ਇਹ ਤਸੱਲੀ ਦੀ ਗੱਲ ਹੈ ਕਿ ਭਾਰਤ ਅਨੇਕਾਂ ਔਕੜਾਂ ਤੇ ਰੁਕਾਵਟਾਂ ਪਾਰ ਕਰਦਿਆਂ ਅਤੇ ਨਾਂਹਪੱਖੀ ਤਾਕਤਾਂ ਦੀਆਂ ਬੇਸ਼ੁਮਾਰ ਸਾਜ਼ਿਸ਼ਾਂ ਪਛਾੜਦਾ ਹੋਇਆ ਆਜ਼ਾਦ, ਖੁਦਮੁਖਤਿਆਰ, ਲੋਕਰਾਜੀ, ਧਰਮਨਿਰਪੱਖ ਦੇਸ਼ ਵਜੋਂ ਕਾਇਮ ਵੀ ਹੈ ਤੇ ਕਈਆਂ ਪੱਖਾਂ ਤੋਂ ਮਜ਼ਬੂਤ ਵੀ ਹੋਇਆ ਹੈ। ਅੰਗਰੇਜ਼ ਸਾਮਰਾਜੀਏ ਹਾਲਾਂਕਿ ਇਹ ਸਮਝਦੇ ਸਨ ਕਿ 1947 ’ਚ ‘ਦੋ ਕੌਮਾਂ’ ਦੇ ਸਿਧਾਂਤ ਦੇ ਆਧਾਰ ’ਤੇ ਦੋ ਟੁਕੜੇ ਹੋਇਆ ਤੇ ਆਰਥਿਕ ਪੱਖੋਂ ਬੇਹੱਦ ਪੱਛੜਿਆ ਭਾਰਤ ਆਪਣੀ ਆਜ਼ਾਦ ਹਸਤੀ ਲੰਮਾ ਸਮਾਂ ਬਰਕਰਾਰ ਨਹੀਂ ਰੱਖ ਸਕੇਗਾ।
ਇਸ ਸੋਚ ਦੀ ਪੁਸ਼ਟੀ ਲਈ ਉਨ੍ਹਾਂ ਕੋਲ ਕਈ ਸਪੱਸ਼ਟ ਤਰਕ ਵੀ ਸਨ। ਪਹਿਲਾ, ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਵੀ ਭਾਰਤ ਨੇ ਸਾਮਰਾਜੀ ਪੂੰਜੀ ਜ਼ਬਤ ਨਹੀਂ ਸੀ ਕੀਤੀ, ਜਿਸ ਸਦਕਾ ਅਰਥਚਾਰੇ ਦੇ ਕਈ ਖੇਤਰਾਂ ’ਚ ਅੰਗਰੇਜ਼ਾਂ ਵਲੋਂ ਕੀਤੀ ਜਾਂਦੀ ਲੁੱਟ ਉਵੇਂ ਹੀ ਕਾਇਮ ਤੁਰੀ ਆ ਰਹੀ ਸੀ। ਦੂਜਾ, ਭਾਰਤ ਦੇ ਨਵੇਂ ਹਾਕਮਾਂ ਨੇ ਅੰਗਰੇਜ਼ੀ ਸਾਮਰਾਜ ਦੇ ਅਧੀਨ ਰਹੇ ਦੇਸ਼ਾਂ ਦੇ ਗੁੱਟ ‘ਕਾਮਨਵੈਲਥ’ ਦਾ ਮੈਂਬਰ ਬਣੇ ਰਹਿਣਾ ਪ੍ਰਵਾਨ ਕਰ ਲਿਆ ਸੀ।
ਯਾਦ ਰਹੇ ਇਹ ਮਨਹੂਸ ਠੱਪਾ ਅੱਜ ਵੀ ਸਾਡੇ ਮੱਥੇ ’ਤੇ ਚਸਪਾ ਹੈ। ਤੀਜਾ, ਅੰਗਰੇਜ਼ ਸਾਮਰਾਜੀਆਂ ਨੂੰ ਇਹ ਵੀ ਆਸ ਸੀ ਕਿ ਉਨ੍ਹਾਂ ਵਲੋਂ ‘ਪਾੜੋ ਤੇ ਰਾਜ ਕਰੋ’ ਦੀ ਮਨਸ਼ਾ ਤਹਿਤ ਕਾਇਮ ਕੀਤੇ ਫਿਰਕੂ ਸੰਗਠਨਾਂ ਨੇ ਜੋ ਫਿਰਕੂ ਤੇ ਵੰਡਵਾਦੀ ਏਜੰਡਾ ਘੜਿਆ ਸੀ, ਉਹ ਵੀ ਆਪਣਾ ਕੁਝ ਨਾ ਕੁਝ ‘ਰੰਗ’ ਤਾਂ ਲਾਜ਼ਮੀ ਦਿਖਾਏਗਾ, ਜਿਸ ਕਰ ਕੇ ਭਾਰਤੀਆਂ ਦੇ ਮਨਮਸਤਕ ਅੰਦਰ ਧਰਮਨਿਰਪੱਖਤਾ ਅਤੇ ਫਿਰਕੂ ਸਦਭਾਵਨਾ ਦੀ ਲਾਟ ਜ਼ਿਆਦਾ ਦੇਰ ਤੱਕ ਮੱਘਦੀ ਨਹੀਂ ਰਹਿ ਸਕੇਗੀ। ਮੁੱਕਦੀ ਗੱਲ, ਅੰਗਰੇਜ਼ ਸਾਮਰਾਜੀਏ ਆਜ਼ਾਦੀ ਹਾਸਲ ਕਰਨ ਦੇ ਬਾਵਜੂਦ ਭਾਰਤ ਨੂੰ ਕਿਵੇਂ ਨਾ ਕਿਵੇਂ ਗੁਲਾਮ ਬਣਾਈ ਰੱਖਣ ਦੇ ਮਨਸੂਬੇ ਘੜੀ ਬੈਠੇ ਸਨ।
ਐਪਰ, ਸਾਡੀ ਅਜੋਕੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਦੇਸ਼ ਦੇ ਸੁਹਿਰਦ ਵਾਤਾਵਰਣ ’ਚ ਫਿਰਕੂ ਜ਼ਹਿਰ ਘੋਲਣ ਵਾਲੀ ਅੰਗਰੇਜ਼ੀ ਸਾਮਰਾਜ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਆਜ਼ਾਦੀ ਪ੍ਰਾਪਤੀ ਦੇ 67 ਸਾਲਾਂ ਪਿੱਛੋਂ 2014 ’ਚ ਕੇਂਦਰ ’ਚ ਮੋਦੀ ਸਰਕਾਰ ਦੇ ਸੱਤਾ ’ਤੇ ਕਾਬਜ਼ ਹੋਣ ਨਾਲ ਵੱਡੀ ਹੱਦ ਤੱਕ ਸਫਲ ਹੁੰਦੀ ਜਾਪ ਰਹੀ ਹੈ। ਆਰਥਿਕ ਪੱਖੋਂ ਵੀ ਦੇਸ਼ ਮੁੜ ਸਾਮਰਾਜੀ ਦੇਸ਼ਾਂ ਦੀ ਲੁੱਟ-ਖਸੁੱਟ ਤੇ ਸਾਮਰਾਜੀ ਵਿੱਤੀ ਸੰਸਥਾਵਾਂ ਦੇ ਕਰਜ਼ ਜਾਲ ਦੇ ਕੁਚੱਕਰ ’ਚ ਫਸਿਆ ਸਾਫ ਨਜ਼ਰ ਆ ਰਿਹਾ ਹੈ।
ਭਾਰਤ ਵਲੋਂ ਪਿਛਲੇ ਦਿਨੀਂ ਕਈ ਯੂਰਪੀਅਨ ਤੇ ਹੋਰ ਦੇਸ਼ਾਂ ਨਾਲ ਖੇਤੀਬਾੜੀ, ਛੋਟੇ ਤੇ ਦਰਮਿਆਨੇ ਉਦਯੋਗ-ਕਾਰੋਬਾਰ ਅਤੇ ਪ੍ਰਚੂਨ ਵਪਾਰ ਦੀ ਬਲੀ ਲੈਣ ਵਾਲੇ ਆਰਥਿਕ ਸਮਝੌਤੇ ਕੀਤੇ ਗਏ ਹਨ। ਸਾਮਰਾਜੀ ਦੇਸ਼ਾਂ ’ਤੇ ਨਿਰਭਰਤਾ, ਆਰਥਿਕ ਦਬਾਅ ਅਤੇ ਵਿਦੇਸ਼ੀ ਕਰਜ਼ੇ ਦੇ ਮੱਕੜਜਾਲ ’ਚ ਫਸਿਆ ਹੋਣ ਕਰਕੇ ਹੀ ਦੇਸ਼ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰ ਭਾਰਤ ਵਿਰੋਧੀ ਕਾਰਵਾਈ ਤੇ ਦੇਸ਼ ਦੇ ਸਵੈਮਾਣ ਨੂੰ ਸੱਟ ਮਾਰਨ ਵਾਲੀਆਂ ਉਸ ਦੀਆਂ ਟਿੱਪਣੀਆਂ ਨੂੰ ਚੁੱਪ-ਚਾਪ ਸਹਿਣ ਕਰੀ ਜਾ ਰਿਹਾ ਹੈ।
ਲੋੜ ਤਾਂ ਇਹ ਸੀ ਕਿ ਸਰਕਾਰ ਦੇਸ਼ ਦੇ ਆਰਥਿਕ ਵਿਕਾਸ ਦਾ ਫਲ ਕਿਰਤੀ ਵਰਗਾਂ ਸਮੇਤ ਸਾਰੀ ਵਸੋਂ ਤੱਕ ਪਹੁੰਚਾਉਣ ਦਾ ਯਤਨ ਕਰਦੀ। ਭਾਵ ਸਾਰੇ ਲੋੜਵੰਦਾਂ ਨੂੰ ਮੁਫ਼ਤ ਵਿੱਦਿਆ ਤੇ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ, ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ, ਕਰਜ਼ਿਆਂ ਤੋਂ ਮੁਕਤੀ, ਸਾਫ ਆਲਾ-ਦੁਆਲਾ, ਢੁੱਕਵੀਂ ਰਿਹਾਇਸ਼, ਪੀਣ ਯੋਗ ਸਵੱਛ ਪਾਣੀ ਤੇ ਪੌਸ਼ਟਿਕ ਭੋਜਨ ਵਰਗੀਆਂ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਗਾਰੰਟੀ ਦਿੱਤੀ ਜਾਂਦੀ। ਵਾਤਾਵਰਣ ਦੀ ਸ਼ੁੱਧਤਾ ਕਾਇਮ ਰੱਖਣੀ ਵੀ ਪੌਸ਼ਟਿਕ ਖੁਰਾਕ ਜਿੰਨੀ ਹੀ ਜ਼ਰੂਰੀ ਹੈ। ਮੰਦੇ ਭਾਗੀਂ ਇਸ ਪ੍ਰਤੀ ਮੌਜੂਦਾ ਸਰਕਾਰ ਦਾ ਰਵੱਈਆ ਬੜਾ ਹੀ ਨਿਰਦਈ ਤੇ ਗੈਰ-ਜ਼ਿੰਮੇਵਾਰਾਨਾ ਹੈ।
ਦੇਸ਼ ਵਾਸੀਆਂ ਦੀਆਂ ਉਕਤ ਲੋੜਾਂ ਦੀ ਪੂਰਤੀ ਦੀ ਢੁੱਕਵੀਂ ਯੋਜਨਾਬੰਦੀ ਕਰਨ ਦੀ ਥਾਂ ਮੌਜੂਦਾ ਸਰਕਾਰ ਦਾ ਸਾਰਾ ਧਿਆਨ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਧਨਵਾਨਾਂ ਦੀਆਂ ਪਹਿਲਾਂ ਹੀ ਨੱਕੋ-ਨੱਕ ਭਰੀਆਂ ਤਿਜੌਰੀਆਂ ਹੋਰ ਠੁੱਸ-ਠੁੱਸ ਕੇ ਭਰਨ ਵੱਲ ਕੇਂਦ੍ਰਿਤ ਹੈ। ਇਸ ਦਾ ਪ੍ਰਤੱਖ ਪ੍ਰਮਾਣ ਦੇਸ਼ ਦੇ ਇਕ ਪ੍ਰਤੀਸ਼ਤ ਧਨਾਢਾਂ ਕੋਲ 80 ਫੀਸਦੀ ਆਮ ਲੋਕਾਂ ਜਿੰਨੀ ਪੂੰਜੀ ਜਮ੍ਹਾ ਹੋਣ ਤੋਂ ਬਾਖੂਬੀ ਮਿਲ ਜਾਂਦਾ ਹੈ। ਅੰਬਾਨੀ ਪਰਿਵਾਰ ਦਾ ਸੰਸਾਰ ਦੇ ‘ਸੁਪਰ ਰਿਚ’ ਦੀ ਸੂਚੀ ’ਚ ਸ਼ਾਮਲ ਹੋਣਾ ਵੀ ਆਮਦਨਾਂ-ਜਾਇਦਾਦਾਂ ਦੇ ਇਸੇ ਵੱਡੇ ਪਾੜੇ ਦੀ ਪੁਸ਼ਟੀ ਕਰਦਾ ਹੈ।
ਸਿਹਤ, ਵਿੱਦਿਆ, ਬੈਂਕ, ਬੀਮਾ, ਬਿਜਲੀ, ਆਵਾਜਾਈ ਆਦਿ ਉਹ ਸਾਰੇ ਸਰਕਾਰੀ ਅਦਾਰੇ ਤੇ ਮਹਿਕਮੇ, ਜਿਨ੍ਹਾਂ ਦੀ ਪ੍ਰਾਥਮਿਕਤਾ ਮੁਨਾਫ਼ਾ ਕਮਾਉਣ ਨਾਲੋਂ ਵੱਧ ਲੋਕ ਸੇਵਾ ਕਰਨਾ ਹੁੰਦੀ ਹੈ, ਜਨ ਸਾਧਾਰਨ ਦੀ ਵੱਧ ਤੋਂ ਵੱਧ ਲੁੱਟ-ਖਸੁੱਟ ਕਰਨ ਲਈ ਨਿੱਜੀ ਹੱਥਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਅਦਾਰਿਆਂ ਦੇ ਕਿਰਤੀਆਂ ਨੂੰ ਸਾਰੇ ਪੁਰਾਣੇ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਕੰਮ ਦੇ ਘੰਟੇ ਵਧਾਉਣ ਤੇ ਉਜਰਤਾਂ ਘਟਾਉਣ ਦਾ ‘ਤੋਹਫ਼ਾ’ ਦਿੱਤਾ ਜਾ ਚੁੱਕਾ ਹੈ। ਦੂਜੇ ਬੰਨੇ, ਦੇਸੀ-ਵਿਦੇਸ਼ੀ ਧਨਾਢਾਂ ਨੂੰ ਸਰਕਾਰੀ ਖਜ਼ਾਨੇ ਦੀ ਮਨਚਾਹੀ ਲੁੱਟ ਤੇ ਲੋਕਾਈ ਦਾ ਬੇਕਿਰਕ ਸ਼ੋਸ਼ਣ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਜਾ ਚੁੱਕੀ ਹੈ।
‘ਸੰਘ ਪਰਿਵਾਰ’ ਤੇ ਮੋਦੀ ਸਰਕਾਰ, ਵਸੋਂ ਦਾ ਧਿਆਨ ਲੋਕ ਭਲਾਈ ਦੇ ਏਜੰਡੇ, ਮੌਜੂਦਾ ਤੇ ਭਵਿੱਖੀ ਪੀੜ੍ਹੀਆਂ ਦੇ ਖੁਸ਼ਹਾਲ ਜੀਵਨ ਅਤੇ ਸਾਵੇਂ ਤੇ ਤੇਜ਼ ਆਰਥਿਕ ਵਿਕਾਸ ਆਦਿ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਲਈ ਐਸੇ ਬਿਰਤਾਂਤ ਸਿਰਜਣ ’ਚ ਗਲਤਾਨ ਹਨ, ਜਿਨ੍ਹਾਂ ਦੀ ਮੌਜੂਦਾ ਸਮਿਆਂ ’ਚ ਨਾ ਕੋਈ ਲੋੜ ਹੈ ਤੇ ਨਾ ਹੀ ਸਮਾਜ ਦੇ ਠੀਕ ਦਿਸ਼ਾ ’ਚ ਅੱਗੇ ਵਧਣ ਪੱਖੋਂ ਕੋਈ ਸਾਰਥਿਕਤਾ ਹੈ। ਵੱਖੋ-ਵੱਖ ਫਿਰਕਿਆਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਸਮਾਗਮਾਂ ’ਚ ਸਾਰੇ ਧਰਮਾਂ-ਜਾਤਾਂ ਦੇ ਲੋਕਾਂ ਦੀ ਸ਼ਮੂਲੀਅਤ ਤੇ ਮੁਸੀਬਤ ’ਚ ਇਕ-ਦੂਸਰੇ ਦਾ ਹੱਥ ਵਟਾਉਣ ਦੇ ਸਦੀਆਂ ਪੁਰਾਣੇ ਮਾਣਮੱਤੇ ਇਤਿਹਾਸ ਨੂੰ ਮੇਟਣ ਲਈ ਇਕ ਖਾਸ ਧਰਮ ਨੂੰ ਦੂਜੇ ਧਰਮਾਂ ਤੋਂ ਕਾਲਪਨਿਕ ਖਤਰੇ ਦੀ ਦੁਹਾਈ ਪਾਈ ਜਾ ਰਹੀ ਹੈ।
ਧਾਰਮਿਕ ਘੱਟਗਿਣਤੀਆਂ ਅੰਦਰ ਵੀ ਐਸੇ ਤੱਤ ਮੌਜੂਦ ਹਨ, ਜੋ ਆਪਣੀ ਫਿਰਕੂ ਤੇ ਉਕਸਾਊ ਬਿਆਨਬਾਜ਼ੀ ਨਾਲ ਨਾ ਸਿਰਫ ਆਰ. ਐੱਸ. ਐੱਸ. ਦਾ ਇਹ ਕਾਰਜ ਪੂਰਾ ਕਰਨ ’ਚ ਇਮਦਾਦੀ ਬਣਦੇ ਹਨ ਬਲਕਿ ਉਸ ਧਾਰਮਿਕ ਘੱਟਗਿਣਤੀ ਫਿਰਕੇ ਦੇ ਹਿੱਤਾਂ ਨੂੰ ਵੀ ਗੰਭੀਰ ਨੁਕਸਾਨ ਪਹੰੁਚਾਉਂਦੇ ਹਨ, ਜਿਸ ਦੇ ਅਲੰਬਰਦਾਰ ਹੋਣ ਦਾ ਦਾਅਵਾ ਉਹ ਹਿੱਕ ਠੋਕ ਕੇ ਕਰਦੇ ਹਨ।
ਸੰਘ ਪਰਿਵਾਰ ਦੇ ਇਹ ਨਾਮਨਿਹਾਦ ਵਿਰੋਧੀ ਦਰ ਹਕੀਕਤ ਸੰਘ ਦੀ ਜ਼ਹਿਰੀਲੀ, ਫਿਰਕੂ ਨੀਤੀ ਨੂੰ ਬਲ ਬਖ਼ਸ਼ਣ ਦਾ ‘ਆਪਣਾ ਫਰਜ਼ ਬੜੀ ਪ੍ਰਵੀਨਤਾ ਨਾਲ’ ਨਿਭਾਅ ਰਹੇ ਹਨ। ਰਾਮਨੌਮੀ, ਦੁਸਹਿਰਾ, ਦੀਵਾਲੀ, ਗਣੇਸ਼ ਪੂਜਾ, ਹਨੂੰਮਾਨ ਜੈਅੰਤੀ, ਈਦ, ਕਾਂਵੜ ਯਾਤਰਾ ਆਦਿ ਹੁਣ ਫਿਰਕਿਆਂ ਦਰਮਿਆਨ ਕੁੜੱਤਣ ਪੈਦਾ ਕਰਨ ਤੇ ਹਿੰਸਾ ਭੜਕਾਉਣ ਦਾ ਯੰਤਰ ਬਣਾ ਦਿੱਤੇ ਗਏ ਹਨ। ਇਹ ਵਰਤਾਰਾ ਵੱਖੋ-ਵੱਖ ਧਰਮਾਂ, ਜਾਤੀਆਂ ਤੇ ਕੌਮਾਂ ਨਾਲ ਸਬੰਧਤ ਸਮੁੱਚੇ ਲੋਕਾਂ ਲਈ ਡਾਢਾ ਹਾਨੀਕਾਰਕ ਹੈ। ਆਓ ਸਾਰੇ ਦੀਵਾਲੀ ਦੀ ਸਵੇਰ ਤੋਂ ਇਸ ਨਵੀਂ ਤੇ ਨਰੋਈ ਪਿਰਤ ਆਰੰਭੀਏ।
-ਮੰਗਤ ਰਾਮ ਪਾਸਲਾ
ਰਿਓੜੀ ਸੰਸਕ੍ਰਿਤੀ ਅਤੇ ਭਾਰਤ ਦੀ ਸਿਆਸੀ ਅਰਥਵਿਵਸਥਾ ਦਾ ਖੋਰਾ
NEXT STORY