ਯੂਰਪ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਦੇਸ਼ਾਂ ’ਚ ਮੱਧ-ਮਾਰਗੀ ਪਾਰਟੀਆਂ ਗੰਭੀਰ ਸੰਕਟ ’ਚ ਹਨ। ਘੱਟ ਆਰਥਿਕ ਵਿਕਾਸ, ਉੱਚ ਮੁਦਰਾਸਫ਼ੀਤੀ, ਭਾਰੀ ਸਰਕਾਰੀ ਕਰਜ਼ੇ ਅਤੇ ਨੌਜਵਾਨਾਂ ਲਈ ਨਿਰਾਸ਼ਾਜਨਕ ਭਵਿੱਖ ਨੂੰ ਲੈ ਕੇ ਵਿਆਪਕ ਰੋਹ ਸੱਜੇ-ਪੱਖੀ ਅਤੇ ਖੱਬੇ-ਪੱਖੀ ਦੋਵਾਂ ਕਿਸਮਾਂ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਲੋਕ-ਲੁਭਾਊ ਪਾਰਟੀਆਂ ਨੂੰ ਹਵਾ ਦੇ ਰਿਹਾ ਹੈ।
ਫ਼ਰਾਂਸ ’ਚ ਸਕੂਲਾਂ ਲਈ ਨਾਕਾਫ਼ੀ ਫ਼ੰਡਾਂ ਦੇ ਵਿਰੋਧ ਤੋਂ ਸ਼ੁਰੂ ਹੋਏ ਵਿਆਪਕ ਦੰਗੇ ਇਕ ਹੈਰਾਨ ਕਰਨ ਵਾਲੀ ਮਿਸਾਲ ਹਨ ਪਰ ਇਹ ਰੁਝਾਨ ਕਈ ਸਾਲਾਂ ਤੋਂ ਬਣ ਰਿਹਾ ਹੈ, ਜਿਸਦਾ ਕਾਰਨ ਉਦਾਰਵਾਦੀ ਲੋਕਤੰਤਰ ਦੀ ਬਿਹਤਰ ਭਵਿੱਖ ਦੇ ਵਾਅਦਿਆਂ ਨੂੰ ਪੂਰਾ ਕਰਨ ’ਚ ਕਥਿਤ ਅਸਫ਼ਲਤਾ ਹੈ।
ਕਈ ਯੂਰਪੀਅਨ ਲੋਕਾਂ ’ਚ ਇਹ ਧਾਰਨਾ ਲਗਾਤਾਰ ਪੱਕੀ ਹੋ ਰਹੀ ਹੈ ਕਿ ਮੱਧ ਖੱਬੇ-ਪੱਖੀ ਅਤੇ ਮੱਧ ਸੱਜੇ-ਪੱਖੀ ਦੀਆਂ ਰਵਾਇਤੀ ਪਾਰਟੀਆਂ ਕੋਈ ਅਸਲ ਬਦਲ ਪੇਸ਼ ਨਹੀਂ ਕਰਦੀਆਂ ਅਤੇ ਉਨ੍ਹਾਂ ਦੀ ਅਗਵਾਈ ਇਕ ਅਜਿਹੇ ਪੜ੍ਹੇ-ਲਿਖੇ ਸ੍ਰੇਸ਼ਟ ਵਰਗ ਵੱਲੋਂ ਕੀਤੀ ਜਾਂਦੀ ਹੈ ਜਿਸਦਾ ਗ਼ਰੀਬਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨਾਲੋਂ ਨਾਤਾ ਟੁੱਟ ਚੁੱਕਾ ਹੈ। ਵਧਦੇ ਘਾਟੇ, ਖ਼ਰਚਿਆਂ ਅਤੇ ਵਿਆਜ ਦਰਾਂ ਦਾ ਸਾਹਮਣਾ ਕਰਦਿਆਂ ਸਰਕਾਰਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਸੀਮਤ ਬਦਲ ਹੀ ਲੱਭ ਰਹੀਆਂ ਹਨ।
ਇਸ ਦੀ ਬਜਾਏ, ਬਹੁਤ ਸਾਰੇ ਲੋਕ ਮਰੀਨ ਲੇ ਪੇਨ ਦੀ ‘ਨੈਸ਼ਨਲ ਰੈਲੀ’ ਵਰਗੀਆਂ ਪਾਰਟੀਆਂ ਦਾ ਸਮਰਥਨ ਕਰ ਰਹੇ ਹਨ, ਜੋ ਫ਼ਰਾਂਸੀਸੀ ਰਾਸ਼ਟਰਪਤੀ ਚੋਣਾਂ ’ਚ ਸੱਜੇ-ਪੱਖੀ ਪਾਰਟੀਆਂ ’ਚ ਸਭ ਤੋਂ ਅੱਗੇ ਹਨ ਅਤੇ ਜੀਨ-ਲਿਊਕ ਮੇਲੇਨਚੋਂ ਦੀ ‘ਫ਼ਰਾਂਸ ਅਨਬਾਉਂਡ’ ਪਾਰਟੀ ਦਾ, ਜੋ ਖੱਬੇ-ਪੱਖੀ ਪਾਰਟੀਆਂ ’ਚ ਦੂਜੇ ਸਥਾਨ ’ਤੇ ਹੈ। ਜਰਮਨੀ ’ਚ, ਲੋਕ ਸੱਜੇ-ਪੱਖੀ ‘ਅਲਟਰਨੇਟਿਵ ਫ਼ਾਰ ਜਰਮਨੀ’ ਅਤੇ ਖੱਬੇ-ਪੱਖੀ ‘ਡਾਈ ਲਿੰਕੇ’ ਪਾਰਟੀ ਵੱਲ ਰੁਖ਼ ਕਰ ਰਹੇ ਹਨ।
ਅਗਲੇ ਸਾਲ ਯੂਰਪ ਦੇ ਚਾਰ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਸਪੇਨ, ਫ਼ਰਾਂਸ, ਇਟਲੀ ਅਤੇ ਪੋਲੈਂਡ ’ਚ ਅਹਿਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਜਿਹੇ ’ਚ ਕੱਟੜਪੰਥੀ ਪਾਰਟੀਆਂ ਵੱਲੋਂ ਸਖ਼ਤ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇਟਲੀ ’ਚ ਵੀ ਜਿੱਥੇ ਹਫ਼ਤੇ ਦੇ ਅਖ਼ੀਰ ’ਚ ਵਿਰੋਧ ਪ੍ਰਦਰਸ਼ਨ ਭੜਕ ਉੱਠੇ, ਸੱਜੇ-ਪੱਖੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਮੁਕਾਬਲਾ ਸਾਬਕਾ ਜਨਰਲ ਰੌਬਰਟੋ ਵੰਨਾਚੀ ਨਾਲ ਹੈ, ਜਿਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਨਾਲੋਂ ਵੀ ਕਿਤੇ ਵੱਧ ਸੱਜੇ-ਪੱਖੀ ਹੈ।
ਚੈੱਕ ਗਣਰਾਜ, ਫਿਨਲੈਂਡ, ਸਲੋਵਾਕੀਆ ਅਤੇ ਕ੍ਰੋਏਸ਼ੀਆ ਦੀਆਂ ਸਰਕਾਰਾਂ ’ਚ ਵੀ ਧੁਰ ਸੱਜੇ-ਪੱਖੀ ਪਾਰਟੀਆਂ ਸ਼ਾਮਲ ਹਨ, ਜਦੋਂ ਕਿ ਸਲੋਵੇਨੀਆ ਦੀ ਸਰਕਾਰ ਇਕ ਬਾਹਰੀ ਪਾਰਟੀ ਦੇ ਸਮਰਥਨ ’ਤੇ ਨਿਰਭਰ ਹੈ, ਇਹ ਗੱਲ ਪੈਰਿਸ ਦੇ ਐੱਚ. ਈ. ਸੀ. ’ਚ ਯੂਰਪੀਅਨ ਕਾਨੂੰਨ ਦੇ ਪ੍ਰੋਫ਼ੈਸਰ ਅਲਬਰਟੋ ਏਲੇਮਾਨੋ ਨੇ ਹਾਲ ਹੀ ’ਚ ਕਹੀ।
ਪਿਊ ਰਿਸਰਚ ਸੈਂਟਰ ਦੀ ਰਾਏਸ਼ੁਮਾਰੀ ਅਨੁਸਾਰ, ਲੋਕਤੰਤਰ ਦੇ ਕੰਮਕਾਜ ਨੂੰ ਲੈ ਕੇ ਲੋਕਾਂ ਦੀ ਤਸੱਲੀ ’ਚ ਭਾਰੀ ਗਿਰਾਵਟ ਆਈ ਹੈ। ਪਿਊ ਮੁਤਾਬਕ, ਫ਼ਰਾਂਸ ’ਚ ਇਸ ਸਾਲ 69 ਫ਼ੀਸਦੀ ਆਬਾਦੀ ਲੋਕਤੰਤਰ ਤੋਂ ਅਸੰਤੁਸ਼ਟ ਹੈ। ਸਪੇਨ ’ਚ ਇਹ ਅੰਕੜਾ 68 ਫ਼ੀਸਦੀ ਹੈ। ਇਟਲੀ ’ਚ 62 ਫ਼ੀਸਦੀ ਹੈ। ਸੋਵੀਅਤ ਯੂਨੀਅਨ ਦੇ ਕਬਜ਼ੇ ਦੇ ਸਾਲਾਂ ਤੋਂ ਬਾਅਦ ਨਵੇਂ ਬਣੇ ਲੋਕਤੰਤਰ ਪੋਲੈਂਡ ’ਚ ਇਹ ਅੰਕੜਾ 47 ਫ਼ੀਸਦੀ ਹੈ। ਸੰਯੁਕਤ ਰਾਜ ਅਮਰੀਕਾ ’ਚ ਇਹ ਅੰਕੜਾ 69 ਫ਼ੀਸਦੀ ਹੈ।
ਮੁਦਰਾਸਫ਼ੀਤੀ ਅਤੇ ਉੱਚ ਵਿਆਜ ਦਰਾਂ ਤੋਂ ਨਾਰਾਜ਼ ਮਜ਼ਦੂਰਾਂ ਅਤੇ ਪੈਨਸ਼ਨਰਾਂ ਸਮੇਤ ਪੂਰੇ ਫ਼ਰਾਂਸ ’ਚ ਤੇਜ਼ੀ ਨਾਲ ਫੈਲ ਰਹੇ ਵਿਰੋਧ ਪ੍ਰਦਰਸ਼ਨ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੀ ਮੱਧ ਸੱਜੇ-ਪੱਖੀ ਸਰਕਾਰ ਅਤੇ ਉਦਾਰਵਾਦੀ ਲੋਕਤੰਤਰ ਦੀ ਵਿਆਪਕ ਅਸਫ਼ਲਤਾ ਵੱਲ ਇਸ਼ਾਰਾ ਕਰਦੇ ਹਨ।
ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪ੍ਰੋਫ਼ੈਸਰ ਏਸੇਮੋਗਲੂ ਨੇ ਹਾਲ ਹੀ ’ਚ ਪ੍ਰਕਾਸ਼ਿਤ ਆਪਣੀ ਪੁਸਤਕ, ‘‘ਉਦਾਰ ਲੋਕਤੰਤਰ ਦਾ ਕੀ ਹੋਇਆ?’’ ’ਚ ਉਦਾਰ ਲੋਕਤੰਤਰ ਦਾ ਵਿਸ਼ਲੇਸ਼ਣ ਅਤੇ ਕੁਝ ਹੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ’ਚ ਉਨ੍ਹਾਂ ਨੇ ਪਿਛਲੀ ਅੱਧੀ ਸਦੀ ’ਚ ਹੋਈਆਂ ‘‘ਅਸਫ਼ਲਤਾਵਾਂ ਦੀਆਂ ਦੋ ਵਿਆਪਕ ਰੇਖਾਵਾਂ’’ ਦਾ ਖ਼ਾਕਾ ਪੇਸ਼ ਕੀਤਾ ਹੈ, ਜਿਨ੍ਹਾਂ ਕਾਰਨ ਵਿਆਪਕ ਵੱਖਵਾਦ ਅਤੇ ਸੱਤਾ-ਵਿਰੋਧੀ ਭਾਵਨਾ ਪੈਦਾ ਹੋਈ ਹੈ।
ਉਨ੍ਹਾਂ ਕਿਹਾ ਕਿ ਆਗੂ ਇਹ ਭੁੱਲ ਗਏ ਹਨ ਕਿ ਵੋਟਰਾਂ ਨਾਲ ਉਨ੍ਹਾਂ ਦੇ ਸਮਝੌਤੇ ਦਾ ਇਕ ਅਹਿਮ ਹਿੱਸਾ ‘‘ਡ੍ਰੋਨ ਵਿਵਸਥਾ ਦੀ ਦੇਖਭਾਲ ਕਰਨਾ’’ ਹੈ, ਭਾਵ ਕਿ ਸੜਕਾਂ ਤੋਂ ਲੈ ਕੇ ਸਿੱਖਿਆ ਅਤੇ ਸਿਹਤ ਸੰਭਾਲ ਤੱਕ, ਰੋਜ਼ਾਨਾ ਜੀਵਨ ਦੇ ਬੁਨਿਆਦੀ ਢਾਂਚੇ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣਾ।
ਏਸੇਮੋਗਲੂ ਨੇ ਇਕ ਇੰਟਰਵਿਊ ’ਚ ਕਿਹਾ ਕਿ ਦੂਜਾ ਕਾਰਨ ‘‘ਉੱਪਰੋਂ ਹੇਠਾਂ ਤੱਕ ਦੀ ਸੱਭਿਆਚਾਰਕ ਸਿਆਸਤ ਦਾ ਉਭਾਰ’’ ਹੈ, ਜਿਸ ਤਹਿਤ ਕਾਲਜ ਪੜ੍ਹੇ ਕੁਲੀਨ ਵਰਗ ਹੁਣ ਪੱਛਮੀ ਦੁਨੀਆ ਭਰ ’ਚ ਰਵਾਇਤੀ ਸਮਾਜਵਾਦੀ ਅਤੇ ਮਜ਼ਦੂਰ ਵਰਗ ਦੀਆਂ ਪਾਰਟੀਆਂ ’ਤੇ ਵੀ ਭਾਰੀ ਹਨ ਅਤੇ ਉਨ੍ਹਾਂ ਦੇ ਵਿਚਾਰ ’ਚ, ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਨੂੰ ਅਣਗੌਲਿਆ ਕਰਦਾ ਹੈ ਜਾਂ ਉਨ੍ਹਾਂ ਦਾ ਤ੍ਰਿਸਕਾਰ ਕਰਦਾ ਹੈ ਜਿਨ੍ਹਾਂ ਨੇ ਰਵਾਇਤੀ ਤੌਰ ’ਤੇ ਉਨ੍ਹਾਂ ਦਾ ਸਮਰਥਨ ਕੀਤਾ ਸੀ।
ਨਤੀਜੇ ਵਜੋਂ, ਮਜ਼ਦੂਰ ਵਰਗ ਦੇ ਵੋਟਰ ਧੁਰ ਖੱਬੇ-ਪੱਖੀ ਅਤੇ ਖ਼ਾਸ ਕਰ ਕੇ ਧੁਰ ਸੱਜੇ-ਪੱਖੀ ਲੋਕ-ਲੁਭਾਊ ਪਾਰਟੀਆਂ ਵੱਲ ਆਕਰਸ਼ਿਤ ਹੋ ਰਹੇ ਹਨ, ਜਿਵੇਂ ਕਿ ਫ਼ਰਾਂਸ ਅਤੇ ਜਰਮਨੀ ’ਚ ਹੋ ਰਿਹਾ ਹੈ, ਜਿਸ ਨਾਲ ਰਵਾਇਤੀ ਕਦਰਾਂ-ਕੀਮਤਾਂ ਨੂੰ ਖ਼ਤਰਾ ਹੈ, ਕੇਂਦਰ ਦੀਆਂ ਇਤਿਹਾਸਕ ਤੌਰ ’ਤੇ ‘ਵੱਡੇ ਚਰਚ’ ਵਰਗੀਆਂ ਪਾਰਟੀਆਂ ਦਾ ਆਕਾਰ ਸੁੰਗੜ ਰਿਹਾ ਹੈ ਅਤੇ ਸੰਸਦੀ ਲੋਕਤੰਤਰ ਦੇ ਕੰਮ-ਕਾਜ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਬ੍ਰਿਟੇਨ ਦੀਆਂ 2024 ਦੀਆਂ ਚੋਣਾਂ ’ਚ, ਲੰਬੇ ਸਮੇਂ ਤੋਂ ਸੱਤਾ ’ਚ ਰਹੀਆਂ ਦੋ ਪ੍ਰਮੁੱਖ ਪਾਰਟੀਆਂ ਲੇਬਰ ਅਤੇ ਕੰਜ਼ਰਵੇਟਿਵ ਨੇ ਇਕ ਸਦੀ ਤੋਂ ਵੀ ਵੱਧ ਸਮੇਂ ’ਚ ਆਪਣਾ ਸਭ ਤੋਂ ਘੱਟ ਸਾਂਝਾ ਵੋਟ ਸ਼ੇਅਰ ਹਾਸਲ ਕੀਤਾ। ਧੁਰ ਸੱਜੇ-ਪੱਖੀ ‘ਰਿਫਾਰਮ ਯੂ. ਕੇ.’ ਪਾਰਟੀ ਨੇ ਪਿਛਲੇ ਸਾਲ ਦੀਆਂ ਚੋਣਾਂ ’ਚ ਜ਼ਬਰਦਸਤ ਲੀਡ ਹਾਸਲ ਕੀਤੀ, ਹਾਲਾਂਕਿ ਉਸ ਤੋਂ ਬਾਅਦ ਇਸ ’ਚ ਕੁਝ ਗਿਰਾਵਟ ਆਈ ਹੈ।
ਅਮਰੀਕਨ ਕੌਂਸਲ ਆਨ ਜਰਮਨੀ ਦੇ ਪ੍ਰਧਾਨ ਸਟੀਵਨ ਈ. ਸੋਕੋਲ ਨੇ ਕਿਹਾ ਕਿ ਮੱਧ-ਮਾਰਗੀ ਪਾਰਟੀਆਂ ਨੂੰ ਵੋਟਰਾਂ ਦਾ ਭਰੋਸਾ ਫਿਰ ਤੋਂ ਹਾਸਲ ਕਰਨ ਦੀ ਲੋੜ ਹੈ ਕਿ ਉਹ ਨਾ ਸਿਰਫ਼ ਉਨ੍ਹਾਂ ਦੀ ਗੱਲ ਸੁਣਨ ਸਗੋਂ ਉਨ੍ਹਾਂ ਨਾਲ ਹਮਦਰਦੀ ਵੀ ਰੱਖਣ। ਉਨ੍ਹਾਂ ਕਿਹਾ, ‘‘ਇਨ੍ਹਾਂ ਸਾਰੇ ਦੇਸ਼ਾਂ ’ਚ ਇਕ ਗੱਲ ਸਾਂਝੀ ਹੈ ਅਤੇ ਉਹ ਹੈ ਉਹ ਲੋਕ ਜੋ ਆਪਣੇ-ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ, ਜੋ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਆਲੇ-ਦੁਆਲੇ ਦਿਸ ਰਹੀ ਖੁਸ਼ਹਾਲੀ ਅਤੇ ਸੁਰੱਖਿਆ ਦਾ ਹਿੱਸਾ ਨਹੀਂ ਹਨ।’’
—ਸਟੀਵਨ ਅਰਲੈਂਜਰ
ਮੋਬਾਈਲ ਦੀ ਆਦਤ ’ਚ ਜਕੜਿਆ ਨੌਜਵਾਨ : ਚੁਣੌਤੀਆਂ ਅਤੇ ਹੱਲ
NEXT STORY