ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਗੈਂਗਸਟਰਾਂ ਅਤੇ ਉਨ੍ਹਾਂ ਦੇ ਗੁਰਗਿਆਂ ਦੇ ‘ਰੰਗਦਾਰੀ’ (ਭਾਵ ਸੁਰੱਖਿਆ ਦੇ ਨਾਂ ’ਤੇ ਜਬਰੀ ਵਸੂਲੀ) ਗਿਰੋਹ ਸਰਗਰਮ ਹਨ। ਇਹ ਗਿਰੋਹ ਮੁੱਖ ਤੌਰ ’ਤੇ ਵਪਾਰੀਆਂ ਅਤੇ ਆਮ ਲੋਕਾਂ ਤੱਕ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨਾ ਬਣਾ ਕੇ ਬਲੈਕਮੇਲ ਕਰਦੇ ਹਨ ਅਤੇ ਕਈ ਵਾਰ ਹੱਤਿਆ ਵੀ ਕਰ ਦਿੰਦੇ ਹਨ ਜਿਸ ਨਾਲ ਲੋਕਾਂ ’ਚ ਡਰ ਪਾਇਆ ਜਾਂਦਾ ਹੈ।
ਹਾਲ ਹੀ ਦੇ ਦਿਨਾਂ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ‘ਰੰਗਦਾਰੀ’ ਮੰਗਣ ਦੇ ਕਈ ਵੱਡੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਪਿਛਲੇ ਲਗਭਗ ਢਾਈ ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 28 ਜੁਲਾਈ ਨੂੰ ਮੁੰਬਈ ਪੁਲਸ ਦੇ ‘ਐਂਟੀ-ਐਕਸਟਾਰਸ਼ਨ ਸੈੱਲ’ ਨੇ ਗੈਂਗਸਟਰ ‘ਛੋਟਾ ਸ਼ਕੀਲ’ ਦੇ ਨਾਂ ’ਤੇ ਦੱਖਣੀ ਮੁੰਬਈ ਦੇ ਇਕ ਡਿਵੈਲਪਰ ਤੋਂ 2 ਕਰੋੜ ਰੁਪਏ ਦੀ ‘ਰੰਗਦਾਰੀ’ ਮੰਗਣ ਵਾਲੇ ਇਕ ਸ਼ਾਤਰ ਅਪਰਾਧੀ ਨੂੰ ਗ੍ਰਿਫਤਾਰ ਕੀਤਾ।
* 11 ਅਗਸਤ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਕਬਾੜੀਏ ਨੂੰ ਧਮਕਾ ਕੇ ਉਸ ਤੋਂ 5 ਲੱਖ ਰੁਪਏ ਦੀ ‘ਰੰਗਦਾਰੀ’ ਵਸੂਲ ਕਰਨ ਦੇ ਦੋਸ਼ ’ਚ 2 ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ।
* 18 ਅਗਸਤ ਨੂੰ ‘ਗੁਵਾਹਾਟੀ’ (ਅਾਸਾਮ) ’ਚ ਪੁਲਸ ਨੇ ਇਕ ਬਿਲਡਰ ਤੋਂ 30 ਲੱਖ ਰੁਪਏ ਦੀ ‘ਰੰਗਦਾਰੀ’ ਮੰਗਣ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਰੰਗਦਾਰੀ ਦੀ ਪਹਿਲੀ ਕਿਸ਼ਤ ਦੇ 5 ਲੱਖ ਰੁਪਏ ਲੈਣ ਆਏ ਸਨ।
* 29 ਅਗਸਤ ਨੂੰ ‘ਧਨਬਾਦ’ (ਝਾਰਖੰਡ) ’ਚ ਇਕ ‘ਕੰਪਨੀ’ ਦੇ ਅਧਿਕਾਰੀ ਤੋਂ 20 ਲੱਖ ਰੁਪਏ ਦੀ ‘ਰੰਗਦਾਰੀ’ ਮੰਗਣ ਦੇ ਦੋਸ਼ ’ਚ ਪੁਲਸ ਨੇ ਇਕ ‘ਰੰਗਦਾਰੀ’ ਵਸੂਲੀ ਨੈੱਟਵਰਕ ਨਾਲ ਜੁੜੇ 2 ਗੁਰਗਿਆਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ।
* 21 ਸਤੰਬਰ ਨੂੰ ‘ਨਾਲੰਦਾ’ (ਬਿਹਾਰ) ਜ਼ਿਲੇ ਦੇ ‘ਖੁਦਾਗੰਜ’ ’ਚ ਇਕ ਨੌਜਵਾਨ ‘ਰੰਜਨ ਕੁਮਾਰ’ ਦੀ ਸਿਰਫ 5,000 ਰੁਪਏ ਦੀ ‘ਰੰਗਦਾਰੀ’ ਦੇਣ ਤੋਂ ਇਨਕਾਰ ਕਰਨ ’ਤੇ ਉਸ ਦੀ ਛਾਤੀ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 28 ਸਤੰਬਰ ਨੂੰ ‘ਦਿੱਲੀ’ ਪੁਲਸ ਨੇ ‘ਰੋਹਿਣੀ’ ਇਲਾਕੇ ਦੇ ਇਕ ਫਾਇਨਾਂਸਰ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੇ ਸਿਲਸਿਲੇ ’ਚ ‘ਹਰਿੰਦਰ ਨਾਗਰ’ ਨਾਮੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕੋਲੋਂ 2 ਪਿਸਤੌਲ ਅਤੇ 14 ਕਾਰਤੂਸ ਬਰਾਮਦ ਕੀਤੇ।
* 2 ਅਕਤੂਬਰ ਨੂੰ ‘ਦਿੱਲੀ ਪੁਲਸ’ ਦੀ ‘ਸਪੈਸ਼ਲ ਟਾਸਕ ਫੋਰਸ’ ਨੇ ਇਕ ਕਾਰੋਬਾਰੀ ਤੋਂ 1 ਕਰੋੜ ਰੁਪਏ ਦੀ ‘ਰੰਗਦਾਰੀ’ ਮੰਗਣ ਅਤੇ ਰਕਮ ਨਾ ਮਿਲਣ ’ਤੇ ਕਾਰੋਬਾਰੀ ਦੇ ਘਰ ਫਾਇਰਿੰਗ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਉੱਤਰ ਦਿੱਲੀ ਤੋਂ 3 ਬਦਮਾਸ਼ਾਂ ‘ਆਰਿਫ’, ‘ਆਨੀਫ’ ਅਤੇ ‘ਮੋਮਿਨ’ ਨੂੰ ਗ੍ਰਿਫਤਾਰ ਕੀਤਾ।
* 12 ਅਕਤੂਬਰ ਨੂੰ ‘ਝਾਂਸੀ’ (ਉੱਤਰ ਪ੍ਰਦੇਸ਼) ਦੇ ‘ਗੁਰਸਰਾਏ’ ਖੇਤਰ ਦੇ ਨਿਵਾਸੀ ‘ਮਾਨ’ (ਪੁੱਤਰ ਇਮਰਾਨ ਖਾਨ) ਨੇ ਕੁਝ ਸਥਾਨਕ ਦਬੰਗਾਂ ’ਤੇ 5 ਲੱਖ ਰੁਪਏ ਦੀ ਰੰਗਦਾਰੀ ਮੰਗਣ ਅਤੇ ਰਕਮ ਨਾ ਦੇਣ ’ਤੇ ਲੱਤਾਂ-ਘਸੁੰਨਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 14 ਅਕਤੂਬਰ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ‘ਸਿਕਰੌਲ’ ਇਲਾਕੇ ’ਚ ਇਕ ਉਸਾਰੀ ਅਧੀਨ ਪ੍ਰਾਜੈਕਟ ਦਾ ਕੰਮ ਜ਼ਬਰਦਸਤੀ ਰੁਕਵਾਉਣ, ਮਜ਼ਦੂਰਾਂ ਨਾਲ ਕੁੱਟਮਾਰ ਕਰਨ ਅਤੇ 1 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੇ ਦੋਸ਼ ’ਚ ਪੁਲਸ ਨੇ 7 ਨਾਮਜ਼ਦ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ।
* 14 ਅਕਤੂਬਰ ਨੂੰ ਹੀ ‘ਇਟਾਵਾ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ‘ਯੂ-ਟਿਊਬਰ’ ‘ਅਸ਼ਵੀ ਯਾਦਵ’ ਉਰਫ਼ ‘ਸ਼ਿਵਾਗੀ ਯਾਦਵ’ ਸਮੇਤ 7 ਨਾਮਜ਼ਦ ਅਤੇ 2 ਅਣਪਛਾਤੇ ਵਿਅਕਤੀਆਂ ਵਿਰੁੱਧ ਇਕ ਔਰਤ ਤੋਂ 5 ਕਰੋੜ ਰੁਪਏ ਦੀ ਭਾਰੀ ਰੰਗਦਾਰੀ ਮੰਗਣ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ। ਮੁਲਜ਼ਮਾਂ ’ਤੇ ਪੀੜਤਾ ਦੀਆਂ ਨਿੱਜੀ ਤਸਵੀਰਾਂ ਜਨਤਕ ਕਰਨ ਦੀ ਧਮਕੀ ਦੇ ਕੇ ਪਹਿਲਾਂ ਹੀ ਉਸ ਤੋਂ 1.75 ਕਰੋੜ ਰੁਪਏ ਵਸੂਲਣ ਦਾ ਵੀ ਦੋਸ਼ ਹੈ।
*14 ਅਕਤੂਬਰ ਨੂੰ ਹੀ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ਦੇ ਸੁਭਾਸ਼ ਨਗਰ ’ਚ ਇਕ ‘ਕੈਫ਼ੇ’ ਦੇ ਸੰਚਾਲਕ ਨਾਲ ਕੁੱਟਮਾਰ ਕਰਨ, ਰੰਗਦਾਰੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਪੁਲਸ ਨੇ ਕੁਝ ਦਬੰਗਾਂ ਵਿਰੁੱਧ ਕੇਸ ਦਰਜ ਕੀਤਾ।
ਹਾਲਾਂਕਿ ਕੁਝ ਮਾਮਲਿਆਂ ’ਚ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਇੰਨਾ ਹੀ ਕਾਫ਼ੀ ਨਹੀਂ ਹੈ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ ਅਜਿਹੇ ਗਿਰੋਹਾਂ ਨੂੰ ਸਖ਼ਤੀ ਨਾਲ ਫ਼ੌਲਾਦੀ ਹੱਥਾਂ ਨਾਲ ਕੁਚਲਣ ਦੀ ਲੋੜ ਹੈ ਤਾਂ ਜੋ ਲੋਕ ਨਿਡਰ ਹੋ ਕੇ ਆਪਣਾ ਕਾਰੋਬਾਰ ਕਰ ਸਕਣ ਅਤੇ ਨਿਸ਼ਚਿੰਤ ਹੋ ਕੇ ਜੀਅ ਸਕਣ।
—ਵਿਜੇ ਕੁਮਾਰ
ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
NEXT STORY