ਵਿਰੋਧੀ ਧਿਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਕਰ ਦਿੱਤੀ ਹੈ। ਕਾਕਰੋਚ ਜਨਤਾ ਪਾਰਟੀ ਨੇ ਕੇਂਦਰ ਨੂੰ ਇਕ ਨਵਾਂ ਅਲਟੀਮੇਟਮ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਿਆਨੇਸ਼ ਕੁਮਾਰ ਅਸਤੀਫ਼ਾ ਨਹੀਂ ਦਿੰਦੇ ਤਾਂ ਦੂਜਾ ਜੰਤਰ-ਮੰਤਰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉੱਥੇ ਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਦੇਸ਼ ’ਚ ਸਾਰੀਆਂ ਚੋਣਾਂ ਧਾਂਦਲੀ ਨਾਲ ਹੋ ਰਹੀਆਂ ਹਨ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਦੋ ਚੋਣ ਕਮਿਸ਼ਨਰਾਂ ਨੇ ਇਕ ਸਮਝਦਾਰੀ ਭਰਿਆ ਕਦਮ ਚੁੱਕਿਆ ਹੈ, ਨਾਲ ਹੀ ਇਹ ਵੀ ਜੋੜਿਆ ਕਿ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਸਰਕਾਰੀ ਗਵਾਹ ਬਣ ਜਾਣਾ ਚਾਹੀਦਾ ਹੈ। ਇਸ ਦੌਰਾਨ ਇੰਡੀਆ ਗੱਠਜੋੜ ਦੇ ਸਹਿਯੋਗੀ ਲੋਕ ਸਭਾ ਅਤੇ ਰਾਜ ਸਭਾ ਦੋਵਾਂ ’ਚ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇਕ ਨਵਾਂ ਨੋਟਿਸ ਦੇਣ ਦੀ ਤਿਆਰੀ ਕਰ ਰਹੇ ਹਨ। ਕੁਮਾਰ ਨੂੰ ਹਟਾਉਣ ਦੇ ਪ੍ਰਸਤਾਵ ਲਈ ਵਿਰੋਧ ਦਾ ਇਹ ਤੀਜਾ ਯਤਨ ਹੋਵੇਗਾ। ਨੋਟਿਸ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਸੰਸਦ ਦੇ ਦੋਵਾਂ ਸਦਨਾਂ ’ਚ ਪੇਸ਼ ਕਰਨ ਤੋਂ ਪਹਿਲਾਂ ਕਾਨੂੰਨੀ ਮਾਹਿਰਾਂ ਦੁਆਰਾ ਇਸ ਦੀ ਜਾਂਚ ਕੀਤੀ ਜਾਵੇਗੀ। 24 ਅਪ੍ਰੈਲ ਨੂੰ 73 ਵਿਰੋਧੀ ਸੰਸਦ ਮੈਂਬਰਾਂ ਵੱਲੋਂ ਕੁਮਾਰ ਨੂੰ ਹਟਾਉਣ ਦੀ ਮੰਗ ਵਾਲਾ ਇਕ ਨੋਟਿਸ ਰਾਜ ਸਭਾ ’ਚ ਪੈਂਡਿੰਗ ਹੈ। ਇਸ ਦੌਰਾਨ, ਚੋਣ ਕਮਿਸ਼ਨ ਨੇ ਕਿਸੇ ਵੀ ਸੁਝਾਅ ਨੂੰ ਖਾਰਿਜ ਕਰ ਦਿੱਤਾ ਹੈ ਕਿ ਉਸ ਦੇ ਫ਼ੈਸਲੇ ਵੰਡੇ ਹੋਏ ਸਨ ਜਾਂ ਕਿ ਦੋ ਚੋਣ ਕਮਿਸ਼ਨਰਾਂ ਨੇ ਪੂਰਨ ਕਮਿਸ਼ਨ ਦੇ ਫ਼ੈਸਲਿਆਂ ਨਾਲ ਰਸਮੀ ਤੌਰ ’ਤੇ ਅਸਹਿਮਤੀ ਜਤਾਈ ਸੀ।
ਉੱਤਰ ਪ੍ਰਦੇਸ਼ ਦੀਆਂ ਸਿਆਸੀ ਸਰਗਰਮੀਆਂ : ਉੱਤਰ ਪ੍ਰਦੇਸ਼ ’ਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਕਿਉਂਕਿ ਕੈਰਾਨਾ ਤੋਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਇਕਰਾ ਹਸਨ ਨੇ ਇਹ ਦਾਅਵਾ ਕਰ ਕੇ ਇਕ ਸੰਵੇਦਨਸ਼ੀਲ ਮੁੱਦੇ ਨੂੰ ਛੇੜ ਦਿੱਤਾ ਹੈ ਕਿ ਅਖਿਲੇਸ਼ ਯਾਦਵ ਹੀ ਇਕੱਲੇ ਅਜਿਹੇ ਵਿਅਕਤੀ ਹਨ ਜੋ ਭਾਜਪਾ ਨੂੰ ਹਰਾ ਸਕਦੇ ਹਨ। ਉਨ੍ਹਾਂ ਨੇ ਕਿਹਾ, ‘‘ਕਾਂਗਰਸ ਆਪਣੇ ਦਮ ’ਤੇ ਜ਼ਿਆਦਾ ਕੁਝ ਹਾਸਲ ਨਹੀਂ ਕਰ ਪਾਵੇਗੀ।’’ ਪਰ ਦੂਜੇ ਪਾਸੇ ਇਹ ਟਿੱਪਣੀ ਕਾਂਗਰਸ ਨੂੰ ਚੰਗੀ ਨਹੀਂ ਲੱਗੀ। ਸਹਾਰਨਪੁਰ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਹਸਨ ਨੂੰ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਹੀ ਹਨ ਜੋ ਭਾਜਪਾ ਨੂੰ ਪ੍ਰੇਸ਼ਾਨ ਕਰਦੇ ਹਨ। ਸੂਤਰਾਂ ਅਨੁਸਾਰ, ਅਖਿਲੇਸ਼ ਯਾਦਵ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਦੇਣ ਲਈ ਸਹਿਮਤ ਨਹੀਂ ਸਨ ਪਰ ਕਾਂਗਰਸ 100 ਸੀਟਾਂ ਦੀ ਮੰਗ ਕਰ ਰਹੀ ਹੈ। ਹੁਣ ਅਖਿਲੇਸ਼ ਯਾਦਵ ਦੇ ਸਾਹਮਣੇ ਕਾਂਗਰਸ ਨਾਲ ਸੀਟ-ਵੰਡ ’ਤੇ ਆਮ ਸਹਿਮਤੀ ਬਣਾਉਣ ਅਤੇ ਇਕ ਸਾਂਝੇ ਘੱਟੋ-ਘੱਟ ਪ੍ਰੋਗਰਾਮ ’ਤੇ ਸਹਿਮਤ ਹੋਣ ਦੀ ਸਖਤ ਚੁਣੌਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਨੇ 111 ਸੀਟਾਂ ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਸਨ। ਜਿੱਥੋਂ ਤੱਕ ਸੀਟ-ਵੰਡ ਦੀ ਗੱਲ ਹੈ, ਅੰਤਿਮ ਫ਼ੈਸਲਾ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਵਿਚਾਲੇ ਸਿੱਧੀ ਗੱਲਬਾਤ ਰਾਹੀਂ ਲਿਆ ਜਾਵੇਗਾ। ਹਾਲਾਂਕਿ ਸੀਟਾਂ ਦੀ ਗਿਣਤੀ ਨੂੰ ਲੈ ਕੇ ਯਕੀਨਨ ਕੁਝ ਸੌਦੇਬਾਜ਼ੀ ਹੋਵੇਗੀ ਪਰ ਦੋਵਾਂ ਦਲਾਂ ਦੇ ਨੇਤਾ ਇਸ ਗੱਲ ਨੂੰ ਲੈ ਕੇ ਆਸ਼ਾਵਾਦੀ ਹਨ ਕਿ ਇਕ ਆਪਸੀ ਸਵੀਕਾਰਯੋਗ ਹੱਲ ਨਿਕਲ ਆਵੇਗਾ।
ਮਾਇਆਵਤੀ ਨੇ ਈਸ਼ਾਨ ਨੂੰ ਸੌਂਪੀ ਬਸਪਾ ਦੀ ਜ਼ਿੰਮੇਵਾਰੀ : ਬਹੁਜਨ ਸਮਾਜ ਪਾਰਟੀ ਨੇ ਪਾਰਟੀ ਪ੍ਰਧਾਨ ਮਾਇਆਵਤੀ ਦੇ ਛੋਟੇ ਭਤੀਜੇ ਈਸ਼ਾਨ ਆਨੰਦ ਨੂੰ ਨਵਾਂ ਰਾਸ਼ਟਰੀ ਕਨਵੀਨਰ ਨਿਯੁਕਤ ਕੀਤਾ ਹੈ, ਜਦੋਂ ਉਨ੍ਹਾਂ ਦੇ ਵੱਡੇ ਭਰਾ ਆਕਾਸ਼ ਆਨੰਦ ਨੂੰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਸੀ। ਇਹ ਫ਼ੈਸਲਾ ਲਖਨਊ ’ਚ ਪਾਰਟੀ ਹੈੱਡਕੁਆਰਟਰ ’ਚ ਆਯੋਜਿਤ ਬਸਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ’ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਮਾਇਆਵਤੀ ਨੇ ਕੀਤੀ। ਈਸ਼ਾਨ ਅਤੇ ਆਕਾਸ਼, ਮਾਇਆਵਤੀ ਦੇ ਛੋਟੇ ਭਰਾ ਅਤੇ ਬਸਪਾ ਦੇ ਰਾਸ਼ਟਰੀ ਉਪ-ਪ੍ਰਧਾਨ ਆਨੰਦ ਕੁਮਾਰ ਦੇ ਬੇਟੇ ਹਨ। ਉੱਥੇ ਹੀ, ਬਸਪਾ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਆਪਣੀ ਸੰਗਠਨਾਤਮਕ ਸਮਰੱਥਾ ਦੇ ਆਧਾਰ ’ਤੇ ਲੜੇਗੀ, ਨਾ ਕਿ ਕਿਸੇ ਹੋਰ ਪਾਰਟੀ ਦੇ ਸਮਰਥਨ ਨਾਲ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਚੋਣ ਤਿਆਰੀਆਂ ’ਚ ਪੂਰੀ ਤਰ੍ਹਾਂ ਨਾਲ ਜੁਟ ਜਾਣ ਅਤੇ ਪੂਰੇ ਭਾਈਚਾਰੇ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਾਰਟੀ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮਜ਼ਬੂਤ ਅਤੇ ਸਮਰੱਥ ਉਮੀਦਵਾਰ ਚੁਣਨ, ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਪਹਿਲਾਂ ਜਾਰੀ ਕੀਤੇ ਗਏ ਚੋਣ ਨਿਰਦੇਸ਼ਾਂ ਦੀ ਤਾਮੀਲ ਨੂੰ ਯਕੀਨੀ ਬਣਾਉਣ।
ਰਾਜਭਰ ਦਾ ਦਾਅਵਾ : 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਯੂ. ਪੀ. ਦੇ ਮੰਤਰੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਇਹ ਦਾਅਵਾ ਕੀਤਾ ਹੈ ਕਿ ਯੂ. ਪੀ. ਨੂੰ ਅਖੀਰ ’ਚ ਚਾਰ ਸੂਬਿਆਂ- ਪੂਰਵਾਂਚਲ, ਮਧਿਆਂਚਲ, ਬੁੰਦੇਲਖੰਡ ਅਤੇ ਹਰਿਤ ਪ੍ਰਦੇਸ਼ ’ਚ ਵੰਡਿਆ ਜਾਵੇਗਾ ਅਤੇ ਪੂਰਵਾਂਚਲ ਸੂਬਾ ਬਣਨ ’ਤੇ ਇਕ ਰਾਜਭਰ ਦਾ ਬੇਟਾ ਮੁੱਖ ਮੰਤਰੀ ਬਣੇਗਾ। ਉਨ੍ਹਾਂ ਨੇ ਕਿਹਾ, ‘‘ਜੇਕਰ ਮੁੱਖ ਮੰਤਰੀ ਕਿਸੇ ਵੀ ਜਾਤ ਤੋਂ ਹੋਣਾ ਹੈ, ਤਾਂ ਰਾਜਭਰ ਦਾ ਬੇਟਾ ਮੁੱਖ ਮੰਤਰੀ ਬਣੇਗਾ।’’ ਐੱਨ. ਡੀ. ਏ. ਸਹਿਯੋਗੀ ਰਾਜਭਰ ਨੇ ਪ੍ਰਸਤਾਵਿਤ ਵੰਡ ਨੂੰ ਜਾਤੀ ਜਨਗਣਨਾ ਦੇ ਪੂਰਾ ਹੋਣ ਨਾਲ ਵੀ ਜੋੜਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਲਾਹ ਕੀਤੀ ਹੈ। ਹਾਲਾਂਕਿ, ਰਾਜਭਰ ਦੇ ਦਾਅਵੇ ਨੂੰ ਕਾਂਗਰਸ ਨੇਤਾ ਇਮਰਾਨ ਮਸੂਦ ਦਾ ਸਮਰਥਨ ਮਿਲਿਆ, ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਨੂੰ ਛੋਟੇ ਸੂਬਿਆਂ ’ਚ ਵੰਡਣ ਦੇ ਵਿਚਾਰ ਦਾ ਸਮਰਥਨ ਕੀਤਾ, ਇਹ ਦਲੀਲ ਦਿੰਦੇ ਹੋਏ ਕਿ ਸੂਬੇ ਦਾ ਵੱਡਾ ਭੂਗੋਲਿਕ ਆਕਾਰ ਪ੍ਰਸ਼ਾਸਨ ਅਤੇ ਯਾਤਰਾ ਨੂੰ ਔਖਾ ਬਣਾਉਂਦਾ ਹੈ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਇਸ ਵਿਚਾਰ ਨੂੰ ਖਾਰਿਜ ਕਰ ਦਿੱਤਾ ਅਤੇ ਦੇਸ਼ ਤੇ ਸੂਬੇ ਨੂੰ ਵੰਡਣ ਦੇ ਯਤਨਾਂ ਵਿਰੁੱਧ ਚਿਤਾਵਨੀ ਦਿੱਤੀ। ਰਾਜਭਰ ਮੁੱਖ ਤੌਰ ’ਤੇ ਪੂਰਵਾਂਚਲ ’ਚ ਕੇਂਦਰਿਤ ਇਕ ਓ. ਬੀ. ਸੀ. ਭਾਈਚਾਰਾ ਹੈ, ਵਿਸ਼ੇਸ਼ ਤੌਰ ’ਤੇ ਗਾਜ਼ੀਪੁਰ, ਮਊ, ਬਲੀਆ, ਵਾਰਾਣਸੀ, ਚੰਦੌਲੀ, ਆਜ਼ਮਗੜ੍ਹ ਅਤੇ ਆਲੇ-ਦੁਆਲੇ ਦੇ ਪੂਰਬੀ ਯੂ. ਪੀ. ਜ਼ਿਲਿਆਂ ’ਚ। ਅਨੁਮਾਨਾਂ ਅਨੁਸਾਰ, ਉਹ ਯੂ. ਪੀ. ਦੀ ਆਬਾਦੀ ਦਾ ਲਗਭਗ 3-4 ਫੀਸਦੀ ਅਤੇ ਪੂਰਵਾਂਚਲ, ਜੋ ਸੂਬੇ ਦਾ ਪੂਰਬੀ ਹਿੱਸਾ ਹੈ, ’ਚ 17-18 ਫੀਸਦੀ ਹਨ। ਅਜਿਹੀ ਇਕਾਗਰਤਾ ਭਾਈਚਾਰੇ ਨੂੰ ਪੂਰਬੀ ਯੂ. ਪੀ. ਦੇ ਕਈ ਚੋਣ ਹਲਕਿਆਂ ’ਚ ਸਿਆਸੀ ਵਜ਼ਨ ਪ੍ਰਦਾਨ ਕਰਦੀ ਹੈ।
- ਰਾਹਿਲ ਨੋਰਾ ਚੋਪੜਾ
ਕਾਂਗਰਸ ‘ਵੰਦੇ ਮਾਤਰਮ’ ਦਾ ਵਿਰੋਧ ਕਿਉਂ ਕਰਦੀ ਹੈ?
NEXT STORY