17 ਦਸੰਬਰ, 1971 ਨੂੰ ਭਾਰਤ ਨੇ ਪੂਰਬੀ ਪਾਕਿਸਤਾਨ ਦਾ ਚੋਲਾ ਲਾਹ ਕੇ ਬੰਗਲਾਦੇਸ਼ ਬਣਨ ਵਾਲੇ ਦੇਸ਼ ਨੂੰ ਇਕ ਨਵੀਂ ਪਛਾਣ ਦੇਣ ਵਿਚ ਅਹਿਮ ਭੂਮਿਕਾ ਨਿਭਾਈ। 5 ਅਗਸਤ, 2024 ਨੂੰ ਬੰਗਲਾਦੇਸ਼ ਵਿਚ ਤਖਤਾਪਲਟ ਤੋਂ ਬਾਅਦ ਦੋਸਤਾਨਾ ਸਬੰਧਾਂ ਦਾ ਪਿਛਲਾ ਕਮਾਲ ਦਾ ਦੌਰ ਸ਼ੱਕ ਦੇ ਘੇਰੇ ਵਿਚ ਆਉਂਦਾ ਜਾਪਦਾ ਹੈ।
ਹਾਲ ਹੀ ਵਿਚ, ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸ਼ਰਨਾਰਥੀ ਸ਼ੇਖ ਹਸੀਨਾ ਨੂੰ ਵਾਪਸ ਭੇਜਣ ਲਈ ਇਕ ‘ਨੋਟ ਵਰਬਲ’ ਭੇਜਿਆ। ਬੰਗਲਾਦੇਸ਼ ਦੇ ਨੇਤਾ ਇਸ ਸਮੇਂ ਬੇਦਖਲ ਪ੍ਰਧਾਨ ਮੰਤਰੀ ਹਸੀਨਾ ਦੇ ਖਿਲਾਫ ਹਨ ਅਤੇ ਵਿਰੋਧੀ ਲਹਿਰ ਦੀ ਅਗਵਾਈ ਕਰ ਰਹੇ ਹਨ ਜਮਾਤ-ਏ-ਇਸਲਾਮੀ, ਹਿਜ਼ਬੁੱਲ ਤਹਿਰੀਰ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਕਈ ਇਸਲਾਮੀ ਸੰਗਠਨ। ਅਮਰੀਕਾ ਦਾ ਇਕ ਪ੍ਰਭਾਵਸ਼ਾਲੀ ਵਰਗ ਵੀ ਅੰਦੋਲਨਕਾਰੀਆਂ ਦਾ ਸਮਰਥਕ ਮੰਨਿਆ ਜਾਂਦਾ ਹੈ।
ਬੰਗਲਾਦੇਸ਼ੀ ਘੱਟਗਿਣਤੀਆਂ ਖਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਾਤਾਵਰਣ ਵੀ ਸੁਰੱਖਿਅਤ ਨਹੀਂ ਹੈ। ਧਾਰਮਿਕ ਸਥਾਨਾਂ ਨੂੰ ਢਾਹੁਣਾ ਅਤੇ ਹਿੰਦੂ ਸੰਤਾਂ ਨੂੰ ਤੰਗ ਕਰਨਾ ਪ੍ਰੇਸ਼ਾਨ ਕਰਨ ਵਾਲਾ ਹੈ। ਬੰਗਲਾਦੇਸ਼ ਦੀ ਇਸਕਾਨ ਇਕਾਈ ’ਤੇ ਗਲਤ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜੋ ਕਿ ਇਸਕਾਨ ਦੇ ਦਾਅਵੇ ਅਨੁਸਾਰ ਪੂਰੀ ਤਰ੍ਹਾਂ ਬੇਬੁਨਿਆਦ ਹੈ। ਹਿੰਦੂ ਅਧਿਕਾਰੀਆਂ ਨੂੰ ਅਸਤੀਫ਼ੇ ਦੇਣ ਲਈ ਕਿਹਾ ਜਾ ਰਿਹਾ ਹੈ।
ਔਰਤਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ਵਿਰੁੱਧ 2,200 ਹਿੰਸਕ ਘਟਨਾਵਾਂ ਹੋ ਚੁੱਕੀਆਂ ਹਨ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਢਾਕਾ ਦਾ ਦੌਰਾ ਕਰਨ ਅਤੇ ਘੱਟਗਿਣਤੀ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁਹੰਮਦ ਯੂਨੁਸ ਨਾਲ ਮੁਲਾਕਾਤ ਦੇ ਬਾਵਜੂਦ ਸਥਿਤੀ ਅਜੇ ਵੀ ਤਸੱਲੀਬਖਸ਼ ਨਹੀਂ ਹੈ। ਮੌਜੂਦਾ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਇਸ ਨੂੰ ਭਾਈਚਾਰਕ ਜ਼ੁਲਮ ਨਹੀਂ ਮੰਨਦੀ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੀ ਹੈ।
ਭਾਰਤ ਵਿਰੋਧੀ ਜਮਾਤ-ਏ-ਇਸਲਾਮੀ ’ਤੇ ਪਾਬੰਦੀ ਹਟਾਉਣਾ, ਪਿਛਲੀ ਸਰਕਾਰ ਵਲੋਂ ਜੇਲ੍ਹਾਂ ਵਿਚ ਬੰਦ ਕੱਟੜਪੰਥੀਆਂ ਨੂੰ ਰਿਹਾਅ ਕਰਨਾ ਆਦਿ ਅੰਦੋਲਨਕਾਰੀਆਂ ਦੇ ਇਰਾਦਿਆਂ ’ਤੇ ਆਪਣੇ ਆਪ ਹੀ ਸਵਾਲ ਖੜ੍ਹੇ ਕਰ ਦਿੰਦੇ ਹਨ। ਬੰਗਲਾਦੇਸ਼ ਦੇ ਸ਼ਹੀਦਾਂ ਜਿਸ ਵਿਚ 1600 ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਨੂੰ ਸਮਰਪਿਤ ਅਗਾਂਹਵਧੂ ਜੰਗੀ ਯਾਦਗਾਰ ਦੀ ਉਸਾਰੀ ਦਾ ਕੰਮ ਪਿਛਲੇ 7 ਸਾਲਾਂ ਤੋਂ ਕਿਉਂ ਰੁਕਿਆ ਹੋਇਆ ਸੀ? ਸਾਡੇ ਰਾਸ਼ਟਰੀ ਝੰਡੇ, ਤਿਰੰਗੇ ਦਾ ਅਪਮਾਨ ਕਰਨ ਦੀ ਹਿੰਮਤ ਕਿਵੇਂ ਸੰਭਵ ਹੋਈ?
ਸਾਰੀਆਂ ਘਟਨਾਵਾਂ ਮੁਸਲਿਮ ਬਹੁਗਿਣਤੀ ਵਾਲੇ ਤੀਜੇ ਸਭ ਤੋਂ ਵੱਡੇ ਦੇਸ਼ ਬੰਗਲਾਦੇਸ਼ ਦੇ ਕੱਟੜਪੰਥੀਆਂ ਦਾ ਗੜ੍ਹ ਬਣਨ ਵੱਲ ਇਸ਼ਾਰਾ ਕਰਦੀਆਂ ਹਨ। ਖਾਲਿਦਾ ਜ਼ਿਆ ਦੀ ਬੀ. ਐੱਨ. ਪੀ., ਜਮਾਤ-ਏ-ਇਸਲਾਮੀ ਅਤੇ ਹੋਰ ਕੱਟੜਪੰਥੀ ਸਰਕਾਰ ’ਤੇ ਬਰਾਬਰ ਨਜ਼ਰ ਰੱਖ ਰਹੇ ਹਨ। ਹਿਜ਼ਬੁੱਲ ਤਹਿਰੀਰ, ਅੰਤਰਿਮ ਸਰਕਾਰ ਦਾ ਸਮਰਥਕ, ਇਕ ਕੱਟੜਪੰਥੀ ਇਸਲਾਮੀ ਸੰਗਠਨ ਹੈ ਜੋ ਇਕ ਵਿਸ਼ਵਵਿਆਪੀ ਖਲੀਫਾ ਸਾਮਰਾਜ ਦੀ ਸਥਾਪਨਾ ਦੀ ਵਕਾਲਤ ਕਰਦਾ ਹੈ। ਸ਼ੇਖ ਹਸੀਨਾ ਦੀ ਪਾਰਟੀ ਆਰਮੀ ਲੀਗ ਹਾਸ਼ੀਏ ’ਤੇ ਹੈ। ਮੁਹੰਮਦ-ਯੂਨੁਸ ਦੇ ਸਮਰਥਕ ਬੰਗਲਾਦੇਸ਼ ਦੇ ਸੰਸਥਾਪਕ ਅਤੇ ਰਾਸ਼ਟਰ ਪਿਤਾ ਸ਼ੇਖ ਮੁਜੀਬੁਰਰਹਿਮਾਨ ਦੀਆਂ ਮੂਰਤੀਆਂ ਨੂੰ ਤੋੜ ਰਹੇ ਹਨ। ਰਾਸ਼ਟਰਪਤੀ ਭਵਨ ਤੋਂ ਉਨ੍ਹਾਂ ਦੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ, ਉਨ੍ਹਾਂ ਦੇ ਨਾਂ ਨਾਲ ਜੁੜੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। ਬੰਗਲਾਦੇਸ਼ੀ ਕਰੰਸੀ ਨੂੰ ਬਦਲਣ ਦੇ ਆਦੇਸ਼ ਜਾਰੀ ਹੋ ਚੁੱਕੇ ਹਨ।
ਸਭ ਤੋਂ ਵੱਧ ਚਿੰਤਾਜਨਕ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਵਧਦੀ ਨੇੜਤਾ ਹੈ। ਬੰਗਲਾਦੇਸ਼ ਵਿਚ 50 ਸਾਲਾਂ ਵਿਚ ਪਹਿਲੀ ਵਾਰ ਜਿੱਨਾਹ ਦੀ 76ਵੀਂ ਜੈਅੰਤੀ ਮਨਾਈ ਗਈ, ਜਿਸ ਵਿਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਅਤੇ ਯੂਨੁਸ ਸਰਕਾਰ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ। ਜਿੱਨਾਹ ਨੂੰ ਬੰਗਲਾਦੇਸ਼ ਦਾ ਰਾਸ਼ਟਰਪਿਤਾ ਐਲਾਨਣ ਦੀ ਮੰਗ ਵੀ ਉਠਾਈ ਗਈ। ਪਾਕਿਸਤਾਨੀ ਮਾਲ ਦੀ ਦਰਾਮਦ ਲਈ ਸਾਲਾਂ ਤੋਂ ਬੰਦ ਪਏ ਸਮੁੰਦਰੀ ਰਸਤੇ ਖੋਲ੍ਹ ਦਿੱਤੇ ਗਏ ਹਨ। ਪਾਕਿਸਤਾਨੀ ਕਲਾਕਾਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।
2019 ਵਿਚ, ਸ਼ੇਖ ਹਸੀਨਾ ਸਰਕਾਰ ਵਲੋਂ ਪਾਕਿਸਤਾਨੀ ਨਾਗਰਿਕਾਂ ਲਈ ‘ਨਾਨ ਆਬਜੈਕਸ਼ਨ ਸਰਟੀਫਿਕੇਟ’ ਪ੍ਰਾਪਤ ਕਰਨ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਜਲਦ ਹੀ ਸਿੱਧੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਹ ਵੀ ਖਬਰਾਂ ਹਨ ਕਿ ਨਿਗਰਾਨ ਸਰਕਾਰ ਪਾਕਿਸਤਾਨ ਕੋਲੋਂ ਗੋਲਾ-ਬਾਰੂਦ ਖਰੀਦ ਰਹੀ ਹੈ, ਜਿਸ ਦੀ ਵਰਤੋਂ ਤੋਪ ਵਿਚ ਕੀਤੀ ਜਾਂਦੀ ਹੈ ਜੋ 30 ਤੋਂ 35 ਕਿਲੋਮੀਟਰ ਦੀ ਰੇਂਜ ਵਿਚ ਹਮਲਾ ਕਰ ਸਕਦੀ ਹੈ। ਪਾਕਿਸਤਾਨੀ ਫੌਜ ਬੰਗਲਾਦੇਸ਼ ਦੀ ਫੌਜ ਨੂੰ ਸਿਖਲਾਈ ਦੇਣ ਲਈ ਵਿਸ਼ੇਸ਼ ਟੀਮ ਵਜੋਂ ਆਵੇਗੀ।
ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਵਧਦੀ ਦੋਸਤੀ ਸਿਲੀਗੁੜੀ ’ਚ 80 ਕਿ. ਮੀ. ਚੌੜੇ ਭਾਰਤ ਦੇ ਚਿਕਨ ਨੈੱਕ ਕਾਰੀਡੋਰ ਲਈ ਖਤਰਾ ਪੈਦਾ ਕਰ ਸਕਦੀ ਹੈ, ਜੋ ਪੂਰੇ ਭਾਰਤ ਨੂੰ ਉੱਤਰ-ਪੂਰਬ ਨਾਲ ਜੋੜਦਾ ਹੈ। ਬਦਲਿਆ ਹੋਇਆ ਦ੍ਰਿਸ਼ ਚੀਨ ਲਈ ਅਨੁਕੂਲ ਅਤੇ ਭਾਰਤ ਲਈ ਪ੍ਰਤੀਕੂਲ ਸਾਬਤ ਹੋ ਸਕਦਾ ਹੈ। ਜਿੱਥੇ ਇਸ ਨਾਲ ਚੀਨ ਦੀ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਉਥੇ ਹੀ ਇਸ ਨਾਲ ਚਿਕਨ ਨੈੱਕ ਕਾਰੀਡੋਰ ਦੇ ਨੇੜੇ ਸਥਿਤ ਭੂਟਾਨ ਦੇ ਡੋਕਲਾਮ ’ਤੇ ਕਬਜ਼ਾ ਕਰਨ ਦੇ ਚੀਨ ਦੇ ਇਰਾਦੇ ਨੂੰ ਵੀ ਮਜ਼ਬੂਤੀ ਮਿਲ ਸਕਦੀ ਹੈ।
ਇਕ ਪਾਸੇ ਅੰਤਰਿਮ ਸਰਕਾਰ ਭਾਰਤ ਵਿਰੋਧੀ ਕਦਮ ਚੁੱਕ ਰਹੀ ਹੈ, ਦੂਜੇ ਪਾਸੇ ਸਰਕਾਰ ਦੇ ਮੁਖੀ ਮਿੱਠ-ਬੋਲੜੇ ਹੋ ਕੇ ਆਲਮੀ ਮੰਚ ’ਤੇ ਆਪਣਾ ਸਕਾਰਾਤਮਕ ਅਕਸ ਕੈਸ਼ ਕਰ ਰਹੇ ਹਨ। ਪ੍ਰੈਸ਼ਰ ਗਰੁੱਪ ਰਾਹੀਂ ਦਬਾਅ ਬਣਾਉਣ ਦੀਆਂ ਸੰਭਾਵਨਾਵਾਂ ਵੀ ਵਿਚਾਰੀਆਂ ਜਾ ਰਹੀਆਂ ਹਨ, ਇਸ ਵਿਚ ਸ਼ਾਮਲ ਕਈ ਬੁੱਧੀਜੀਵੀ ਯੂਨੁਸ ਦੇ ਹੱਕ ਵਿਚ ਬੋਲਦੇ ਨਜ਼ਰ ਆਉਣਗੇ।
ਮੌਕਾਪ੍ਰਸਤ ਪਾਕਿਸਤਾਨ ਨਾਲ ਦੋਸਤੀ ਜਾਂ ਨਿਰਸੁਆਰਥ ਭਾਰਤ ਨਾਲ ਦੁਸ਼ਮਣੀ, ਦੋਵੇਂ ਹੀ ਬੰਗਲਾਦੇਸ਼ ਨੂੰ ਉਸ ਦੀ ਲੜਖੜਾਉਂਦੀ ਆਰਥਿਕਤਾ ਕਾਰਨ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ, ਹਾਲਾਂਕਿ, ਭਾਰਤ ਲਈ ਸੁਚੇਤ ਹੋਣ ਦਾ ਸਮਾਂ ਹੈ।
ਹਿੰਦੂ ਘੱਟਗਿਣਤੀਆਂ ਦੀ ਸੁਰੱਖਿਆ ਦੇ ਹੱਕ ਵਿਚ ਸਮੂਹਿਕ ਆਵਾਜ਼ ਉਠਾ ਕੇ ਬੰਗਲਾਦੇਸ਼ ’ਤੇ ਕੌਮਾਂਤਰੀ ਦਬਾਅ ਬਣਾਉਣ ਦੀ ਵੀ ਲੋੜ ਹੈ। ਹਾਲਾਂਕਿ ਸਮਾਂ ਚੁਣੌਤੀਪੂਰਨ ਹੈ, ਇਹ ਸਾਡੀ ਸੁਰੱਖਿਆ ਪ੍ਰਣਾਲੀ ਨੂੰ ਅਭੇਦ ਬਣਾਉਣ ਅਤੇ ਕੱਟੜਤਾ ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਕਰਨ ਦਾ ਸਭ ਤੋਂ ਵਧੀਆ ਮੌਕਾ ਹੈ।
ਦੀਪਿਕਾ ਅਰੋੜਾ
ਕੈਥੋਲਿਕ ਨੇਤਾ ਇਕਜੁੱਟ ਹੋਣ
NEXT STORY