ਬਿਹਾਰ ਵਿਧਾਨ ਸਭਾ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ’ਚ ਸੂਬੇ ਦੇ 7.4 ਕਰੋੜ ਵੋਟਰ ਇਹ ਫੈਸਲਾ ਕਰਨਗੇ ਕਿ 243 ਵਿਧਾਇਕਾਂ ’ਚੋਂ 14 ਨਵੰਬਰ ਨੂੰ ਸੂਬੇ ਦੀ ਰਾਜਗੱਦੀ ’ਚ ਕੌਣ ਬੈਠੇਗਾ। ਜਿੱਥੇ ਭਾਜਪਾ ਦੀ ਅਗਵਾਈ ਵਾਲਾ ਰਾਜਗ ਜਦ (ਯੂ) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ’ਚ ਮੁੜ ਸੱਤਾ ’ਚ ਆਉਣ ਲਈ ਚੋਣ ਲੜ ਰਿਹਾ ਹੈ, ਤਾਂ ਰਾਜਦ-ਕਾਂਗਰਸ ਦਾ ਮਹਾਗੱਠਜੋੜ ਸੱਤਾਧਾਰੀ ਗੱਠਜੋੜ ਨੂੰ ਸੱਤਾ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਿਹਾ।
ਕੀ ਪ੍ਰਸ਼ਾਂਤ ਕਿਸ਼ੋਰ ਦੀ ਨਵੀਂ ਜਨ ਸੁਰਾਜ ਪਾਰਟੀ ਰੰਗ ’ਚ ਭੰਗ ਪਾਉਣ ਦਾ ਕੰਮ ਕਰੇਗੀ?
ਜਦ (ਯੂ) ਦੇ ਇਕ ਸੀਨੀਅਰ ਨੇਤਾ ਨੇ ਸਪੱਸ਼ਟ ਤੌਰ ’ਤੇ ਮੰਨਿਆ ਹੈ ਕਿ ਵਿਕਾਸ ਲਈ ਵੋਟਾਂ ਬਿਹਾਰ ’ਚ ਘੱਟ ਤੋਂ ਘੱਟ ਕੁਝ ਵੀ ਨਹੀਂ ਹਨ। ਕੱਲ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ 74 ਸਾਲਾ ਨਿਤੀਸ਼ ਕੁਮਾਰ 5ਵੀਂ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ, ਪਰ ਅੱਜ ਜਾਪਦਾ ਹੈ ਕਿ ਉਨ੍ਹਾਂ ਨੂੰ ਆਪਣੀ ਸੱਤਾ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਕਿਸਮਤ ਉਨ੍ਹਾਂ ਦੇ ਨਾਲ ਰਹੀ ਤਾਂ ਉਹ ਸ਼ਾਇਦ ਸੱਤਾ ਬਚਾਉਣ ’ਚ ਸਫਲ ਰਹਿਣਗੇ। 2 ਦਹਾਕਿਆਂ ਤੱਕ ਸੱਤਾ ’ਚ ਰਹਿਣ ਦੇ ਬਾਅਦ ਹੁਣ ਉਨ੍ਹਾਂ ’ਚ ਮੁੱਢਲੇ ਸਾਲਾਂ ਵਰਗੀ ਤਾਜ਼ਗੀ ਨਹੀਂ ਦਿਖਾਈ ਦਿੰਦੀ। ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹਨ। ਪਾਰਟੀ ’ਚ ਦੂਜੀ ਕਤਾਰ ਦੇ ਨੇਤਾ ਨਹੀਂ ਹਨ।
ਸੂਬੇ ’ਚ ‘ਜੈੱਨ ਨੈਕਸਟ’ ਇਕ ਨਵੀਂ ਕਹਾਣੀ ਲਿਖਣ ਲਈ ਤਿਆਰ ਹੈ। ਸੂਬੇ ਦੇ ਵੋਟਰ ਇਹ ਭੁੱਲ ਗਏ ਹਨ ਕਿ ਜਦ (ਯੂ) ਨੇ ਸੂਬੇ ’ਚ ਅਮਨ ਕਾਨੂੰਨ ਵਿਵਸਥਾ ਸਥਾਪਤ ਕੀਤੀ, ਕਈ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ, ਔਰਤਾਂ ਅਤੇ ਮਹਾਦਲਿਤਾਂ ਨੂੰ ਅਧਿਕਾਰ ਸੰਪੰਨ ਬਣਾਇਆ, ਸੜਕਾਂ ਦਾ ਨਿਰਮਾਣ ਕੀਤਾ, ਪੇਂਡੂ ਇਲਾਕਿਅਾਂ ’ਚ ਮੁਫਤ ਬਿਜਲੀ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ, ਰੋਜ਼ਗਾਰ ਦੇ ਮੌਕਿਆਂ ਦਾ ਵਾਅਦਾ ਕੀਤਾ। ਨਿਤੀਸ਼ ਇਨ੍ਹਾਂ ਮੁੱਦਿਆਂ ਦਾ ਲਾਭ ਪਹਿਲਾਂ ਹੀ 4 ਚੋਣਾਂ ’ਚ ਉਠਾ ਚੁੱਕੇ ਹਨ।
ਸੂਬੇ ’ਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਜਾਤੀਆਂ ’ਚ ਗੁੱਸਾ ਹੈ ਅਤੇ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਨੂੰ ਲੋੜੀਂਦੀਆਂ ਸ਼ਕਤੀਆਂ ਨਹੀਂ ਦਿੱਤੀਆਂ ਗਈਆਂ। ਸੂਬੇ ’ਚ ਬਦਲਾਅ ਦੀ ਮੰਗ ਹੋ ਰਹੀ ਹੈ ਅਤੇ ਕੁਝ ਲੋਕ ਇਹ ਮੰਨਦੇ ਹਨ ਕਿ ਨਿਤੀਸ਼ ਹੁਣ ਫੈਸਲੇ ਲੈਣ ’ਚ ਸਮਰੱਥ ਨਹੀਂ ਹਨ।
ਪਰ ਅਜੇ ਸਭ ਕੁਝ ਖਤਮ ਨਹੀਂ ਹੋਇਆ। ਸੂਬੇ ’ਚ ਅਜੇ ਵੀ ਉਨ੍ਹਾਂ ਦਾ ਕੋਈ ਬਦਲ ਨਹੀਂ ਹੈ। ਨਿਤੀਸ਼ ਦੇ ਨਾਲ ਜੋ ਲੋਕ ਇਸ ਸਮੇਂ ਦਿਖਾਈ ਦੇ ਰਹੇ ਹਨ, ਉਨ੍ਹਾਂ ’ਚੋਂ ਜ਼ਿਆਦਾਤਰ ਉੱਚੀ ਜਾਤੀ ਦੇ ਲੋਕ ਹਨ ਜਿਨ੍ਹਾਂ ਦੀ ਸ਼ਰਧਾ ਮੋਦੀ ਦੇ ਨਾਲ ਹੈ। ਇਹ ਸੱਚ ਹੈ ਕਿ ਭਾਜਪਾ ਨੂੰ ਆਸ ਹੈ ਕਿ ਉਹ ਇਸ ਖਾਲੀ ਥਾਂ ਨੂੰ ਭਰੇਗੀ ਪਰ ਰਾਹ ਇੰਨਾ ਸੌਖਾ ਨਹੀਂ ਹੈ। ਇਹ ਸੂਬੇ ’ਚ ਮੁੱਖ ਤੌਰ ’ਤੇ ਉੱਚ ਜਾਤੀ ਦੀ ਪਾਰਟੀ ਬਣੀ ਹੋਈ ਹੈ ਅਤੇ 10 ਫੀਸਦੀ ਵੋਟਾਂ ’ਤੇ ਨਿਰਭਰ ਹੈ।
ਤ੍ਰਾਸਦੀ ਦੇਖੋ ਕਿ ਕਾਂਗਰਸ ਹਾਈਕਮਾਨ ਦਾ ਸੱਭਿਆਚਾਰ ਹੁਣ ਭਾਜਪਾ ’ਚ ਵੀ ਆਉਣ ਲੱਗਾ ਹੈ, ਜੋ ਸੱਤਾ ਅਤੇ ਸੱਤਾ ਦੇ ਲਾਭਾਂ ਦੀ ਆਦੀ ਹੋ ਗਈ ਹੈ। ਇਸ ਦੇ ਇਲਾਵਾ ਕਈ ਹੋਰ ਦਲ-ਬਦਲੂਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਜਾਪਦਾ ਹੈ ਕਿ ਪਾਰਟੀ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਹਿੰਦੂਤਵ ਦਾ ਮੁੱਦਾ ਵੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਪਸਮਾਂਦਾ ਸਮੇਤ ਮੁਸਲਿਮ ਲੋਕ ਪਾਰਟੀ ਤੋਂ ਦੂਰ ਹੋ ਰਹੇ ਹਨ, ਜਦਕਿ ਭਾਜਪਾ ਦਾ ਸਹਿਯੋਗੀ ਬਣੇ ਰਹਿਣ ਦੇ ਬਾਵਜੂਦ ਨਿਤੀਸ਼ ਉਨ੍ਹਾਂ ਦਾ ਭਰੋਸਾ ਜਿੱਤਣ ’ਚ ਸਫਲ ਹੋਏ।
ਚੋਣਾਂ ਸੰਬੰਧੀ ਪੰਡਿਤਾਂ ਦਾ ਕਹਿਣਾ ਹੈ ਕਿ ਜਦ (ਯੂ) ਮੁੱਖ ਮੰਤਰੀ ਦੀ ਰੇਟਿੰਗ 35-40 ਫੀਸਦੀ ਹੈ ਅਤੇ ਭਗਵਾ ਬ੍ਰਿਗੇਡ ਲਈ ਇਹ ਸਹੀ ਸਮਾਂ ਹੈ ਕਿ ਉਹ ਅੱਗੇ ਵਧੇ ਅਤੇ ਆਪਣਾ ਭਵਿੱਖ ਲੱਭੇ। ਦੂਜਾ ਲਗਭਗ 30 ਸਾਲ ਪਹਿਲਾਂ, ਜਦੋਂ ਮੰਡਲ ਸਿਆਸਤ ’ਚ ਛਾਇਆ ਹੋਇਆ ਸੀ, ਤਾਂ ਭਾਜਪਾ ਨੇ ਮੰਡਲ ਈਕੋ-ਸਿਸਟਮ ’ਚ ਜਾਇਜ਼ਤਾ ਹਾਸਲ ਕਰਨ ਲਈ ਨਿਤੀਸ਼ ਦੀ ਵਰਤੋਂ ਕੀਤੀ ਪਰ ਮੋਦੀ ਅਤੇ ਸ਼ਾਹ ਮਹਿਸੂਸ ਕਰਦੇ ਹਨ ਕਿ ਹਿੰਦੂਤਵ ਬ੍ਰਿਗੇਡ ਲਈ ਉਨ੍ਹਾਂ ਦੀ ਉਪਯੋਗਤਾ ਨਹੀਂ ਰਹਿ ਗਈ ਅਤੇ ਭਾਜਪਾ ਲੋਜਪਾ ਦੇ ਚਿਰਾਗ ਪਾਸਵਾਨ ਦੀ ਪਿਛਲੱਗੂ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਵਰਤੋਂ ਜਦ (ਯੂ) ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਕਰਦੀ ਹੈ।
ਬਿਨਾਂ ਸ਼ੱਕ ਭਾਜਪਾ ਲਗਾਤਾਰ ਕਹਿ ਰਹੀ ਹੈ ਕਿ ਨਿਤੀਸ਼ ਰਾਜਗ ਦੇ ਮੁੱਖ ਮੰਤਰੀ ਦੀ ਪਸੰਦ ਹਨ, ਪਰ ਪ੍ਰਧਾਨ ਮੰਤਰੀ ਮੋਦੀ ਹੈਰਾਨ ਕਰਨ ਵਾਲੇ ਕਾਰਨਾਮੇ ਕਰਦੇ ਰਹਿੰਦੇ ਹਨ ਅਤੇ ਇਸੇ ਲਈ ਸ਼ਾਇਦ ਨਿਤੀਸ਼ ਕੁਝ ਘਬਰਾਏ ਹੋਏ ਹਨ ਅਤੇ ਰੈਲੀਆਂ ’ਚ ਆਪਣਾ ਤਵਜ਼ਨ ਗੁਆ ਰਹੇ ਹਨ।
ਤੇਜਸਵੀ ਵਲੋਂ ਚੁੱਕੇ ਗਏ ਮੁੱਦੇ ਬਹਿਸ ਦਾ ਏਜੰਡਾ ਤੈਅ ਕਰ ਰਹੇ ਹਨ। ਤੇਜਸਵੀ ਯਾਦਵ ਨੇ ਆਪਣੇ ਪਿਤਾ ਲਾਲੂ ਕੋਲੋਂ ਕੁਝ ਸਿਆਸੀ ਬਾਰੀਕੀਆਂ ਵੀ ਸਿੱਖੀਆਂ ਹਨ ਅਤੇ ਨਿਤੀਸ਼ ਦਾ ਮੁਕਾਬਲਾ ਕਰ ਰਹੇ ਹਨ। ਕਾਂਗਰਸ ਬਿਹਾਰ ’ਚ ਕੁਝ ਲੋਕ ਆਧਾਰ ਹਾਸਲ ਕਰਨ ਦੇ ਵੱਕਾਰ ਲਈ ਲੜ ਰਹੀ ਹੈ।
ਮਹਾਗੱਠਜੋੜ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਟਕਰਾਅ ਵੱਖਰੇ ਪੱਧਰ ਤੱਕ ਪਹੁੰਚ ਗਿਆ ਹੈ। ਪਾਰਟੀ 2020 ਦੇ ਫਾਰਮੂਲੇ ਦੇ ਵਿਰੁੱਧ ਆਪਣਾ ਰੁਖ ਸਖਤ ਕਰ ਰਹੀ ਹੈ, ਜਿਸ ਕਾਰਨ ਕਾਂਗਰਸ ਨੂੰ 70 ਸੀਟਾਂ ਮਿਲੀਆਂ ਸਨ, ਪਰ ਇਹ ਸਿਰਫ 19 ਸੀਟਾਂ ਜਿੱਤ ਸਕੀ ਹੈ ਜਿਨ੍ਹਾਂ ’ਚੋਂ ਵੀ 2 ਵਿਧਾਇਕਾਂ ਨੇ ਦਲ-ਬਦਲ ਕਰ ਲਿਆ ਸੀ।
ਲੋਕ ਜਨਸ਼ਕਤੀ ਪਾਰਟੀ ਦੇ ਚਿਰਾਗ ਪਾਸਵਾਨ ਜਾਪਦਾ ਹੈ ਕਿ ਆਪਣੇ ਦਮ ’ਤੇ ਅੱਗੇ ਵਧ ਰਹੇ ਹਨ ਅਤੇ ਦਲਿਤਾਂ, ਜਿਨ੍ਹਾਂ ਦੀ ਆਬਾਦੀ ਸੂਬੇ ’ਚ 17 ਫੀਸਦੀ ਤੋਂ ਵੱਧ ਹੈ, ਉਨ੍ਹਾਂ ਦੇ ਆਧਾਰ ’ਤੇ ਵਿਰੋਧੀ ਧਿਰ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਸੂਬੇ ’ਚ ਗੇਮ ਚੇਂਜਰ ਸਾਬਿਤ ਹੋ ਸਕਦੇ ਹਨ।
ਜਦਕਿ ਸੂਬੇ ’ਚ ਮੂਲ ਮੁੱਦਾ ਜਾਤੀਵਾਦੀ ਸਿਆਸਤ ਹੈ ਜਿਸ ਦੇ ਆਧਾਰ ’ਤੇ ਪਾਰਟੀਆਂ ਵੋਟਰਾਂ ਦੀ ਪਸੰਦ ਅਨੁਸਾਰ ਕੰਮ ਕਰਾਉਣਗੀਆਂ। ਬਿਨਾਂ ਸ਼ੱਕ ਬਿਹਾਰ ਚੋਣਾਂ ਰਾਸ਼ਟਰ ਪੱਧਰ ’ਤੇ ਵੀ ਬਦਲਾਅ ਲਿਆ ਸਕਦੀਆਂ ਹਨ। ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ 19 ਤੋਂ 35 ਉਮਰ ਵਰਗ ਦੀ ਹੈ ਅਤੇ ਇਕ ਜਵਾਨ ਲੋਕਤੰਤਰ ’ਚ ਉਨ੍ਹਾਂ ਦੀਆਂ ਖਾਹਿਸ਼ਾਂ ਵਧੀਆਂ ਹਨ। ਹੁਣ ਉਹ ਪੁਰਾਣੀਆਂ ਗੱਲਾਂ ਨਾਲ ਪ੍ਰਭਾਵਿਤ ਨਹੀਂ ਹੁੰਦੇ। ਅੱਜ ਦੀ 24&7 ਡਿਜੀਟਲ ਦੁਨੀਆ ’ਚ ਨਵੀਆਂ ਸਿਆਸੀ ਸੰਭਾਵਨਾਵਾਂ ਹਨ।
ਨਵੀਂ ਪੀੜ੍ਹੀ ਸਿਰਫ ਉਸ ਦ੍ਰਿਸ਼ ਨਾਲ ਸੰਤੁਸ਼ਟ ਨਹੀਂ ਰਹੇਗੀ, ਜਿੱਥੇ ਨਵਾਂ ਮੁੱਖ ਮੰਤਰੀ ਸਿਰਫ ਰੋਜ਼ਗਾਰ ਦੇ ਦਿਹਾਤੀ ਮੌਕਿਆਂ ਦੀ ਸਿਰਜਣਾ ਕਰੇ। ਉਹ ਥੋਥਲੇ ਵਾਅਦਿਆਂ ਦੀਆਂ ਸਿਆਸੀ ਚਾਲਾਂ ’ਤੇ ਯਕੀਨ ਨਹੀਂ ਕਰਨਗੇ। ਉਹ ਚਾਹੁੰਦੇ ਹਨ ਕਿ ਜ਼ਮੀਨੀ ਪੱਧਰ ’ਤੇ ਬਦਲਾਅ ਆਵੇ। ਬਿਹਾਰ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ ਅਤੇ ਸਮਾਂ ਆ ਗਿਆ ਹੈ ਕਿ ਸਾਡੇ ਨੇਤਾ ਇਸ ਨਵੀਂ ਸਿਆਸੀ ਸ਼ਬਦਾਵਲੀ ਨੂੰ ਸਮਝਣ : ਵਿਕਾਸ ਕਰੋ, ਸ਼ਾਸਨ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਸੱਤਾ ਤੋਂ ਬਾਹਰ ਕਰ ਦੇਵਾਂਗੇ।
–ਪੂਨਮ ਆਈ. ਕੌਸ਼ਿਸ਼
ਰੂਸ ਤੋਂ ਸਸਤਾ ਤੇਲ ਖਰੀਦਣ ਦੇ ਬਾਵਜੂਦ ਆਮ ਜਨਤਾ ਨੂੰ ਫਾਇਦਾ ਕਿਉਂ ਨਹੀਂ ਮਿਲਿਆ?
NEXT STORY