ਜਸਵੰਤ ਸਿੰਘ ‘ਅਜੀਤ’
ਇਨ੍ਹੀਂ ਦਿਨੀਂ ਪੰਜਾਬ ਦੇ ਉਸ ਸਿਆਸੀ ਮੰਚ ’ਤੇ ਇਕ ਹੋਰ ਅਕਾਲੀ ਦਲ ਉੱਭਰ ਕੇ ਸਾਹਮਣੇ ਆ ਗਿਆ ਹੈ, ਜਿਥੇ ਪਹਿਲਾਂ ਤੋਂ ਹੀ ਦਰਜਨ ਭਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਕਾਬਲੇ ਅਸਲੀ ਅਕਾਲੀ ਦਲ ਹੋਣ ਦੇ ਦਾਅਵੇ ਨਾਲ ਆਪਣੀ ਹੋਂਦ ਦੀ ਲੜਾਈ ਲੜਦੇ ਆ ਰਹੇ ਹਨ। ਇਹ ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਗਠਨ, ਰਾਜ ਸਭਾ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤਾ ਗਿਆ ਹੈ, ਕੀ ਬਾਦਲ ਅਕਾਲੀ ਦਲ ਲਈ ਚੁਣੌਤੀ ਬਣ ਸਕੇਗਾ ਜਾਂ ਫਿਰ ਇਹ ਵੀ ਦੂਸਰੇ ਬਾਦਲ-ਵਿਰੋਧੀ ਅਕਾਲੀ ਦਲਾਂ ਵਾਂਗ ਆਪਣੀ ਹੋਂਦ ਦੀ ਲੜਾਈ ਲੜਦੇ ਰਹਿਣ ਤਕ ਹੀ ਸੀਮਤ ਹੋ ਕੇ ਰਹਿ ਜਾਵੇਗਾ? ਇਹ ਸਵਾਲ ਉਠਾਉਂਦਿਆਂ ਜਸਟਿਸ ਆਰ. ਐੱਸ. ਸੋਢੀ ਨੇ ਕਿਹਾ ਕਿ ਜੇਕਰ ਸ. ਢੀਂਡਸਾ ਬਾਦਲ ਅਕਾਲੀ ਦਲ ’ਚ ਸੰਨ੍ਹ ਲਾਉਣ ’ਚ ਸਫਲ ਹੋ ਜਾਂਦੇ ਹਨ, ਤਾਂ ਉਹ ਉਸ ਨੂੰ ਪਛਾੜ ਕੇ ਖੁਦ ਪੰਜਾਬ ਦੇ ਸਿਆਸੀ ਮੰਚ ’ਤੇ ਛਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਅਾਂ ਚੋਣਾਂ ’ਚ ਬਾਦਲ ਅਕਾਲੀ ਦਲ ਨੂੰ ਜਿਸ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸ ਦੇ ਕਾਰਨ ਦਲ ਦੇ ਕਈ ਮੁਖੀ ਅਤੇ ਵਰਕਰ ਦਲ ’ਚ ਆਪਣਾ ਭਵਿੱਖ ਹਨੇਰ ਭਰਿਆ ਮਹਿਸੂਸ ਕਰਦਿਆਂ ਉਸ ’ਚੋਂ ਬਾਹਰ ਨਿਕਲਣ ਲਈ ਯਤਨ ਕਰ ਰਹੇ ਹਨ।
ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2020 ਦੀਅਾਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਦਲ ਦੀ ਜਿੱਤ ਦਾ ਸੁਪਨਾ ਦਿਖਾ ਕੇ ਅਤੇ ਦਲ ’ਚ ਅਹੁਦਿਅਾਂ ਦੀ ਕਾਣੀ ਵੰਡ ਕਰ ਕੇ ਉਨ੍ਹਾਂ ਨੂੰ ਭਰਮਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜਸਟਿਸ ਸੋਢੀ ਦਾ ਮੰਨਣਾ ਹੈ ਕਿ ਇਸ ਸਮੇਂ ਬਾਦਲ ਅਕਾਲੀ ਦਲ ’ਚ ਜਿਸ ਨਿਰਾਸ਼ਾ ਦਾ ਵਾਤਾਵਰਣ ਹੈ, ਉਸ ’ਚ ਸੰਨ੍ਹ ਲਾਉਣ ’ਚ ਢੀਂਡਸਾ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ। ਢੀਂਡਸਾ ਲੰਬੇ ਸਮੇਂ ਤਕ ਸੀਨੀਅਰ ਬਾਦਲ ਦੇ ਨੇੜਲੇ ਸਾਥੀਅਾਂ ’ਚ ਰਹੇ ਹਨ, ਜਿਸ ਕਾਰਨ ਉਹ ਸ. ਬਾਦਲ ਦੇ ਉਨ੍ਹਾਂ ਸਾਰੇ ਹਥਕੰਡਿਅਾਂ ਤੋਂ ਵਾਕਿਫ ਹਨ, ਜਿਨ੍ਹਾਂ ਨੂੰ ਉਹ ਵਿਰੋਧੀਅਾਂ ਨੂੰ ਚਿੱਤ ਕਰਨ ਲਈ ਵਰਤਦੇ ਰਹੇ ਹਨ। ਪੰਜਾਬ ਦੇ ਪ੍ਰਮੁੱਖ ਸਿਆਸੀ ਆਗੂਅਾਂ ਦਾ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹੋਣ ਦੇ ਬਾਵਜੂਦ ਆਪਣੇ ਪਿਤਾ ਦੀ ਵਿਰੋਧੀਅਾਂ ਨਾਲ ਨਜਿੱਠਣ ਦੀ ਰਣਨੀਤੀ ਨੂੰ ਅਪਣਾ ਨਹੀਂ ਸਕੇ, ਜਿਸ ਕਾਰਨ ਉਹ ਆਪਣੇ ਵਿਰੋਧੀਅਾਂ ਨੂੰ ਚਿੱਤ ਕਰਨ ਦੀ ਥਾਂ ’ਤੇ ਆਪਣੇ ਸਾਹਮਣੇ ਛਾਤੀ ਤਾਣ ਖੜ੍ਹਾ ਕਰਦੇ ਚਲੇ ਆ ਰਹੇ ਹਨ। ਜਸਟਿਸ ਸੋਢੀ ਦਾ ਕਹਿਣਾ ਹੈ ਕਿ ਇਸ ਸਾਰੀ ਸਥਿਤੀ ਦੇ ਸਪੱਸ਼ਟ ਹੋਣ ਦੇ ਬਾਵਜੂਦ ਸ. ਢੀਂਡਸਾ ਦੇ ਅਕਾਲੀ ਦਲ ਦੇ ਭਵਿੱਖ ਦੇ ਸਬੰਧ ’ਚ ਅਜੇ ਕੋਈ ਭਵਿੱਖਬਾਣੀ ਕਰਨਾ ਉਚਿਤ ਨਹੀਂ ਹੋਵੇਗਾ। ਉਧਰ ਪੰਜਾਬ ਦੇ ਮੁਖੀ, ਜੋ ਬਾਦਲ ਅਕਾਲੀ ਦਲ ਦੀ ਡਿਗ ਰਹੀ ਸਾਖ ਅਤੇ ਸ. ਢੀਂਡਸਾ ਦੇ ਹੋ ਰਹੇ ਉਭਾਰ ’ਤੇ ਨਜ਼ਰ ਰੱਖਦੇ ਆ ਰਹੇ ਹਨ, ਜਲਦਬਾਜ਼ੀ ’ਚ ਕੋਈ ਫੈਸਲਾ ਕਰਨ ਦੀ ਥਾਂ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਦੀ ਨੀਤੀ ਅਪਣਾਉਂਦੇ ਰਹਿਣਾ ਚਾਹੁੰਦੇ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ : ਦਿੱਲੀ ਦੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਜੌਲੀ (ਬੰਨੀ ਜੌਲੀ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ’ਤੇ ਰੋਕ ਲਾਉਣ। ਉਨ੍ਹਾਂ ਕਿਹਾ ਕਿ ਸ. ਸਿਰਸਾ ਵਲੋਂ ਜਿਸ ਤਰ੍ਹਾਂ ਸਿੱਖ ਇਤਿਹਾਸ ਨਾਲ ਛੇੜਛਾੜ ਕਰ ਕੇ ਉਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ਸਿੱਖਾਂ ਦੀ ਸਥਿਤੀ ਹਾਸੋਹੀਣੀ ਬਣਦੀ ਜਾ ਰਹੀ ਹੈ। ਸ. ਜੌਲੀ ਨੇ ਦੱਸਿਆ ਕਿ ਅਜੇ ਹਾਲ ਹੀ ’ਚ ਸ. ਸਿਰਸਾ ਦੇ ਨਾਂ ਨਾਲ ਪ੍ਰਕਾਸ਼ਿਤ ਇਕ ਵਿਸ਼ੇ ’ਚ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤਿ ਸਮਾਉਣ ਦੇ ਸਮੇਂ ਸੰਗਤਾਂ ਨੂੰ ਕਿਹਾ ਕਿ ਜਦੋਂ ਉਹ ਸਰੀਰ ’ਚ ਨਹੀਂ ਰਹਿਣਗੇ ਤਾਂ ਉਹ ਉਨ੍ਹਾਂ ਦੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਕਰਨ। (ਜਦਕਿ ਸਿੱਖ ਇਤਿਹਾਸ ਦੇ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਸੀ)। ਇਸ ਦੇ ਨਾਲ ਹੀ ਇਸੇ ਵਿਸ਼ੇ ’ਚ ਇਹ ਵੀ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜ਼ੇਬ ਵਲੋਂ ਭੇਜੇ ਗਏ ‘ਤੋਹਫਿਅਾਂ’ ਨੂੰ ਪ੍ਰਵਾਨ ਕੀਤਾ ਸੀ। (ਸਿੱਖ ਇਤਿਹਾਸ ਦੇ ਅਨੁਸਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਾਂ ਔਰੰਗਜ਼ੇਬ ਨੂੰ ਦਰਸ਼ਨ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ)।
ਜ਼ਿੰਮੇਵਾਰੀ ਕਿਸ ਦੀ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਅਾਂ ਸਿੱਖਿਅਾ ਸੰਸਥਾਵਾਂ ਦੇ ਸਟਾਫ ਵਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਗਈ, ਜਿਸ ਤੋਂ ਇਹ ਸੰਕੇਤ ਮਿਲ ਰਿਹਾ ਸੀ ਕਿ 3-3, 4-4 ਮਹੀਨਿਅਾਂ ਦੀ ਤਨਖਾਹ ਨਾ ਮਿਲਣ ਕਾਰਨ ਸਕੂਲ ਸਟਾਫ ਦੇ ਮੈਂਬਰਾਂ ਦੀ ਪਰਿਵਾਰਕ ਸਥਿਤੀ ਅਜਿਹੀ ਬਣਦੀ ਜਾ ਰਹੀ ਹੈ ਕਿ ਜੇਕਰ ਉਸ ਨੂੰ ਜਲਦ ਹੀ ਨਾ ਸੰਭਾਲਿਆ ਗਿਆ ਤਾਂ ਉਨ੍ਹਾਂ ਨੂੰ ਆਪਣੀਅਾਂ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਲਈ ਆਪਣੀ ਕਿਡਨੀ ਤਕ ਵੇਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਇਸ ਪੋਸਟ ਦੇ ਵਾਇਰਲ ਹੋਣ ਤੋਂ ਪਹਿਲਾਂ ਹੀ ਚਾਹੀਦਾ ਤਾਂ ਇਹ ਸੀ ਕਿ ਗੁਰਦੁਆਰਾ ਕਮੇਟੀ ਦੇ ਮੁਖੀ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਅਤੇ ਸਟਾਫ ਦੇ ਨਾਲ ਮਿਲ-ਬੈਠ ਕੇ ਕੋਈ ਅਜਿਹਾ ਰਸਤਾ ਕੱਢਣ ਦੀ ਕੋਸ਼ਿਸ਼ ਕਰਦੇ, ਜਿਸ ਨਾਲ ਸਿੱਖਿਆ ਸੰਸਥਾਵਾਂ ’ਚ ਦਿੱਤੀ ਜਾ ਰਹੀ ਸਿੱਖਿਆ ਅਤੇ ਉਨ੍ਹਾਂ ਲਈ ਕੀਤੇ ਜਾ ਰਹੇ ਪ੍ਰਬੰਧ ਦੀ ਸਥਿਤੀ ’ਚ ਸੁਧਾਰ ਲਿਆਂਦਾ ਜਾ ਸਕਦਾ ਪਰ ਉਨ੍ਹਾਂ ਨੇ ਅਜਿਹਾ ਕਰਨ ਦੀ ਥਾਂ ’ਤੇ ਇਕ ਤਾਂ ਇਹ ਪੋਸਟ ਪਾਉਣ ਵਾਲੇ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਅਤੇ ਦੂਸਰੇ ਪਾਸੇ ਇਹ ਵੀ ਦੱਸਿਆ ਗਿਆ ਕਿ ਕਮੇਟੀ ਪ੍ਰਧਾਨ ਨੇ ਸਟਾਫ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਦੀ ਤਨਖਾਹ ਦੇ ਸਕਣ ਦੀ ਸਥਿਤੀ ’ਚ ਨਹੀਂ, ਉਨ੍ਹਾਂ (ਸਟਾਫ ਨੇ) ਜੋ ਕਰਨਾ ਹੈ, ਕਰ ਲਵੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸਟਾਫ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਦਿੱਲੀ ਸਰਕਾਰ ’ਤੇ ਦਬਾਅ ਪਾਉਣ ਕਿ ਉਹ ਉਨ੍ਹਾਂ ਦੇ ਬਕਾਏ ਅਦਾ ਕਰਨ ਲਈ ਗੁਰਦੁਆਰਾ ਕਮੇਟੀ ਨੂੰ ਆਰਥਿਕ ਸਹਾਇਤਾ ਦੇਵੇ।
ਇਥੇ ਇਹ ਸਵਾਲ ਉੱਠਦਾ ਹੈ ਕਿ ਸਟਾਫ ਨੂੰ ਤਨਖਾਹ ਦੇਣ ਲਈ ਫੰਡ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਗੁਰਦੁਆਰਾ ਕਮੇਟੀ ਦੀ ਆਪਣੀ ਹੈ ਜਾਂ ਸਟਾਫ ਦੀ? ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠਦਾ ਹੈ ਕਿ ਦਿੱਲੀ ਸਰਕਾਰ ਉਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਕਿਵੇਂ ਦੇ ਸਕਦੀ ਹੈ, ਪਹਿਲਾਂ ਤੋਂ ਹੀ ਜਿਸ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗਦੇ ਆ ਰਹੇ ਹਨ?
...ਅਤੇ ਅਾਖਿਰ ’ਚ : ਤਿਲਕ ਵਿਹਾਰ, ਜੋ ਸੰਸਾਰ ਦੀ ਇਕੋ-ਇਕ ਅਜਿਹੀ ਕਾਲੋਨੀ ਹੈ, ਜਿਸ ਨੂੰ ਵਿਧਵਾ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ’ਚ ਵਧੇਰੇ ਉਹੀ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਦੀਅਾਂ ਮੁਖੀ ਨਵੰਬਰ 84 ਦੇ ਸਿੱਖ ਕਤਲੇਆਮ ’ਚ ਵਿਧਵਾ ਹੋ ਗਈਅਾਂ ਸਨ। ਕੋਰੋਨਾ ਵਾਇਰਸ ਦੇ ਮੁੱਢਲੇ ਹਮਲੇ ’ਚ ਹੀ ਇਸ ਕਾਲੋਨੀ ’ਚ ਵਸ ਰਹੇ ਪਰਿਵਾਰਾਂ ਦੇ ਉਹ ਮੈਂਬਰ ਬੇਕਾਰੀ ਦਾ ਸ਼ਿਕਾਰ ਹੋ ਗਏ, ਜੋ ਦਿਨ-ਰਾਤ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਦਾ ਪੇਟ ਪਾਲਦੇ ਆ ਰਹੇ ਹਨ। ਉਨ੍ਹਾਂ ਦੇ ਬੇਕਾਰ ਹੋ ਜਾਣ ਨਾਲ ਨਤੀਜੇ ਵਜੋਂ ਉਹ ਪਰਿਵਾਰ ਦਾਣੇ-ਦਾਣੇ ਲਈ ਮੋਹਤਾਜ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਉਸ ਗੁਰਦੁਆਰਾ ਕਮੇਟੀ ਦੇ ਮੁਖੀਅਾਂ ਨੇ ਉਨ੍ਹਾਂ ਦੀ ਸਾਰ ਲਈ ਜੋ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਦਾ ਦਾਅਵਾ ਕਰਦੇ ਹੋਏ ਲੰਗਰ ਦੇ ਨਾਂ ’ਤੇ ਦਾਨ ਦੇ ਰੂਪ ’ਚ ‘ਭਿੱਖਿਆ’ ਦੇਣ ਦੀ ਦੁਹਾਈ ਲੋਕਾਂ ਨੂੰ ਦਿੰਦੇ ਆ ਰਹੇ ਹਨ ਅਤੇ ਨਾ ਹੀ ਗੁਰਦੁਆਰਾ ਕਮੇਟੀ ਦਾ ਉਹ ਮੈਂਬਰ ਉਨ੍ਹਾਂ ਦੇ ਕੰਮ ਆਇਆ, ਜੋ ਉਨ੍ਹਾਂ ਦੀ ਮਦਦ ਕਰਨ ਦਾ ਵਾਅਦਾ ਕਰ ਕੇ ਉਨ੍ਹਾਂ ਦੇ ਸਹਿਯੋਗ ਨਾਲ ਕਮੇਟੀ ਦਾ ਮੈਂਬਰ ਬਣਦਾ ਆ ਰਿਹਾ ਹੈ।
ਫਿਰ ਪ੍ਰਗਟ ਹੋ ਰਿਹਾ ਬੋਦੀ ਵਾਲਾ ਤਾਰਾ
NEXT STORY