ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ)
ਸੁਣਿਆ ਅਤੇ ਦੇਖਿਆ ਤੁਸੀਂ ਦੋ ਆਦਮੀ ਕਿੱਟ ’ਚ ਲਿਪਟੇ ਆਏ, ਪੁਲ ਤੋਂ ਦਰਿਆ ’ਚ ਲਾਸ਼ ਸੁੱਟੀ ਅਤੇ ਰਫੂਚੱਕਰ ਹੋ ਗਏ। ਚਾਰ ਸਫਾਈ ਕਰਮਚਾਰੀਆਂ ਨੇ ਚਿੱਟੇ ਕੱਪੜੇ ’ਚ ਲਿਪਟੀ ਲਾਸ਼ ਨੂੰ ਚੁੱਕਿਆ ਅਤੇ ਕਿਸੇ ਅਣਪਛਾਤੀ ਥਾਂ ’ਤੇ ਸਾੜ ਦਿੱਤਾ।
ਇਹ ਲਾਸ਼ ਦਿੱਲੀ ਦੇ ਪ੍ਰਸਿੱਧ ਹਸਪਤਾਲ ’ਚੋਂ ਚੁੱਕੀ ਗਈ ਸੀ। ਦੂਸਰਾ ਮੰਜ਼ਰ ਗੰਗਾ ਮਈਆ ’ਚ ਤੈਰਦੀਆਂ ਲਾਸ਼ਾਂ ਦਾ ਦੇਖਿਆ। ਤੀਸਰਾ ਦ੍ਰਿਸ਼ ਦੇਖਿਆ ਕਿ ਦੋ ਆਦਮੀਆਂ ਨੇ ਇਕ ਟੋਇਆ ਪੁੱਟਿਆ, ਲਾਸ਼ ਨੂੰ ਦੱਬਿਆ ਅਤੇ ਬੜੀ ਫੁਰਤੀ ਨਾਲ ਨੌ-ਦੋ ਗਿਆਰਾਂ ਹੋ ਗਏ। ਚੌਥੇ ਦ੍ਰਿਸ਼ ’ਚ ਤਾਂ ਮਨੁੱਖ ਦੀ ਲਾਸ਼ ਨੂੰ ਕੁੱਤਿਆਂ ਦੁਆਰਾ ਨੋਚਦੇ ਹੋਏ ਦੇਖਿਆ।
ਕੋਰੋਨਾ ਮਹਾਮਾਰੀ ’ਚ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਅਜਿਹੀ ਬੇਕਦਰੀ ਦੇਖ ਕੇ ਤਾਂ ਰੂਹ ਕੰਬ ਗਈ ਪਰ ਪਲੇਗ ਮਹਾਮਾਰੀ ਦਾ ਕੀ ਦ੍ਰਿਸ਼ ਹੋਵੇਗਾ ਜਦੋਂ ਪਿੰਡ ਦੇ ਪਿੰਡ ਸਾੜ ਦਿੱਤੇ ਗਏ ਹੋਣਗੇ? ਦਾਦਾ ਜੀ ਦੱਸਦੇ ਹੁੰਦੇ ਸਨ ਤਾਂ ਖੁਦ ਰੋਣ-ਹਾਕੇ ਹੋ ਜਾਂਦੇ। ਦਾਦੀ ਕਹਾਣੀ ਸੁਣਾਉਂਦੀ ਤਾਂ ਕਹਿੰਦੀ ਇਨਸਾਨ ਦੀ ਔਕਾਤ ਸਿਰਫ ਦੋ ਗਜ਼ ਕੱਪੜਾ ਹੈ ਮੋਹਨ ਲਾਲ ਅਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਗਾਉਂਦੇ ‘ਢਾਈ ਹੱਥ ਥਾਂ ਤੇਰੇ ਲਈ ਬੰਦਿਆ’।
ਕਦੀ-ਕਦਾਈਂ ਲਾਲਾ ਜਗਤ ਨਾਰਾਇਣ ਜੀ ਹਾਸੇ -ਹਾਸੇ ’ਚ ਕਹਿੰਦੇ ਹੁੰਦੇ ਸਨ ਕਿ ਦੋ ਸਾਹਾਂ ਦੀ ਡੋਰ ’ਤੇ ਟਿਕੀ ਹੈ ਇਹ ਇਨਸਾਨੀ ਜ਼ਿੰਦਗੀ। ਮੈਂ ਮੁਸਕਰਾ ਦਿੰਦਾ ਹੁੰਦਾ, ‘‘ਨਹੀਂ, ਜੀ ਮਨੁੱਖ ਨੇ ਵੱਡੇ-ਵੱਡੇ ਡੈਮ ਬਣਾਏ, ਦਰਿਆਵਾਂ ਦੇ ਰੁਖ ਮੋੜ ਦਿੱਤੇ।’’
ਮਨੁੱਖ ਤਾਂ ਸਿਕੰਦਰ ਮਹਾਨ ਹੈ। ਉਹ ਤ ਾਂ ਅਹਿਮਦ ਸ਼ਾਹ ਅਬਦਾਲੀ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਚੰਗੇਜ਼ ਖਾਨ ਅਤੇ ਤੈਮੂਰ ਲੰਗ ਹੈ। ਇਹ ਲੁੱਟ-ਖਸੁੱਟ, ਇਹ ਮਹਿਲ-ਮਾੜੀਆਂ ਤਾਂ ਇਸੇ ਮਨੁੱਖ ਦੀਆਂ ਹਨ। ਇਕ ਅੱਤਵਾਦੀ ਮਨੁੱਖ ਨੂੰ ਤਾਂ ਦੂਸਰੇ ਦੀ ਧੌਣ ਵੱਢਣ ਸਮੇਂ ਵੀ ਡਰ ਨਹੀਂ ਲੱਗਾ। ਭਰੀ ਜਵਾਨੀ ’ਚ ਤਾਂ ਇਸ ਮਨੁੱਖ ਦੀ ਆਕੜ ਵੀ ਮਾਣ ਨਹੀਂ ਸੀ। ਚਿੱਟੀ ਚਾਦਰ ’ਚ ਲਪੇਟ ਦਿੱਤਾ ਇਸ ਮਨੁੱਖ ਨੂੰ ਕੋਰੋਨਾ ਨੇ। ਕੋਰੋਨਾ ਇਨਫੈਕਟਿਡ ਨੂੰ ਆਪਣੇ ਵੀ ਨਹੀਂ ਸੰਭਾਲ ਰਹੇ। ਸੰਭਾਲਣਾ ਤਾਂ ਕੀ, ਆਪਣੇ ਪਿਤਾ ਦੀ ਲਾਸ਼ ਨੂੰ ਪੁੱਤਰ ਮੋਢਾ ਨਹੀਂ ਦੇ ਰਿਹਾ। ਸ਼ਮਸ਼ਾਨਘਾਟ ਤੱਕ ਸਕੇ-ਸਬੰਧੀ ਨਹੀਂ ਜਾ ਰਹੇ। ਕੋਰੋਨਾ ਨੇ ਕਿਹੋ ਜਿਹਾ ਸਮਾਂ ਲਿਆ ਦਿੱਤਾ।
ਅੱਜ ਦਿੱਲੀ ’ਚ ਮੇਰੇ ਇਕ ਪਰਮਮਿੱਤਰ ਦੀ ਧਰਮਪਤਨੀ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ, ਅਫਸੋਸ ਦੇਖੋ ਮੇਰੇ ਮਿੱਤਰ ਜੋ ਖੁਦ ਕੋਰੋਨਾ ਪੀੜਤ ਹਨ, ਪਤਨੀ ਨੂੰ ਮੋਢਾ ਤਾਂ ਕੀ ਦੇਣਾ ਸੀ, ਸ਼ਮਸ਼ਾਨਘਾਟ ਤੱਕ ਨਾ ਜਾ ਸਕੇ। ਮੇਰੇ ਸਕੇ ਸਾਂਢੂ ਜੋ ਪੇਸ਼ੇ ਤੋਂ ਪ੍ਰਸਿੱਧ ਡਾਕਟਰ ਸਨ, ਉਨ੍ਹਾਂ ਦਾ ਅਕਾਲ ਚਲਾਣਾ ਕੀ ਹੋਇਆ ਕਿ ਉਨ੍ਹਾਂ ਦੇ ਪਰਿਵਾਰ ਦੇ ਿਕਸੇ ਮੈਂਬਰ ਨੂੰ ਸ਼ਮਸ਼ਾਨਘਾਟ ਨਹੀਂ ਜਾਣ ਦਿੱਤਾ ਗਿਆ।
ਸਕਾ ਜਵਾਨ ਭਤੀਜਾ ਗਿਆ ਤਾਂ ਪਤਾ ਹੀ ਨਹੀਂ ਕਿ ਉਸ ਦਾ ਸਸਕਾਰ ਕਿਸ ਨੇ ਕਰ ਦਿੱਤਾ। ਭਾਬੀ ਬੀਮਾਰ ਹੈ, ਆਦਮੀ ਦੀ ਮਜਬੂਰੀ ਦੇਖੋ ਖਬਰ ਲੈਣ ਨਹੀਂ ਜਾ ਸਕਿਆਂ। ਸਹਿਮਿਆ ਹੋਇਆ ਡਰਿਆ ਹੋਇਆ, ਬੇਵੱਸੀ ਦੇ ਆਲਮ ’ਚ ਤੜਫਦਾ ਹੋਇਆ ਮਨੁੱਖ ਆਪਣੇ ’ਚ ਬੰਦ ਹੋ ਗਿਆ, ਉਪਰੋਂ ਰੋਜ਼ੀ-ਰੋਟੀ ਦੀ ਚਿੰਤਾ। ਦਰਮਿਆਨ ’ਚ ਇਸ ਮਹਾਮਾਰੀ ਦਾ ਫਾਹਾ? ਮਨੁੱਖ ਕਰੇ ਵੀ ਕੀ? ਇਕ ਚੁੱਪ ਜਿਹੀ ਪੱਸਰੀ ਹੋਈ ਹੈ ਸਾਰੇ ਆਲਮ ’ਚ ਅਤੇ ਅੱਗੇ ਹੈ ਮਨੁੱਖ ਦੀ ‘ਅੰਤਹੀਣ ਮੱਸਿਆ’ ਭਾਵ ਹਨੇਰਾ ਹੀ ਹਨੇਰਾ।
ਬੁੱਧੀਜੀਵੀ ਜ਼ਰੂਰ ਉਪਦੇਸ਼ ਦੇ ਰਹੇ ਹਨ ਕਿ ‘ਹਾਂਪੱਖੀ ਸੋਚ ਵਧਾਓ, ਚੰਗਾ ਸੋਚੋ, ਧਿਆਨ ਕਰੋ, ਯੋਗ ਕਰੋ।’ ਪਰ ਡਰ ਅਤੇ ਭੈਅ ’ਚ ਧਿਆਨ ਕਿੱਥੇ? ਢਿੱਡ ਨਾ ਪਈਆਂ ਰੋਟੀਆਂ ਤਾਂ ਸੱਭੇ ਗੱਲਾਂ ਖੋਟੀਆਂ। ਨਾ ਕੰਮ, ਨਾ ਕਾਜ, ਉਪਰੋਂ ਮਹਾਮਾਰੀ ਦਾ ਖੌਫ। ਦੂਸਰਾ ਆਪਣਿਆਂ ਦਾ ‘ਅਨਲਮੇਟਿੰਡ’ ਅਤੇ ‘ਅਨਵੈਪਟ’ ਚਲੇ ਜਾਣਾ। ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਮਹਾਮਾਰੀ ਨਾਲ ਅਜਿਹਾ ਹੁੰਦਾ ਹੋਵੇਗਾ।
ਮੇਰੀ ਇਹ ਸੋਚ ਕੋਰੋਨਾ ਦੇ 15 ਦਿਨਾਂ ਦੇ ਅਗਿਆਤਵਾਸ ’ਚ ਪੈਦਾ ਹੋਈ। ਚਲੋ, ਚੰਗਾ ਹੋਇਆ ਕਿ ਮੇਰੇ ਡਾਕਟਰ ਬੇਟੇ ਤੇ ਮੇਰੀ ਨੂੰਹ ਡਾਕਟਰ ਨੇ ਮੈਨੂੰ ਆਪਣੇ ਯਤਨਾਂ ਨਾਲ ਇਸ ਕੋਰੋਨਾ ਮਹਾਮਾਰੀ ’ਚੋਂ ਬਾਹਰ ਕੱਢ ਲਿਆ ਪਰ ਚਿੰਤਾ ਤਾਂ ਮੈਨੂੰ ਉਨ੍ਹਾਂ ਦੀ ਖਾਈ ਜਾ ਰਹੀ ਹੈ ਜਿਨ੍ਹਾਂ ਨੂੰ ਨਾ ਤਾਂ ਡਾਕਟਰ ਮਿਲੇ, ਨਾ ਬੈੱਡ, ਨਾ ਕੋਵੈਕਸੀਨ ਮਿਲੀ, ਨਾ ਆਕਸੀਜਨ। ਤੜਫਦੇ-ਤੜਫਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਉਪਰੋਂ ਰੋਣਾ ਇਹ ਕਿ ਆਖਰੀ ਸਮੇਂ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੇ ਦਰਸ਼ਨ ਵੀ ਨਾ ਕਰ ਸਕੇ। ਬੁੱੱਧੀਜੀਵੀ ਫਿਰ ਉਪਦੇਸ਼ ਕਰਨ ਲੱਗੇ ਕਿ ਇਹ ਤਾਂ ਮਨੁੱਖ ਦੀ ਆਪਣੀ ਗਲਤੀ ਹੈ, ਉਸ ਨੇ ਕੁਦਰਤ ਨਾਲ ਖਿਲਵਾੜ ਕੀਤਾ ਸੀ। ਕੁਦਰਤ ਨਾਰਾਜ਼ ਹੋ ਗਈ। ਮੈਂ ਪੁੱਛਦਾ ਹਾਂ ਕਿ ਇਨ੍ਹਾਂ ਬੁੱਧੀਜੀਵੀਆਂ ਨੇ ਉਦੋਂ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ ਜਦੋਂ ਮਨੁੱਖ ਕੁਦਰਤ ਨੂੰ ਉਜਾੜ ਰਿਹਾ ਸੀ। ਉਦੋਂ ਤਾਂ ਇਹ ਬੁੱਧੀਜੀਵੀ ਕੁਦਰਤ ਦੇ ਸੇਵਕ ਸੁੰਦਰ ਲਾਲ ਬਹੁਗੁਣਾ ਦਾ ਮਜ਼ਾਕ ਉਡਾ ਰਹੇ ਸਨ।
ਊਰਜਾਵਾਨ, ਪਵਿੱਤਰ ਵੇਈਂ ਨੂੰ ਸਾਫ ਕਰਨ ਵਾਲੇ ਬਾਬਾ ਸੀਚੇਵਾਲ ਦਾ ਸਾਥ ਕਿਉਂ ਨਹੀਂ ਦਿੱਤਾ। ਨਰਮਦਾ ਡੈਮ ਦੀ ਉਸਾਰੀ ਦਾ ਵਿਰੋਧ ਕਰਨ ਵਾਲਿਆਂ ਨੇ ਮੇਘਾ ਪਾਟੇਕਰ ਅਤੇ ਬਾਬਾ ਸਾਹਿਬ ਆਮਟੇ ਦੀਆਂ ਗੱਲਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ? ਮੈਂ ਬਤੌਰ ਜੰਗਲਾਤ ਮੰਤਰੀ ਸਾਰੇ ਸੰਤਾਂ, ਮਹੰਤਾਂ, ਸ਼ੰਕਰਾਚਾਰੀਆਂ ਅਤੇ ਸਾਰੇ ਸਿੱਖ ਪੰਥ ਦੇ ਹੈੱਡ ਗ੍ਰੰਥੀਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਕੜਾਹ ਪ੍ਰਸ਼ਾਦ, ਫੁੱਲੀਆਂ ਅਤੇ ਪਤਾਸਿਆਂ ਦੇ ਨਾਲ-ਨਾਲ ਪੌਦਿਆਂ ਦਾ ਪ੍ਰਸ਼ਾਦ ਤੁਸੀਂ ਆਪਣੀਆਂ-ਆਪਣੀਆਂ ਸੰਗਤਾਂ ’ਚ ਵੰਡਣਾ ਸ਼ੁਰੂ ਕਰੋ
ਪਰ ਮੈਨੂੰ ਅਫਸੋਸ ਹੈ ਕਿ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਦੇ ਤਤਕਾਲੀਨ ਹੈੱਡ ਗ੍ਰੰਥੀ ਦੇ ਸਿਵਾਏ ਕਿਸੇ ਨੇ ਮੇਰੀ ਬੇਨਤੀ ਪ੍ਰਵਾਨ ਨਹੀਂ ਕੀਤੀ। ਮੈਂ ਚੀਕ-ਚੀਕ ਕੇ ਕਹਿੰਦਾ ਰਿਹਾ ਰੁੱਖ ਮਨੁੱਖ ਦੀ ਜ਼ਿੰਦਗੀ ਹੈ, ਮੀਂਹ ਹੈ, ਅੰਨ ਹੈ। ਉਦੋਂ ਬੁੱਧੀਜੀਵੀਆਂ ਨੇ ਕਿਹਾ, ਮੈਂ ਪਾਗਲ ਹਾਂ।
ਕੋਈ ਵੀ ਸਮਝਦਾਰ ਵਿਅਕਤੀ ਬੁਰਾ ਨਾ ਮੰਨੇ। ਮਰਨ ਵਾਲੇ ਵਿਅਕਤੀ ਦੀ ਲਾਸ਼ ਦੇ ਵੀ ਕੁਝ ਕਾਨੂੰਨੀ ਅਧਿਕਾਰ ਹਨ। ਲਾਸ਼ਾਂ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਹੈ। ਲਾਸ਼ਾਂ ਦਾ ਤ੍ਰਿਸਕਾਰ ਕਾਨੂੰਨੀ ਅਪਰਾਧ ਹੈ। ਈਸਾਈ ਅਤੇ ਮੁਸਲਿਮ ਭਾਈਚਾਰਿਆਂ ’ਚ ਲਾਸ਼ਾਂ ਨੂੰ ਪੂਰੇ ਧਾਰਮਿਕ ਸੰਸਕਾਰਾਂ ਨਾਲ ਦਫਨਾਉਣ ਦਾ ਨਿਯਮ ਹੈ। ਉਨ੍ਹਾਂ ਦੀਆਂ ਕਬਰਾਂ ਨੂੰ ਫੁੱਲ-ਬੂਟਿਆਂ ਨਾਲ ਨਿਵਾਜਿਆ ਜਾਂਦਾ ਹੈ। ਹਿੰਦੂ ਮੈਥਾਲੋਜੀ ’ਚ ਲਾਸ਼ਾਂ ਦਾ ਵਿਧੀ-ਵਿਧਾਨ ਨਾਲ ਸਾੜ ਕੇ ਸਸਕਾਰ ਕੀਤਾ ਜਾਂਦਾ ਹੈ ਪਰ ਕੋਰੋਨਾ ਮਹਾਮਾਰੀ ’ਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਯਹੂਦੀ, ਪਾਰਸੀ ਸਾਰਿਆਂ ਨੂੰ ਇਕ ਹੀ ਚਿਖਾ ’ਤੇ ਚੜ੍ਹਾਇਆ ਜਾ ਰਿਹਾ ਹੈ।
ਹਾਂ, ਸੰਕਟ ਕਾਲ ਇਕ ਗੱਲ ਜ਼ਰੂਰ ਸਿਖਾ ਜਾਂਦਾ ਹੈ ਕਿ ਸੰਕਟ ’ਚ ‘ਅਸੀਂ ਸਾਰੇ ਇਕ ਹਾਂ’ ਪਰ ਭਾਰਤ ’ਚ ਆਪਣੇ ਸਮਾਜ ’ਚ ਆਲਮ ਹੀ ਨਿਰਾਲਾ ਹੈ।
ਮੈਂ ਮੋਦੀ ਦੇ ਦੋਸ਼ ਕੱਢ ਰਿਹਾ ਹਾਂ ਤਾਂ ਮੋਦੀ ਸਾਹਿਬ ਕਾਂਗਰਸ ’ਤੇ ਦੋਸ਼ ਮੜ੍ਹ ਰਹੇ ਹਨ। ਸੰਕਟ ਦੀ ਇਸ ਮਹਾਮਾਰੀ ’ਚ ਸਾਡੇ ਸਮਾਜ ’ਚ ਕਾਂਗਰਸ, ਭਾਜਪਾ, ਅਕਾਲੀ, ਬਹੁਜਨ ਸਮਾਜ ਪਾਰਟੀ, ਕਮਿਊਨਿਸਟ ਜਾਂ ਸਮਾਜਵਾਦੀ ਬਣੇ ਹੋਏ ਹਨ। ਧੜਾਧੜ ਇਕ-ਦੂਸਰੇ ਨੂੰ ਇਸ ਮਹਾਮਾਰੀ ਦਾ ਦੋਸ਼ੀ ਠਹਿਰਾ ਰਹੇ ਹਨ।
ਮਨੁੱਖ ਦੀ ਔਕਾਤ ਨੂੰ ਵੀ ਪਛਾਣ ਲਿਆ।
ਕਿਸਾਨ ਅੰਦੋਲਨ: ਦੋਵੇਂ ਧਿਰਾਂ ਦਿਖਾਉਣ ਦਰਿਆਦਿਲੀ
NEXT STORY