ਦੇਸ਼ ਦੇ ਸਭ ਤੋਂ ਵੱਡੇ ਸੂਬਿਆਂ ’ਚੋਂ ਇਕ ਬਿਹਾਰ ’ਚ ਸਾਰੀਆਂ ਪਾਰਟੀਆਂ ਦੀਆਂ ਵਾਰੀ-ਵਾਰੀ ਨਾਲ ਸਰਕਾਰਾਂ ਆਉਣ ਦੇ ਬਾਵਜੂਦ ਇਸ ਦੀ ਤਕਦੀਰ ਨਹੀਂ ਬਦਲੀ ਅਤੇ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਪੱਛੜੇਪਣ ਦਾ ਸ਼ਿਕਾਰ ਇਹ ਸੂਬਾ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਲੰਮੇ ਸਮੇਂ ਤੋਂ ਵਿਸ਼ੇਸ਼ ਦਰਜੇ ਦੀ ਮੰਗ ਕਰਦਾ ਆ ਰਿਹਾ ਹੈ ਜੋ ਇਸ ਨੂੰ ਅਜੇ ਤੱਕ ਨਹੀਂ ਮਿਲ ਸਕਿਆ। ਇਸ ਦਰਮਿਆਨ ਸੂਬੇ ’ਚ ਕਈ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ’ਚੋਂ ਪਿਛਲੇ 2 ਹਫਤਿਆਂ ਦੀਆਂ ਚੰਦ ਘਟਨਾਵਾਂ ਹੇਠਾਂ ਦਰਜ ਹਨ-
* 12 ਅਗਸਤ ਨੂੰ ਗੋਪਾਲਗੰਜ ਜ਼ਿਲੇ ਦੇ ‘ਕੁਚਾਏਕੋਟ’ ਥਾਣੇ ਦੇ ‘ਬੇਲਵਾ’ ਪਿੰਡ ’ਚ ਇਕ-ਦੂਜੇ ਦੇ ਪਿਆਰ ’ਚ ਪਾਗਲ ਮਾਮੀ ਸ਼ੋਭਾ ਕੁਮਾਰੀ ਅਤੇ ਉਸ ਦੀ ਭਾਣਜੀ ਸੁਮਨ ਕੁਮਾਰੀ, ਜੋ ਕਿ ਪਹਿਲਾਂ ਤੋਂ ਹੀ ਵਿਆਹੀਆਂ ਹੋਈਆਂ ਸਨ, ਨੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਆਪਣੇ ਘਰਾਂ ’ਚੋਂ ਭੱਜ ਕੇ ਇਕ ਮੰਦਰ ’ਚ ਜਾ ਕੇ ਵਿਆਹ ਕਰ ਲਿਆ। ਦੋਵਾਂ ਨੇ ਇਕ-ਦੂਜੇ ਨੂੰ ਮਾਲਾ ਪਹਿਨਾਈ ਅਤੇ ਫਿਰ 7 ਫੇਰੇ ਲੈਣ ਪਿੱਛੋਂ ਨਾਲ-ਨਾਲ ਜਿਊਣ-ਮਰਨ ਦੀਆਂ ਕਸਮਾਂ ਵੀ ਖਾਧੀਆਂ। ਦੱਸਿਆ ਜਾਂਦਾ ਹੈ ਕਿ ਪਿਛਲੇ 3 ਸਾਲਾਂ ਤੋਂ ਦੋਵਾਂ ਦਰਮਿਆਨ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ।
* 13 ਅਗਸਤ ਨੂੰ ਘਰ ਤੋਂ ਭੱਜਣ ਦੀ ਤਿਆਰੀ ਕਰ ਰਹੀਆਂ ਬਿਹਾਰ ਦੇ ਜਮੁਈ ਜ਼ਿਲੇ ਦੇ ‘ਲਖਾਪੁਰ’ ਅਤੇ ਛਪਰਾ ਜ਼ਿਲੇ ਦੇ ‘ਬਭਨਗਾਮਾ’ ਪਿੰਡ ਦੀਆਂ ਇਕ-ਦੂਜੇ ਦੇ ਪਿਆਰ ’ਚ ਪਾਗਲ ਔਰਤਾਂ ਨੂੰ ਪੁਲਸ ਨੇ ਭਿਣਕ ਲੱਗ ਜਾਣ ਕਾਰਨ ਸਮੇਂ ਸਿਰ ਫੜ ਕੇ ਉਨ੍ਹਾਂ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੋਵੇਂ ਔਰਤਾਂ ਵਿਆਹੁਤਾ ਹਨ ਅਤੇ ਇਕ ਔਰਤ 2 ਬੱਚਿਆਂ ਦੀ ਮਾਂ ਵੀ ਹੈ। ਦੋਵੇਂ ਪਿਛਲੇ 7 ਸਾਲਾਂ ਤੋਂ ਇਕ-ਦੂਜੇ ਦੇ ਸੰਪਰਕ ਵਿਚ ਸਨ। ਦੋਵਾਂ ਨੇ ਇਕ ਸਾਲ ਪਹਿਲਾਂ ਗੁਪਤ ਵਿਆਹ ਕਰ ਲਿਆ ਸੀ।
* ਇਸ ਤੋਂ ਪਹਿਲਾਂ ਪਟਨਾ ’ਚ ‘ਰੋਸ਼ਨੀ ਖਾਤੂਨ’ ਅਤੇ ‘ਤਰਾਨਾ ਖਾਤੂਨ’ ਨਾਂ ਦੀਆਂ ਦੋ ਲੜਕੀਆਂ ਦੇ ਪਤੀ-ਪਤਨੀ ਵਾਂਗ ਰਹਿਣ ਦਾ ਪਤਾ ਲੱਗਾ ਸੀ।
ਇਕ ਪਾਸੇ ਜਿਥੇ ਬਿਹਾਰ ’ਚ ਅਜਿਹੀਆਂ ਅਨੋਖੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਦੂਜੇ ਪਾਸੇ ਕੁਦਰਤ ਦੀ ਕਰੋਪੀ ਅਤੇ ਭ੍ਰਿਸ਼ਟਾਚਾਰ ਕਾਰਨ ਵੀ ਸੂਬਾ ਚਰਚਾ ’ਚ ਹੈ :
* 6 ਅਗਸਤ ਨੂੰ ‘ਜਮੁਈ’ ਜ਼ਿਲੇ ਦੇ ਚਿਹਰਾ ਥਾਣਾ ਖੇਤਰ ਦੇ ਗੁਹੀਆ ਪਿੰਡ ’ਚ ਤੇਜ਼ ਬਾਰਿਸ਼ ਨਾਲ ਆਸਮਾਨੀ ਬਿਜਲੀ ਡਿੱਗਣ ਨਾਲ ਖੇਤਾਂ ’ਚ ਚਰ ਰਹੀਆਂ 15 ਬੱਕਰੀਆਂ, ਇਕ ਗਾਂ ਅਤੇ 2 ਬਲਦਾਂ ਸਮੇਤ 18 ਪਸ਼ੂਆਂ ਦੀ ਮੌਤ ਹੋ ਗਈ।
* 7 ਅਗਸਤ ਨੂੰ ਨਵਾਦਾ ’ਚ 5 ਵੱਖ-ਵੱਖ ਥਾਵਾਂ ’ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਂ-ਪੁੱਤ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਅਤੇ ਇਕ ਲੜਕੀ ਝੁਲਸ ਗਈਆਂ।
* 13 ਅਗਸਤ ਨੂੰ ਭੋਜਪੁਰ ਜ਼ਿਲੇ ’ਚ ਗੰਗਾ ਅਤੇ ਸੋਨ ਨਦੀਆਂ ’ਚ ਆਏ ਭਾਰੀ ਹੜ੍ਹ ਕਾਰਨ ‘ਸਾਰੰਗਪੁਰ’ 'ਚ ‘ਭਨਾਸ’ ਨਦੀ ’ਚ ਰਿਕਸ਼ਾ ਚਾਲਕ ਦੇ 2 ਬੱਚਿਆਂ ਸਮੇਤ 4 ਪਰਿਵਾਰਕ ਮੈਂਬਰਾਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ।
* ਬਿਹਾਰ ’ਚ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਕਈ ਥਾਵਾਂ ’ਤੇ ਗੰਗਾ, ਗੰਡਕ ਅਤੇ ਪੁਨਪੁਨ ਨਦੀਆਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ ਅਤੇ ਪਾਣੀ ਨਦੀਆਂ ਦੇ ਕੰਢਿਆਂ ’ਤੇ ਸਥਿਤ ਕਈ ਸ਼ਹਿਰਾਂ ਅਤੇ ਪਿੰਡਾਂ ’ਚ ਦਾਖ਼ਲ ਹੋ ਗਿਆ ਹੈ।
* 11 ਅਗਸਤ ਦੀ ਦੇਰ ਰਾਤ ਜਹਾਨਾਬਾਦ ਦੇ ਪ੍ਰਸਿੱਧ ‘ਬਾਬਾ ਸਿੱਧੇਸ਼ਵਰ ਨਾਥ ਮੰਦਰ’ ਦੇ ਅਹਾਤੇ ’ਚ ਸ਼ਰਧਾਲੂਆਂ ਅਤੇ ਦੁਕਾਨਦਾਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਚੀ ਭਗਦੜ ’ਚ 7 ਔਰਤਾਂ ਸਮੇਤ 8 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 52 ਹੋਰ ਜ਼ਖਮੀ ਹੋ ਗਏ।
* 12 ਅਗਸਤ ਨੂੰ ਔਰੰਗਾਬਾਦ ਜ਼ਿਲੇ ਦੇ ਦਾਊਦਨਗਰ ’ਚ ਇਕ ਤੇਜ਼ ਰਫਤਾਰ ਕਾਰ ਦੇ ਨਹਿਰ ’ਚ ਡਿੱਗਣ ਕਾਰਨ ਉਸ ’ਚ ਸਵਾਰ ਪਿਤਾ-ਪੁੱਤਰ ਸਮੇਤ 5 ਲੋਕਾਂ ਦੀ ਮੌਤ ਹੋ ਗਈ।
* 13 ਅਗਸਤ ਨੂੰ ਭਾਗਲਪੁਰ ਜ਼ਿਲੇ ਦੀ ਪੁਲਸ ਲਾਈਨ ’ਚ ਇਕ ਨੌਜਵਾਨ ਨੇ ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ ਆਪਣੀ ਕਾਂਸਟੇਬਲ ਪਤਨੀ, ਆਪਣੇ 2 ਬੱਚਿਆਂ ਅਤੇ ਮਾਂ ਦਾ ਕਤਲ ਕਰਨ ਪਿੱਛੋਂ ਆਪ ਵੀ ਖੁਦਕੁਸ਼ੀ ਕਰ ਲਈ।
* 14 ਅਗਸਤ ਨੂੰ ਸੂਬੇ ਦੇ ਮੁਜ਼ੱਫਰਪੁਰ ਜ਼ਿਲੇ ਦੇ ‘ਪਾਰੂ’ ਪਿੰਡ ’ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਗੁਪਤ ਅੰਗ ’ਤੇ ਚਾਕੂ ਨਾਲ 50 ਵਾਰ ਕੀਤੇ ਗਏ।
ਬਿਹਾਰ ’ਚ ਵਧਦੇ ਅਪਰਾਧਾਂ ’ਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ (ਰਾਜਗ) ਨੇ ਕਿਹਾ ਹੈ ਕਿ ‘‘ਬਿਹਾਰ ’ਚ ਅਪਰਾਧੀਆਂ ਦੀ ਬਹਾਰ ਹੈ। ਸ਼ਾਸਨ-ਪ੍ਰਸ਼ਾਸਨ ਲੁੱਟ-ਖਸੁੱਟ ਅਤੇ ਭ੍ਰਿਸ਼ਟਾਚਾਰ ਵਿਚ ਮਸਤ ਅਤੇ ਰੁੱਝਿਆ ਹੋਇਆ ਹੈ।’’
* ਇਸ ਸਾਲ ਜੂਨ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਪੁਲ ਡਿੱਗਣ ਦੀਆਂ 16 ਘਟਨਾਵਾਂ ਵਾਪਰ ਚੁੱਕੀਆਂ ਹਨ।
ਅਜਿਹੇ ਹਾਲਾਤ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਬਿਹਾਰ ਵਿਚ ਸਾੜ੍ਹਸਤੀ ਦਾ ਪ੍ਰਕੋਪ ਜਾਰੀ ਹੈ, ਜਿਸ ਨੇ ਸੂਬੇ ਨੂੰ ਆਰਥਿਕ, ਕੁਦਰਤੀ ਆਫ਼ਤਾਂ, ਅਪਰਾਧਾਂ ਅਤੇ ਭ੍ਰਿਸ਼ਟਾਚਾਰ ਦੀ ਜਕੜ ’ਚ ਲੈ ਰੱਖਿਆ ਹੈ।
-ਵਿਜੇ ਕੁਮਾਰ
ਧਰਮ, ਜਾਤੀ, ਪਰਿਵਾਰ ਅਤੇ ਸਮਾਜ ਦੇਸ਼ ਦੇ ਚਾਰ ਥੰਮ੍ਹ : ਇਨ੍ਹਾਂ ਨੂੰ ਨਾ ਵੰਡੋ
NEXT STORY