ਜੰਤਰ-ਮੰਤਰ ਵਿਖੇ ‘ਜੈੱਨ’ ਜੀ ਅੰਦੋਲਨ ਤੇ ਉਸ ਦੇ ਦਬਾਅ ’ਚ ਨਰਿੰਦਰ ਮੋਦੀ ਸਰਕਾਰ ਵੱਲੋਂ ਪਹਿਲੀ ਵਾਰ ਕਿਸੇ ਮੰਤਰੀ ਦੇ ਅਸਤੀਫ਼ੇ ਨਾਲ ਬਦਲਦੇ ਸਿਆਸੀ ਦ੍ਰਿਸ਼ ’ਚ ਪੰਜਾਬ ਯੂਨੀਵਰਸਿਟੀ (ਪੀ. ਯੂ.) ਅਤੇ ਦਿੱਲੀ ਯੂਨੀਵਰਸਿਟੀ (ਡੀ. ਯੂ.) ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਆਨਲਾਈਨ ਬਣੀ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦਾ ਨੀਟ ਪੇਪਰ ਲੀਕ ਮਾਮਲੇ ’ਚ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਜੰਤਰ-ਮੰਤਰ ਅੰਦੋਲਨ ਸਿੱਖਿਆ-ਪ੍ਰੀਖਿਆ ਵਿਵਸਥਾ ਦੇ ਵਿਰੁੱਧ ਵਿਦਿਆਰਥੀ -ਯੁਵਾ ਰੋਸ ਦਾ ਪ੍ਰਤੀਕ ਬਣ ਗਿਆ ਸੀ।
ਦੇਰ ਨਾਲ ਹੀ ਸਹੀ, ਮੋਦੀ ਸਰਕਾਰ ਨੇ ਉਸ ਦੇ ਦਬਾਅ ਅੱਗੇ ਝੁਕਣਾ ਬਿਹਤਰ ਸਮਝਿਆ। ਨਾ ਸਿਰਫ਼ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦਿੱਤਾ, ਸਗੋਂ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਕੇਸ ਵਾਪਸ ਲੈਣ ਦੀਆਂ ਮੰਗਾਂ ਮੰਨਣ ਦਾ ਐਲਾਨ ਵੀ 2 ਮੰਤਰੀਆਂ ਨੇ ਸੀ . ਜੇ. ਪੀ. ਨੁਮਾਇੰਦਿਆਂ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਕੀਤਾ।
ਇਸ ਦ੍ਰਿਸ਼ ਤੋਂ ਵਿਰੋਧੀ ਧਿਰਾਂ ਦਾ ਸਵੈ-ਭਰੋਸਾ ਸੱਤਵੇਂ ਆਸਮਾਨ ’ਤੇ ਪਹੁੰਚ ਜਾਣਾ ਸੁਭਾਵਿਕ ਹੀ ਸੀ। ਜੋ ਕੰਮ ਵਿਰੋਧੀ ਧਿਰ 12 ਸਾਲ ’ਚ ਨਹੀਂ ਕਰ ਸਕੀ, ਉਹ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀ ਟਿੱਪਣੀ ਦੇ ਪ੍ਰਤੀਕਰਮ ਵਜੋਂ ਬਣੀ ਸੀ. ਜੇ. ਪੀ. ਨੇ ਕੁਝ ਮਹੀਨਿਆਂ ’ਚ ਕਰ ਵਿਖਾਇਆ।
ਜੰਤਰ-ਮੰਤਰ ਤੋਂ ਬਾਅਦ ਵਿਧਾਨ ਸਭਾ ਦੀਆਂ ਹੋਈਆਂ ਉਪ ਚੋਣਾਂ ’ਚੋਂ 2 ’ਚ ਭਾਜਪਾ ਦੀ ਹਾਰ ਨੂੰ ਵੀ ਹੋਰ ਕਾਰਨਾਂ ਨਾਲ ਹੀ ‘ਜੈੱਨ ਜੀ’ ਅਸੰਤੋਸ਼ ਨਾਲ ਜੋੜ ਕੇ ਵੇਖਿਆ-ਵਿਖਾਇਆ ਗਿਆ। ਬਾਂਕੀਪੁਰ ਸੀਟ ਤਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ। ਕੁਝ ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਖਾਤਾ ਤੱਕ ਨਾ ਖੋਲ੍ਹ ਸਕਣ ਵਾਲੀ ਜਨ ਸੁਰਾਜ ਪਾਰਟੀ ਦੇ ਮੁਖੀ ਪ੍ਰਸ਼ਾਂਤ ਕਿਸ਼ੋਰ ਦੇ ਮੁਕਾਬਲੇ ਬਾਂਕੀਪੁਰ ’ਚ ਭਾਜਪਾ ਨਿਤਿਨ ਨਬੀਨ ਸਮੇਤ ਕਈ ਮੁੱਖ ਬੂਥਾਂ ’ਤੇ ਵੀ ਹਾਰ ਗਈ।
ਅਜਿਹੀ ਸਥਿਤੀ ’ਚ ਅਗਲੇ ਸਾਲ 7 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਭਾਜਪਾ ਅਤੇ ਉਸ ਦੀਆਂ ਵਿਰੋਧੀ ਪਾਾਰਟੀਆਂ ਦੇ ਮਨੋਬਲ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੋਣਾ ਚਾਹੀਦਾ ਸੀ ਪਰ ਪੀ. ਯੂ. ਅਤੇ ਡੀ. ਯੂ. ਦੀਆਂ ਵਿਦਿਆਆਰਥੀ ਯੂਨੀਅਨ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਨੂੰ ਮੁੜ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਤਕਨੀਕੀ ਪੱਖੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਰਾਸ਼ਟਰੀ ਸਵੈਮ-ਸੇਵਕ ਸੰਘ ਨਾਲ ਜੁੜੀ ਹੋਈ ਹੈ ਪਰ ਭਾਜਪਾ ਨਾਲ ਉਸ ਦੇ ਰਿਸ਼ਤੇ ਲੁਕੇ ਹੋਏ ਨਹੀਂ ਹਨ। ਇਸੇ ਲਈ ਪਹਿਲਾਂ ਪੀ. ਯੂ. ਅਤੇ ਫਿਰ ਡੀ. ਯੂ. ’ਚ ਵੀ ਏ. ਬੀ. ਵੀ. ਪੀ. ਦੀ ਜਿੱਤ ’ਤੇ ਵਧਾਈ ਦੇਣ, ਜੈੱਨ ਜੀ ’ਚ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਦੱਸਣ ਅਤੇ ਵਿਰੋਧੀ ਧਿਰ ਨੂੰ ਨਸੀਹਤ ਦੇਣ ਦੀ ਭਾਜਪਾ ਆਗੂਆਂ ’ਚ ਦੌੜ ਜਿਹੀ ਲੱਗ ਗਈ।
ਪੰਜਾਬ ਯੂਨੀਵਰਸਿਟੀ ’ਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀ ਵਧੇਰੇ ਪੜ੍ਹਦੇ ਹਨ। ਸੁਭਾਵਿਕ ਹੀ ਸਭ ਤੋਂ ਵੱਧ ਦਬਦਬਾ ਪੰਜਾਬ ਦੇ ਵਿਦਿਆਰਥੀਆਂ ਦਾ ਹੀ ਰਹਿੰਦਾ ਹੈ। ਕੋਸ਼ਿਸ਼ ਤਾਂ ਹਰਿਆਣਾ ਅਤੇ ਹਿਮਾਚਲ ਦੇ ਆਗੂ ਵੀ ਕਰਦੇ ਹਨ ਪਰ ਪੀ.ਯੂ. ਦੀ ਸਿਆਸਤ ਨਾਲ ਪੰਜਾਬ ਸਿੱਧਾ ਜੁੜਿਆ ਰਹਿੰਦਾ ਹੈ। ਇਸੇ ਲਈ ਪੰਜਾਬ ’ਚ ਸੱਤਾਧਾਰੀ ‘ਆਪ’ ਨੇ ਨੌਜਵਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੀ. ਯੂ. ਚੋਣਾਂ ਦਾ ਇੰਚਾਰਜ ਬਣਾਇਆ ਪਰ ਉਹ ਏ. ਬੀ. ਵੀ. ਪੀ. ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਦਾ ਅਹੁਦਾ ਜਿੱਤਣ ਤੋਂ ਨਹੀਂ ਰੋਕ ਸਕੇ। ਪੰਜਾਬ ’ਚ ਭਾਜਪਾ ਦੀ ਪਛਾਣ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਭਾਈਵਾਲ ਵਜੋਂ ਹੀ ਰਹੀ ਹੈ। ਫਿਰ ਵੀ ਲਗਾਤਾਰ ਦੂਜੀ ਵਾਰ ਏ. ਬੀ. ਵੀ. ਪੀ. ਦੀ ਪ੍ਰਧਾਨਗੀ ਜਿੱਤਣਾ ਸੱਤਾਧਾਰੀ ‘ਆਪ’ ਤੇ ਮੁੱਖ ਵਿਰੋਧੀ ਧਿਰ ਕਾਂਗਰਸ ਲਈ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਜ਼ੋਰਦਾਰ ਝਟਕਾ ਹੈ। ਪ੍ਰਧਾਨ ਦੇ ਅਹੁਦੇ ਦੇ ਮੁਕਾਬਲੇ ’ਚ ‘ਆਪ’ ਦਾ ਵਿਦਿਆਰਥੀ ਸੰਗਠਨ ਦੂਜੇ ਅਤੇ ਕਾਂਗਰਸ ਦਾ ਸੰਗਠਨ ਐੱਨ. ਐੱਸ. ਯੂ. ਆਈ. ਤੀਜੇ ਨੰਬਰ ’ਤੇ ਰਿਹਾ।
ਹਾਰ ਦੀ ਸ਼ਰਮਿੰਦਗੀ ਲੁਕਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ਸੋਈ ਵੱਲੋਂ ਏ. ਬੀ. ਵੀ. ਪੀ. ਨੂੰ ਹਮਾਇਤ ਦੀ ਓਟ ਲਈ ਜਾ ਰਹੀ ਹੈ। ਬੇਸ਼ੱਕ ਆਪਣੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋ ਜਾਣ ’ਤੇ ਸੋਈ ਨੇ ਏ. ਬੀ. ਵੀ. ਪੀ. ਨੂੰ ਹਮਾਇਤ ਦਿੱਤੀ ਅਤੇ ਉਸ ਨੂੰ ਦੋਹਾਂ ਵਿਚਾਲੇ ਫਿਰ ਤੋਂ ਚੋਣ ਗੱਠਜੋੜ ਦਾ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਪਰ ਇਸ ਸੱਚ ਤੋਂ ਤਾਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਪਿਛਲੀ ਵਾਰ ਏ. ਬੀ. ਵੀ. ਪੀ. ਆਪਣੇ ਦਮ ’ਤੇ ਪ੍ਰਧਾਨ ਦਾ ਅਹੁਦਾ ਜਿੱਤਣ ’ਚ ਸਫ਼ਲ ਰਹੀ ਸੀ। ਇਹ ਵੀ ਕਿ ਉਸ ਤੋਂ ਪਹਿਲਾਂ ਇਕ ਦਹਾਕੇ ਤੱਕ ਪੀ. ਯੂ. ’ਚ ਐੱਨ. ਐੱਸ. ਯੂ. ਆਈ. ਅਤੇ ਖੇਤਰੀ ਵਿਦਿਆਰਥੀ ਸੰਗਠਨ ਦਾ ਹੀ ਦਬਦਬਾ ਰਿਹਾ।
ਪੀ. ਯੂ. ਤੋਂ ਬਾਅਦ ਹੋਈਆਂ ਡੀ. ਯੂ. ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਨਤੀਜੇ ਤਾਂ ਹੋਰ ਵੀ ਹੈਰਾਨ ਕਰਨ ਵਾਲੇ ਹਨ। ਬੇਸ਼ੱਕ ਐੱਨ. ਐੱਸ. ਯੂ. ਆਈ. ਦੇ ਉਮੀਦਵਾਰਾਂ ਨੇ ਸਖ਼ਤ ਟੱਕਰ ਦਿੱਤੀ ਪਰ ਏ. ਬੀ. ਵੀ. ਪੀ. ਪ੍ਰਧਾਨ ਸਮੇਤ 3 ਅਹੁਦੇ ਜਿੱਤਣ ’ਚ ਸਫ਼ਲ ਹੋ ਗਈ।
ਇਕ ਦਹਾਕੇ ’ਚ ਪਹਿਲੀ ਵਾਰ ਐੱਨ. ਐੱਸ. ਯੂ. ਆਈ. ਦਾ ਖਾਤਾ ਤੱਕ ਨਹੀਂ ਖੁੱਲ੍ਹਿਆ। ਜੰਤਰ-ਮੰਤਰ ਤੋਂ ਬਾਅਦ ਸਿੱਖਿਆ-ਪ੍ਰੀਖਿਆ ਵਿਵਸਥਾ ਦੀਆਂ ਖਾਮੀਆਂ ਕਾਰਨ ਜਿਸ ਭਾਜਪਾ ਨੂੰ ‘ਜੈੱਨ ਜੀ’ ਦੇ ਨਿਸ਼ਾਨੇ ’ਚ ਮੰਨਿਆ ਜਾ ਰਿਹਾ ਸੀ, ਉਸੇ ਵੱਲੋਂ ਸਮਰਥਿਤ ਏ. ਬੀ. ਵੀ. ਪੀ. ਦੀ ਦਿੱਲੀ ਯੂਨੀਵਰਸਿਟੀ ’ਚ ਅਜਿਹੀ ਜਿੱਤ ਸਾਧਾਰਨ ਘਟਨਾ ਤਾਂ ਬਿਲਕੁਲ ਹੀ ਨਹੀਂ ਹੈ। ਡੀ. ਯੂ. ਨਾਲ ਜੁੜੇ ਕਾਲਜਾਂ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ ’ਚ ਵੀ ਏ. ਬੀ. ਵੀ. ਪੀ. ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ।
ਸਿਰਫ਼ ਡੇਢ ਮਹੀਨੇ ’ਚ ‘ਜੈੱਨ ਜੀ’ ਦਾ ਮਨ ਜਾਂ ਉਸ ਬਾਰੇ ਚੱਲ ਰਿਹਾ ਨੈਰੇਟਿਵ ਕਿਵੇਂ ਬਦਲ ਗਿਆ? ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸੀ. ਜੇ. ਪੀ. ਨੇਤਾ ਸੌਰਵ ਦਾਸ ਨੇ ਏ. ਬੀ. ਵੀ. ਪੀ. ਦੀ ਸਾਧਨ ਸੰਪੰਨਤਾ ਦਾ ਜ਼ਿਕਰ ਕਰਦਿਆਂ ਡੀ. ਯੂ. ਚੋਣਾਂ ਦਾ ਰਵਾਇਤੀ ਵਿਸ਼ਲੇਸ਼ਣ ਹੀ ਕੀਤਾ ਹੈ ਕਿ ਵਿਰੋਧੀ ਧਿਰ ਇਕਜੁੱਟਤਾ ਦੀ ਘਾਟ ਕਾਰਨ ਹਾਰੀ। ਬੇਸ਼ੱਕ ਏ. ਬੀ. ਵੀ. ਪੀ. ਦੇ ਉਮੀਦਵਾਰ ਵਧੇਰੇ ਫ਼ਰਕ ਨਾਲ ਨਹੀਂ ਜਿੱਤੇ। ਜੇ ਸਾਰੀਆਂ ਵਿਰੋਧੀ ਧਿਰਾਂ ਇਕਜੁੱਟਤਾ ਨਾਲ ਉਮੀਦਵਾਰ ਚੁਣਦੀਆਂ ਤੇ ਚੋਣ ਲੜਦੀਆਂ ਤਾਂ ਨਤੀਜੇ ਪਲਟ ਵੀ ਸਕਦੇ ਸਨ ਪਰ ਜੋ ਵਿਰੋਧੀ ਧਿਰ ਸਹੀ ਉਮੀਦਵਾਰ ਨਹੀਂ ਚੁਣ ਸਕਦੀ, ਉਸ ਤੋਂ ਇਕਜੁੱਟ ਹੋ ਕੇ ਚੋਣ ਲੜਨ ਦੀ ਉਮੀਦ ਕੁਝ ਵਧੇਰੇ ਹੀ ਹੈ। ਵੰਡੀ ਹੋਈ ਵਿਰੋਧੀ ਧਿਰ ਦੀ ਇਹ ਤ੍ਰਾਸਦੀ ਨਾ ਤਾਂ ਨਵੀਂ ਹੈ ਤੇ ਨਾ ਹੀ ਕਿਸੇ ਤੋਂ ਲੁਕੀ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦਾ ਹਾਲ ਇਹ ਹੈ ਕਿ ਉਸ ਨੇ ਉਸ ਦੀਪਾਂਸ਼ੂ ਸ਼ੌਕੀਨ ਨੂੰ ਮੀਤ ਪ੍ਰਧਾਨ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਦੇ ਯੋਗ ਨਹੀਂ ਸਮਝਿਆ, ਜਿਸ ਨੇ ਆਜ਼ਾਦ ਲੜ ਕੇ 30,000 ਤੋਂ ਵੀ ਵੱਧ ਰਿਕਾਰਡ ਵੋਟਾਂ ਹਾਸਲ ਕੀਤੀਆਂ ਅਤੇ 13 ਹਜ਼ਾਰ ਤੋਂ ਵੀ ਵੱਧ ਫ਼ਰਕ ਨਾਲ ਜਿੱਤ ਹਾਸਲ ਕੀਤੀ। 17 ਸਾਲ ’ਚ ਪਹਿਲੀ ਵਾਰ ਕਿਸੇ ਆਜ਼ਾਦ ਉਮੀਦਵਾਰ ਨੇ ਡੀ. ਯੂ. ਦੇ ਕੇਂਦਰੀ ਪੈਨਲ ’ਚ ਜਿੱਤ ਦਾ ਪਰਚਮ ਲਹਿਰਾਇਆ ਹੈ। ਡੀ.ਯੂ. ’ਚ ਐੱਨ. ਐੱਸ. ਯੂ. ਆਈ. ਦੇ ਸਿਫ਼ਰ ਤੋਂ ਬਾਅਦ ਰਾਹੁਲ ਗਾਂਧੀ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਤੋਂ ਕਾਂਗਰਸ ਕਿੰਨਾ ਸੁਧਰੇਗੀ, ਇਹ ਤਾਂ ਸਮਾਂ ਹੀ ਦੱਸੇਗਾ।
—ਰਾਜਕੁਮਾਰ ਸਿੰਘ
ਮੁੱਢਲੀ ਸਿੱਖਿਆ ’ਤੇ ਵਧੇਰੇ ਧਿਆਨ ਦੇਣ ਦੀ ਲੋੜ
NEXT STORY