ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ’ਚ ਸੁਰੱਖਿਆ ਵਿਵਸਥਾ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ’ਚ ਵੱਧ ਪੁਖਤਾ ਹੋਣ ਦੀ ਆਸ ਕੀਤੀ ਜਾਂਦੀ ਹੈ, ਪਰ ਇਥੇ ਵੀ ਨਸ਼ਾ, ਜਬਰ-ਜ਼ਨਾਹ, ਹੱਤਿਆ, ਲੁੱਟ-ਮਾਰ ਤੇ ਦੇਹ ਵਪਾਰ ਆਦਿ ਜ਼ੋਰਾਂ ’ਤੇ ਹਨ, ਜੋ ਹੇਠਲਿਖਤ ਚੰਦ ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :
* 28 ਮਾਰਚ, 2024 ਨੂੰ ਬਵਾਨਾ ਇਲਾਕੇ ’ਚ ਇਕ ਫੈਕਟਰੀ ਮੁਲਾਜ਼ਮ ਨੇ 5 ਵਰ੍ਹਿਆਂ ਦੀ ਬੱਚੀ ਨਾਲ ਜਬਰ-ਜ਼ਨਾਹ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ। ਇਸੇ ਦਿਨ ਪੱਛਮ ਵਿਹਾਰ ’ਚ ਇਕ ਤਿੰਨ ਵਰ੍ਹਿਆਂ ਦੀ ਬੱਚੀ ਨਾਲ ਉਸੇ ਦੇ ਗੁਆਂਢੀ ਨੇ ਜਬਰ-ਜ਼ਨਾਹ ਕੀਤਾ।
* 29 ਮਾਰਚ ਨੂੰ ਦਿੱਲੀ ਪੁਲਸ ਨੇ ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਕੁੰਜ ’ਚ ਇਕ ਹਾਈ-ਪ੍ਰੋਫਾਈਲ ਸੈਕਸ ਰੈਕੇਟ ਚਲਾਉਣ ਦੇ ਦੋਸ਼ ’ਚ ਮਣੀਪੁਰ ਦੇ ਇਕ ਵਿਅਕਤੀ ਪ੍ਰੇਮ ਚੰਦਰਾ ਮੇਤੀ ਉਰਫ ਅਮਿਤ ਨੂੰ ਗ੍ਰਿਫਤਾਰ ਕੀਤਾ। ਉਹ ਪ੍ਰਾਈਵੇਟ ਸੈਕਟਰੀ ਦੀ ਨੌਕਰੀ ਲਈ ਆਨਲਾਈਨ ਇਸ਼ਤਿਹਾਰ ਦੇ ਕੇ ਲੜਕੀਆਂ ਨੂੰ ਦਿੱਲੀ ਬੁਲਾਉਂਦਾ ਅਤੇ ਉਨ੍ਹਾਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਦੇਹ ਵਪਾਰ ’ਚ ਧੱਕ ਦਿੰਦਾ ਸੀ।
* 9 ਅਪ੍ਰੈਲ ਨੂੰ ਦਿੱਲੀ ਪੁਲਸ ਨੇ ਮੈਟਰੋ ’ਚ ਜੇਬ ਕਤਰਨ ਅਤੇ ਪਰਸ ਤੇ ਬੈਗ ਚੁਰਾਉਣ ਦੇ ਦੋਸ਼ ’ਚ ਇਕ ਗਿਰੋਹ ਦੀਆਂ 5 ਔਰਤ ਮੈਂਬਰਾਂ ਨੂੰ ਫੜਿਆ।
* 10 ਅਪ੍ਰੈਲ ਨੂੰ ਨਾਂਗਲੋਈ ਪੁਲਸ ਨੇ ਨਵਜੰਮੇ ਬੱਚਿਆਂ ਦੀ ਸਮੱਗਲਿੰਗ ਕਰਨ ਵਾਲੇ ਇਕ ਬੱਚਾ ਚੋਰ ਗਿਰੋਹ ਦੀਆਂ 3 ਔਰਤਾਂ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਬੱਚੀਆਂ ਬਰਾਮਦ ਕੀਤੀਆਂ ਹਨ।
* 10 ਅਪ੍ਰੈਲ ਨੂੰ ਹੀ ਵਿਕਾਸਪੁਰੀ ਥਾਣੇ ਦੀ ਪੁਲਸ ਨੇ ਚੋਰੀ ਦੀ ਸਕੂਟੀ ’ਤੇ ਸਵਾਰ ਹੋ ਕੇ ਫਿਲਮੀ ਸਟਾਈਲ ’ਚ ਸਨੈਚਿੰਗ ਅਤੇ ਲੁੱਟ-ਮਾਰ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ’ਤੇ 30 ਮੁਕੱਦਮੇ ਪਹਿਲਾਂ ਹੀ ਦਰਜ ਸਨ।
* 10 ਅਪ੍ਰੈਲ ਨੂੰ ਹੀ ਸ਼ਾਹਬਾਦ (ਦਿੱਲੀ) ਡੇਅਰੀ ਇਲਾਕੇ ’ਚ ਇਕ ਮਕਾਨ ’ਚ ਦਾਖਲ ਹੋ ਕੇ ਲੱਗਭਗ 10 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਚੁਰਾਉਣ ਦੇ ਦੋਸ਼ ’ਚ ਪੁਲਸ ਨੇ ਅਲੀ ਹਸਨ ਨਾਂ ਦੇ ਇਕ ਕੂੜਾ ਚੁਗਣ ਵਾਲੇ ਨੂੰ ਗ੍ਰਿਫਤਾਰ ਕੀਤਾ।
* 10 ਅਪ੍ਰੈਲ ਨੂੰ ਹੀ ਸੜਕਾਂ ’ਤੇ ਇਕੱਲੇ ਘੁੰਮਣ ਵਾਲੇ ਬਜ਼ੁਰਗਾਂ ਅਤੇ ਔਰਤਾਂ ਕੋਲੋਂ ਸਨੈਚਿੰਗ ਕਰਨ ਵਾਲੇ ਇਕ ਨਾਬਾਲਗ ਸਨੈਚਰ ਨੂੰ ਦੱਖਣੀ ਜ਼ਿਲਾ ਦਿੱਲੀ ਪੁਲਸ ਦੇ ਸਪੈਸ਼ਲ ਸਟਾਫ ਨੇ 4 ਮੋਬਾਈਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ।
* 10 ਅਪ੍ਰੈਲ ਨੂੰ ਹੀ ਨਵੀਂ ਦਿੱਲੀ ਉੱਤਰ-ਪੂਰਬੀ ਜ਼ਿਲੇ ਦੇ ਥਾਣਾ ਕਰਾਵਲ ਨਗਰ ਦੀ ਪੁਲਸ ਨੇ ਸਾਹਿਲ ਕਸ਼ਯਪ ਨਾਂ ਦੇ ਨੌਜਵਾਨ ਨੂੰ ਇਕ 17 ਸਾਲਾ ਨਾਬਾਲਗ ਲੜਕੀ ਦੇ ਅਗਵਾ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 11 ਅਪ੍ਰੈਲ ਨੂੰ ਜੀ.ਬੀ. ਰੋਡ ’ਤੇ ਲੋਕਾਂ ਕੋਲੋਂ ਜਬਰੀ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੀਆਂ 3 ਸੈਕਸ ਵਰਕਰਾਂ ਨੂੰ ਪੁਲਸ ਮੁਲਾਜ਼ਮਾਂ ’ਤੇ ਜਲਣਸ਼ੀਲ ਪਦਾਰਥ ਸੁੱਟ ਕੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 12 ਅਪ੍ਰੈਲ ਨੂੰ ਦਿੱਲੀ ’ਚ ਯਮੁਨਾ ਪਾਰ ਦੇ ਇਲਾਕੇ ’ਚ ਟੂਟੀ ਤੋਂ ਪਾਣੀ ਭਰਨ ਨੂੰ ਲੈ ਕੇ ਝਗੜੇ ’ਚ ਇਕ ਲੜਕੀ ਨੇ ਚਾਕੂ ਨਾਲ ਆਪਣੀ ਗੁਆਂਢਣ ਦੀ ਹੱਤਿਆ ਕਰ ਦਿੱਤੀ।
* 14 ਅਪ੍ਰੈਲ ਨੂੰ ਹਾਈ ਸਪੀਡ ਮੋਟਰਸਾਈਕਲਾਂ ਨਾਲ ਦਿੱਲੀ ਐੱਨ.ਸੀ.ਆਰ. ’ਚ ਲੁੱਟ-ਖੋਹ ਦੀਆਂ 26 ਵਾਰਦਾਤਾਂ ਕਰਨ ਵਾਲੇ 3 ਬਦਮਾਸ਼ਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
* 14 ਅਪ੍ਰੈਲ ਨੂੰ ਹੀ ਸ਼ਾਹਦਰਾ ’ਚ 30.90 ਗ੍ਰਾਮ ਹੈਰੋਇਨ ਨਾਲ ਬਿੰਦੂ ਨਾਂ ਦੀ ਇਕ ਔਰਤ ਅਤੇ ਕ੍ਰਿਸ਼ਨ ਕੁਮਾਰ ਨਾਮੀ ਵਿਅਕਤੀ ਨੂੰ 17 ਕਿਲੋ ਤੋਂ ਵੱਧ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਗਿਆ।
* 15 ਅਪ੍ਰੈਲ ਨੂੰ ਹਾਈ ਸਕਿਓਰਿਟੀ ਇਲਾਕੇ ਲਾਲ ਕਿਲੇ ਨੇੜੇ ਬਦਮਾਸ਼ਾਂ ਨੇ ਸ਼ਾਕਿਬ ਨਾਂ ਦੇ ਇਕ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਡਰਾਉਣ ਲਈ ਹਵਾਈ ਫਾਇਰ ਵੀ ਕੀਤੇ ਜਿਨ੍ਹਾਂ ’ਚੋਂ ਇਕ ਗੋਲੀ ਲਵਕੁਸ਼ ਨਾਂ ਦੇ ਲੜਕੇ ਨੂੰ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
* 15 ਅਪ੍ਰੈਲ ਨੂੰ ਹੀ ਆਰ.ਕੇ. ਪੁਰਮ ਪੁਲਸ ਨੇ ਔਰਤਾਂ ਨੂੰ ਸੰਮੋਹਿਤ ਕਰ ਕੇ ਨੋਟਾਂ ਵਰਗੇ ਕਾਗਜ਼ ਦੇ ਬੰਡਲ ਦੇ ਕੇ ਉਨ੍ਹਾਂ ਦੇ ਗਹਿਣੇ ਠੱਗਣ ਵਾਲੇ ਦੋ ਠੱਗਾਂ ਬਾਬੂ ਲਾਲ ਅਤੇ ‘ਪੋਸੀਆ’ ਉਰਫ ਪ੍ਰਵੀਨ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਸੋਨੇ ਦੀਆਂ ਵਾਲੀਆਂ, ਟਾਪਸ, ਅੰਗੂਠੀ ਅਤੇ ਨਕਲੀ ਨੋਟਾਂ ਦੇ 3 ਬੰਡਲ ਬਰਾਮਦ ਕੀਤੇ।
* 16 ਅਪ੍ਰੈਲ ਨੂੰ ਦਿੱਲੀ ਦੇ ਜੋਤੀਨਗਰ ਥਾਣੇ ਇਲਾਕੇ ’ਚ ਫਲਾਈਓਵਰ ’ਤੇ ਹੋਈ ਫਾਇਰਿੰਗ ’ਚ ਦਿੱਲੀ ਪੁਲਸ ਦੇ ਇਕ ਏ.ਐੱਸ.ਆਈ. ਦਿਨੇਸ਼ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ। ਹਤਿਆਰੇ ਨੇ ਇਸ ਤੋਂ ਇਲਾਵਾ ਇਕ ਰਾਹਗੀਰ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਫਿਰ ਖੁਦ ਇਕ ਆਟੋ ’ਚ ਬੈਠ ਕੇ ਆਪਣੇ ਸਿਰ ’ਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਦੇਸ਼ ਦੀ ਰਾਜਧਾਨੀ ਦਾ ਇਹ ਹਾਲ ਹੈ ਤਾਂ ਬਾਕੀ ਦੇਸ਼ ’ਚ ਅਪਰਾਧਾਂ ਦੀ ਕੀ ਸਥਿਤੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਇਸ ਲਈ ਦਿੱਲੀ ਪੁਲਸ ਨੂੰ ਹੋਰ ਚੁਸਤ ਅਤੇ ਪੁਲਸ ਦੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਨੂੰ ਤੁਰੰਤ ਦੂਰ ਕਰਨ ਦੇ ਨਾਲ-ਨਾਲ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਫੜੇ ਗਏ ਦੋਸ਼ੀਆਂ ਨੂੰ ਤੁਰੰਤ ਅਤੇ ਸਖਤ ਸਜ਼ਾ ਦਿਵਾਈ ਜਾਵੇ।
- ਵਿਜੇ ਕੁਮਾਰ
ਰਾਜਸਥਾਨ ’ਚ ਭਾਜਪਾ ਦੀ ਹੈਟ੍ਰਿਕ ਜਾਂ ਕਾਂਗਰਸ ਦਾ ਖੁੱਲ੍ਹੇਗਾ ਖਾਤਾ?
NEXT STORY