ਇਹ 2009 ਦੀ ਗੱਲ ਹੈ। ਪੈਰਿਸ ਸਟੇਸ਼ਨ ਦੇ ਬਾਹਰ ਖੜ੍ਹੀ ਹੋਈ ਸੀ। ਉੱਥੇ ਬਾਹਰ ਬਹੁਤ ਸਾਰੇ ਭਿਖਾਰੀ ਬੈਠੇ ਹੋਏ ਸਨ। ਇੱਧਰ-ਉੱਧਰ ਬਹੁਤ ਗੰਦਗੀ ਪਈ ਹੋਈ ਸੀ। ਜਗ੍ਹਾ-ਜਗ੍ਹਾ ਪਾਣੀ ਵਹਿ ਰਿਹਾ ਸੀ। ਪੁਰਾਣੀ ਦਿੱਲੀ ਸਟੇਸ਼ਨ ਦੀ ਯਾਦ ਘੜੀ-ਮੁੜੀ ਆ ਰਹੀ ਸੀ। ਹਰ ਜਗ੍ਹਾ ਸਿਗਰੇਟ ਦੇ ਟੋਟੇ ਦਿਖਾਈ ਦੇ ਰਹੇ ਸਨ। ਪੈਰਿਸ ਸ਼ਹਿਰ ਘੁੰਮਦੇ ਹੋਏ, ਬੇਸ਼ੁਮਾਰ ਲੋਕ ਸਿਗਰੇਟ ਅਤੇ ਸਿਗਾਰ ਪੀਂਦੇ ਨਜ਼ਰ ਆਏ। ਇਨ੍ਹਾਂ ’ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ।
ਮਾਲਜ਼ ਜਾਂ ਕਿਸੇ ਇਮਾਰਤ ਦੇ ਨੇੜੇ-ਤੇੜੇ ਸਿਗਰੇਟ ਦਾ ਧੂੰਆ ਰੋਜ਼ ਦਿਖਾਈ ਦਿੰਦਾ ਸੀ। ਫਿਰ ਇਕ ਹੋਰ ਸਥਾਨ ਐਨਸੀ ਘੁੰਮਣ ਗਈ। ਇੱਥੇ ਇਕ ਬਹੁਤ ਵੱਡੀ ਝੀਲ ਹੈ, ਚਾਰੋਂ ਪਾਸੇ ਪਹਾੜਾਂ ਨਾਲ ਘਿਰੀ ਹੋਈ ਹੈ। ਦਿਲਕਸ਼ ਦ੍ਰਿਸ਼, ਪਰ ਇੱਥੇ ਵੀ ਸਿਗਰੇਟਾਂ ਹੀ ਸਿਗਰੇਟਾਂ। ਸਵਿਟਜ਼ਰਲੈਂਡ ’ਚ ਤਾਂ ਹੋਰ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲੇ। ਮਾਂ ਚੱਲੀ ਜਾ ਰਹੀ ਸੀ। ਗੋਦ ’ਚ ਛੋਟਾ ਬੱਚਾ ਅਤੇ ਇਕ ਹੱਥ ’ਚ ਸਿਗਰੇਟ ਹੈ। ਪ੍ਰੈਮ ’ਚ ਬੱਚਾ ਬੈਠਾ ਹੈ ਅਤੇ ਮਾਂ ਦੇ ਮੂੰਹ ਨਾਲ ਸਿਗਰੇਟ ਲੱਗੀ ਹੈ। ਪਿਤਾ ਨੇ ਇਕ ਹੱਥ ਨਾਲ ਬੱਚੇ ਦੀ ਉਂਗਲੀ ਫੜੀ ਹੋਈ ਹੈ ਅਤੇ ਦੂਜੇ ਹੱਥ ’ਚ ਸਿਗਰੇਟ ਹੈ।
ਉਨ੍ਹਾਂ ਦਿਨੀਂ ਆਪਣੇ ਇੱਥੇ ਇਹ ਬਹੁਤ ਬਹਿਸ ਚੱਲ ਰਹੀ ਸੀ ਕਿ ਜਿਹੜੇ ਲੋਕ ਸਿਗਰੇਟ ਨਹੀਂ ਵੀ ਪੀਂਦੇ, ਜੇਕਰ ਉਹ ਕਿਸੇ ਸਿਗਰੇਟ ਪੀਣ ਵਾਲੇ ਦੇ ਕੋਲ ਰਹਿਣ, ਤਾਂ ਧੂੰਆ ਉਨ੍ਹਾਂ ਨੂੰ ਵੀ ਓਨਾ ਹੀ ਨੁਕਸਾਨ ਪਹੁੰਚਾਉਂਦਾ ਹੈ, ਜਿੰਨਾ ਪੀਣ ਵਾਲੇ ਨੂੰ। ਬਿਨਾਂ ਉਪਯੋਗ ਦੇ ਵੀ ਉਹ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਆਪਣੇ ਇੱਥੇ ਹੀ ਉਦੋਂ ਅਜਿਹੇ ਲੋਕ ਵੀ ਸਨ, ਜੋ ਕਹਿੰਦੇ ਸਨ ਕਿ ਹੁਣ ਤੱਕ ਅਜਿਹਾ ਕੋਈ ਪ੍ਰਮਾਣ ਨਹੀਂ ਹੈ ਕਿ ਤੰਬਾਕੂ ਨਾਲ ਕੋਈ ਗੰਭੀਰ ਬੀਮਾਰੀ ਹੁੰਦੀ ਹੈ। ਇਨ੍ਹਾਂ ’ਚ ਤਮਾਮ ਲੋਕ ਉਹ ਸਨ ਜੋ ਤੰਬਾਕੂ ਉਤਪਾਦਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ।
ਟੀ.ਵੀ. ’ਤੇ ਬਹੁਤ ਸਾਰੇ ਅਜਿਹੇ ਇਸ਼ਤਿਹਾਰ ਵੀ ਆਉਂਦੇ ਸਨ, ਜੋ ਕਿਸੇ ਖਾਸ ਬ੍ਰਾਂਡ ਦੀ ਸਿਗਰੇਟ ਪੀਣ ਵਾਲੇ ਨੂੰ ਅਸਲੀ ਮਰਦ ਅਤੇ ਤਾਕਤ ਨਾਲ ਭਰਪੂਰ ਦਿਖਾਉਂਦੇ ਸਨ। ਹਾਲਾਂਕਿ ਬਾਅਦ ’ਚ ਇਨ੍ਹਾਂ ਹਥਿਆਰਾਂ ’ਤੇ ਰੋਕ ਲਗਾ ਦਿੱਤੀ ਸੀ। ਫਰਾਂਸ ਦੀਆਂ ਮਸ਼ਹੂਰ ਫਿਲਮਾਂ ’ਚ ਵੱਡੇ-ਵੱਡੇ ਅਭਿਨੇਤਾਵਾਂ-ਅਭਿਨੇਤਰੀਆਂ ਨੂੰ ਸਿਗਰੇਟ ਪੀਂਦੇ ਦਿਖਾਇਆ ਜਾਂਦਾ ਹੈ। ਹਾਲਾਂਕਿ ਆਪਣੇ ਦੇਸ਼ ’ਚ ਜਦੋਂ ਵੀ ਅਜਿਹੇ ਫਿਲਮੀ ਦ੍ਰਿਸ਼ ਆਉਂਦੇ ਹਨ, ਇਕ ਡਿਸਕਲੇਮਰ ਵੀ ਆ ਜਾਂਦਾ ਹੈ ਕਿ ਸਿਗਰੇਟਨੋਸ਼ੀ ਸਿਹਤ ਲਈ ਹਾਨੀਕਾਰਕ ਹੈ। ਅਜਿਹੀਆਂ ਗੱਲਾਂ ਦਾ ਕੋਈ ਅਸਰ ਹੋਇਆ ਹੋਵੇ, ਲੱਗਦਾ ਨਹੀਂ।
ਪਿਛਲੇ ਹੀ ਦਿਨਾਂ ਦੀ ਗੱਲ ਹੈ ਕਿ ਲਾਈਟਰ ਖਰਾਬ ਹੋ ਗਿਆ ਤਾਂ ਮਾਚਿਸ ਖਰੀਦਣ ਪਹੁੰਚੀ। ਇਸ ਪਾਨ ਵਾਲੇ ਦੇ ਕੋਲ ਪਾਨ, ਸਿਗਰੇਟ, ਬੀੜੀ, ਪਾਨ ਮਸਾਲਾ, ਨਮਕੀਨ, ਟੌਫੀ, ਠੰਡੇ, ਪਾਣੀ ਆਦਿ ਮਿਲਦਾ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਇੱਥੇ ਨੌਜਵਾਨਾਂ ਦੀ ਭਾਰੀ ਭੀੜ ਰਹਿੰਦੀ ਹੈ। ਮੈਂ ਆਪਣੀ ਬਾਰੀ ਦੀ ਉਡੀਕ ਕਰਨ ਲੱਗੀ। ਫਿਰ ਮਾਚਿਸ ਲੈ ਕੇ ਪਰਤਣ ਹੀ ਵਾਲੀ ਸੀ ਕਿ ਪਾਨ ਵਾਲੇ ਤੋਂ ਸਵਾਲ ਪੁੱਛਿਆ ਕਿ ਤੁਹਾਡੇ ਤੋਂ ਲੜਕੇ ਜ਼ਿਆਦਾ ਸਿਗਰੇਟ ਖਰੀਦਦੇ ਹਨ ਜਾਂ ਲੜਕੀਆਂ? ਉਹ ਬੋਲਿਆ, "ਲੜਕੀਆਂ ਸਭ ਤੋਂ ਵੱਧ।"
ਪਤਾ ਨਹੀਂ ਕਿਉਂ ਸਿਗਰੇਟ ਪੀਣ ਨੂੰ ਲੜਕੀਆਂ ਨੇ ਬੋਲਡਨੈੱਸ ਦਾ ਸਬੱਬ ਮੰਨ ਲਿਆ ਹੈ। ਉਹ ਇਸ ਨਾਲ ਜੁੜੇ ਸਿਹਤ ਸਬੰਧੀ ਖਤਰਿਆਂ ਨੂੰ ਕਿਉਂ ਨਹੀਂ ਦੇਖ ਪਾਉਂਦੀਆਂ। ਸਿਗਰੇਟ ਜਾਂ ਤੰਬਾਕੂ ਮਰਦਾਂ ਲਈ ਨੁਕਸਾਨਦੇਹ ਹਨ ਤਾਂ ਔਰਤਾਂ ਲਈ ਵੀ ਹਨ। ਆਉਣ ਵਾਲੀ ਪੀੜ੍ਹੀ ਨੂੰ ਇਸਦਾ ਨੁਕਸਾਨ ਭੁਗਤਣਾ ਪਵੇਗਾ।
ਸ਼ਾਇਦ ਸਿਗਰੇਟ ਦੀ ਜ਼ਿਆਦਾ ਵਰਤੋਂ ਨਾਲ ਉਸ ਦੇ ਨੁਕਸਾਨਾਂ ਨੂੰ ਦੇਖਦੇ ਹੋਏ ਹੁਣ ਫਰਾਂਸ ਸਰਕਾਰ ਜਾਗੀ ਹੈ। ਹੁਣ ਉੱਥੇ ਜਨਤਕ ਥਾਵਾਂ ਜਿਵੇਂ ਪਾਰਕ, ਸਮੁੰਦਰ ਦੇ ਕੰਢੇ, ਖੇਡ ਦੇ ਮੈਦਾਨ, ਸਟੇਡੀਅਮ, ਸਕੂਲਾਂ ਦੇ ਬਾਹਰ, ਬੱਸ ਸਟਾਪ ਆਦਿ ’ਤੇ ਸਿਗਰੇਟ ਪੀਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਸਿਹਤ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਿੱਥੇ ਵੀ ਬੱਚੇ ਮੌਜੂਦ ਹਨ, ਉੱਥੇ ਤੰਬਾਕੂ ਨੂੰ ਗਾਇਬ ਹੋ ਜਾਣਾ ਚਾਹੀਦਾ। ਬੱਚਿਆਂ ਨੂੰ ਸਾਫ ਹਵਾ ’ਚ ਸਾਹ ਲੈਣ ਦਿਓ। ਫਰਾਂਸ ’ਚ ਸਿਗਰੇਟ ਪੀਣ ਨੂੰ ਜਿਸ ਤਰ੍ਹਾਂ ਗਲੈਮਰਾਈਜ਼ ਕੀਤਾ ਗਿਆ ਹੈ, ਇਸ ਨੂੰ ਫੈਸ਼ਨੇਬਲ ਦੱਸਿਆ ਗਿਆ ਹੈ। ਉਸ ਹਿਸਾਬ ਨਾਲ ਇਹ ਇਕ ਜ਼ਰੂਰੀ ਕਦਮ ਹੈ। ਇਕ ਅਧਿਐਨ ਅਨੁਸਾਰ 2015 ਤੋਂ 2019 ਦੇ ਵਿਚਾਲੇ ਹਾਲੀਵੁੱਡ ਦੀਆਂ ਫਿਲਮਾਂ ਦੇ ਮੁਕਾਬਲੇ ਫਰਾਂਸ ਦੀਆਂ ਫਿਲਮਾਂ ’ਚ ਸਿਗਰੇਟਨੋਸ਼ੀ ਦੇ ਦੁੱਗਣੇ ਤੋਂ ਵੀ ਜ਼ਿਆਦਾ ਦ੍ਰਿਸ਼ ਦਿਖਾਏ ਗਏ। ਇਹੀ ਹਾਲ ਟੈਲੀਵਿਜ਼ਨ ’ਤੇ ਆਉਣ ਵਾਲੇ ਵਿਗਿਆਪਨਾਂ ਦਾ ਹੈ।
ਫਰਾਂਸ ’ਚ ਹਰ ਸਾਲ 75 ਹਜ਼ਾਰ ਲੋਕ ਤੰਬਾਕੂ ਨਾਲ ਜੁੜੇ ਉਤਪਾਦਾਂ ਦੀ ਵਰਤੋਂ ਕਾਰਨ ਮਰ ਜਾਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹਨ ਕਿ ਪਤਾ ਨਹੀਂ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ। ਸਿਗਰੇਟ ਤਾਂ ਸਾਡੀ ਸੰਸਕ੍ਰਿਤੀ ਦਾ ਹਿੱਸਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਤੰਬਾਕੂ ਉਤਪਾਦਾਂ ਦੇ ਨੁਕਸਾਨ ਕਿਉਂ ਨਹੀਂ ਦਿਖਾਈ ਦਿੰਦੇ। ਆਖਿਰ ਸਿਗਰੇਟ ਦਾ ਸੰਸਕ੍ਰਿਤੀ ਨਾਲ ਕੀ ਰਿਸ਼ਤਾ ਹੈ?
ਸੰਸਕ੍ਰਿਤੀ ਤਾਂ ਉਦੋਂ ਵੀ ਸੀ ਜਦੋਂ ਸਿਗਰੇਟ ਨਹੀਂ ਬਣੀ ਸੀ। ਪਰ ਚੰਗੀ ਗੱਲ ਇਹ ਹੈ ਕਿ ਯੂਰਪ ’ਚ ਆਮ ਤੌਰ ’ਤੇ ਲੋਕ ਕਾਨੂੰਨ ਦੀ ਪਾਲਣਾ ਕਰਦੇ ਹਨ। ਭਾਰਤ ਵਾਂਗ ਨਹੀਂ ਕਿ ਕਾਨੂੰਨ ਬਣਦੇ ਹੀ ਉਸ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
ਸਭ ਤੋਂ ਦੁਖਦਾਈ ਇਹ ਲੱਗਦਾ ਹੈ ਕਿ ਔਰਤਾਂ ਵੀ ਇਸ ਦੀ ਵਰਤੋਂ ਬਹੁਤਾਤ ਨਾਲ ਕਰ ਰਹੀਆਂ ਹਨ। ਇੱਥੇ ਇਸ ਤਰਕ ਨਾਲ ਕੰਮ ਨਹੀਂ ਚੱਲ ਸਕਦਾ ਕਿ ਲੜਕੇ ਜੇਕਰ ਸਿਗਰੇਟ ਪੀ ਸਕਦੇ ਸਨ, ਪਾਨ ਮਸਾਲਾ ਖਾ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਕਿਉਂਕਿ ਬੀਮਾਰੀਆਂ ਲੜਕਾ-ਲੜਕੀ ਨਹੀਂ ਦੇਖਦੀਆਂ। ਜਦੋਂ ਹਮਲਾ ਕਰਦੀਆਂ ਹਨ ਤਾਂ ਹਰ ਇਕ ਜੀਵਨ ਤਬਾਹ ਕਰ ਕੇ ਰੱਖ ਦਿੰਦੀਆਂ ਹਨ। ਚੰਗਾ ਤਾਂ ਇਹੀ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਤੋਂ ਛੁਟਕਾਰਾ ਪਾ ਲਿਆ ਜਾਵੇ।
ਸਰਕਾਰ ਇਨ੍ਹਾਂ ਉਤਪਾਦਾਂ ’ਤੇ ਪਾਬੰਦੀ ਲਗਾ ਵੀ ਦਿੰਦੀ ਹੈ ਤਾਂ ਇਹ ਚੀਜ਼ਾਂ ਦੁੱਗਣੀ ਕੀਮਤਾਂ ’ਤੇ ਮਿਲਣ ਲੱਗਦੀਆਂ ਹਨ। ਖਤਮ ਨਹੀਂ ਹੁੰਦੀਆਂ। ਕਿਸੇ ਦੁਕਾਨ ’ਤੇ ਇਹ ਲਿਖਣ ਨਾਲ ਗੱਲ ਨਹੀਂ ਬਣਦੀ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤੰਬਾਕੂ ਉਤਪਾਦ ਵੇਚਣ ’ਤੇ ਪਾਬੰਦੀ ਹੈ। ਕਿਹੜਾ ਦੁਕਾਨਦਾਰ ਅਜਿਹਾ ਹੈ ਜੋ ਲੋਕਾਂ ਦੇ ਉਮਰ ਪ੍ਰਮਾਣ ਪੱਤਰ ਦੇਖ ਕੇ ਉਨ੍ਹਾਂ ਨੂੰ ਸਾਮਾਨ ਵੇਚਦਾ ਹੋਵੇ। ਸਮੱਸਿਆ ਵੱਡੀ ਹੈ ਤਾਂ ਉਸ ਦੇ ਹੱਲ ਦੇ ਉਪਾਅ ਵੀ ਗੰਭੀਰ, ਵੱਡੇ ਅਤੇ ਕਾਰਗਰ ਹੋਣ।
-ਸ਼ਮਾ ਸ਼ਰਮਾ
ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ
NEXT STORY