ਮੈਂ ਰੋਜ਼ਾਨਾ ਬਹੁਤ ਸਾਰੀਆਂ ਅਖ਼ਬਾਰਾਂ ਪੜ੍ਹਦੀ ਹਾਂ। ਸੋਸ਼ਲ ਮੀਡੀਆ ’ਤੇ ਵੀ ਪੜ੍ਹਨ ਲਈ ਕਾਫ਼ੀ ਸਮੱਗਰੀ ਹੁੰਦੀ ਹੈ। ਬੀਤੇ ਦਿਨੀਂ ਇਕ ਘਟਨਾ ਪੜ੍ਹ ਕੇ ਮੈਂ ਹਿੱਲ ਗਈ। ਇਕ ਸੱਜਣ ਆਪਣੀ ਪਤਨੀ ਨਾਲ ਮੁਜ਼ੱਫਰਪੁਰ (ਬਿਹਾਰ) ’ਚ ਰਹਿੰਦੇ ਸਨ। ਉਹ ਇਕ ਬੈਂਕ ਤੋਂ ਕੈਸ਼ੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ ਬੇਟਾ ਨਿਖਿਲ ਬੈਂਗਲੁਰੂ ’ਚ ਨੌਕਰੀ ਕਰਦਾ ਹੈ।
ਬੇਟੇ ਨੇ ਘਰ ਦੇ ਸੀ. ਸੀ. ਟੀ. ਵੀ. ਨੂੰ ਮੋਬਾਈਲ ਨਾਲ ਜੋੜ ਰੱਖਿਆ ਸੀ ਅਤੇ ਸਮੇਂ-ਸਮੇਂ ’ਤੇ ਮਾਤਾ-ਪਿਤਾ ਦਾ ਹਾਲ-ਚਾਲ ਦੇਖਦਾ ਰਹਿੰਦਾ ਸੀ। ਇਕ ਸ਼ਾਮ ਚਾਰ ਵਜੇ, ਉਸ ਨੇ ਮੋਬਾਈਲ ’ਤੇ ਦੇਖਿਆ ਕਿ ਉਸ ਦੇ ਪਿਤਾ ਡਿੱਗੇ ਪਏ ਹਨ ਅਤੇ ਮਾਂ ਪੌੜੀ ਵੱਲ ਭੱਜ ਰਹੀ ਹੈ। ਉਸ ਨੇ ਉਨ੍ਹਾਂ ਦੇ ਮੋਬਾਈਲ ’ਤੇ ਫ਼ੋਨ ਕੀਤਾ ਪਰ ਉਹ ਸਵਿੱਚ ਆਫ਼ ਸਨ। ਲੜਕਾ ਘਬਰਾ ਗਿਆ। ਉਸ ਨੇ ਆਪਣੇ ਗੁਆਂਢੀ ਅਮਿਤ ਨੂੰ ਫ਼ੋਨ ਕਰ ਕੇ ਕਿਹਾ ਕਿ ਉਹ ਉਸ ਦੇ ਘਰ ਜਾ ਕੇ ਦੇਖੇ। ਮਾਤਾ-ਪਿਤਾ ’ਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ। ਤਿੰਨ-ਚਾਰ ਜਣੇ ਘਰ ’ਚ ਦਿਖਾਈ ਦੇ ਰਹੇ ਹਨ।
ਗੁਆਂਢੀ ਅਮਿਤ ਕੁਝ ਹੋਰ ਗੁਆਂਢੀਆਂ ਨਾਲ ਘਰ ਪਹੁੰਚਿਆ ਤਾਂ ਦੇਖਿਆ ਕਿ ਨਿਖਿਲ ਦੇ ਪਿਤਾ ਪਹਿਲੀ ਮੰਜ਼ਿਲ ’ਤੇ ਪਏ ਸਨ। ਉਨ੍ਹਾਂ ’ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਮੌਤ ਹੋ ਚੁੱਕੀ ਸੀ। ਪਿਤਾ ਦੀ ਕੁਝ ਦਿਨ ਪਹਿਲਾਂ ਹੀ ਬਾਈਪਾਸ ਸਰਜਰੀ ਹੋਈ ਸੀ। ਉਨ੍ਹਾਂ ਨੂੰ ਸਿਹਤ ਦੀਆਂ ਹੋਰ ਸਮੱਸਿਆਵਾਂ ਵੀ ਸਨ। ਬਜ਼ੁਰਗ ਵੀ ਸਨ। ਅਜਿਹੇ ’ਚ ਕਾਤਲਾਂ ਦਾ ਮੁਕਾਬਲਾ ਕਰਦੇ ਵੀ ਤਾਂ ਕਿਵੇਂ। ਬਜ਼ੁਰਗ ਚਾਰ ਭਰਾ ਸਨ। ਦੋ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ। ਭਰਾਵਾਂ ਦੇ ਚਲੇ ਜਾਣ ਕਾਰਨ ਵੀ ਉਹ ਪ੍ਰੇਸ਼ਾਨ ਰਹਿੰਦੇ ਸਨ ਪਰ ਪੁੱਛਣ ’ਤੇ ਕਦੇ ਕੁਝ ਨਹੀਂ ਦੱਸਦੇ ਸਨ।
ਫਿਰ ਗੁਆਂਢੀ ਨਿਖਿਲ ਦੀ ਮਾਂ ਨੂੰ ਲੱਭਣ ਲੱਗੇ। ਉੱਪਰੋਂ ਉਹ ਵੀ ਮਰੀ ਹੋਈ ਮਿਲੀ। ਉਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਅਤੇ ਉਨ੍ਹਾਂ ਦੇ ਮੂੰਹ ’ਤੇ ਟੇਪ ਲੱਗੀ ਸੀ। ਸਾਫੇ ਨਾਲ ਗਲਾ ਘੁੱਟਿਆ ਗਿਆ ਸੀ।
ਗੁਆਂਢੀਆਂ ਨੇ ਮੁੜ ਬੈਂਗਲੁਰੂ ’ਚ ਨਿਖਿਲ ਨੂੰ ਫ਼ੋਨ ਕੀਤਾ। ਪੁਲਸ ਨੂੰ ਵੀ ਬੁਲਾਇਆ। ਘਰ ’ਚ ਰਹਿਣ ਵਾਲੀ ਇਕ ਹੋਰ ਕਿਰਾਏਦਾਰਨ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ ਕਿ ਬਜ਼ੁਰਗਾਂ ਨੇ ਦੂਜੀ ਮੰਜ਼ਿਲ ’ਤੇ ਚਾਰ ਦਿਨ ਪਹਿਲਾਂ ਇਕ ਲੜਕੇ ਨੂੰ ਕਿਰਾਏਦਾਰ ਰੱਖਿਆ ਸੀ। ਸਾਮਾਨ ਦੇ ਨਾਂ ’ਤੇ ਇਹ ਲੜਕਾ ਆਪਣੇ ਨਾਲ ਇਕ ਬੈਗ ਅਤੇ ਇਕ ਸਿਲੰਡਰ ਹੀ ਲਿਆਇਆ ਸੀ। ਇਕ ਵਾਰ ਆਉਣ ਤੋਂ ਬਾਅਦ ਉਹ ਦੁਬਾਰਾ ਆਇਆ। ਪੀਣ ਲਈ ਪਾਣੀ ਮੰਗਿਆ, ਫਿਰ ਕਿਸੇ ਨੂੰ ਦਿਖਾਈ ਨਹੀਂ ਦਿੱਤਾ। ਮਹਿਲਾ ਕਿਰਾਏਦਾਰ ਨੇ ਇਹ ਵੀ ਕਿਹਾ ਕਿ ਸ਼ਾਮ ਸਾਢੇ ਪੰਜ ਵਜੇ ਅੰਟੀ ਪਾਣੀ ਭਰਨ ਲਈ ਮੋਟਰ ਚਲਾਉਂਦੀ ਸੀ। ਅੱਜ ਨਹੀਂ ਆਈ ਤਾਂ ਆਵਾਜ਼ ਵੀ ਲਾਈ ਪਰ ਉਹ ਨਹੀਂ ਆਈ। ਸੀ. ਸੀ. ਟੀ. ਵੀ. ’ਚ ਇਹ ਕਿਰਾਏਦਾਰ ਭੱਜਦਾ ਵੀ ਦਿਖਾਈ ਦੇ ਰਿਹਾ ਸੀ।
ਕਿਰਾਏਦਾਰ ਨੂੰ ਲੱਭਣ ’ਤੇ ਉਹ ਕਿਤੇ ਨਹੀਂ ਮਿਲਿਆ। ਉਸ ਦਾ ਸਾਮਾਨ ਵੀ ਗਾਇਬ ਸੀ। ਜੋੜੇ ਦੇ ਮੋਬਾਈਲ ਫ਼ੋਨ ਵੀ ਗਾਇਬ ਸਨ।
ਪੁੱਤਰ ਨਿਖਿਲ ਨੇ ਦੱਸਿਆ ਕਿ ਕਿਰਾਏਦਾਰ ਨੇ ਆਪਣਾ ਆਧਾਰ ਕਾਰਡ ਵੀ ਉਸ ਦੇ ਪਿਤਾ ਨੂੰ ਦਿੱਤਾ ਸੀ ਪਰ ਆਧਾਰ ਕਾਰਡ ਕਿਤੇ ਨਹੀਂ ਮਿਲਿਆ। ਬਜ਼ੁਰਗਾਂ ਦੀ ਧੀ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ।
ਇਨ੍ਹੀਂ ਦਿਨੀਂ ਪੁਲਸ ਕਹਿੰਦੀ ਹੈ ਕਿ ਕੋਈ ਵੀ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਸ ਵੈਰੀਫਿਕੇਸ਼ਨ ਕਰਵਾ ਲਈ ਜਾਵੇ। ਕੀ ਕਿਰਾਏਦਾਰ ਦਾ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਇਆ ਸੀ? ਜੇ ਕਰਵਾਇਆ ਹੁੰਦਾ ਤਾਂ ਸ਼ਾਇਦ ਇਹ ਬਜ਼ੁਰਗ ਜੋੜਾ ਬਚ ਜਾਂਦਾ। ਹਾਲਾਂਕਿ ਇਹ ਵੀ ਸੱਚ ਹੈ ਕਿ ਲੋਕ ਪੁਲਸ ਕੋਲ ਜਾਣ ਤੋਂ ਬਚਦੇ ਹਨ। ਇਸ ਤੋਂ ਇਲਾਵਾ ਜੇ ਪੁਲਸ ਤੋਂ ਵੈਰੀਫਿਕੇਸ਼ਨ ਕਰਵਾ ਵੀ ਲਈਏ, ਤਾਂ ਪੁਲਸ ਹਰ ਵਕਤ ਤਾਂ ਕਿਤੇ ਮੌਜੂਦ ਨਹੀਂ ਰਹਿ ਸਕਦੀ। ਉਹ ਵੀ ਕਿਸੇ ਘਟਨਾ-ਦੁਰਘਟਨਾ ਦੇ ਹੋ ਜਾਣ ਤੋਂ ਬਾਅਦ ਹੀ ਪਹੁੰਚਦੀ ਹੈ।
ਹਾਂ, ਕਿਰਾਏਦਾਰ ਦੀ ਜਾਣਕਾਰੀ ਜ਼ਰੂਰ ਪਲਕ ਝਪਕਦਿਆਂ ਹੀ ਮਿਲ ਸਕਦੀ ਸੀ। ਭੱਜਣ ’ਤੇ ਵੀ ਉਸ ਦੀ ਜਲਦੀ ਪਛਾਣ ਹੋ ਜਾਂਦੀ। ਪੂਰੀ ਘਟਨਾ ਤੋਂ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜ਼ਰੂਰ ਉਸ ਲੜਕੇ ਨੇ ਅਪਰਾਧ ਦੇ ਇਰਾਦੇ ਨਾਲ ਹੀ ਬਜ਼ੁਰਗਾਂ ਦਾ ਮਕਾਨ ਕਿਰਾਏ ’ਤੇ ਲਿਆ ਹੋਵੇਗਾ। ਪਹਿਲਾਂ ਹੀ ਰੇਕੀ ਕਰ ਲਈ ਹੋਵੇਗੀ ਕਿ ਬੁੱਢੇ ਪਤੀ-ਪਤਨੀ ਇਕੱਲੇ ਰਹਿੰਦੇ ਹਨ। ਬੱਚੇ ਉਨ੍ਹਾਂ ਦੇ ਨਾਲ ਨਹੀਂ ਰਹਿੰਦੇ। ਨਹੀਂ ਤਾਂ ਉਹ ਆਪਣੇ ਉਹ ਕਾਗਜ਼ਾਤ ਸਮੇਟ ਕੇ ਕਿਉਂ ਭੱਜਦਾ ਜੋ ਉਸ ਨੇ ਮਕਾਨ ਮਾਲਕ ਨੂੰ ਦਿੱਤੇ ਸਨ।
ਕੁੱਲ ਮਿਲਾ ਕੇ ਇਹ ਵੀ ਕਿ ਭਾਵੇਂ ਜਿੰਨੇ ਸੀ. ਸੀ. ਟੀ. ਵੀ. ਲਗਾ ਦਿਓ, ਜੇ ਘਰ ’ਚ ਬੱਚਿਆਂ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਸਹਾਰਾ ਨਹੀਂ, ਤਾਂ ਬਜ਼ੁਰਗ ਅਸੁਰੱਖਿਅਤ ਹੀ ਹਨ। ਸੀ. ਸੀ. ਟੀ. ਵੀ. ਤੋਂ ਤੁਸੀਂ ਦੂਰ ਬੈਠੇ ਇਹੀ ਤਾਂ ਦੇਖ ਸਕਦੇ ਹੋ ਕਿ ਘਰ ’ਚ ਕੀ ਹੋ ਰਿਹਾ ਹੈ ਪਰ ਅਪਰਾਧ ਹੁੰਦੇ ਦਿਸੇ ਵੀ, ਤਾਂ ਉਸ ਨੂੰ ਰੋਕ ਨਹੀਂ ਸਕਦੇ, ਜਿਵੇਂ ਕਿ ਨਿਖਿਲ ਨਾਲ ਹੋਇਆ। ਜਿਸ ਨੂੰ ਹਿਊਮਨ ਰਿਸੋਰਸ ਕਹਿੰਦੇ ਹਨ, ਉਸ ਦੀ ਲੋੜ ਹਮੇਸ਼ਾ ਰਹਿੰਦੀ ਹੈ। ਜਦੋਂ ਕਿ ਇਨ੍ਹੀਂ ਦਿਨੀਂ ਛੋਟੇ ਪਰਿਵਾਰਾਂ ਕਾਰਨ ਇਸ ਦੀ ਭਾਰੀ ਕਮੀ ਹੈ।
ਇਕ ਸਮੇਂ ’ਚ ਜਦੋਂ ਸਾਂਝੇ ਪਰਿਵਾਰ ਸਨ, ਵੱਡੇ-ਵੱਡੇ ਕੁਨਬੇ ਹੁੰਦੇ ਸਨ, ਉਦੋਂ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣਾ ਮੁਸ਼ਕਿਲ ਹੁੰਦਾ ਸੀ। ਅੱਜ ਇਕ-ਦੋ ਬੱਚਿਆਂ ਵਾਲੇ ਪਰਿਵਾਰ ਹਨ। ਪੜ੍ਹ-ਲਿਖ ਕੇ ਬੱਚੇ ਆਪਣੀ ਰਾਹ ਤੁਰ ਪੈਂਦੇ ਹਨ। ਕਦੇ-ਕਦਾਈਂ ਹੀ ਆ ਸਕਦੇ ਹਨ। ਅਜਿਹੇ ’ਚ ਆਪਣੀ ਸੁਰੱਖਿਆ ਦੇ ਉਪਾਅ ਖੁਦ ਹੀ ਕਰਨੇ ਪੈਂਦੇ ਹਨ।
ਉਂਝ ਕਹਿੰਦੇ ਹਨ ਕਿ ਦੇਸ਼ ’ਚ ਹਜ਼ਾਰਾਂ ਫਲੈਟ ਅਤੇ ਘਰ ਖਾਲੀ ਪਏ ਹਨ। ਜੇ ਮਕਾਨ ਮਾਲਕ ਇਨ੍ਹਾਂ ਨੂੰ ਕਿਰਾਏ ’ਤੇ ਦੇਣ ਤਾਂ ਰਿਹਾਇਸ਼ ਦੀ ਸਮੱਸਿਆ ਹੱਲ ਹੋ ਸਕਦੀ ਹੈ। ਉਂਝ ਵੀ ਕਈ ਨੌਜਵਾਨ ਕਹਿੰਦੇ ਹਨ ਕਿ ਘਰ ਇੰਨੇ ਮਹਿੰਗੇ ਹਨ ਕਿ ਉਹ ਖਰੀਦ ਹੀ ਨਹੀਂ ਸਕਦੇ ਪਰ ਇਸ ਦਾ ਕੀ ਕਰੀਏ ਕਿ ਜੇ ਮਕਾਨ ਕਿਰਾਏ ’ਤੇ ਦਿੱਤਾ ਅਤੇ ਕਿਰਾਏਦਾਰ ਦਾ ਇਰਾਦਾ ਗਲਤ ਹੋਵੇ। ਇਹ ਦੇਖ ਕੇ ਕਿ ਬਜ਼ੁਰਗ ਇਕੱਲੇ ਹਨ, ਖਾਂਦੇ-ਪੀਂਦੇ ਹਨ, ਉਨ੍ਹਾਂ ਦੀ ਜਾਨ ਲੈਣ ਦੀ ਯੋਜਨਾ ਬਣ ਜਾਵੇ, ਅਜਿਹੇ ’ਚ ਕੀ ਹੋ ਸਕਦਾ ਹੈ।
-ਸ਼ਮਾ ਸ਼ਰਮਾ
‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
NEXT STORY