹੋਏ ਉਸ ਨੂੰ ਭਾਰਤੀ ਸਿਆਸਤ ’ਚ ਕੈਂਸਰ ਵਜੋਂ ਪਰਿਭਾਸ਼ਿਤ ਕਰਦੇ ਸਨ।
ਇੰਝ ਕਹੀਏ ਕਿ ਦੇਸ਼ ਦੀ ਸਿਆਸਤ ’ਚ ਜਿਸ ‘ਚਿੱਕੜ’ ਨੂੰ ਸਾਫ ਕਰਨ ਦੇ ਐਲਾਨ ਕੇਜਰੀਵਾਲ ਕਰਿਆ ਕਰਦੇ ਸਨ, ਉਸੇ ‘ਚਿੱਕੜ’ ਵਿਚ ਉਹ ਨਾ ਸਿਰਫ ਬੁਰੀ ਤਰ੍ਹਾਂ ਧੱਸਦੇ ਗਏ, ਸਗੋਂ ਉਸ ’ਚ ਹੋਰ ਗੰਦਗੀ ਨੂੰ ਵੀ ਵਧਾ ਦਿੱਤਾ। ਜਦੋਂ ‘ਆਪ’ ਦਾ ਜਨਮ ਹੋਇਆ, ਤਦ ਕੇਜਰੀਵਾਲ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਸਿਆਸੀ ਸਵੱਛਤਾ, ਨੈਤਿਕਤਾ, ਇਮਾਨਦਾਰੀ ਦੇ ਨਵੇਂ ਮਾਪਦੰਡ ਮਿੱਥਣਗੇ, ਸਹੂਲਤਾਂ ਭਰਪੂਰ ਸਰਕਾਰੀ ਰਿਹਾਇਸ਼-ਵਾਹਨ ਆਦਿ ਨਹੀਂ ਲੈਣਗੇ ਅਤੇ ਭਾਜਪਾ-ਕਾਂਗਰਸ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਕਰਨਗੇ ਪਰ ਇਹ ਸਭ ਛਲਾਵਾ ਨਿਕਲਿਆ। ਕੇਜਰੀਵਾਲ ਗਾਂਧੀਵਾਦੀ ਅੰਨਾ ਹਜ਼ਾਰੇ ਦੀ ਅਗਵਾਈ ’ਚ ਚੱਲੇ ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਸਮਰਥਕ ਅੰਦੋਲਨ (2011) ਦੇ ‘ਸਹਿ-ਉਤਪਾਦ’ (ਕੋ-ਪ੍ਰੋਡਕਟ) ਹਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਗਾਂਧੀਵਾਦੀ ਸਿਧਾਂਤਾਂ ਨੂੰ ਕੁਚਲਦਿਆਂ ਦਿੱਲੀ ’ਚ ਨਵੀਂ ਆਬਕਾਰੀ ਨੀਤੀ ਰਾਹੀਂ ਦੇਸ਼ ਦੀ ਰਾਜਧਾਨੀ ’ਚ ਸ਼ਰਾਬ ਦੀਆਂ ਦੁਕਾਨਾਂ ਨੂੰ 350 ਤੋਂ ਵਧਾ ਕੇ ਲਗਭਗ ਦੁੱਗਣਾ ਕਰ ਦਿੱਤਾ। ਇਹ ਦਿਲਚਸਪ ਹੈ ਕਿ ਜੋ ਕੇਜਰੀਵਾਲ ਆਪਣੀ ਸਿਆਸਤ ਦੀ ਸ਼ੁਰੂਆਤ ’ਚ ਸਿਰਫ ਇਕ ਦੋਸ਼ ’ਤੇ ਅਸਤੀਫਾ ਮੰਗ ਲੈਂਦੇ ਸਨ, ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦੇ 180 ਦਿਨ ਬਾਅਦ ਨਿਆਇਕ-ਸੰਵਿਧਾਨਕ ਅੜਿੱਕੇ ਕਾਰਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ। ਇਸ ’ਤੇ ਮੈਨੂੰ 3 ਦਹਾਕੇ ਪੁਰਾਣਾ ਘਟਨਾਕ੍ਰਮ ਯਾਦ ਆਉਂਦਾ ਹੈ। ਜਦੋਂ 1990 ਦੇ ਦਹਾਕੇ ’ਚ ਵਿਰੋਧੀ ’ਚ ਰਹਿੰਦੇ ਹੋਏ ਜੈਨ ਹਵਾਲਾ ਕਾਂਡ ’ਚ ਭਾਜਪਾ ਦੇ ਲੰਬੇ ਤਜਰਬੇਕਾਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂ ਜੁੜਿਆ, ਤਦ ਉਨ੍ਹਾਂ ਨੇ ਆਪਣੀ ਸਿਆਸੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਸਾਲ 1996 ’ਚ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਨਿਰਦੋਸ਼ ਸਿੱਧ ਹੋਣ ਤਕ ਸੰਸਦ ’ਚ ਨਾ ਜਾਣ ਦਾ ਪ੍ਰਣ ਲਿਆ। ਜਦੋਂ ਅਦਾਲਤ ਨੇ ਅਡਵਾਨੀ ਨੂੰ ਬੇਦਾਗ ਐਲਾਨ ਦਿੱਤਾ, ਤਦ ਉਨ੍ਹਾਂ ਨੇ 1998 ’ਚ ਚੋਣ ਸਿਆਸਤ ’ਚ ਵਾਪਸੀ ਕੀਤੀ। ਉਥੇ ਹੀ ਕੇਜਰੀਵਾਲ-ਸਿਸੋਦੀਆ ਹਨ ਜੋ ਸ਼ਰਾਬ ਘਪਲੇ ਦੇ ਮਾਮਲੇ ’ਚ ਜ਼ਮਾਨਤ ’ਤੇ ਬਾਹਰ ਹੋਣ ’ਤੇ ਫਿਰ ਤੋਂ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਬਣਨ ਦੀ ਗੱਲ ਕਰ ਰਹੇ ਸਨ।
ਲੋਕ ਭਰਮਾਊ ਐਲਾਨਾਂ ਦਰਮਿਆਨ ਦਿੱਲੀ ਦੇ ਵੋਟਰਾਂ ਨੇ ਭਾਜਪਾ ’ਤੇ ਵੱਧ ਭਰੋਸਾ ਕਿਉਂ ਕੀਤਾ? ਹੋਰ ਸਿਆਸੀ ਪਾਰਟੀਆਂ ਦੀ ਤੁਲਨਾ ’ਚ ਭਾਜਪਾ ਦੀ ਕਥਨੀ-ਕਰਨੀ ’ਚ ਫਰਕ ਘੱਟ ਦਿੱਸਦਾ ਹੈ। ਮਈ 2014 ਤੋਂ ਭਾਜਪਾ ਨੇ ਜਿਥੇ ਆਪਣੇ ਐਲਾਨਨਾਮੇ ਅਨੁਸਾਰ ਧਾਰਾ 370-25ਏ ਨੂੰ ਖਤਮ ਕਰਨ ਅਤੇ ਅਯੁੱਧਿਆ ’ਚ ਰਾਮ ਮੰਦਿਰ ਦੀ ਉਸਾਰੀ ਆਦਿ ਦਾ ਵਾਅਦਾ ਪੂਰਾ ਕੀਤਾ, ਉਥੇ ਹੀ ਬਿਨਾਂ ਕਿਸੇ ਮਜ਼੍ਹਬੀ-ਜਾਤੀਗਤ ਵਿਤਕਰੇ, ਭ੍ਰਿਸ਼ਟਾਚਾਰ ਅਤੇ ਮੁਦਰਾ-ਰਿਸਾਵ ਦੇ ਕਰੋੜਾਂ ਲਾਭਪਾਤਰੀਆਂ ਨੂੰ ਵੱਖ ਵੱਖ ਜਨਤਕ ਭਲਾਈ ਸਕੀਮਾਂ ਤੋਂ ਲਾਭ ਪੁੱਜ ਰਿਹਾ ਹੈ। ਦਿੱਲੀ ਦੀਆਂ ਚੋਣਾਂ ’ਚ ਕਾਂਗਰਸ ਦੁਵਿਧਾ ’ਚ ਸੀ। ਉਸ ਨੂੰ ਬਹੁਤ ਸਮੇਂ ਤਕ ਇਹ ਸਮਝ ਨਹੀਂ ਆਈ ਕਿ ‘ਆਪ’ ਉਸ ਦੀ ਵਿਰੋਧੀ ਹੈ ਜਾਂ ਸਹਿਯੋਗੀ। ਇਸੇ ਭਰਮ ’ਚ ਉਹ ਇਕ ਕਦਮ ਵਧਾ ਕੇ ਕੇਜਰੀਵਾਲ ਨੂੰ ‘ਰਾਸ਼ਟਰ ਵਿਰੋਧੀ’ ਕਹਿੰਦੀ, ਤਾਂ ਇਕਦਮ ਦੋ ਕਦਮ ਵੀ ਪਿੱਛੇ ਖਿੱਚ ਲੈਂਦੀ। ਜਿੰਨੀ ਦੇਰ ’ਚ ਕਾਂਗਰਸ ਦੇ ਚੋਟੀ ਦੇ ਆਗੂ ਅਤੇ ਲੋਕ ਸਭਾ ’ਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ‘ਆਪ’ ਦੀ ਹਕੂਮਤ ਵਾਲੇ ਪੰਜਾਬ ’ਚ ਕਾਂਗਰਸ ਦੀ ਵਧਦੀ ਸੰਭਾਵਨਾ ਬਾਰੇ ਸਮਝ ਆਇਆ ਅਤੇ ਉਨ੍ਹਾਂ ਨੇ ਦਿੱਲੀ ’ਚ ‘ਆਪ’ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤਦ ਤਕ ਬਹੁਤ ਦੇਰ ਹੋ ਚੁੱਕੀ ਸੀ। ਆਮ ਜਨਤਾ ਨੇ ਕਾਂਗਰਸ ਨੂੰ ‘ਆਪ’ ਦਾ ਕੋਈ ਗੰਭੀਰ ਬਦਲ ਨਹੀਂ ਸਮਝਿਆ। ਨਤੀਜਿਆਂ ਪਿਛੋਂ ਜ਼ਿਆਦਾਤਰ ਮੋਦੀ-ਵਿਰੋਧੀਆਂ ਦਾ ਖਿਆਲ ਹੈ ਕਿ ਜੇਕਰ ਕਾਂਗਰਸ-‘ਆਪ’ ਮਿਲ ਕੇ ਚੋਣਾਂ ਲੜਦੇ ਤਾਂ ਨਤੀਜਾ ਕੁਝ ਹੋਰ ਹੁੰਦਾ। ਇਹ ਧਾਰਨਾ ਹੀ ਗਲਤ ਹੈ ਕਿ ਜੋ ਵੋਟਾਂ ਕਾਂਗਰਸ ਨੂੰ ਪਈਆਂ, ਉਹ ਗੱਠਜੋੜ ਦੀ ਸੂਰਤ ’ਚ ‘ਆਪ’ ਨੂੰ ਆਪਣੇ ਆਪ ਹੀ ਪੈ ਜਾਂਦੀਆਂ। ਜ਼ਿਆਦਾਤਰ ਕਾਂਗਰਸੀ ਵੋਟਰ ‘ਆਪ’ ਵਿਰੁੱਧ ਆਪਣੀ ਪਾਰਟੀ ਦੇ ਬਦਲ ਦੇ ਰੂਪ ’ਚ ਸੰਭਾਵਤ ਤੌਰ ’ਤੇ ਭਾਜਪਾ ਨੂੰ ਚੁਣਦੇ। ਅੱਜ ਜਿਹੜੇ ਵੋਟਰ ਭਾਜਪਾ ਨੂੰ ਵੋਟ ਦਿੰਦੇ ਹਨ ਉਨ੍ਹਾਂ ’ਚੋਂ ਬਹੁਤ ਸਾਰੇ ਕਦੇ ਕਾਂਗਰਸ ਦੇ ਹਮਾਇਤੀ ਸਨ। ਸਾਲ 2024 ਦੀਆਂ ਆਮ ਚੋਣਾਂ ’ਚ ਕਾਂਗਰਸ-‘ਆਪ’ ਵਲੋਂ ਗੱਠਜੋੜ ਪਿੱਛੋਂ ਵੀ ਭਾਜਪਾ ਨੇ ਲਗਾਤਾਰ ਤੀਜੀ ਵਾਰ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਭਾਰੀ ਬਹੁਮਤ ਨਾਲ ਜਿੱਤੀਆਂ ਸਨ। ਦਿੱਲੀ ਦੇ ਹਾਲੀਆ ਫਤਵੇ ਤੋਂ ਸਪੱਸ਼ਟ ਹੈ ਕਿ ਜਦੋਂ ਕਰਨੀ, ਕਥਨੀ ਦੇ ਬਿਲਕੁਲ ਉਲਟ ਹੋਵੇ ਤਾਂ ਜਨਤਾ ਉਸ ਨੂੰ ਬਰਦਾਸ਼ਤ ਨਹੀਂ ਕਰਦੀ।
ਬਲਬੀਰ ਪੁੰਜ
ਇਹ ਕੀ ਹੋ ਰਿਹਾ ਹੈ ਇਹ ਕੀ ਕਰ ਰਹੇ ਹੋ!
NEXT STORY