ਭਾਰਤ ਦੀ ਸ਼ਾਸਨ ਪ੍ਰਣਾਲੀ ਦੋ ਪੱਧਰਾਂ ’ਤੇ ਚੱਲਦੀ ਹੈ : ਕੇਂਦਰ ਅਤੇ ਰਾਜ। ਜਦੋਂ ਕਿ ਰਾਜਾਂ ਨੂੰ ਪ੍ਰਸ਼ਾਸਨ ਦੀ ਆਜ਼ਾਦੀ ਦਿੱਤੀ ਗਈ ਹੈ, ਉੱਥੇ ਹੀ ਸੰਵਿਧਾਨ ਦੀ ਰੱਖਿਆ ਲਈ ਕੇਂਦਰ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਰੱਖਿਆ ਗਿਆ ਹੈ। ਸੰਵਿਧਾਨ ਦੀ ਰੱਖਿਆ ਦੇ ਮਾਮਲੇ ਵਿਚ ਕੇਂਦਰ ਅਤੇ ਰਾਜ ਦੋਵੇਂ ਹੀ ਨਿਆਂਪਾਲਿਕਾ ਦੇ ਅਧੀਨ ਹਨ। ਇਸ ਤਰ੍ਹਾਂ ਸਾਡਾ ਦੇਸ਼ ਬਹੁਤ ਹੀ ਸੁੰਦਰ ਸ਼ਾਸਨ ਅਤੇ ਸੰਵਿਧਾਨ ਦੀਆਂ ਵਿਵਸਥਾਵਾਂ ਦਾ ਸੰਚਾਲਨ ਕਰਨ ਦੇ ਸਮਰੱਥ ਹੈ। ਦੂਜੇ ਪਾਸੇ ਅੱਜ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕ ਨਿਸ਼ਚਿਤ ਮਿਸ਼ਨ ਵੱਲ ਵਧ ਰਿਹਾ ਹੈ, ਇਹ ਮਿਸ਼ਨ ਹੈ ਸਾਲ 2047 ਵਿਚ ਪੂਰੀ ਤਰ੍ਹਾਂ ਵਿਕਸਤ ਭਾਰਤ। ਆਮ ਤੌਰ ’ਤੇ ਇਕ ਵਿਕਸਤ ਦੇਸ਼ ਨਾਲ ਇਕ ਮਜ਼ਬੂਤ ਅਰਥਵਿਵਸਥਾ ਦਾ ਸੁਪਨਾ ਹੁੰਦਾ ਹੈ, ਪਰ ਆਰਥਿਕ ਵਿਕਾਸ ਦੇ ਨਾਲ-ਨਾਲ ਸਾਨੂੰ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਵਿਚ ਸਰਵਉੱਚ ਸਾਬਤ ਕਰਨ ਦੇ ਮਿਸ਼ਨ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਅੱਜ ਭਾਰਤ ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਸਾਡੇ ਆਰਥਿਕ ਵਿਕਾਸ ਦਾ ਮੁੱਖ ਆਧਾਰ ਸਾਡੇ ਮਨੁੱਖੀ ਵਸੀਲਿਆਂ ਦੀ ਸਖ਼ਤ ਮਿਹਨਤ ਹੋਵੇਗੀ। ਜਦੋਂ ਇਸ ਮਿਹਨਤ ਵਿਚ ਅਧਿਆਤਮਿਕਤਾ ਅਤੇ ਸੰਸਕ੍ਰਿਤੀ ਜੁੜੀ ਹੋਵੇਗੀ ਤਾਂ ਸਾਨੂੰ ਵਿਸ਼ਵ ਗੁਰੂ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਭਾਰਤ ਦੇ ਲੱਖਾਂ ਨੌਜਵਾਨ ਦਿਮਾਗ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਦੇ ਆਰਥਿਕ ਵਿਕਾਸ ਵਿਚ ਮਦਦ ਕਰ ਰਹੇ ਹਨ।
ਨਰਿੰਦਰ ਮੋਦੀ ਜੀ ਨੇ ਭਾਰਤ ਦੇ ਇਸ ਮਨੁੱਖੀ ਸਰੋਤ ਨੂੰ ਧਿਆਨ ’ਚ ਰੱਖਦਿਆਂ ਹੀ ਇਹ ਮਿਸ਼ਨ ਬਣਾਇਆ ਕਿ ਜਦੋਂ ਸਾਡੇ ਕੋਲ ਸਭ ਤੋਂ ਮਜ਼ਬੂਤ ਮਨੁੱਖੀ ਸਰੋਤ ਹਨ ਤਾਂ ਫਿਰ ਸਾਡਾ ਦੇਸ਼ ਸਭ ਤੋਂ ਵੱਧ ਵਿਕਸਤ ਦੇਸ਼ ਕਿਉਂ ਨਾ ਹੋਵੇ।
ਇਸ ਸਵਾਲ ਦਾ ਜਵਾਬ ਇਕ ਸਰਲ ਹੱਲ ਵਿਚ ਹੈ ਕਿ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਸਿੱਖਿਆ, ਸਿਹਤ ਅਤੇ ਜੀਵਨ ਦੀਆਂ ਹੋਰ ਬੁਨਿਆਦੀ ਲੋੜਾਂ ਦੀ ਘਾਟ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਵਿਚ ਮਦਦ ਕਰਨ ਲਈ ਵੱਖ-ਵੱਖ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਜਾਵੇ।
ਪਰ ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਫਲਸਫੇ ਅਤੇ ਮਿਸ਼ਨ ਦੇ ਬਾਵਜੂਦ ਕੁਝ ਨਾਸਮਝ ਲੋਕ ਸਿਰਫ ਸੱਤਾ ਦਾ ਆਨੰਦ ਲੈਣ ਦੇ ਮਿਸ਼ਨ ਨਾਲ ਹੀ ਭਾਰਤੀ ਰਾਜਨੀਤੀ ਵਿਚ ਆਉਂਦੇ ਹਨ ਅਤੇ ਉਸ ਸੱਤਾ ਨੂੰ ਪ੍ਰਾਪਤ ਕਰਨ ਲਈ ਬਿਨਾਂ ਕਿਸੇ ਰੋਡਮੈਪ ਦੇ ਉਹ ਲੋਕਾਂ ਨੂੰ ਆਕਰਸ਼ਕ ਸੁਪਨੇ ਦਿਖਾਉਂਦੇ ਹਨ ਅਤੇ ਆਕਰਸ਼ਕ ਵਾਅਦੇ ਕਰਨ ਲੱਗਦੇ ਹਨ।
ਜਿਵੇਂ ਪਿਛਲੇ ਕੁਝ ਸਾਲਾਂ ਵਿਚ ਦੇਖਿਆ ਗਿਆ ਹੈ ਕਿ ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੋਵੇ ਜਾਂ ਤਾਮਿਲਨਾਡੂ ਦੀ ਡੀ. ਐੱਮ. ਕੇ., ਹੁਣ ਤਾਂ ਕਾਂਗਰਸ ਪਾਰਟੀ ਵੀ ਇਨ੍ਹਾਂ ਲੁਭਾਉਣੇ ਵਾਅਦਿਆਂ ਦੇ ਮਾਮਲੇ ਵਿਚ ਸਾਰਿਆਂ ਨੂੰ ਪਿੱਛੇ ਛੱਡ ਚੁੱਕੀ ਹੈ।
ਮੁਫਤ ਬਿਜਲੀ, ਪਾਣੀ ਅਤੇ ਇੱਥੋਂ ਤੱਕ ਕਿ ਲੈਪਟਾਪ, ਟੀ. ਵੀ., ਕੱਪੜੇ ਆਦਿ ਦੇ ਨਾਲ-ਨਾਲ ਮੁਫਤ ਵੰਡਣ ਦਾ ਵਾਅਦਾ ਵੀ ਹੁਣ ਇਕ ਆਮ ਟੀਚਾ ਬਣ ਗਿਆ ਹੈ। ਭਾਵੇਂ ਜਨਤਾ ਇਨ੍ਹਾਂ ਝੂਠੇ ਵਾਅਦਿਆਂ ਨੂੰ ਸਮਝ ਚੁੱਕੀ ਹੈ ਪਰ ਫਿਰ ਵੀ ਜਨਤਾ ਨੂੰ ਜਾਗਰੂਕ ਕਰਨ ਲਈ ਇਹ ਸਪੱਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਲੁਭਾਉਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਦੇਸ਼ ਦੇ ਆਰਥਿਕ ਵਿਕਾਸ ਨਾਲ ਧੋਖਾ ਕੀਤਾ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਦੇਸ਼ ਇਕ ਸਮਾਜ ਭਲਾਈ ਰਾਜ ਦੀ ਕਲਪਨਾ ਕਰਦਾ ਹੈ।
ਜੇਕਰ ਕਿਸੇ ਵਿਅਕਤੀ ਨੂੰ ਇਕ ਮੱਛੀ ਖਾਣ ਲਈ ਦਿੱਤੀ ਜਾਵੇ ਤਾਂ ਉਸ ਨੂੰ ਇਕ ਦਿਨ ਦਾ ਭੋਜਨ ਹੀ ਮਿਲੇਗਾ, ਪਰ ਜੇਕਰ ਉਸ ਨੂੰ ਮੱਛੀਆਂ ਫੜਨ ਅਤੇ ਉਨ੍ਹਾਂ ਦਾ ਵਪਾਰ ਕਰਨ ਦੀ ਕਲਾ ਸਿਖਾਈ ਜਾਵੇ ਤਾਂ ਉਹ ਆਪਣੇ ਪਰਿਵਾਰ ਦੇ ਆਰਥਿਕ ਵਿਕਾਸ ਦਾ ਮਾਧਿਅਮ ਬਣ ਜਾਵੇਗਾ ਅਤੇ ਇਸੇ ਨਾਲ ਹੀ ਦੇਸ਼ ਦਾ ਵਿਕਾਸ ਹੋਵੇਗਾ।
ਅਵਿਨਾਸ਼ ਰਾਏ ਖੰਨਾ
ਅੰਬੇਡਕਰ ਮੁੱਦੇ ਨੂੰ ਕਾਂਗਰਸ ਕਿੱਥੋਂ ਤੱਕ ਲਿਜਾ ਸਕੇਗੀ
NEXT STORY