ਭਾਰਤ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਜਿੱਥੇ ਲੱਖਾਂ ਲੋਕ ਧਾਰਮਿਕ ਤਿਉਹਾਰਾਂ, ਰਾਜਨੀਤਿਕ ਰੈਲੀਆਂ ਅਤੇ ਸੱਭਿਆਚਾਰਕ ਸਮਾਗਮਾਂ ਲਈ ਇਕੱਠੇ ਹੁੰਦੇ ਹਨ, ਇਕ ਵਾਰ ਫਿਰ ਭੀੜ ਨੂੰ ਮੈਨੇਜ ਕਰਨ ਵਿਚ ਅਸਫਲ ਰਹਿਣ ਕਾਰਨ ਰਾਸ਼ਟਰੀ ਸ਼ਰਮ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿਚ ਕਈ ਭਿਆਨਕ ਘਟਨਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਕਿਵੇਂ ਪ੍ਰਸ਼ਾਸਨਿਕ ਲਾਪਰਵਾਹੀ, ਨਾਕਾਫ਼ੀ ਯੋਜਨਾਬੰਦੀ ਅਤੇ ਬੁਨਿਆਦੀ ਢਾਂਚੇ ਦੀ ਘਾਟ ਮਾਸੂਮ ਜਾਨਾਂ ਲੈ ਰਹੀ ਹੈ।
ਸਤੰਬਰ 2025 ਵਿਚ ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ-ਰਾਜਨੇਤਾ ਵਿਜੇ ਦੀ ਰਾਜਨੀਤਿਕ ਰੈਲੀ ਵਿਚ 41 ਲੋਕਾਂ ਦੀ ਮੌਤ ਹੋ ਗਈ, ਜਦੋਂ ਲੋਕ ਉਸਦੇ ਦੇਰੀ ਨਾਲ ਪਹੁੰਚੇ ਕਾਫਲੇ ਨੂੰ ਦੇਖਣ ਲਈ ਸੜਕਾਂ ’ਤੇ ਇਕੱਠੇ ਹੋਏ ਸਨ। ਭਾਜੜ ਦੀਆਂ ਘਟਨਾਵਾਂ ਦੀ ਸੂਚੀ ਲੰਬੀ ਹੈ ਪਰ ਸਵਾਲ ਉੱਠਦਾ ਹੈ ਕਿ ਅਸੀਂ ਘਟਨਾਵਾਂ ਦੀ ਇਸ ਲੜੀ ਤੋਂ ਕੀ ਸਿੱਖਿਆ ਹੈ? ਕੀ ਅਜਿਹੀਆਂ ਘਟਨਾਵਾਂ ਕਦੇ ਘੱਟ ਹੋਣਗੀਆਂ?
2024 ਵਿਚ, ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਭੋਲੇ ਬਾਬਾ ਸਤਿਸੰਗ ਦੌਰਾਨ ਭਾਜੜ ਵਿਚ 121 ਲੋਕ ਮਾਰੇ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਇਹ ਘਟਨਾ ਪ੍ਰੋਗਰਾਮ ਦੇ ਅੰਤ ਵਿਚ ਭੀੜ ਦੇ ਕਾਰਨ ਵਾਪਰੀ, ਕਿਉਂਕਿ ਲੋਕ ਬਾਬਾ ਦੇ ਪੈਰ ਛੂਹਣ ਜਾਂ ਉਨ੍ਹਾਂ ਦੀ ‘ਚਰਨ ਰੱਜ’ ਪ੍ਰਾਪਤ ਕਰਨ ਲਈ ਭੱਜੇ ਸਨ। ਇਸੇ ਤਰ੍ਹਾਂ, 2025 ਵਿਚ ਪ੍ਰਯਾਗਰਾਜ ਵਿਚ ਮਹਾਕੁੰਭ ਮੇਲੇ ਵਿਚ ‘ਮੌਨੀ ਅਮਾਵਸਿਆ’ ਦੇ ਦਿਨ ਪਵਿੱਤਰ ਨਦੀ ਦੇ ਇਸ਼ਨਾਨ ਦੌਰਾਨ ਭਾਜੜ ਮਚੀ ਸੀ ਜਿਸ ਵਿਚ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਸਨ। ਇਹ ਘਟਨਾਵਾਂ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ ਕਿ ਭਾਰਤ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਵਾਰ-ਵਾਰ ਅਸਫਲ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਪ੍ਰਤੀ ਇੰਨਾ ਗੰਭੀਰ ਕਿਉਂ ਨਹੀਂ ਜਾਪਦਾ?
ਹਾਲ ਹੀ ਦੇ ਸਾਲਾਂ ਵਿਚ, ਭਾਰਤ ਵਿਚ ਭਾਜੜ ਦੀਆਂ ਘਟਨਾਵਾਂ ਇਕ ਚੱਕਰਵਿਊ ਵਾਂਗ ਘੁੰਮ ਰਹੀਆਂ ਹਨ। ਦਸੰਬਰ 2024 ਵਿਚ ਹੈਦਰਾਬਾਦ ਦੇ ਸੰਧਿਆ ਥੀਏਟਰ ਵਿਚ ‘ਪੁਸ਼ਪਾ 2’ ਫਿਲਮ ਦੀ ਸਕ੍ਰੀਨਿੰਗ ਦੌਰਾਨ ਭਾਜੜ ਮਚਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ। 2025 ਦੇ ਸ਼ੁਰੂ ਵਿਚ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਵਿਚ ਵੈਕੁੰਠ ਦੁਆਰ ਦਰਸ਼ਨ ਲਈ ਟੋਕਨ ਵੰਡਣ ਦੌਰਾਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਕਿਉਂਕਿ ਹਜ਼ਾਰਾਂ ਲੋਕ ਟੋਕਨ ਲੈਣ ਲਈ ਭੱਜੇ ਸਨ। ਫਰਵਰੀ 2025 ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਇਕ ਫੁੱਟ ਓਵਰਬ੍ਰਿਜ ’ਤੇ ਭਾਜੜ ਨੇ ਕਈ ਜਾਨਾਂ ਲਈਆਂ।
ਬੈਂਗਲੁਰੂ ਵਿਚ ਕ੍ਰਿਕਟ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਆਈ. ਪੀ. ਐੱਲ. ਜਿੱਤ ਪਰੇਡ ਦੌਰਾਨ 11 ਲੋਕਾਂ ਦੀ ਮੌਤ ਹੋ ਗਈ, ਜਿੱਥੇ ਪ੍ਰਸ਼ਾਸਨ ਭੀੜ ਦਾ ਅੰਦਾਜ਼ਾ ਲਗਾਉਣ ਵਿਚ ਅਸਫਲ ਰਿਹਾ। ਅਗਸਤ 2024 ਵਿਚ ਬਿਹਾਰ ਦੇ ਬਾਬਾ ਸਿੱਧਨਾਥ ਮੰਦਰ ਵਿਚ ਭਗਦੜ ਮਚਣ ਕਾਰਨ 7 ਮੌਤਾਂ ਹੋਈਆਂ। ਇਹ ਘਟਨਾਵਾਂ ਨਾ ਸਿਰਫ਼ ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਿਕ ਸਮਾਗਮਾਂ ਵਿਚ ਹੁੰਦੀਆਂ ਹਨ, ਸਗੋਂ ਰੇਲਵੇ ਸਟੇਸ਼ਨਾਂ ਅਤੇ ਸਿਨੇਮਾਘਰਾਂ ਵਰਗੇ ਜਨਤਕ ਸਥਾਨਾਂ ’ਤੇ ਵੀ ਹੁੰਦੀਆਂ ਹਨ। 1954 ਤੋਂ 2012 ਤੱਕ, ਭਾਰਤ ਵਿਚ 79 ਫੀਸਦੀ ਭਾਜੜਾਂ ਧਾਰਮਿਕ ਸਮਾਗਮਾਂ ਦੌਰਾਨ ਵਾਪਰੀਆਂ, ਇਕ ਰੁਝਾਨ ਜੋ ਅੱਜ ਵੀ ਜਾਰੀ ਹੈ।
ਇਨ੍ਹਾਂ ਅਸਫਲਤਾਵਾਂ ਦੇ ਪਿੱਛੇ ਕਈ ਡੂੰਘੇ ਕਾਰਨ ਹਨ। ਸਭ ਤੋਂ ਪ੍ਰਮੁੱਖ ਵੱਡੀ ਭੀੜ ਦਾ ਆਕਾਰ ਅਤੇ ਨਾਕਾਫ਼ੀ ਪ੍ਰਬੰਧਨ ਹੈ। ਪ੍ਰਬੰਧਕ ਅਕਸਰ ਉਮੀਦ ਤੋਂ ਵੱਧ ਲੋਕਾਂ ਨੂੰ ਆਉਣ ਦੀ ਇਜਾਜ਼ਤ ਮੰਗਦੇ ਹਨ, ਜਦੋਂ ਕਿ ਬਾਹਰ ਨਿਕਲਣ ਦੇ ਰਸਤੇ ਤੰਗ ਅਤੇ ਨਾਕਾਫ਼ੀ ਹੁੰਦੇ ਹਨ। ਕਿਸੇ ਕਾਰਨ ਕਰ ਕੇ, ਇਜਾਜ਼ਤ ਦੇਣ ਵਾਲੇ ਅਧਿਕਾਰੀ ਵੀ ਢੁੱਕਵੇਂ ਸੁਰੱਖਿਆ ਪ੍ਰਬੰਧਾਂ ’ਤੇ ਜ਼ੋਰ ਦੇਣ ਵਿਚ ਅਸਫਲ ਰਹਿੰਦੇ ਹਨ। ਹਾਥਰਸ ਵਿਚ ਅਸਥਾਈ ਤੰਬੂਆਂ ਵਿਚ ਢੁੱਕਵੇਂ ਨਿਕਾਸ ਦੇ ਰਸਤੇ ਦੀ ਘਾਟ ਨੇ ਭਾਜੜ ਨੂੰ ਵਧਾ ਦਿੱਤਾ।
ਅੱਗ ਲੱਗਣ ਜਾਂ ਢਾਂਚਾ ਢਹਿ ਜਾਣ ਵਰਗੀਆਂ ਅਫਵਾਹਾਂ ਦਹਿਸ਼ਤ ਪੈਦਾ ਕਰਦੀਆਂ ਹਨ। ਪੁਰਾਣੀਆਂ ਇਮਾਰਤਾਂ, ਤੰਗ ਸੜਕਾਂ ਅਤੇ ਪਹਾੜੀ ਇਲਾਕਿਆਂ ਵਿਚ ਬੁਨਿਆਦੀ ਢਾਂਚੇ ਦੀ ਘਾਟ ਸਮਝੀ ਜਾ ਸਕਦੀ ਹੈ। ਉਥੇ ਹੀ ਸੁਰੱਖਿਆ ਕਰਮਚਾਰੀਆਂ ਦੀ ਘਾਟ ਅਤੇ ਅਣਟ੍ਰੇਂਡ ਹੋਣਾ ਇਕ ਹੋਰ ਸਮੱਸਿਆ ਹੈ। ਮਹਾਕੁੰਭ ’ਚ ਵੀ. ਆਈ. ਪੀ. ਵਿਵਸਥਾਵਾਂ ’ਤੇ ਫੋਕਸ ਨਾਲ ਆਮ ਭਗਤਾਂ ਦੀ ਅਣਦੇਖੀ ਹੋ ਜਾਂਦੀ ਹੈ। ਸਿਆਸੀ ਅਤੇ ਧਾਰਮਿਕ ਆਯੋਜਨਾਂ ’ਤੇ ਭਾਵਨਾਵਾਂ ਦਾ ਵਧਣਾ ਭੀੜ ਨੂੰ ਬੇਕਾਬੂ ਕਰ ਦਿੰਦਾ ਹੈ।
ਇਹ ਭਾਜੜਾਂ ਅੰਕੜਿਆਂ ਤੱਕ ਸੀਮਤ ਨਹੀਂ ਹਨ; ਇਨ੍ਹਾਂ ਦਾ ਮਨੁੱਖੀ ਅਤੇ ਸਮਾਜਿਕ ਪ੍ਰਭਾਵ ਡੂੰਘਾ ਹੈ। ਪਰਿਵਾਰ ਟੁੱਟ ਜਾਂਦੇ ਹਨ, ਬੱਚੇ ਅਨਾਥ ਹੋ ਜਾਂਦੇ ਹਨ ਅਤੇ ਪਰਿਵਾਰਾਂ ’ਤੇ ਆਰਥਿਕ ਬੋਝ ਵਧਦਾ ਹੈ। ਹਾਥਰਸ ਵਿਚ ਜ਼ਿਆਦਾਤਰ ਔਰਤਾਂ ਦੀਆਂ ਮੌਤਾਂ ਨੇ ਲਿੰਗ ਅਸਮਾਨਤਾ ਨੂੰ ਵੀ ਉਜਾਗਰ ਕੀਤਾ ਹੈ। ਮਨੋਵਿਗਿਆਨਿਕ ਸਦਮਾ ਪੀੜਤਾਂ ਅਤੇ ਗਵਾਹਾਂ ਨੂੰ ਸਾਲਾਂ ਤੋਂ ਪ੍ਰੇਸ਼ਾਨ ਕਰਦਾ ਹੈ। ਸਮਾਜਿਕ ਵਿਸ਼ਵਾਸ ਘੱਟ ਹੁੰਦਾ ਹੈ ਅਤੇ ਅੰਤਰਰਾਸ਼ਟਰੀ ਅਕਸ ਖਰਾਬ ਹੁੰਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ, ਇਹ ਘਟਨਾਵਾਂ ਤਰੱਕੀ ਦੇ ਰਾਹ ਵਿਚ ਰੁਕਾਵਟ ਹਨ।
ਸਵਾਲ ਉੱਠਦਾ ਹੈ ਕਿ ਇਨ੍ਹਾਂ ਤੋਂ ਕਿਵੇਂ ਬਚਿਆ ਜਾਵੇ? : ਸਾਨੂੰ ਪ੍ਰਬੰਧਨ ਲਈ ਬਹੁਪੱਖੀ ਪਹੁੰਚ ਅਪਣਾਉਣੀ ਹੋਵੇਗੀ। ਪਹਿਲਾਂ, ਅਗਾਊਂ ਯੋਜਨਾਬੰਦੀ ਜ਼ਰੂਰੀ ਹੈ। ਪ੍ਰਬੰਧਕਾਂ ਨੂੰ ਸਖ਼ਤ ਸਮਰੱਥਾ ਮੁਲਾਂਕਣ ਕਰਨੇ ਚਾਹੀਦੇ ਹਨ ਅਤੇ ਇਜਾਜ਼ਤ ਦਿੰਦੇ ਸਮੇਂ ਵੱਧ ਤੋਂ ਵੱਧ ਸੰਖਿਆਵਾਂ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ। ਚੌੜੇ ਨਿਕਾਸ, ਐਮਰਜੈਂਸੀ ਰਸਤੇ ਅਤੇ ਮਜ਼ਬੂਤ ਢਾਂਚੇ ਸਮੇਤ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ ਚਾਹੀਦਾ ਹੈ। ਐੱਨ. ਡੀ. ਐੱਮ. ਏ. ਅਨੁਸਾਰ, ਭੀੜ ਦੀ ਨਿਗਰਾਨੀ ਲਈ ਸੀ. ਸੀ. ਟੀ. ਵੀ., ਡਰੋਨ ਅਤੇ ਏ. ਆਈ. ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਕੁੰਭ ਮੇਲੇ ਦੌਰਾਨ ਕੋਸ਼ਿਸ਼ ਕੀਤੀ ਗਈ ਸੀ।
ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਓ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰੋ। ਅਫਵਾਹਾਂ ਨੂੰ ਕੰਟਰੋਲ ਕਰਨ ਲਈ ਇਕ ਰੀਅਲ-ਟਾਈਮ ਸੰਚਾਰ ਪ੍ਰਣਾਲੀ ਸਥਾਪਤ ਕਰੋ। ਅੰਤਰ-ਏਜੰਸੀ ਤਾਲਮੇਲ ਨੂੰ ਮਜ਼ਬੂਤ ਕਰੋ। ਪੁਲਸ, ਪ੍ਰਬੰਧਕਾਂ ਅਤੇ ਸਿਵਲ ਪ੍ਰਸ਼ਾਸਨ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਕਾਨੂੰਨੀ ਸਖ਼ਤੀ ਲਾਗੂ ਕਰੋ, ਲਾਪਰਵਾਹੀ ਕਰਨ ਵਾਲੇ ਪ੍ਰਬੰਧਕਾਂ ਲਈ ਸਖ਼ਤ ਸਜ਼ਾ ਅਤੇ ਮੁਆਵਜ਼ਾ ਯਕੀਨੀ ਬਣਾਓ। ਜਨਤਕ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰੋ, ਲੋਕਾਂ ਨੂੰ ਭੀੜ ਵਿਚ ਧੀਰਜ ਅਤੇ ਸਹਿਯੋਗ ਵਰਤਣ ਲਈ ਉਤਸ਼ਾਹਿਤ ਕਰੋ।
ਭਾਰਤ ਨੂੰ ਇਨ੍ਹਾਂ ਅਸਫਲਤਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਸਰਕਾਰ, ਪ੍ਰਬੰਧਕਾਂ ਅਤੇ ਨਾਗਰਿਕਾਂ ਦੀ ਸਾਂਝੀ ਜ਼ਿੰਮੇਵਾਰੀ ਨਾਲ ਹੀ ਭਵਿੱਖ ਵਿਚ ਵਾਪਰਨ ਵਾਲੇ ਦੁਖਾਂਤਾਂ ਨੂੰ ਰੋਕਿਆ ਜਾ ਸਕਦਾ ਹੈ। ਨਹੀਂ ਤਾਂ, ਇਹ ਘਟਨਾਵਾਂ ਜਾਰੀ ਰਹਿਣਗੀਆਂ ਅਤੇ ਦੇਸ਼ ਆਪਣੇ ਲੋਕਾਂ ਦੀ ਰੱਖਿਆ ਕਰਨ ਵਿਚ ਅਸਮਰੱਥ ਸਾਬਤ ਹੋਵੇਗਾ। ਸਮਾਂ ਆ ਗਿਆ ਹੈ ਕਿ ਇਕ ਸਰਗਰਮ ਪਹੁੰਚ ਅਪਣਾਈ ਜਾਵੇ, ਜਿਵੇਂ ਕਿ ਕਹਾਵਤ ਹੈ, ‘ਰੋਕਥਾਮ ਇਲਾਜ ਨਾਲੋਂ ਬਿਹਤਰ ਹੈ।’ ਸਿਰਫ ਤਾਂ ਹੀ ਅਸੀਂ ਇਕ ਸੁਰੱਖਿਅਤ ਭਾਰਤ ਦਾ ਨਿਰਮਾਣ ਕਰ ਸਕਾਂਗੇ।
—ਵਿਨੀਤ ਨਾਰਾਇਣ
ਇਕ ਅਣਥੱਕ ਵਰਕਰ ਅਤੇ ਸ਼ਾਨਦਾਰ ਸੰਗਠਨ ਕਰਤਾ ਸਨ ਵਿਜੇ ਕੁਮਾਰ ਮਲਹੋਤਰਾ
NEXT STORY