ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਸੰਭਾਵੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟ੍ਰੰਪ ’ਤੇ ਹਫਤੇ ਦੇ ਅਖੀਰ ’ਚ ਕੀਤੀ ਗਈ ਹੱਤਿਆ ਦੀ ਨਾਕਾਮ ਕੋਸ਼ਿਸ਼ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਵੱਡਾ ਬਦਲਾਅ ਲਿਆ ਸਕਦੀ ਹੈ। ਜ਼ਖਮੀ ਕੰਨ, ਚਿਹਰੇ ’ਤੇ ਵਗਦਾ ਖੂਨ ਪਰ ਮਜ਼ਬੂਤ ਇਰਾਦੇ ਅਤੇ ਲੜਨ ਦੇ ਜਜ਼ਬੇ ਵਾਲੇ ਟ੍ਰੰਪ ਦੀ ਤਸਵੀਰ (ਮੁੱਠੀ ਬੰਨ੍ਹ ਕੇ ਹਵਾ ’ਚ ਮੁੱਕਾ ਮਾਰਦੇ ਹੋਏ) ਦੇ ਆਉਣ ਵਾਲੇ ਕੁਝ ਸਮੇਂ ਲਈ ਅਮਰੀਕੀ ਸਿਆਸਤ ਦੇ ਪਰਿਭਾਸ਼ਿਤ ਅਕਸ ਬਣਨ ਦੀ ਉਮੀਦ ਹੈ।
ਇਹ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਕਸ ਲਈ ਇਕ ਵੱਖ ਤਰ੍ਹਾਂ ਦੀ ਚੁਣੌਤੀ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਆਪਣੀ ਉਮਰ ਅਤੇ ਸਿਹਤ ਨੂੰ ਲੈ ਕੇ ਬੇਯਕੀਨੀ ਦੇ ਕਾਰਨ ਰਾਸ਼ਟਰਪਤੀ ਅਹੁਦੇ ਦੀ ਦੌੜ ’ਚੋਂ ਹਟਣ ਲਈ ਲਗਾਤਾਰ ਜ਼ੋਰਦਾਰ ਆਵਾਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਤਿਆ ਦੀ ਕੋਸ਼ਿਸ਼ ਦੀ ਸਖਤ ਨਿੰਦਾ ਕਰਨ ਵਾਲੇ ਪਹਿਲੇ ਲੋਕਾਂ ’ਚੋਂ ਸਨ।
‘‘ਮੇਰੇ ਮਿੱਤਰ, ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ’ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ। ਸਿਆਸਤ ਅਤੇ ਲੋਕਤੰਤਰ ’ਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਸਾਡੀ ਹਮਦਰਦੀ ਅਤੇ ਪ੍ਰਾਰਥਨਾ ਮ੍ਰਿਤਕਾਂ ਦੇ ਪਰਿਵਾਰ, ਜ਼ਖਮੀਆਂ ਅਤੇ ਅਮਰੀਕੀ ਲੋਕਾਂ ਦੇ ਨਾਲ ਹੈ।’’ ਪੀ. ਐੱਮ. ਨੇ ਐਕਸ ’ਤੇ ਪੋਸਟ ਕੀਤਾ।
ਅਮਰੀਕਾ ’ਚ, ਰਿਪਬਲਿਕਨ ਅਤੇ ਡੈਮੋਕ੍ਰੇਟ ਦੋਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ। ਘਟਨਾ ਤੋਂ ਬਾਅਦ ਰਾਸ਼ਟਰਪਤੀ ਬਾਈਡੇਨ ਨੇ ਟ੍ਰੰਪ ਨਾਲ ਗੱਲ ਕੀਤੀ। ਰਾਸ਼ਟਰਪਤੀ ਨੇ ਕਿਹਾ ‘‘ਅਮਰੀਕਾ ’ਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ... ਇਹ ਬੀਮਾਰ ਕਰਨ ਵਾਲੀ ਗੱਲ ਹੈ।’’ ਬਾਈਡੇਨ ਦੇ ਹਵਾਲੇ ਨਾਲ ਕਿਹਾ ਗਿਆ ਹੈ ‘‘ਇਹੀ ਇਕ ਕਾਰਨ ਹੈ ਕਿ ਅਸੀਂ ਇਸ ਦੇਸ਼ ਨੂੰ ਇਕਜੁੱਟ ਕਰਨਾ ਹੈ। ਤੁਸੀਂ ਅਜਿਹਾ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ। ਅਸੀਂ ਅਜਿਹੇ ਨਹੀਂ ਹੋ ਸਕਦੇ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’’
ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਅਤੇ ਬਰਾਕ ਓਬਾਮਾ ਨੇ ਵੀ ਟ੍ਰੰਪ ਦੀ ਜਾਨ ਲੈਣ ਦੀ ਕੋਸ਼ਿਸ਼ ਨੂੰ ਖਾਰਿਜ ਕੀਤਾ ਪਰ ਇਹ ਸਪੱਸ਼ਟ ਨਹੀਂ ਹੈ ਕਿ ਦੋਵਾਂ ਧਿਰਾਂ ਵੱਲੋਂ ਹਮਲੇ ਦੀ ਨਿੰਦਾ ਅਮਰੀਕੀ ਸਿਆਸਤ ’ਚ ਮਤਭੇਦ ਨੂੰ ਦੂਰ ਕਰੇਗੀ ਜਾਂ ਨਹੀਂ। ਅਸਲ ’ਚ ਧਰੁਵੀਕਰਨ ਇੰਨਾ ਮਜ਼ਬੂਤ ਹੈ ਕਿ ਹਮਲਾ ਅਮਰੀਕੀ ਸਮਾਜ ’ਚ ਤਣਾਅ ਨੂੰ ਵਧਾ ਸਕਦਾ ਹੈ। ਹਮਲਾ ਕਿਸ ਕਾਰਨ ਹੋਇਆ, ਇਹ ਸਪੱਸ਼ਟ ਨਹੀਂ ਹੈ ਪਰ ਇਹ ਟ੍ਰੰਪ ਵੱਲੋਂ ਖੁਦ ਨੂੰ ਉਨ੍ਹਾਂ ਡੈਮੋਕ੍ਰੇਟਸ ਦਾ ਸ਼ਿਕਾਰ ਦੱਸੇ ਜਾਣ ਦੇ ਪਿਛੋਕੜ ’ਚ ਹੋਇਆ ਹੈ, ਜਿਨ੍ਹਾਂ ਦਾ ਐਲਾਨਿਆ ਮਕਸਦ ਇਹ ਯਕੀਨੀ ਕਰਨਾ ਸੀ ਕਿ ਟ੍ਰੰਪ ਨੂੰ ਨਵੰਬਰ ਦੀਆਂ ਚੋਣਾਂ ’ਚ ਕਿਸੇ ਵੀ ਕੀਮਤ ’ਤੇ ਜਿੱਤਣ ਤੋਂ ਰੋਕਿਆ ਜਾਵੇ। ਟ੍ਰੰਪ ਨੇ ਖੁਦ ਵੀ ਡੈਮੋਕ੍ਰੇਟਸ ’ਤੇ ਉਨ੍ਹਾਂ ਨੂੰ ਫਰਜ਼ੀ ਮਾਮਲਿਆਂ ਅਤੇ ਦੋਸ਼ਾਂ ’ਚ ਫਸਾਉਣ ਦਾ ਦੋਸ਼ ਲਗਾਉਣ ਦਾ ਕੋਈ ਮੌਕਾ ਨਹੀਂ ਗਵਾਇਆ, ਜਿਸ ਦਾ ਮਕਸਦ ਰਾਸ਼ਟਰਪਤੀ ਅਹੁਦਾ ਹਾਸਲ ਕਰਨ ਦੇ ਉਨ੍ਹਾਂ ਦੇ ਮੌਕਿਆਂ ਨੂੰ ਰੋਕਣਾ ਸੀ।
ਇਸ ਲਈ ਟ੍ਰੰਪ ਨੂੰ ਹਮਦਰਦੀ ਵੋਟ ਮਿਲਣੀ ਤੈਅ ਹੈ। ਜੇਕਰ ਪੈਨਸਿਲਵੇਨੀਆ ਦੀ ਭੀੜ ਦੀ ਜੈ-ਜੈਕਾਰ ਨੂੰ ਕੁਝ ਵੀ ਕਿਹਾ ਜਾਵੇ, ਤਾਂ ਉਨ੍ਹਾਂ ਦੇ ਸਮਰਥਕ ਅਤੇ ਹੋਰ ਲੋਕ ਉਨ੍ਹਾਂ ਦੇ ਪਿੱਛੇ ਖੜ੍ਹੇ ਹੋ ਜਾਣਗੇ। ਉਹ ਉਨ੍ਹਾਂ ਬੇਯਕੀਨੀ ਵੋਟਰਾਂ ਦੀਆਂ ਵੋਟਾਂ ਵੀ ਜਿੱਤ ਸਕਦੇ ਹਨ ਜੋ ਟ੍ਰੰਪ ਦੇ ਵਿਰੋਧ ’ਚ ਹੋਰ ਰਿਪਬਲਿਕਨ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਸਨ।
ਤ੍ਰਾਸਦੀ ਇਹ ਹੈ ਕਿ ਹੱਤਿਆ ਦੀ ਕੋਸ਼ਿਸ਼ ਦੇਸ਼ ਤੇ ਮੀਡੀਆ ਦੀਆਂ ਨਜ਼ਰਾਂ ਨੂੰ ਬਾਈਡੇਨ ਤੋਂ ਹਟਾ ਕੇ ਸਿੱਧਾ ਟ੍ਰੰਪ ’ਤੇ ਪਾ ਦਿੰਦੀ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਬਾਈਡੇਨ ਟ੍ਰੰਪ ਦੇ ਮੁਕਾਬਲੇਬਾਜ਼ ਦੇ ਰੂਪ ’ਚ ਬਣੇ ਰਹਿਣਗੇ ਜਿਸ ਨਾਲ ਰਿਪਬਲਿਕਨ ਲਈ ਵ੍ਹਾਈਟ ਹਾਊਸ ਹਾਸਲ ਕਰਨ ਲਈ ਸਾਬਕਾ ਰਾਸ਼ਟਰਪਤੀ ਦੀਆਂ ਸੰਭਾਵਨਾਵਾਂ ਵਧਣਗੀਆਂ। ਹਰ ਤਰ੍ਹਾਂ ਨਾਲ, ਰਿਪਬਲਿਕਨ ਪਾਰਟੀ ਦੇ ਮੂਡ ’ਚ ਉਤਸ਼ਾਹ ਹੈ, ਪਾਰਟੀ ਇਸ ਨੂੰ ਬਹੁਤ ਵੱਡੇ ਿਸਆਸੀ ਨਤੀਜੇ ਦੇ ਰੂਪ ’ਚ ਦੇਖ ਰਹੀ ਹੈ। ਵਿਸਕਾਨਸਿਨ ’ਚ ਇਸ ਹਫਤੇ ਸ਼ੁਰੂ ਹੋਣ ਵਾਲੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਟ੍ਰੰਪ ਨੂੰ ਆਪਣੇ ਉਮੀਦਵਾਰ ਦੇ ਰੂਪ ’ਚ ਸਮਰਥਨ ਦੇਵੇਗੀ।
ਭਾਰਤ ’ਚ ਫੈਸਲੇ ਅਤੇ ਨੀਤੀ ਨਿਰਮਾਤਾ ਬਿਨਾਂ ਸ਼ੱਕ ਹਾਲਾਤ ਨੂੰ ਧਿਆਨ ਨਾਲ ਦੇਖ ਰਹੇ ਹੋਣਗੇ ਕਿਉਂਕਿ ਉਨ੍ਹਾਂ ਨੇ ਕਈ ਸਾਲਾਂ ਤੋਂ ਇਸ ਰਿਸ਼ਤੇ ’ਚ ਡੂੰਘਾਈ ਨਾਲ ਨਿਵੇਸ਼ ਕੀਤਾ ਹੈ ਅਤੇ ਇਨ੍ਹਾਂ ਸਾਲਾਂ ’ਚ, ਨਵੀਂ ਦਿੱਲੀ ਨੇ ਸੰਤੁਲਨ ਬਣਾਈ ਰੱਖਿਆ ਹੈ-ਸਿਆਸੀ ਬਟਵਾਰੇ ਦੇ ਬਾਵਜੂਦ ਦੋਵਾਂ ਧਿਰਾਂ ਦੇ ਸਿਆਸਤਦਾਨਾਂ ਨਾਲ ਸਬੰਧ ਬਣਾਈ ਰੱਖਣਾ। ਅਮਰੀਕਾ ’ਚ ਕਿਸੇ ਵੀ ਤਰ੍ਹਾਂ ਸਿਆਸੀ ਅਸਥਿਰਤਾ ਦਾ ਮਤਲਬ ਦੁਨੀਆ ਲਈ ਮਾੜੀ ਖਬਰ ਹੀ ਹੋ ਸਕਦੀ ਹੈ, ਜੋ ਕੋਵਿਡ-19 ਮਹਾਮਾਰੀ ਦੇ ਅਸਰ ਤੋਂ ਮੁਸ਼ਕਲ ਨਾਲ ਉਭਰ ਸਕੀ ਹੈ ਅਤੇ ਯੂਰਪ ਅਤੇ ਮੱਧ ਪੂਰਬ ’ਚ ਦੋ ਜੰਗਾਂ ਦੇ ਪ੍ਰਭਾਵ ਨਾਲ ਜੂਝ ਰਹੀ ਹੈ। ਇਹ ਗੱਲ ਭਾਰਤ ’ਤੇ ਵੀ ਲਾਗੂ ਹੁੰਦੀ ਹੈ।
(ਲੇਖਕ ਸਾਬਕਾ ਵਿਦੇਸ਼ ਸਕੱਤਰ ਅਤੇ ਬੰਗਲਾਦੇਸ਼ ’ਚ ਭਾਰਤ ਦੇ ਹਾਈ ਕਮਿਸ਼ਨਰ ਹਨ) ਹਰਸ਼ ਵਰਧਨ ਸ਼੍ਰਿੰਗਲਾ
ਸਿਆਸਤ ਦੀ ਬਦਲਦੀ ਕਰਵਟ ਨੂੰ ਸਮਝੇ ਭਾਜਪਾ
NEXT STORY