ਨੀਟ ਪੇਪਰ ਲੀਕ ’ਤੇ ‘ਜੈੱਨ-ਜ਼ੀ’ ਦਾ ਜੰਤਰ-ਮੰਤਰ ’ਤੇ ਹੋਇਆ ਧਰਨਾ ਪਿਛਲੇ ਹਫ਼ਤਿਆਂ ’ਚ ਪੂਰੀ ਦੁਨੀਆ ਦੇ ਮੀਡੀਆ ’ਚ ਚਰਚਾ ’ਚ ਰਿਹਾ। ਧਰਨੇ ਦਾ ਉਦੇਸ਼ ਗਲਤ ਨਹੀਂ ਸੀ। ਇੰਨੀ ਵੱਡੀ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਮਾਮੂਲੀ ਗੱਲ ਨਹੀਂ। ਲੱਖਾਂ ਵਿਦਿਆਰਥੀਆਂ ਦੇ ਜੀਵਨ ਅਤੇ ਸੁਪਨਿਆਂ ਨਾਲ ਖਿਲਵਾੜ ਕਰਨ ਵਾਲੇ ਭਾਵੇਂ ਜੋ ਵੀ ਹੋਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅੰਦੋਲਨਕਾਰੀ ਵਿਦਿਆਰਥੀਆਂ ’ਤੇ ਪੁਲਸ ਦਾ ਜੋ ਦਮਨਕਾਰੀ ਲਾਠੀਚਾਰਜ ਹੋਇਆ, ਉਸ ਦੀ ਬਿਲਕੁਲ ਵੀ ਲੋੜ ਨਹੀਂ ਸੀ।
ਕੋਈ ਪੁਲਸ ਅਧਿਕਾਰੀ ਹੋਵੇ ਜਾਂ ਪ੍ਰਸ਼ਾਸਨਿਕ ਅਧਿਕਾਰੀ, ਵਿਦਿਆਰਥੀ ਜੀਵਨ ’ਚ ਸਾਰੇ ਇਨਕਲਾਬੀ ਹੁੰਦੇ ਹਨ। ਇਸ ਲਈ ਨਿਰਾਸ਼ ਵਿਦਿਆਰਥੀਆਂ ’ਤੇ ਹਿੰਸਕ ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦਸ ਵਾਰ ਸੋਚਣਾ ਚਾਹੀਦਾ ਹੈ। ਆਖ਼ਿਰ ਉਨ੍ਹਾਂ ਦੇ ਘਰ ’ਚ ਵੀ ਤਾਂ ਜਵਾਨ ਵਿਦਿਆਰਥੀ ਹੋਣਗੇ।
ਬਾਵਜੂਦ ਇਸ ਦੇ, ਇਸ ਅੰਦੋਲਨ ਨੂੰ ਜੋ ਕੁਝ ਸਫ਼ਲਤਾ ਮਿਲੀ, ਉਸ ਦੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਹੁਣ ਤੱਕ ਇਸ ਮੁੱਦੇ ’ਤੇ ਕਾਫ਼ੀ ਕੁਝ ਲਿਖਿਆ ਅਤੇ ਕਿਹਾ ਜਾ ਚੁੱਕਾ ਹੈ। ਸੰਸਦ ’ਚ ਵੀ ਇਸ ’ਤੇ ਤਿੱਖੀਆਂ ਝੜਪਾਂ ਹੋ ਰਹੀਆਂ ਹਨ। ਹੁਣ ਤਾਂ ਸਰਕਾਰ ਨੇ ਪੇਪਰ ਲੀਕ ਦੇ ਖ਼ਿਲਾਫ਼ ਸੋਧ ਬਿੱਲ ਵੀ ਪੇਸ਼ ਕਰ ਦਿੱਤਾ ਹੈ।
ਇਸ ਲਈ ਅੰਦੋਲਨ ਦੇ ਉਨ੍ਹਾਂ ਪੱਖਾਂ ’ਤੇ ਨਵਾਂ ਕੁਝ ਨਹੀਂ ਲਿਖ ਰਿਹਾ ਪਰ ਇਸ ਅੰਦੋਲਨ ਦੀ ਜਿਸ ਗੱਲ ਨੇ ਮੈਨੂੰ ਬਹੁਤ ਦੁਖੀ ਕੀਤਾ, ਉਹ ਹੈ ਭਾਸ਼ਾ ਦੀ ਅਭੱਦਰਤਾ, ਜਿਸ ਨੇ ਸ਼ਾਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੇਕਰ ਮੇਰੇ ’ਤੇ ਲਿੰਗ-ਭੇਦ ਦਾ ਦੋਸ਼ ਨਾ ਲੱਗੇ ਤਾਂ ਮੈਂ ਇਹ ਖੁੱਲ੍ਹ ਕੇ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਦੀਆਂ ਗੰਦੀਆਂ ਗਾਲ੍ਹਾਂ, ਅਸ਼ਲੀਲ ਇਸ਼ਾਰੇ ਅਤੇ ਨਾਅਰੇਬਾਜ਼ੀ ਅੰਦੋਲਨ ’ਚ ਸ਼ਾਮਲ ਕੁਝ ਕੁੜੀਆਂ ਨੇ ਕੀਤੀ, ਉਹ ਇਕ ਸੱਭਿਅਕ ਸਮਾਜ ’ਚ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਕੁੜੀਆਂ ਦਾ ਮੈਂ ਖਾਸ ਤੌਰ ’ਤੇ ਇਸ ਲਈ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਹੁਣ ਤੱਕ ਭਾਰਤੀ ਸਮਾਜ ’ਚ ਕੁੜੀਆਂ ਨੂੰ ਕਦੇ ਅਜਿਹੀ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਨਹੀਂ ਦੇਖਿਆ ਗਿਆ ਸੀ। ਮੁੰਡੇ ਤਾਂ ਅਕਸਰ ਗਾਲੀ-ਗਲੋਚ ਦੀ ਭਾਸ਼ਾ ’ਚ ਗੱਲ ਕਰਦੇ ਹੀ ਹਨ, ਪਰ ਸਾਰੇ ਮੁੰਡੇ ਅਜਿਹੇ ਨਹੀਂ ਹੁੰਦੇ। ਜ਼ਿਆਦਾਤਰ ਮਰਿਆਦਿਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ। ਕਿਉਂਕਿ ਮੈਂ ਪਿਛਲੇ 50 ਸਾਲਾਂ ਤੋਂ ਹਿੰਦੀ ਪੱਤਰਕਾਰੀ ਨਾਲ ਜੁੜਿਆ ਰਿਹਾ ਹਾਂ, ਇਸ ਲਈ ਅਕਸਰ ਮੇਰੇ ਮੂੰਹੋਂ ‘ਸਾਲਾ’ ਗਾਲ੍ਹ ਨਿਕਲ ਜਾਂਦੀ ਹੈ। ਮੇਰੇ ਬੇਟੇ ਜੋ ਹੁਣ 40 ਸਾਲ ਦੇ ਆਸ-ਪਾਸ ਹਨ, ਬਚਪਨ ਤੋਂ ਹੀ ਮੈਨੂੰ ਇਸ ’ਤੇ ਟੋਕਦੇ ਆਏ ਹਨ, ‘‘ਤੁਸੀਂ ਕਿਹੋ ਜਿਹੀ ਭਾਸ਼ਾ ਬੋਲਦੇ ਹੋ?’’ ਇਸ ਲਈ ਮੈਂ ਇਹ ਸਾਵਧਾਨੀ ਵਰਤਦਾ ਹਾਂ ਕਿ ਆਪਣੇ ਪਰਿਵਾਰ ਦੇ ਸਾਹਮਣੇ ‘ਸਾਲਾ’ ਵਰਗੀ ਗਾਲ੍ਹ ਦੀ ਵਰਤੋਂ ਵੀ ਨਾ ਕਰਾਂ।
ਜੰਤਰ-ਮੰਤਰ ਦੇ ਪ੍ਰਦਰਸ਼ਨ ’ਚ ਕੁਝ ਵਿਦਿਆਰਥੀਆਂ ਨੇ ਜਿਸ ਅਭੱਦਰ ਭਾਸ਼ਾ ਦੀ ਵਰਤੋਂ ਕੀਤੀ, ਉਹ ਸੋਸ਼ਲ ਮੀਡੀਆ ਰਾਹੀਂ ਘਰ-ਘਰ ਅਤੇ ਪਿੰਡ-ਪਿੰਡ ਤੱਕ ਪਹੁੰਚੀ। ਜ਼ਰਾ ਸੋਚੋ ਕਿ ਸ਼ਾਲੀਨਤਾ ਦੇ ਦਾਇਰੇ ’ਚ ਰਹਿਣ ਵਾਲੇ ਕਰੋੜਾਂ ਨੌਜਵਾਨ ਮੁੰਡੇ-ਕੁੜੀਆਂ ’ਤੇ ਇਸ ਦਾ ਕੀ ਅਸਰ ਪਿਆ ਹੋਵੇਗਾ? ਉੱਚ ਵਰਗ ਜਾਂ ਪੜ੍ਹੇ-ਲਿਖੇ ਸਮਾਜ ਦੇ ਨੌਜਵਾਨਾਂ ਦੇ ਇਸ ਨਕਾਰਾ ਵਿਵਹਾਰ ਨੂੰ ਦੇਖ ਕੇ ਹੋ ਸਕਦਾ ਹੈ ਕਿ ਪਿੰਡਾਂ ’ਚ ਰਹਿਣ ਵਾਲੇ ਮੁੰਡੇ-ਕੁੜੀਆਂ ਵੀ ਆਧੁਨਿਕ ਦਿਸਣ ਦੀ ਚਾਹਤ ’ਚ ਇਸ ਤਰ੍ਹਾਂ ਦੀ ਅਭੱਦਰ ਭਾਸ਼ਾ ਦੀ ਵਰਤੋਂ ਕਰਨ ਲੱਗ ਜਾਣ।
ਦੂਜੇ ਪਾਸੇ ਦਿੱਲੀ ਦੀਆਂ ਝੁੱਗੀਆਂ ’ਚ ਪਲਿਆ-ਵਧਿਆ ਇਕ ਗਰੀਬ ਨੌਜਵਾਨ ਮੁਹੰਮਦ ਇਰਫ਼ਾਨ ਇਸੇ ਅੰਦੋਲਨ ’ਚ ਰਾਤੋ-ਰਾਤ ਪੂਰੇ ਦੇਸ਼ ਦੇ ਨੌਜਵਾਨਾਂ ਲਈ ਇਕ ਮਿਸਾਲ ਬਣ ਕੇ ਸਾਹਮਣੇ ਆਇਆ। ਗਰੀਬ ਪਰਿਵਾਰ ’ਚ ਪੈਦਾ ਹੋਏ ਇਰਫ਼ਾਨ ਕੋਲ ਰਸਮੀ ਸਿੱਖਿਆ ਦੀਆਂ ਡਿਗਰੀਆਂ ਨਹੀਂ ਹਨ, ਪਰ ਜਿਸ ਸੰਜਮ ਵਾਲੀ ਭਾਸ਼ਾ ’ਚ ਉਸ ਨੇ ਇਸ ਅੰਦੋਲਨ ਦੇ ਮੁੱਦਿਆਂ ਨੂੰ ਮੀਡੀਆ ਦੇ ਸਾਹਮਣੇ ਪੂਰੇ ਆਤਮ-ਵਿਸ਼ਵਾਸ ਨਾਲ ਪੇਸ਼ ਕੀਤਾ, ਉਹ ਸ਼ਲਾਘਾਯੋਗ ਹੈ। ਸੰਵਿਧਾਨ ਤੋਂ ਲੈ ਕੇ, ਦੇਸ਼ ਦੇ ਰਾਜਨੀਤਿਕ ਇਤਿਹਾਸ, ਸਮਾਜਿਕ-ਆਰਥਿਕ ਬਦਹਾਲੀ ਅਤੇ ਸਨਾਤਨ ਧਰਮ ਦੀਆਂ ਡੂੰਘਾਈਆਂ ਤੱਕ ਜਿਸ ਗਿਆਨ ਦਾ ਪ੍ਰਦਰਸ਼ਨ ਉਸ ਨੇ ਕੀਤਾ, ਉਹ ਹੈਰਾਨ ਕਰਨ ਵਾਲਾ ਹੈ। ਇਰਫ਼ਾਨ ਦੀ ਸ਼ਖ਼ਸੀਅਤ ਇਸ ਅੰਦੋਲਨ ਦੇ ਉਨ੍ਹਾਂ ਖਰੂਦੀ ਅਤੇ ਸੰਸਕਾਰਹੀਣ ਨੌਜਵਾਨਾਂ ਦੇ ਗੱਲ੍ਹ ’ਤੇ ਸਿੱਧੀ ਚਪੇੜ ਹੈ।
ਇਸੇ ਲੜੀ ’ਚ ਇੱਥੇ ਮੈਂ ਇਕ ਹੋਰ ਚਿੰਤਾਜਨਕ ਰੁਝਾਨ ਵੱਲ ਇਸ਼ਾਰਾ ਕਰਨਾ ਚਾਹਾਂਗਾ। ਪਿਛਲੇ ਕੁਝ ਸਾਲਾਂ ਤੋਂ ਮਹਾਨਗਰਾਂ ’ਚ ‘ਸਟੈਂਡ-ਅੱਪ ਕਾਮੇਡੀ’ ਦਾ ਇਕ ਨਵਾਂ ਰੁਝਾਨ ਸ਼ੁਰੂ ਹੋਇਆ ਹੈ। ਲੋਕਤੰਤਰ ’ਚ ਸਮਾਜ ਅਤੇ ਸਰਕਾਰ ’ਤੇ ਵਿਅੰਗ ਕਰਨ ਦੇ ਅਨੇਕਾਂ ਮਾਧਿਅਮ ਹੁੰਦੇ ਹਨ। ਪ੍ਰਾਚੀਨ ਕਾਲ ਤੋਂ ਇਹ ਕੰਮ ਮਸਖ਼ਰੇ ਕਰਦੇ ਆਏ ਹਨ। ਅੱਜ ਦੇ ਦੌਰ ’ਚ ਉਹੀ ‘ਸਟੈਂਡ-ਅੱਪ’ ਕਾਮੇਡੀਅਨ ਹਨ। ਤਣਾਅ ਭਰੇ ਜੀਵਨ ’ਚ ਹੱਸਣਾ-ਹਸਾਉਣਾ ਸਭ ਨੂੰ ਰਾਹਤ ਦਿੰਦਾ ਹੈ।
ਇਸ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਕਾਰਪੋਰੇਟ ਜਗਤ ’ਚ ਘੱਟ ਉਮਰ ’ਚ ਹੀ ਬੁਲੰਦੀਆਂ ਨੂੰ ਛੂਹਣ ਵਾਲੇ ਨੌਜਵਾਨ, ਅੱਜ ਸਭ ਤੋਂ ਵੱਧ ਤਣਾਅਗ੍ਰਸਤ ਹਨ। ਭਾਵੇਂ ਉਨ੍ਹਾਂ ਦੀ ਆਮਦਨ ਬਾਕੀ ਨੌਜਵਾਨਾਂ ਦੀ ਤੁਲਨਾ ’ਚ ਕਈ ਗੁਣਾ ਜ਼ਿਆਦਾ ਹੋਵੇ, ਪਰ ਕਾਰਪੋਰੇਟ ਜਗਤ ਦੀ ਸੰਸਕ੍ਰਿਤੀ ਹੀ ਅਜਿਹੀ ਹੈ ਕਿ ਇਹ ਨੌਜਵਾਨ ਲਗਾਤਾਰ ਮਾਨਸਿਕ ਤਣਾਅ ’ਚ ਜਿਊਂਦੇ ਹਨ। ਇਸ ਲਈ ਬੈਂਗਲੁਰੂ, ਮੁੰਬਈ, ਗੁਰੂਗ੍ਰਾਮ ਵਰਗੇ ਸ਼ਹਿਰਾਂ ’ਚ ਅਚਾਨਕ ‘ਸਟੈਂਡ-ਅੱਪ’ ਕਾਮੇਡੀਅਨਾਂ ਦਾ ਹੜ੍ਹ ਆ ਗਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਕਾਮੇਡੀਅਨ ਅਜਿਹੇ ਹਨ ਜੋ ਆਪਣੀ ਤਿੱਖੀ ਬੁੱਧੀ, ਸਮਾਜਿਕ-ਰਾਜਨੀਤਿਕ ਸਮਝ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ’ਤੇ ਤਿੱਖੀ ਨਜ਼ਰ ਰੱਖ ਕੇ ਜੋ ਕੁਝ ਪੇਸ਼ ਕਰਦੇ ਹਨ, ਉਹ ਨਾ ਸਿਰਫ਼ ਸਰੋਤਿਆਂ ਨੂੰ ਹੱਸ-ਹੱਸ ਕੇ ਲੋਟ-ਪੋਟ ਕਰ ਦਿੰਦਾ ਹੈ, ਸਗੋਂ ਸਰਕਾਰ ਅਤੇ ਸਮਾਜ ਦੀਆਂ ਕਮਜ਼ੋਰੀਆਂ ਨੂੰ ਸਹਿਜ ਹੀ ਉਜਾਗਰ ਕਰ ਦਿੰਦਾ ਹੈ।
ਇਨ੍ਹਾਂ ਹੀ ‘ਸਟੈਂਡ-ਅੱਪ’ ਕਾਮੇਡੀਅਨਾਂ ’ਚ ਕੁਝ ਪੁਰਸ਼ ਅਤੇ ਔਰਤਾਂ ਅਜਿਹੀਆਂ ਵੀ ਹਨ, ਜੋ ਬਹੁਤ ਹੀ ਹੇਠਲੇ ਦਰਜੇ ਦੀ ਭਾਸ਼ਾ ਦੀ ਵਰਤੋਂ ਕਰ ਕੇ ਕਾਮੁਕਤਾ ਅਤੇ ਅਸ਼ਲੀਲਤਾ ਦਾ ‘ਫੂਹੜ ਮਨੋਰੰਜਨ’ ਪੇਸ਼ ਕਰਦੇ ਹਨ।
ਜਿਸ ਸਰੋਤਾ ਸਮੂਹ ਦੇ ਸਾਹਮਣੇ ਇਹ ਲੋਕ ਇਸ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰਦੇ ਹਨ, ਉਹ ਪੜ੍ਹਿਆ-ਲਿਖਿਆ, ਅਮੀਰ ਅਤੇ ਕਰੀਅਰ ’ਚ ਸਫ਼ਲ ਵਿਅਕਤੀ ਹੁੰਦਾ ਹੈ। ਇਸ ਲਈ ਉਸ ’ਚ ਇੰਨਾ ਵਿਵੇਕ ਹੁੰਦਾ ਹੈ ਕਿ ਉਹ ‘ਸਟੈਂਡ-ਅੱਪ’ ਕਾਮੇਡੀ ਹਾਲ ਤੋਂ ਬਾਹਰ ਨਿਕਲ ਕੇ ਉਸ ਮਾਹੌਲ ਨੂੰ ਭੁੱਲ ਜਾਂਦਾ ਹੈ ਅਤੇ ਆਪਣੇ ਕੰਮ-ਕਾਜ, ਸਮਾਜ ਅਤੇ ਪਰਿਵਾਰ ’ਚ ਅਨੁਸ਼ਾਸਿਤ ਜੀਵਨ ਜਿਊਂਦਾ ਹੈ।
ਪਰ ਸੋਸ਼ਲ ਮੀਡੀਆ ਰਾਹੀਂ ਜਦੋਂ ਅਜਿਹੇ ‘ਸ਼ੋਅ’ ਘਰ-ਘਰ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੌਜਵਾਨਾਂ ਦੇ ਦਿਮਾਗ ’ਤੇ ਗਲਤ ਅਸਰ ਪਾਉਂਦੇ ਹਨ ਜੋ ਆਪਣੇ ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ’ਚ ਰਹਿ ਕੇ ਆਪਣਾ ਕਰੀਅਰ ਬਣਾਉਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ। ਅਜਿਹੀ ਭਾਸ਼ਾ ਵਰਤਣ ਵਾਲੇ ‘ਸਟੈਂਡ-ਅੱਪ’ ਕਾਮੇਡੀਅਨ ਨੂੰ ਸਰਕਾਰ ਕਾਨੂੰਨ ਦੀ ਮਦਦ ਨਾਲ ਅਨੁਸ਼ਾਸਿਤ ਜਾਂ ਸਜ਼ਾ ਦੇਵੇ ਤਾਂ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਮੰਨਿਆ ਜਾਵੇਗਾ ਪਰ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਸਾਨੂੰ ਸਮਾਜ ’ਚ ਗੰਦਗੀ ਫੈਲਾਉਣ ਦੀ ਛੋਟ ਨਹੀਂ ਦਿੰਦਾ। ਇਸ ਲਈ ਆਤਮ-ਸੰਜਮ ਬਹੁਤ ਜ਼ਰੂਰੀ ਹੈ, ਭਾਵੇਂ ਉਹ ਕਾਮੇਡੀਅਨ ਹੋਣ ਜਾਂ ਕਿਸੇ ਰਾਜਨੀਤਿਕ ਦਲ ਦੇ ਕਰਮਚਾਰੀ।
—ਵਿਨੀਤ ਨਾਰਾਇਣ
ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
NEXT STORY