ਅੱਜ ਜਨਮ ਦਿਵਸ ’ਤੇ ਵਿਸ਼ੇਸ਼
ਚੌਧਰੀ ਦੇਵੀਲਾਲ ਜਾਤੀ, ਧਰਮ, ਫਿਰਕੇ ਤੋਂ ਉੱਪਰ ਉੱਠੇ ਹੋਏ ਇਕ ਮਹਾਨ ਸਿਆਸਤਦਾਨ ਅਤੇ ਰਾਸ਼ਟਰਵਾਦੀ ਸ਼ਖਸ ਸਨ। ਉਨ੍ਹਾਂ ਦਾ ਜਨਮ 25 ਸਤੰਬਰ, 1914 ਨੂੰ ਤਤਕਾਲੀ ਜ਼ਿਲਾ ਹਿਸਾਰ ਦੇ ਤੇਜਾ ਖੇੜਾ ਪਿੰਡ ’ਚ ਹੋਇਆ, ਜੋ ਹੁਣ ਜ਼ਿਲਾ ਸਿਰਸਾ ’ਚ ਹਰਿਆਣਾ ਦੇ ਆਖਰੀ ਸਿਰੇ ਦਾ ਪਿੰਡ ਹੈ। ਬਚਪਨ ਤੋਂ ਹੀ ਸਿਆਸਤ ’ਚ ਰੁਚੀ ਹੋਣ ਕਾਰਨ ਚੌਧਰੀ ਦੇਵੀਲਾਲ ਨੇ ਜੀਵਨ ਭਰ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹਰਿਆਣਾ ਦੇ ਗਠਨ ਅਤੇ ਗਰੀਬ-ਗੁਰਬੇ ਸਮਾਜ ਨੂੰ ਲਾਮਬੰਦ ਕਰਨ ਲਈ ਸੰਘਰਸ਼ ਕੀਤਾ ਅਤੇ ਸਿਆਸਤ ਦੇ ਚੋਟੀ ਦੇ ਪੁਰਸ਼ ਬਣੇ। ਹਰਿਆਣਾ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਉਪ-ਪ੍ਰਧਾਨ ਮੰਤਰੀ ਅਹੁਦੇ ਭਾਵ ਸੱਤਾ ਦੇ ਸਿਖਰ ’ਤੇ ਪਹੁੰਚਣ ਪਿੱਛੋਂ ਵੀ ਉਨ੍ਹਾਂ ਨੇ ਸਦਾ ਸਾਦਗੀ ਭਰਿਆ ਜੀਵਨ ਜੀਵਿਆ।
ਚੌਧਰੀ ਦੇਵੀਲਾਲ ਸਿਆਸਤ ਅਤੇ ਸਮਾਜ ਸੇਵਾ ਦੀ ਅਜਿਹੀ ਸੰਸਥਾ ਸਨ ਜਿਨ੍ਹਾਂ ਵਲੋਂ ਲਾਏ ਗਏ ਪੌਦੇ ਹੁਣ ਬੋਹੜ ਬਣ ਚੁੱਕੇ ਹਨ ਅਤੇ ਵੱਖ-ਵੱਖ ਪਾਰਟੀਆਂ ’ਚ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ। ਅਜਿਹੇ ਮਹਾਨ ਸਿਆਸੀ ਆਗੂ ਵਿਰਲੇ ਹੀ ਮਿਲਦੇ ਹਨ। ਚੌਧਰੀ ਦੇਵੀਲਾਲ ਦਾ ਦਿਲ ਸਦਾ ਗਰੀਬਾਂ ਅਤੇ ਦੱਬੇ-ਕੁਚਲੇ ਵਰਗ ਲਈ ਧੜਕਦਾ ਸੀ। ਇਸ ਲਈ ਜਨਤਾ ਨੇ ਚੌਧਰੀ ਦੇਵੀਲਾਲ ਨੂੰ ਜਨ-ਨਾਇਕ ਦਾ ਦਰਜਾ ਦਿੱਤਾ ਅਤੇ ਪੂਰੇ ਦੇਸ਼ ’ਚ ‘ਤਾਊ ਦੇਵੀਲਾਲ’ ਦੇ ਨਾਂ ਨਾਲ ਮਸ਼ਹੂਰ ਹੋਏ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਮੈਨੂੰ ਖੁਦ 1989 ’ਚ ਦੇਖਣ ਨੂੰ ਮਿਲੀ ਅਤੇ ਬਾਖੂਬੀ ਮਹਿਸੂਸ ਵੀ ਕੀਤੀ। ਚੌਧਰੀ ਦੇਵੀਲਾਲ ਨੇ 31 ਮਾਰਚ, 1989 ’ਚ ਮੇਰੇ ਪਿੰਡ ਖੇੜੀ ਮਸਾਣੀਆਂ ’ਚ ਜਿਨ੍ਹਾਂ ਹਾਲਾਤ ’ਚ ਅਨੁਸੂਚਿਤ ਜਾਤੀ ਦੀ ਚੌਪਾਲ ਦਾ ਉਦਘਾਟਨ ਕੀਤਾ ਸੀ ਉਸ ਨਾਲ ਚੌਧਰੀ ਦੇਵੀਲਾਲ ਦੀ 36 ਬਿਰਾਦਰੀਆਂ ਦਾ ਆਗੂ ਹੋਣ ਦੀ ਪ੍ਰਮਾਣਿਕਤਾ ਹੋਰ ਪੱਕੀ ਹੋਈ ਸੀ।
ਮਾਮਲਾ ਇਹ ਸੀ ਕਿ ਉਸ ਸਮੇਂ ਮੁੱਖ ਮੰਤਰੀ ਚੌਧਰੀ ਦੇਵੀਲਾਲ ਨੇ ਪਿੰਡ-ਪਿੰਡ ’ਚ ਅਨੁਸੂਚਿਤ ਜਾਤੀ ਦੀਆਂ ਚੌਪਾਲਾਂ ਦੀ ਉਸਾਰੀ ਕਰਵਾਏ ਜਾਣ ਦਾ ਐਲਾਨ ਕੀਤਾ ਸੀ ਅਤੇ ਹਜ਼ਾਰਾਂ ਪਿੰਡਾਂ ’ਚ ਚੌਪਾਲਾਂ ਦੀ ਉਸਾਰੀ ਕਰਵਾਈ ਸੀ। ਚੌਪਾਲ ਦੀ ਉਸਾਰੀ ਲਈ ਮੈਚਿੰਗ ਗ੍ਰਾਂਟ ਵਜੋਂ ਸਹਾਇਤਾ ਦੇਣ ਦੀ ਵਿਵਸਥਾ ਕੀਤੀ ਗਈ ਸੀ। ਅਨੁਸੂਚਿਤ ਜਾਤੀ ਦੀ ਚੌਪਾਲ ਲਈ ਮੈਚਿੰਗ ਗ੍ਰਾਂਟ ਦੇਣ ਦੀ ਜ਼ਿੰਮੇਵਾਰੀ ਤਤਕਾਲੀ ਸਰਕਾਰ ’ਚ ਉਦਯੋਗ ਮੰਤਰੀ ਡਾ. ਕਿਰਪਾਰਾਮ ਪੂਨੀਆ ਨੂੰ ਸੌਂਪੀ ਗਈ ਸੀ। ਡਾਕਟਰ ਪੂਨੀਆ ਚੌਧਰੀ ਦੇਵੀਲਾਲ ਦੇ ਬੇਹੱਦ ਵਿਸ਼ਵਾਸਪਾਤਰ ਸਨ ਅਤੇ ਚੌਧਰੀ ਦੇਵੀਲਾਲ ਉਨ੍ਹਾਂ ਦੀ ਹਰ ਗੱਲ ’ਤੇ ਭਰੋਸਾ ਕਰਦੇ ਸਨ।
ਉਨ੍ਹਾਂ ਦਿਨਾਂ ’ਚ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਕੇ ਸਮਾਜ ਸੇਵਾ ਦਾ ਕਾਰਜ ਕਰ ਰਿਹਾ ਸੀ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਨੀਂਹ ਰੱਖਣ ਅਤੇ ਚੌਪਾਲ ਦੇ ਉਦਘਾਟਨ ਦੇ ਪ੍ਰੋਗਰਾਮ ਲਈ ਤਤਕਾਲੀ ਉਦਯੋਗ ਮੰਤਰੀ ਡਾ. ਕਿਰਪਾਰਾਮ ਪੂਨੀਆ ਦਾ ਪ੍ਰੋਗਰਾਮ ਲੈਣ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ। ਚੰਡੀਗੜ੍ਹ ’ਚ ਡਾ. ਕਿਰਪਾਰਾਮ ਪੂਨੀਆ ਨਾਲ ਮੁਲਾਕਾਤ ਪਿੱਛੋਂ 12 ਮਾਰਚ ਦਾ ਪ੍ਰੋਗਰਾਮ ਤੈਅ ਹੋ ਗਿਆ। ਇਸੇ ਕਾਰਨ 12 ਮਾਰਚ, 1989 ਨੂੰ ਡਾਕਟਰ ਕੇ. ਆਰ. ਪੂਨੀਆ ਦੋਵਾਂ ਭਵਨਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਲਈ ਖੇੜੀ ਮਸਾਣੀਆਂ ਪਿੰਡ ’ਚ ਆ ਰਹੇ ਸਨ ਤਾਂ ਕੁਝ ਲੋਕਾਂ ਨੇ ਸਾਜ਼ਿਸ਼ੀ ਸਿਆਸਤ ਦੇ ਤਹਿਤ ਉਨ੍ਹਾਂ ਦਾ ਰਾਹ ਰੋਕ ਦਿੱਤਾ ਅਤੇ ਖੇੜੀ ਮਸਾਣੀਆਂ ਪਿੰਡ ’ਚ ਨਾ ਜਾਣ ਲਈ ਕਿਹਾ। ਸਥਿਤੀ ਨੂੰ ਭਾਂਪਦੇ ਹੋਏ ਡਾ. ਕਿਰਪਾਰਾਮ ਪੂਨੀਆ ਵਾਪਸ ਚੰਡੀਗੜ੍ਹ ਚਲੇ ਗਏ ਅਤੇ ਚੌਧਰੀ ਦੇਵੀਲਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਅਗਲੇ ਦਿਨ ਇਹ ਖਬਰ ਸਾਰੀਆਂ ਰਾਸ਼ਟਰੀ ਅਖਬਾਰਾਂ ਦੇ ਪਹਿਲੇ ਪੰਨੇ ’ਤੇ ਛਪੀ ਸੀ। ਹਾਲਾਂਕਿ ਮੁੱਖ ਮੰਤਰੀ ਚੌਧਰੀ ਦੇਵੀਲਾਲ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ।
ਡਾਕਟਰ ਕਿਰਪਾਰਾਮ ਪੂਨੀਆ ਨੇ ਅਗਲੇ ਦਿਨ ਮੈਨੂੰ ਚੰਡੀਗੜ੍ਹ ਬੁਲਾਇਆ ਅਤੇ ਇਲਾਕੇ ਦੇ ਪੂਰੇ ਮਾਹੌਲ ਦੀ ਜਾਣਕਾਰੀ ਲਈ। ਇਸ ਪਿੱਛੋਂ ਉਨ੍ਹਾਂ ਨੇ ਚੰਡੀਗੜ੍ਹ ’ਚ ਹੀ ਮੈਨੂੰ ਚੌਧਰੀ ਦੇਵੀਲਾਲ ਨਾਲ ਮਿਲਵਾਇਆ। ਤਦ ਚੌਧਰੀ ਦੇਵੀਲਾਲ ਨੇ ਮੈਨੂੰ ਕਿਹਾ ਕਿ ‘‘ਹਾਂ ਭਾਈ ਛੋਰੇ ਕਯਾ ਚਾਹਤੇ ਹੋ ਤੁਮ!’’ ਮੈਂ ਉਨ੍ਹਾਂ ਨੂੰ ਇਹੀ ਕਿਹਾ ਕਿ ਡਾਕਟਰ ਕਿਰਪਾਰਾਮ ਪੂਨੀਆ ਤਾਂ ਆਉਣ ਹੀ, ਤੁਸੀਂ ਵੀ ਸਾਡੀ ਚੌਪਾਲ ਦੇ ਉਦਘਾਟਨ ਸਮਾਗਮ ’ਚ ਆਓ ਤਾਂ ਇਲਾਕੇ ਦੇ ਗਰੀਬ ਦਲਿਤ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਖੁਸ਼ੀ ਹੋਵੇਗੀ। ਤਦ ਚੌਧਰੀ ਦੇਵੀਲਾਲ ਨੇ ਭਰੋਸੇ ਭਰੇ ਸ਼ਬਦਾਂ ’ਚ ਆਪਣੇ ਹੀ ਅੰਦਾਜ਼ ’ਚ ਕਿਹਾ ਸੀ, ‘‘ਮੈਂ ਪਿੰਡ ਖੇੜੀ ਮਸਾਣੀਆਂ ’ਚ 31 ਮਾਰਚ ਨੂੰ ਆਵਾਂਗਾ ਅਤੇ ਤੁਸੀਂ ਤਿਆਰੀ ਕਰੋ।’’
12 ਮਾਰਚ ਅਤੇ 31 ਮਾਰਚ ਦਰਮਿਆਨ ਬਹੁਤ ਹੀ ਬੇਯਕੀਨੀ ਦੀ ਸਥਿਤੀ ਬਣੀ ਰਹੀ ਕਿ ਮੁੱਖ ਮੰਤਰੀ ਚੌਧਰੀ ਦੇਵੀਲਾਲ ਖੇੜੀ ਮਸਾਣੀਆਂ ਆਉਣਗੇ ਜਾਂ ਨਹੀਂ। ਇਸ ਦੌਰਾਨ ਪ੍ਰੋਗਰਾਮ ਦਾ ਸਥਾਨ ਬਦਲਣ ਅਤੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਲਈ ਮੇਰੇ ’ਤੇ ਕਈ ਤਰ੍ਹਾਂ ਦਾ ਦਬਾਅ ਪਾਇਆ ਗਿਆ ਪਰ ਚੌਧਰੀ ਦੇਵੀਲਾਲ ਨੇ ਸਾਰੀਆਂ ਸ਼ੰਕਾਵਾਂ ਦੂਰ ਕਰਦਿਆਂ ਪਿੰਡ ਦੀ ਚੌਪਾਲ ਦਾ 31 ਮਾਰਚ ਨੂੰ ਉਦਘਾਟਨ ਕੀਤਾ ਅਤੇ ਸ੍ਰੀ ਗੁਰੂ ਰਵਿਦਾਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਅਤੇ ਭਾਰੀ ਭੀੜ ਨੂੰ ਸੰਬੋਧਨ ਕੀਤਾ। ਨਾਲ ਹੀ ਮੈਚਿੰਗ ਗ੍ਰਾਂਟ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਗਰੀਬਾਂ ਦੀ ਬਿਹਤਰੀ ਅਤੇ ਪੇਂਡੂ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਤਰ੍ਹਾਂ ਪਿੰਡ ਦੀ ਚੌਪਾਲ ਦੀ ਉਸਾਰੀ ਦਾ ਕਾਰਜ ਪੂਰਾ ਹੋਇਆ ਅਤੇ ਅੱਜ ਇਹ ਇਕ ਆਲੀਸ਼ਾਨ ਭਵਨ ਬਣਿਆ ਹੋਇਆ ਹੈ, ਜਿਸ ਨੂੰ ਜੋ ਵੀ ਕੋਈ ਵਿਅਕਤੀ ਦੇਖਦਾ ਹੈ ਤਾਂ ਉਸ ਦੀ ਪ੍ਰਸ਼ੰਸਾ ਕਰਦਿਆਂ ਨਹੀਂ ਥੱਕਦਾ। ਅੱਜ ਖੇੜੀ ਮਸਾਣੀਆਂ ਪਿੰਡ ਦੇ ਨਾਲ-ਨਾਲ ਪੂਰੇ ਹਰਿਆਣਾ ਦੇ ਗਰੀਬ ਵਰਗ ਦੇ ਲੋਕ ਉਸ ਨੂੰ ਇਕ ਇਤਿਹਾਸਕ ਪਲ ਮੰਨਦੇ ਹੋਏ ਚੌਧਰੀ ਦੇਵੀਲਾਲ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਸ਼ਰਧਾਪੂਵਰਕ ਨਮਨ ਕਰ ਕੇ ਸਨਮਾਨਪੂਰਵਕ ਯਾਦ ਕਰਦੇ ਹਨ।
-ਸਤੀਸ਼ ਮੇਹਰਾ
ਆਮ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੀ ਥਾਂ ਗੁੰਡਾਗਰਦੀ ਕਰ ਰਹੇ ਚੰਦ ਆਗੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ
NEXT STORY