ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਨੇ ਦਿੱਲੀ ਵਾਸੀਆਂ ਅਤੇ ਉਨ੍ਹਾਂ ਦੀਆਂ ਭਵਿੱਖ ਦੀਆਂ ਪੀੜ੍ਹੀਆਂ ਦਾ ਜੀਵਨ ਖਤਰੇ ’ਚ ਪਾ ਦਿੱਤਾ ਹੈ। ਇਸ ਹੁਕਮ ਅਨੁਸਾਰ ਦਿੱਲੀ ਦੀ ਹੱਦ ਨਾਲ ਲੱਗਦੀ ਅਰਾਵਲੀ ਪਰਬਤ ਲੜੀ ਦੀ ਹਰਿਆਲੀ ’ਤੇ ਦੂਰਗਾਮੀ ਉਲਟ ਪ੍ਰਭਾਵ ਪਵੇਗਾ। ਸੁਪਰੀਮ ਕੋਰਟ ਦੇ ਨਵੇਂ ਫੈਸਲੇ ਨੇ ਅਰਾਵਲੀ ਪਰਬਤ ਮਾਲਾ ਨੂੰ 100 ਮੀਟਰ ਦੀ ਉੱਚਾਈ ਦੇ ਆਧਾਰ ’ਤੇ ਪਰਿਭਾਸ਼ਿਤ ਕਰ ਦਿੱਤਾ ਹੈ, ਜਿਸ ਨਾਲ ਇਸ ਦੇ ਵਿਸ਼ਾਲ ਭਾਗ ਨੂੰ ਕਾਨੂੰਨੀ ਪਨਾਹ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਉੱਤਰ-ਪੱਛਮ ਭਾਰਤ ਖਾਸ ਕਰਕੇ ਦਿੱਲੀ-ਐੱਨ. ਸੀ. ਆਰ. ਦੇ ਚੌਗਿਰਦੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਕਿਉਂਕਿ ਅਰਾਵਲੀ ਨਾ ਸਿਰਫ ਰੇਗਿਸਤਾਨੀਕਰਨ ਦੀ ਇਕੋ-ਇਕ ਰੋਕ ਹੈ ਸਗੋਂ ਇਹ ਜਲ ਸੰਵਰਧਨ ਖੇਤਰ, ਪ੍ਰਦੂਸ਼ਣ ਲਈ ਸਿੰਕ, ਵਣ ਜੀਵਾਂ ਦੇ ਨਿਵਾਸ ਅਤੇ ਜਨ ਸਿਹਤ ਲਈ ਅਤਿਅੰਤ ਮਹੱਤਵਪੂਰਨ ਹੈ।
ਅਰਾਵਲੀ ਦਿੱਲੀ-ਐੱਨ. ਸੀ. ਆਰ. ਦੀ ਹਵਾ ਗੁਣਵੱਤਾ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਥਾਰ ਮਾਰੂਸਥਲ ਤੋਂ ਆਉਣ ਵਾਲੀ ਧੂੜ ਅਤੇ ਪ੍ਰਦੂਸ਼ਣ ਨੂੰ ਰੋਕਦੀ ਹੈ। ਜੇਕਰ ਅਰਾਵਲੀ ਦੇ ਵੱਡੇ ਹਿੱਸੇ ਨੂੰ ਸੁਰੱਖਿਆ ਤੋਂ ਬਾਹਰ ਰੱਖਿਆ ਿਗਆ ਤਾਂ ਦਿੱਲੀ-ਐੱਨ. ਸੀ. ਆਰ. ’ਚ ਧੂੜ, ਤੂਫਾਨ, ਹਵਾ ਪ੍ਰਦੂਸ਼ਣ ਅਤੇ ਜਲ ਸੰਕਟ ਵਧ ਸਕਦਾ ਹੈ। ਅਰਾਵਲੀ ਦੀਆਂ ਚੱਟਾਨਾਂ ’ਚ ਦਰਾੜਾਂ ਕੁਦਰਤੀ ਜਲ ਸੰਵਰਧਨ ਲਈ ਅਹਿਮ ਹਨ। ਇੱਥੇ ਪ੍ਰਤੀ ਹੈਕਟੇਅਰ 2 ਮਿਲੀਅਨ ਲੀਟਰ ਜਲ ਸੰਵਰਧਨ ਦੀ ਸਮਰੱਥਾ ਹੈ ਜਿਸ ਨਾਲ ਪੂਰੇ ਖੇਤਰ ਦਾ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਅਰਾਵਲੀ ਵੱਖ-ਵੱਖ ਵਣ ਜੀਵਾਂ ਦਾ ਨਿਵਾਸ ਹੈ, ਜਿਸ ’ਚ ਸੈਂਕੜੇ ਪ੍ਰਜਾਤੀਆਂ ਸ਼ਾਮਲ ਹਨ।
ਸੁਪਰੀਮ ਕੋਰਟ ਨੇ ਅਰਾਵਲੀ ਨੂੰ ਸਿਰਫ ਉਨ੍ਹਾਂ ਹੀ ਭੂ-ਅਾਕ੍ਰਿਤੀਆਂ ਤੱਕ ਸੀਮਤ ਕਰ ਦਿੱਤਾ ਹੈ ਜੋ ਸਥਾਨਕ ਪੱਧਰ ਤੋਂ 100 ਮੀਟਰ ਉੱਚਾਈ ’ਤੇ ਹਨ। ਇਸ ਨਾਲ ਅਰਾਵਲੀ ਦੇ ਲਗਭਗ 90 ਫੀਸਦੀ ਹਿੱਸੇ ਨੂੰ ਸੁਰੱਖਿਆ ਤੋਂ ਬਾਹਰ ਰੱਖਿਆ ਗਿਆ ਹੈ ਜਿਸ ’ਚ ਛੋਟੇ ਟਿੱਲੇ, ਢਲਾਨਾਂ ਅਤੇ ਬਫਰ ਖੇਤਰ ਸ਼ਾਮਲ ਹਨ। ਇਹ ਫੈਸਲਾ ਖਨਨ, ਨਿਰਮਾਣ ਅਤੇ ਰੀਅਲ ਅਸਟੇਟ ਸਰਗਰਮੀਆਂ ਲਈ ਦਰਵਾਜ਼ੇ ਖੋਲ੍ਹ ਦੇਵੇਗਾ, ਜਿਸ ਨਾਲ ਜੈਵ-ਵਿਭਿੰਨਤਾ, ਜਲ ਸੰਵਰਧਨ ਅਤੇ ਹਵਾ ਗੁਣਵੱਤਾ ’ਤੇ ਗੰਭੀਰ ਖਤਰਾ ਹੋਵੇਗਾ।
ਸੁਪਰੀਮ ਕੋਰਟ ਦਾ ਇਹ ਫੈਸਲਾ ਨਿਆਇਕ ਸੁਰੱਖਿਆ ਦੇ ਸਿਧਾਂਤਾਂ ਦੇ ਖਿਲਾਫ ਵੀ ਜਾ ਸਕਦਾ ਹੈ। ਅਦਾਲਤਾਂ ਚੌਗਿਰਦੇ ਸੰਬੰਧੀ ਨਿਆਂ ਲਈ ਜਾਣੀਆਂ ਜਾਂਦੀਆਂ ਹਨ ਪਰ ਇਸ ਫੈਸਲੇ ਤੋਂ ਲੱਗਦਾ ਹੈ ਕਿ ਕਾਰੋਬਾਰੀ ਅਤੇ ਵਿਕਾਸਾਤਮਕ ਹਿੱਤਾਂ ਨੂੰ ਚੌਗਿਰਦੇ ਅਤੇ ਸਮਾਜਿਕ ਹਿੱਤਾਂ ’ਤੇ ਪਹਿਲ ਦਿੱਤੀ ਜਾ ਹੀ ਹੈ। ਇਹ ਭਵਿੱਖ ’ਚ ਹੋਰ ਚੌਗਿਰਦੇ ਸੰਬੰਧੀ ਮਾਮਲਿਆਂ ’ਚ ਵੀ ਖਰਾਬ ਉਦਾਹਰਣ ਸਾਬਿਤ ਹੋ ਸਕਦੀ ਹੈ, ਜਿਸ ਨਾਲ ਕੁਦਰਤੀ ਸੋਮਿਆਂ ਦੀ ਲੁੱਟ ਨੂੰ ਹੋਰ ਬੜ੍ਹਾਵਾ ਮਿਲ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਭਾਰਤ ਦੇ ਚੌਗਿਰਦੇ ਸੰਬੰਧੀ ਸੰਤੁਲਨ ਡੂੰਘਾਈ ਨਾਲ ਪ੍ਰਭਾਵਿਤ ਕਰੇਗਾ। ਅਰਾਵਲੀ ਪਰਬਤ ਮਾਲਾ ਦੀ ਸੁਰੱਖਿਆ ਦਾ ਮੁੱਦਾ ਨਾ ਸਿਰਫ ਚੌਗਿਰਦੇ ਸੰਬੰਧੀ ਅਤੇ ਆਰਥਿਕ ਹੈ ਸਗੋਂ ਇਹ ਨੈਤਿਕ ਅਤੇ ਨਿਆਇਕ ਵੀ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 48 ਏ ਅਤੇ 51 ਏ (ਜੀ) ’ਚ ਚੌਗਿਰਦੇ ਦੀ ਸਾਂਭ-ਸੰਭਾਲ ਦਾ ਅਧਿਕਾਰ ਅਤੇ ਫਰਜ਼ ਸ਼ਾਮਲ ਹੈ, ਜਿਸ ਤਹਿਤ ਰਾਜ ਅਤੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ ਕਿ ਕੁਦਰਤੀ ਸਾਧਨਾਂ ਦੀ ਰੱਖਿਆ ਕਰਨ। ਜਾਣਕਾਰਾਂ ਅਨੁਸਾਰ ਇਸ ਨਵੇਂ ਫੈਸਲੇ ਨਾਲ ਇਹ ਜ਼ਿੰਮੇਵਾਰੀ ਅਤੇ ਅਧਿਕਾਰ ਕਮਜ਼ੋਰ ਹੋ ਰਿਹਾ ਹੈ ਕਿਉਂਕਿ ਅਰਾਵਲੀ ਦੇ ਵੱਡੇ ਹਿੱਸੇ ਨੂੰ ਸੁਰੱਖਿਆ ਤੋਂ ਬਾਹਰ ਰੱਖ ਕਿ ਇਸ ਦੀ ਕੁਦਰਤੀ ਸੰਪਦਾ ਦੀ ਅੰਨ੍ਹੀ ਵਰਤੋਂ ਆਸਾਨ ਹੋ ਜਾਵੇਗੀ।
ਅਰਾਵਲੀ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਭਾਈਚਾਰੇ, ਆਦਿਵਾਸੀ, ਕਿਸਾਨ ਅਤੇ ਗ੍ਰਾਮੀਣ ਇਸ ਪਰਬਤ ਮਾਲਾ ਦੀ ਸੁਰੱਖਿਆ ਲਈ ਸਭ ਤੋਂ ਜ਼ਿਆਦਾ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅਰਾਵਲੀ ਨਾ ਸਿਰਫ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਰੋਤ ਹੈ ਸਗੋਂ ਉਨ੍ਹਾਂ ਦੀ ਸੰਸਕ੍ਰਿਤੀ ਦੀ ਪਛਾਣ ਦਾ ਹਿੱਸਾ ਵੀ ਹੈ। ਜੇਕਰ ਇਸ ਦੀ ਸੁਰੱਖਿਆ ਨਹੀਂ ਹੋਵੇਗੀ ਤਾਂ ਇਨ੍ਹਾਂ ਭਾਈਚਾਰਿਆਂ ਦੀ ਜੀਵਨਸ਼ੈਲੀ, ਆਸਥਾ ਅਤੇ ਭਾਵਨਾਵਾਂ ਵੀ ਖਤਰੇ ’ਚ ਪੈਣਗੀਆਂ। ਇਹ ਫੈਸਲਾ ਨਾ ਸਿਰਫ ਚੌਗਿਰਦੇ ਨੂੰ ਨੁਕਸਾਨ ਪਹੁੰਚਾਏਗਾ ਸਗੋਂ ਸਮਾਜਿਕ ਨਾਬਰਾਬਰੀ ਅਤੇ ਹਿਜਰਤ ਨੂੰ ਵੀ ਬੜ੍ਹਾਵਾ ਦੇਵੇਗਾ।
ਰਾਜਸਥਾਨ ’ਚ ਜਿੱਥੇ ਬੱਦਲ ਉੱਠਦੇ ਸਨ, ਉਥੇ ਹੀ ਅਰਾਵਲੀ ਦੇ ਜੰਗਲ ਉਨ੍ਹਾਂ ਨੂੰ ਵਰ੍ਹਾਉਂਦੇ ਸਨ। ਮਾਈਨਿੰਗ ਦੇ ਕਾਰਨ ਅਰਾਵਲੀ ਦਾ ਤਾਪਮਾਨ 3 ਤੋਂ 5 ਡਿਗਰੀ ਤੱਕ ਵਧ ਜਾਂਦਾ ਹੈ। ਪਹਿਲਾਂ ਜੈਪੁਰ ਦੀ ਝਾਲਾਨਾ ਡੁੰਗਰੀ ’ਚ ਮਾਈਨਿੰਗ ਕਾਰਨ ਦੁਪਹਿਰ ਬਾਅਦ, ਜੈਪੁਰ ਦੇ ਹੋਰਨਾਂ ਹਿੱਸਿਆਂ ਦੀ ਤੁਲਨਾ ’ਚ, ਉਥੋਂ ਦਾ ਤਾਪਮਾਨ 1 ਤੋਂ 3 ਡਿਗਰੀ ਜ਼ਿਆਦਾ ਰਹਿੰਦਾ ਸੀ। ਸਰਦੀਆਂ ’ਚ ਵੀ ਝਾਲਾਨਾ ਦਾ ਤਾਪਮਾਨ ਜੈਪੁਰ ਤੋਂ ਅਲੱਗ ਰਹਿੰਦਾ ਸੀ।
ਮਾਈਨਿੰਗ ਅਰਾਵਲੀ ਦੀ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੋਹਾਂ ਵਿਰੁੱਧ ਹੈ। ਇਸ ਨਾਲ ਸਾਡੇ ਹਾਲਾਤ ਵਿਗੜਦੇ ਹਨ ਹਾਂ ਕੁਝ ਮਾਈਨਿੰਗ ਮਾਲਕਾਂ ਦੀ ਆਰਥਿਕ ਸਥਿਤੀ ’ਚ ਸੁਧਾਰ ਹੁੰਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਸਿਲੀਕੋਸਿਸ ਵਰਗੀਆਂ ਭਿਆਨਕ ਬੀਮਾਰੀਆਂ ਹੋ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਗੜਦੀ ਹੈ ਅਤੇ ਫਿਰ ਬੀਮਾਰੀ ਦੇ ਕਾਰਨ ਆਰਥਿਕ ਸਥਿਤੀ ਵੀ ਖਰਾਬ ਹੋਣ ਲੱਗਦੀ ਹੈ।
ਅਰਾਵਲੀ ਦੀ ਹਰਿਆਲੀ ਸਾਡੀ ਅਰਥਵਿਵਸਥਾ ਅਤੇ ਵਾਤਾਵਰਣ ਦਾ ਆਧਾਰ ਹੈ। ਜਿਵੇਂ ਸਾਡੇ ਸਰੀਰ ਦਾ ਆਧਾਰ ਹੈ ਸਾਡੀ ਰੀੜ੍ਹ ਹੈ, ਉਸੇ ਤਰ੍ਹਾਂ ਹੀ ਅਰਾਵਲੀ ਭਾਰਤ ਦੀ ਰੀੜ੍ਹ ਹੈ। ਇਸ ਲਈ ਇਸ ਦੀ ਸੁਰੱਖਿਆ ਜ਼ਰੂਰੀ ਹੈ। ਅਰਾਵਲੀ ਨੂੰ ਮਾਈਨਿੰਗ ਮੁਕਤ ਕਰਨਾ ਹੀ ਭਾਰਤ ਦੀ ਖੁਸ਼ਹਾਲੀ ਦਾ ਮਾਰਗ ਹੈ। ਖੁਸ਼ਹਾਲੀ ਸਿਰਫ ਆਰਥਿਕ ਢਾਂਚਾ ਹੀ ਨਹੀਂ ਹੈ, ਸਾਡੇ ਜੀਵਨ-ਗਿਆਨ ਨੇ ਸਾਨੂੰ 200 ਸਾਲ ਪਹਿਲਾਂ ਤੱਕ 32 ਫੀਸਦੀ ਜੀ. ਡੀ. ਪੀ. ਤੱਕ ਪਹੁੰਚਾਇਆ ਸੀ। ਉਦੋਂ ਭਾਰਤ ’ਚ ਵੱਡੀ ਪੱਧਰ ’ਤੇ ਮਾਈਨਿੰਗ ਨਹੀਂ ਸੀ। ਸਾਡੀ ਖੇਤੀ, ਸੰਸਕ੍ਰਿਤੀ ਅਤੇ ਪ੍ਰਕਿਰਤੀ ਨੇ ਸਾਨੂੰ ਖੁਸ਼ਹਾਲ ਬਣਾਈ ਰੱਖਿਆ ਸੀ।
ਅਰਾਵਲੀ ਦੀ ਖੁਸ਼ਹਾਲੀ ਦਾ ਢਾਂਚਾ ਮਾਈਨਿੰਗ ’ਚ ਨਹੀਂ ਸਗੋਂ ਹਰਿਆਲੀ ’ਚ ਹੈ। ਹਰਿਆਲੀ ਨਾਲ ਬੱਦਲ ਰੁੱਸ ਕੇ ਬਿਨਾਂ ਵਰ੍ਹੇ ਕਿਤੇ ਹੋਰ ਨਹੀਂ ਜਾਂਦੇ, ਅਰਾਵਲੀ ’ਚ ਹੀ ਚੰਗੀ ਵਰਖਾ ਕਰਦੇ ਹਨ। ਵਰਖਾ ਦਾ ਪਾਣੀ ਖੇਤਾਂ ’ਚ ਖੇਤੀ ਕਰਨ ਲਈ ਰੋਜ਼ਗਾਰ ਦੇ ਮੌਕੇ ਦਿੰਦਾ ਹੈ। ਅਰਾਵਲੀ ਦੀ ਰੱਖਿਆ ਭਾਰਤ ਦੀ ਪ੍ਰਕਿਰਤੀ ਅਤੇ ਸੰਸਕ੍ਰਿਤਕ ਧਰੋਹਰ ਦੀ ਰੱਖਿਆ ਕਰਨ ਦੇ ਬਰਾਬਰ ਹੈ, ਜਿਸ ਦੇ ਲਈ ਹਰ ਨਾਗਰਿਕ ਨੂੰ ਜ਼ਿੰਮੇਵਾਰੀ ਲੈਣੀ ਹੋਵੇਗੀ।
–ਵਿਨੀਤ ਨਾਰਾਇਣ
ਇੰਡੀਗੋ : ਮਾੜੀ ਵਿਵਸਥਾ ਦਾ ਜ਼ਿੰਮੇਵਾਰ ਕੌਣ ?
NEXT STORY