ਹੁਣ ਤਕ ਤਾਂ ਦੇਸ਼ ਵਿਚ ਨਕਲੀ ਖੁਰਾਕ ਵਸਤਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬੀਮਾਰੀ ਵੱਖ-ਵੱਖ ਵਿਭਾਗਾਂ ਦੇ ਨਕਲੀ ਅਧਿਕਾਰੀਆਂ, ਨਕਲੀ ਜੱਜਾਂ, ਈ. ਡੀ. ਅਤੇ ਪੁਲਸ ਅਧਿਕਾਰੀਆਂ ਆਦਿ ਤਕ ਪੁੱਜ ਗਈ ਹੈ, ਜਿਸ ਦੀਆਂ 3 ਮਹੀਨੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 10 ਅਗਸਤ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 2 ਪੁਲਸ ਮੁਲਾਜ਼ਮਾਂ ਨੂੰ ਨਕਲੀ ਇਨਕਮ ਟੈਕਸ ਅਧਿਕਾਰੀ ਬਣ ਕੇ ਇਕ ਬਿਜ਼ਨੈੱਸਮੈਨ ਦੇ ਘਰ ਛਾਪਾ ਮਾਰਨ ਅਤੇ ਰਿਸ਼ਵਤ ਦੇ ਰੂਪ ਵਿਚ ਮੋਟੀ ਰਕਮ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ।
* 23 ਅਗਸਤ ਨੂੰ ਸਾਗਰ (ਮੱਧ ਪ੍ਰਦੇਸ਼) ਵਿਚ ਖੁਦ ਨੂੰ ਕਦੀ ‘ਇਕਨਾਮਿਕ ਅਫੈਂਸਿਜ਼ ਵਿੰਗ’ (ਈ. ਓ. ਡਬਲਯੂ.) ਦਾ ਅਸਿਸਟੈਂਟ ਡਾਇਰੈਕਟਰ ਅਤੇ ਕਦੀ ਕੋਈ ਹੋਰ ਅਧਿਕਾਰੀ ਦੱਸ ਕੇ ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਠੱਗਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 30 ਅਗਸਤ ਨੂੰ ਭਾਰਤ ਦੀ ਖੁਫੀਆ ਸੰਸਥਾ ‘ਖੋਜ ਤੇ ਵਿਸ਼ਲੇਸਣ ਵਿੰਗ’ (ਰਾਅ) ਵਿਚ ਖੁਦ ਨੂੰ ਡੀ. ਆਈ. ਜੀ. ਪੱਧਰ ਦਾ ਆਈ. ਪੀ. ਐੱਸ. ਅਧਿਕਾਰੀ ਦੱਸ ਕੇ ਲੋਕਾਂ ’ਤੇ ਰੋਹਬ ਪਾਉਣ ਵਾਲੇ ਇੰਦਰਨੀਲ ਰਾਏ ਨਾਂ ਦੇ ਠੱਗ ਨੂੰ ਨੋਇਡਾ (ਉੱਤਰ ਪ੍ਰਦੇਸ਼) ਦੀ ਕਮਿਸ਼ਨਰੇਟ ਪੁਲਸ ਨੇ ਗ੍ਰਿਫ਼ਤਾਰ ਕੀਤਾ।
ਉਹ ਇਕ ਹੋਟਲ ਵਿਚ ਪਰਿਵਾਰ ਸਮੇਤ 25 ਦਿਨਾਂ ਤੋਂ ਠਹਿਰਿਆ ਹੋਇਆ ਸੀ ਅਤੇ ਪੈਸੇ ਮੰਗਣ ’ਤੇ ਫਰਜ਼ੀ ਆਈ. ਡੀ. ਦਿਖਾ ਕੇ ਹੋਟਲ ਦੇ ਮੈਨੇਜਰ ’ਤੇ ਰੋਹਬ ਪਾ ਰਿਹਾ ਸੀ। ਗ੍ਰਿਫ਼ਤਾਰੀ ਪਿੱਛੋਂ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਹ ਫਰਜ਼ੀ ਅਧਿਕਾਰੀ ਬਣ ਕੇ ਹੋਟਲਾਂ ਵਿਚ ਰਹਿੰਦਾ ਅਤੇ ਮੁਫਤ ਵਿਚ ਖਾਂਦਾ-ਪੀਂਦਾ ਸੀ।
* 16 ਸਤੰਬਰ ਨੂੰ ਕੋਰਬਾ (ਛੱਤੀਸਗੜ੍ਹ) ਵਿਚ ਅੱਧੀ ਰਾਤ ਵੇਲੇ ਨਕਲੀ ਟ੍ਰੈਫਿਕ ਇੰਸਪੈਕਟਰ (ਟੀ. ਆਈ.) ਅਤੇ ਪੁਲਸ ਅਧਿਕਾਰੀ ਬਣ ਕੇ ਉਥੋਂ ਲੰਘਣ ਵਾਲੇ ਟਰੱਕਾਂ ਕੋਲੋਂ ਨਾਜਾਇਜ਼ ਤੌਰ ’ਤੇ ਐਂਟਰੀ ਫੀਸ ਵਸੂਲ ਕਰਨ ਦੇ ਦੋਸ਼ ਵਿਚ ਇਕ ਕੋਲਾ ਖਾਨ ਦੇ 4 ਅਧਿਕਾਰੀਆਂ ਅਤੇ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 1 ਅਕਤੂਬਰ ਨੂੰ ਸੂਰਤ (ਗੁਜਰਾਤ) ਵਿਚ ਖੁਦ ਨੂੰ ਕਸਟਮ ਦਾ ਸੀਨੀਅਰ ਅਧਿਕਾਰੀ ਦੱਸ ਕੇ 7 ਲੋਕਾਂ ਕੋਲੋਂ 15.12 ਲੱਖ ਰੁਪਏ ਠੱਗਣ ਦੇ ਦੋਸ਼ ’ਚ ਇਕ ਜਾਲਸਾਜ਼ ਨੂੰ ਪੁਲਸ ਦੀ ਅਪਰਾਧ ਸ਼ਾਖਾ ਨੇ ਗ੍ਰਿਫ਼ਤਾਰ ਕੀਤਾ।
* 22 ਅਕਤੂਬਰ ਨੂੰ ਅਹਿਮਦਾਬਾਦ (ਗੁਜਰਾਤ) ਵਿਚ ਫਰਜ਼ੀ ਅਦਾਲਤ ਲਾ ਕੇ ਹੁਕਮ ਪਾਸ ਕਰਨ ਵਾਲੇ ‘ਮੋਰਿਸ ਸੈਮੂਅਲ’ ਨਾਂ ਦੇ ਵਕੀਲ ਨੂੰ ਹਿਰਾਸਤ ਵਿਚ ਲਿਆ ਗਿਆ। ਉਹ 5 ਸਾਲਾਂ ਤੋਂ ਖਾਸ ਤੌਰ ’ਤੇ ਗਾਂਧੀਨਗਰ ਇਲਾਕੇ ਵਿਚ ਆਉਣ ਵਾਲੀ ਜ਼ਮੀਨ ਦੇ ਮਾਮਲਿਆਂ ਵਿਚ ਫਰਜ਼ੀ ਹੁਕਮ ਪਾਸ ਕਰਦਾ ਸੀ, ਜਿਸ ਲਈ ਉਸ ਨੇ ਅਹਿਮਦਾਬਾਦ ’ਚ ਇਕ ਫਰਜ਼ੀ ਅਦਾਲਤ ਵੀ ਕਾਇਮ ਕੀਤੀ ਹੋਈ ਸੀ।
ਉਸਨੇ ਆਪਣੇ ਦਫਤਰ ਨੂੰ ਬਿਲਕੁਲ ਅਦਾਲਤ ਵਾਂਗ ਬਣਾਇਆ ਹੋਇਆ ਸੀ ਅਤੇ ਉਸਦੇ ਸਾਥੀ ਅਦਾਲਤ ਦੇ ਮੁਲਾਜ਼ਮ ਜਾਂ ਵਕੀਲ ਵਜੋਂ ਖੜ੍ਹੇ ਹੋ ਕੇ ਇਹ ਜ਼ਾਹਰ ਕਰਦੇ ਸਨ ਕਿ ਕਾਰਵਾਈ ਅਸਲੀ ਹੈ। ਇਸ ਤਰਕੀਬ ਨਾਲ ‘ਮੋਰਿਸ ਸੈਮੂਅਲ’ ਨੇ 11 ਤੋਂ ਵੱਧ ਮਾਮਲਿਆਂ ਵਿਚ ਆਪਣੇ ਹੀ ਹੱਕ ਵਿਚ ਆਰਡਰ ਪਾਸ ਕੀਤੇ।
* 23 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ‘ਵਿਸ਼ੇਸ਼ ਕਾਰਜ ਅਧਿਕਾਰੀ’ (ਓ. ਐੱਸ. ਡੀ.) ਬਣ ਕੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਧਮਕਾਉਣ ਅਤੇ ਉਨ੍ਹਾਂ ’ਤੇ ਆਪਣੇ ਵਾਕਿਫਾਂ ਨੂੰ ਬ੍ਰਿਜਪੁਰੀ ਇਲਾਕੇ ਵਿਚ ਇਕ ਝਗੜੇ ਵਾਲੀ ਜਾਇਦਾਦ ਦੀ ਮਾਲਕੀ ਦਿਵਾਉਣ ਵਿਚ ਮਦਦ ਕਰਨ ਲਈ ਦਬਾਅ ਬਣਾਉਣ ਦੇ ਦੋਸ਼ ’ਚ ਇਕ ਜਾਲਸਾਜ਼ ਨਵੀਨ ਕੁਮਾਰ ਸਿੰਘ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਗਿਆ।
* 25 ਅਕਤੂਬਰ ਨੂੰ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਬਣ ਕੇ ਵਪਾਰੀ ਕੋਲੋਂ 5 ਕਰੋੜ ਰੁਪਏ ਦੀ ਵਸੂਲੀ ਕਰਨ ਦੇ ਯਤਨ ’ਚ ਦਿੱਲੀ ਪੁਲਸ ਨੇ 7 ਲੋਕਾਂ ਵਿਰੁੱਧ ਕੇਸ ਦਰਜ ਕੀਤਾ।
* ਅਤੇ ਹੁਣ 31 ਅਕਤੂਬਰ ਨੂੰ ਚੁਰੂ (ਰਾਜਸਥਾਨ) ਜ਼ਿਲੇ ਦੀ ਸਾਹਵਾ ਥਾਣਾ ਪੁਲਸ ਨੇ ਵੱਡੀ ਗਿਣਤੀ ਵਿਚ ਬੇਰੋਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲਗਭਗ 13 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਦੇਵਗੜ੍ਹ ਨਿਵਾਸੀ ਅੰਜੂ ਸ਼ਰਮਾ ਨਾਂ ਦੀ ਫਰਜ਼ੀ ਮਹਿਲਾ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ।
ਉਹ ਖੁਦ ਨੂੰ ਦਿੱਲੀ ਪੁਲਸ ਵਿਚ ਡੀ. ਐੱਸ. ਪੀ. ਦੱਸ ਕੇ 3 ਸਾਲ ਤੋਂ ਦਿੱਲੀ-ਜੈਪੁਰ ਅਤੇ ਹਰਿਆਣਾ ਵਿਚ ਸਹੂਲਤਾਂ ਦਾ ਲਾਭ ਲੈ ਰਹੀ ਸੀ। ਉਸ ਕੋਲੋਂ ਫਰਜ਼ੀ ਪੁਲਸ ਵਰਦੀ, ਆਈ. ਡੀ. ਕਾਰਡ ਅਤੇ ਹੋਰ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਲਸਾਜ਼ੀ ਕਿਸ ਤਰ੍ਹਾਂ ਵਧ ਰਹੀ ਹੈ। ਇਸ ਲਈ ਜਿਥੇ ਲੋਕਾਂ ਨੂੰ ਅਜਿਹੇ ਚਲਾਕਾਂ ਤੋਂ ਚੌਕਸ ਰਹਿਣ ਦੀ ਲੋੜ ਹੈ, ਉਥੇ ਹੀ ਅਜਿਹੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ, ਤਾਂ ਕਿ ਉਹ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ।
-ਵਿਜੇ ਕੁਮਾਰ
‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਕਿੰਨਾ ਟਿਕਾਊ?
NEXT STORY