ਮਤਾ-ਏ-ਲੌਹ-ਓ-ਕਲਮ ਛਿਨ ਗਈ ਤੋ ਕਿਆ ਗ਼ਮ ਹੈ, ਕਿ ਖੂਨ-ਏ-ਦਿਲ ਮੇਂ ਡੁਬੋ ਲੀ ਹੈਂ ਉਂਗਲੀਆਂ ਮੈਂਨੇ, ਜ਼ੁਬਾਂ ਪੇ ਮੋਹਰ ਲਗੀ ਹੈ ਤੋ ਕਿਆ, ਕਿ ਰਖ ਦੀ ਹੈ ਹਰ ਏਕ ਹਲਕਾ-ਏ-ਜ਼ੰਜੀਰ ਮੇਂ ਜ਼ੁਬਾਂ ਮੈਂਨੇ।
ਫ਼ੈਜ਼ ਅਹਿਮਦ ਫ਼ੈਜ਼ ਦੀ ਇਹ ਰਚਨਾ ਉਨ੍ਹਾਂ ਵੱਲੋਂ ਲਿਖੀ ‘ਜੇਲ ਡਾਇਰੀ’ ਤੋਂ ਪ੍ਰੇਰਿਤ ਹੈ। ਇਹ ਸਤਰਾਂ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀ ਦੇ ਬਾਵਜੂਦ ਇਕ ਸ਼ਾਇਰ ਅਤੇ ਲੇਖਕ ਦੇ ਹੌਸਲੇ ਨੂੰ ਦਰਸਾਉਂਦੀਆਂ ਹਨ। 1950 ਦੇ ਦਹਾਕੇ ਤੋਂ ਬਾਅਦ ਫ਼ੈਜ਼ ਅਹਿਮਦ ਫ਼ੈਜ਼ ਨੂੰ ਉਨ੍ਹਾਂ ਦੇ ਅਗਾਂਹਵਧੂ, ਕ੍ਰਾਂਤੀਕਾਰੀ ਅਤੇ ਖੱਬੇਪੱਖੀ ਵਿਚਾਰਾਂ ਕਾਰਨ ਸੱਤਾਧਾਰੀ ਤਾਕਤਾਂ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਲਿਖਤ ’ਤੇ ਪਾਬੰਦੀ ਲਗਾਈ ਗਈ, ਪਰ ਉਹ ਹਮੇਸ਼ਾ ਆਪਣੀ ਕਲਮ ਨਾਲ ਆਵਾਜ਼ ਉਠਾਉਂਦੇ ਰਹੇ।
ਸ਼ਾਇਰਾਂ, ਲੇਖਕਾਂ, ਸੰਪਾਦਕਾਂ ’ਤੇ ਹਕੂਮਤਾਂ ਵੱਲੋਂ ਉਨ੍ਹਾਂ ਦੀ ਆਵਾਜ਼ ਦਬਾਉਣੀ ਕੋਈ ਨਵੀਂ ਗੱਲ ਨਹੀਂ ਹੈ ਅਤੇ ਜਦੋਂ-ਜਦੋਂ ਅੱਤਿਆਚਾਰ ਹੋਏ, ਰਾਜ ਕਰਨ ਵਾਲੇ ਰਾਜਿਆਂ ਨੂੰ ਬਾਅਦ ਵਿਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪਏ ਸਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਰਾਜੇ ਖ਼ਤਮ ਹੋ ਗਏ ਪਰ ਸੱਚਾਈਆਂ ਅੱਜ ਵੀ ਜ਼ਿੰਦਾ ਹਨ।
ਪੰਜਾਬ ਕੇਸਰੀ ਸਮਾਚਾਰ ਪੱਤਰ ਸਮੂਹ ’ਤੇ ਮੌਜੂਦਾ ਹਕੂਮਤ ਵੱਲੋਂ ਸੱਚਾਈ ਨਾ ਸੁਣ ਸਕਣ ’ਤੇ ਜੋ ਦਮਨਕਾਰੀ ਨੀਤੀ ਅਪਣਾਈ ਗਈ ਹੈ, ਇਹ ਚਾਲਾਂ ਪੁਰਾਣੀਆਂ ਹੋ ਚੁੱਕੀਆਂ ਹਨ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੱਚਾਈ ਸਭ ਦੇ ਸਾਹਮਣੇ ਹੈ। ‘ਸ਼ੀਸ਼ ਮਹਿਲ’ ਸਬੰਧੀ ਇਕ ਖ਼ਬਰ ਦੇ ਪ੍ਰਕਾਸ਼ਨ ’ਤੇ ਤਿਲਮਿਲਾਹਟ ਕਿਉਂ, ਉਹ ਵੀ ਜਦੋਂ ਦੂਜਾ ਪੱਖ ਵੀ ਪ੍ਰਕਾਸ਼ਿਤ ਕੀਤਾ ਗਿਆ ਹੋਵੇ।
‘ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖ਼ੁਸ਼ ਰਖਨੇ ਕੋ ਗਾਲਿਬ ਯੇ ਖ਼ਿਆਲ ਅੱਛਾ ਹੈ।
ਪੰਜਾਬ ਕੇਸਰੀ ਦੇ ਸੰਸਥਾਪਕ ਸੰਪਾਦਕ ਲਾਲਾ ਜਗਤ ਨਾਰਾਇਣ ਜੀ ਅਤੇ ਰਮੇਸ਼ ਚੰਦਰ ਜੀ ਨੂੰ ਅੱਤਵਾਦ ਵਿਰੁੱਧ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦੇਣੀ ਪਈ ਸੀ। ਪੱਤਰਕਾਰਾਂ ਦੀਆਂ ਕੁਰਬਾਨੀਆਂ ਦੀ ਸੂਚੀ ਬਹੁਤ ਲੰਬੀ ਹੈ। ਇਕ ਰਿਪੋਰਟ ਅਨੁਸਾਰ ਸਾਲ 2025 ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲਿਖਣ ਜਾਂ ਬੋਲਣ ’ਤੇ 9 ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ 33 ’ਤੇ ਹਮਲੇ ਹੋਏ। ਆਵਾਜ਼ ਹੁਣ ਵੀ ਦਬਾਈ ਨਹੀਂ ਜਾ ਸਕਦੀ।
ਲੋਕਤੰਤਰ ਦਾ ਚੌਥਾ ਥੰਮ੍ਹ ਕਹਾਉਣ ਵਾਲੀ ਪ੍ਰੈੱਸ ਦੀ ਭੂਮਿਕਾ ਸਿਰਫ਼ ਖ਼ਬਰਾਂ ਦੇਣਾ ਹੀ ਨਹੀਂ ਹੈ, ਸਗੋਂ ਸੱਤਾ ਤੋਂ ਸਵਾਲ ਪੁੱਛਣਾ, ਸੱਚ ਨੂੰ ਸਾਹਮਣੇ ਲਿਆਉਣਾ ਅਤੇ ਜਨਤਾ ਦੀ ਆਵਾਜ਼ ਬਣਨਾ ਵੀ ਹੈ ਪਰ ਜਦੋਂ-ਜਦੋਂ ਪ੍ਰੈੱਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਦੋਂ-ਉਦੋਂ ਇਹ ਸਿਰਫ਼ ਪੱਤਰਕਾਰੀ ’ਤੇ ਹਮਲਾ ਨਹੀਂ ਹੁੰਦਾ, ਸਗੋਂ ਪੂਰੇ ਲੋਕਤੰਤਰ ਦੀ ਆਤਮਾ ਨੂੰ ਸੱਟ ਵੱਜਦੀ ਹੈ।
ਰਾਹਤ ਇੰਦੌਰੀ ਦਾ ਇਹ ਸ਼ੇਅਰ ਵੀ ਯਾਦ ਰੱਖਣਾ ਚਾਹੀਦਾ ਹੈ : ‘ਸ਼ਾਖ਼ਾਓਂ ਸੇ ਟੂਟ ਜਾਏਂ ਵੋ ਪੱਤੇ ਨਹੀਂ ਹੈਂ ਹਮ, ਆਂਧੀ ਸੇ ਕੋਈ ਕਹਿ ਦੇ ਕਿ ਔਕਾਤ ਮੇਂ ਰਹੇ।’
ਜਦੋਂ ਪੱਤਰਕਾਰ ਡਰ ਦੇ ਮਾਹੌਲ ਵਿਚ ਕੰਮ ਕਰਨ ਲੱਗਦੇ ਹਨ, ਜਦੋਂ ਸੱਚੀਆਂ ਖ਼ਬਰਾਂ ’ਤੇ ਰੋਕ ਲਗਾਈ ਜਾਂਦੀ ਹੈ, ਜਦੋਂ ਸਵਾਲ ਪੁੱਛਣ ਵਾਲਿਆਂ ਨੂੰ ਧਮਕਾਇਆ ਜਾਂ ਬਦਨਾਮ ਕੀਤਾ ਜਾਂਦਾ ਹੈ, ਉਦੋਂ ਸਮਾਜ ਹੌਲੀ-ਹੌਲੀ ਹਨੇਰੇ ਵੱਲ ਵਧਣ ਲੱਗਦਾ ਹੈ।
ਉਰਦੂ ਦੇ ਸ਼ਾਇਰ ਇਕਬਾਲ ਅਸ਼ਹਰ ਦਾ ਇਹ ਸ਼ੇਅਰ : ‘ਯਹੀ ਜੁਨੂੰਨ ਯਹੀ ਏਕ ਖ਼ਵਾਬ ਮੇਰਾ ਹੈ, ਮੈਂ ਵਹਾਂ ਚਿਰਾਗ ਜਲਾ ਦੂੰ ਜਹਾਂ ਅੰਧੇਰਾ ਹੈ, ਤੇਰੀ ਰਜ਼ਾ ਭੀ ਤੋ ਸ਼ਾਮਿਲ ਥੀ ਮੇਰੇ ਬੁਝਨੇ ਮੇਂ, ਮੈਂ ਜੋ ਜਲ ਉਠਾ ਹੂੰ ਤੋ ਯਹ ਕਮਾਲ ਭੀ ਤੇਰਾ ਹੈ।’
ਅੱਜ ਕਈ ਥਾਵਾਂ ’ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਪ੍ਰੈੱਸ ’ਤੇ ਦਬਾਅ ਬਣਾਇਆ ਜਾ ਰਿਹਾ ਹੈ—ਕਦੇ ਇਸ਼ਤਿਹਾਰਾਂ ਰਾਹੀਂ, ਕਦੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ, ਕਦੇ ਕਾਨੂੰਨੀ ਸ਼ਿਕੰਜੇ ਰਾਹੀਂ ਅਤੇ ਕਦੇ ਡਰ ਤੇ ਧਮਕੀਆਂ ਦੇ ਮਾਧਿਅਮ ਨਾਲ। ਕੁਝ ਮਾਮਲਿਆਂ ਵਿਚ ਤਾਂ ਸੱਚ ਲਿਖਣ ਦੀ ਕੀਮਤ ਜੇਲ, ਮੁਕੱਦਮੇ ਜਾਂ ਹਮਲਿਆਂ ਦੇ ਰੂਪ ਵਿਚ ਚੁਕਾਉਣੀ ਪੈ ਰਹੀ ਹੈ। ਇਹ ਸਥਿਤੀ ਬੇਹੱਦ ਚਿੰਤਾਜਨਕ ਹੈ, ਕਿਉਂਕਿ ਜੇਕਰ ਪ੍ਰੈੱਸ ਹੀ ਆਜ਼ਾਦ ਨਹੀਂ ਰਹੇਗੀ, ਤਾਂ ਆਮ ਆਦਮੀ ਦੀ ਆਵਾਜ਼ ਕੌਣ ਉਠਾਏਗਾ?
ਇਸ ਗੱਲ ਦੀ ਨੌਬਤ ਨਾ ਆ ਜਾਵੇ :
‘ਵੋ ਜੋ ਖ਼ਵਾਬ ਥੇ ਮੇਰੇ ਜ਼ਿਹਨ ਮੇਂ, ਨਾ ਮੈਂ ਕਹਿ ਸਕਾ ਨਾ ਲਿਖ ਸਕਾ,
ਕਿ ਜ਼ੁਬਾਂ ਮਿਲੀ ਤੋ ਕਟੀ ਹੁਈ, ਕਿ ਕਲਮ ਮਿਲਾ ਤੋ ਬਿਕਾ ਹੁਆ।’
ਪ੍ਰੈੱਸ ਦੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਉਹ ਤਾਨਾਸ਼ਾਹ ਹੋ ਜਾਵੇ, ਸਗੋਂ ਇਸ ਦਾ ਮਤਲਬ ਇਹ ਹੈ ਕਿ ਉਹ ਬਿਨਾਂ ਡਰ ਅਤੇ ਦਬਾਅ ਦੇ ਸੱਚ ਦਿਖਾ ਸਕੇ। ਸੱਤਾ ਦੀ ਆਲੋਚਨਾ ਕਰਨਾ, ਗਲਤ ਨੀਤੀਆਂ ਨੂੰ ਉਜਾਗਰ ਕਰਨਾ ਅਤੇ ਲੋਕ ਹਿੱਤ ਦੇ ਮੁੱਦਿਆਂ ਨੂੰ ਸਾਹਮਣੇ ਲਿਆਉਣਾ ਹੀ ਪੱਤਰਕਾਰੀ ਦਾ ਅਸਲੀ ਧਰਮ ਹੈ।
ਅਸਲੀ ਧਰਮ ਨਿਭਾਇਆ ਹੈ ਪੰਜਾਬ ਕੇਸਰੀ ਗਰੁੱਪ ਨੇ। ਦੋ ਮੁੱਖ ਸੰਪਾਦਕਾਂ ਲਾਲਾ ਜਗਤ ਨਾਰਾਇਣ ਜੀ ਅਤੇ ਰਮੇਸ਼ ਚੰਦਰ ਜੀ ਵੱਲੋਂ ਦਿੱਤੀ ਗਈ ਸਰਵਉੱਚ ਕੁਰਬਾਨੀ ਦੀ ਸ਼ਾਇਦ ਹੀ ਕੋਈ ਹੋਰ ਮਿਸਾਲ ਮਿਲੇ। ਅੱਤਵਾਦ ਵਿਰੁੱਧ ਲਿਖਣਾ ਅਤੇ ਉਨ੍ਹਾਂ ਨੂੰ ਸ਼ਰੇਆਮ ਬਾਜ਼ਾਰ ਵਿਚ ਦਿਨ-ਦਿਹਾੜੇ ਗੋਲੀਆਂ ਨਾਲ ਸ਼ਹੀਦ ਕਰ ਦੇਣਾ ਅਤੇ ਇਸ ਦੇ ਬਾਵਜੂਦ ਅੱਤਵਾਦ ਅੱਗੇ ਗੋਡੇ ਨਾ ਟੇਕਣਾ ਪੱਤਰਕਾਰੀ ਦਾ ਸੱਚਾ ਧਰਮ ਹੈ।
ਅੱਤਵਾਦ ਵਿਰੁੱਧ ਨਾ ਲਿਖ ਕੇ ਵੀ ਉਹ ਆਪਣੀ ਜਾਨ ਬਚਾ ਸਕਦੇ ਸਨ, ਪਰ ਉਨ੍ਹਾਂ ਨੇ ਪੱਤਰਕਾਰੀ ਦੇ ਉੱਚ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ। ਕਲਮ ਉਸ ਦੀ ਕਿਸੇ ਦਰਬਾਰ ਦੀ ਜਾਗੀਰ ਨਹੀਂ, ਕਿਸੇ ਅੱਗੇ ਝੁਕਣਾ ਸਾਡੀ ਤਾਸੀਰ (ਮੂਲ ਸੁਭਾਅ) ਨਹੀਂ। ਪੰਜਾਬ ਕੇਸਰੀ ਗਰੁੱਪ ਵੱਲੋਂ ਪੱਤਰਕਾਰੀ ਤੋਂ ਇਲਾਵਾ ਜੋ ਸਮਾਜ ਸੇਵਾ ਦਾ ਬੀੜਾ ਚੁੱਕਿਆ ਗਿਆ ਹੈ, ਉਹ ਵੀ ਆਪਣੇ ਆਪ ਵਿਚ ਮਿਸਾਲ ਹੈ। ਕਿਹਾ ਜਾਂਦਾ ਹੈ ਕਿ ਪੱਤਰਕਾਰ ਪੀੜਤ ਮਨੁੱਖਤਾ ਦਾ ਵਕੀਲ ਹੁੰਦਾ ਹੈ ਜੋ ਆਖਰੀ ਪਾਏਦਾਨ ’ਤੇ ਖੜ੍ਹੇ ਵਿਅਕਤੀ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਬੁਲੰਦ ਕਰਦਾ ਹੈ।
ਪੰਜਾਬ ਕੇਸਰੀ ਦੇ ਸੰਚਾਲਕਾਂ ਵੱਲੋਂ ਚਲਾਇਆ ਜਾ ਰਿਹਾ ਸ਼ਹੀਦ ਪਰਿਵਾਰ ਫੰਡ ਆਪਣੇ ਆਪ ਵਿਚ ਇਕ ਵਿਸ਼ਵ ਰਿਕਾਰਡ ਹੈ, ਕਿਉਂਕਿ ਇੰਨੇ ਲੰਬੇ ਸਮੇਂ ਤੱਕ ਸ਼ਾਇਦ ਹੀ ਕਿਸੇ ਅਖ਼ਬਾਰ ਰਾਹੀਂ ਕੋਈ ਸੇਵਾ ਪ੍ਰਾਜੈਕਟ ਚਲਾਇਆ ਗਿਆ ਹੋਵੇ। ਇਸ ਤੋਂ ਇਲਾਵਾ, ਦੇਸ਼ ਦੇ ਕਿਸੇ ਵੀ ਸੂਬੇ ਵਿਚ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਰਿਲੀਫ਼ ਫੰਡ ਚਲਾਉਣਾ ਅਤੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਇਸ ਖੇਤਰ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾ ਕੇ ਸੇਵਾ ਪ੍ਰਾਜੈਕਟਾਂ ਵਿਚ ਹਿੱਸਾ ਲੈਣਾ ਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਆਪਣੇ ਆਪ ਵਿਚ ਇਕ ਵਿਲੱਖਣ ਮਿਸਾਲ ਹੈ।
ਭਲਾਈ ਪ੍ਰਾਜੈਕਟਾਂ ਦੇ ਬਾਵਜੂਦ ਜੇਕਰ ਮੌਜੂਦਾ ਹਕੂਮਤ ਵੱਲੋਂ ਪੰਜਾਬ ਕੇਸਰੀ ਗਰੁੱਪ ਵਿਰੁੱਧ ਦਮਨਕਾਰੀ ਨੀਤੀ ਅਪਣਾਈ ਜਾ ਰਹੀ ਹੈ, ਤਾਂ ਫਿਰ ਇਸ ਦਾ ਜਵਾਬ ਅਵਾਮ ’ਤੇ ਹੀ ਛੱਡ ਦੇਣਾ ਚਾਹੀਦਾ ਹੈ।
-ਚੰਦਰ ਨਾਗਪਾਲ
ਇਕ ਖੁੱਲ੍ਹੇ ਬਜਟ ਵੱਲ
NEXT STORY