ਪੰਜਾਬ ਦੀ ਇਕ ਪ੍ਰਸਿੱਧ ਯੂਨੀਵਰਸਿਟੀ ’ਚ ਵਿਦਿਆਰਥੀਆਂ ਦਾ ਰੋਹ ਭਰਿਆ ਅਤੇ ਹਮਲਾਵਰ ਪ੍ਰਦਰਸ਼ਨ, ਉੱਚ ਸਿੱਖਿਆ ਜਗਤ ਲਈ ਚਿੰਤਾਵਾਂ ਪੈਦਾ ਕਰ ਰਿਹਾ ਹੈ। ਚਿੰਤਾ ਦਾ ਵੱਡਾ ਕਾਰਨ ਇਸ ਲਈ ਵੀ ਹੈ ਕਿਉਂਕਿ ਜਿਸ ਉਮਰ ’ਚ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖੀ ਜਾਂਦੀ ਹੈ, ਉਸੇ ਉਮਰ ’ਚ ਕਈ ਵਿਦਿਆਰਥੀਆਂ ’ਚ ਹਮਲਾਵਰੀਪਣ ਵਧਣ ਲੱਗਾ ਹੈ।
ਭਾਰਤ ਦੇ ਵਿਦਿਆਰਥੀਆਂ ’ਚ ਹਮਲਾਵਰੀ ਮਾਨਸਿਕਤਾ ਦਾ ਪਨਪਨਾ ਸਾਡੀ ਸਿੱਖਿਆ, ਪਰਿਵਾਰਕ ਅਤੇ ਸਮਾਜਿਕ ਬਣਤਰ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇਹ ਰੁਝਾਨ ਵਿਦਿਆਰਥੀਆਂ ਦੇ ਵਿੱਦਿਅਕ ਪ੍ਰਦਰਸ਼ਨ ’ਤੇ ਤਾਂ ਨਕਾਰਾਤਮਕ ਪ੍ਰਭਾਵ ਪਾ ਹੀ ਰਿਹਾ ਹੈ, ਇਸ ਨੂੰ ਭਵਿੱਖ ’ਚ ਸਮਾਜ ’ਚ ਅਸਥਿਰਤਾ ਲਈ ਵੱਡਾ ਖ਼ਤਰਾ ਵੀ ਮੰਨਣਾ ਚਾਹੀਦਾ ਹੈ। ਵੱਡਾ ਸਵਾਲ ਹੈ ਕਿ ਜਿਨ੍ਹਾਂ ਵਜ੍ਹਾ ਕਰਕੇ ਵਿਦਿਆਰਥੀਆਂ ਦੇ ਅੰਦਰ ਹਮਲਾਵਰੀਪਣ ਪੈਦਾ ਹੋ ਰਿਹਾ ਹੈ, ਉਨ੍ਹਾਂ ਨਾਲ ਨਜਿੱਠਣ ਲਈ ਕੀ ਕੀਤਾ ਜਾ ਰਿਹਾ ਹੈ?
ਵੇਖਿਆ ਜਾਵੇ ਤਾਂ ਉਮਰ ਦੇ ਇਸ ਪੜਾਅ ’ਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਜ਼ਿੰਮੇਵਾਰੀ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਤੇ ਵਿੱਦਿਅਕ ਪ੍ਰਸ਼ਾਸਨ ਦੀ ਹੀ ਹੁੰਦੀ ਹੈ। ਅੱਜ ਦੋਵੇਂ ਹੀ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਨਾਲ ਸ਼ਾਇਦ ਨਹੀਂ ਨਿਭਾਅ ਪਾ ਰਹੇ ਹਨ, ਇਸ ਲਈ ਸਾਰੇ ਸਮਾਜ ਸੇਵਕਾਂ, ਸਿੱਖਿਆ ਸ਼ਾਸਤਰੀਆਂ ਅਤੇ ਚਿੰਤਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ, ਵਿਦਿਆਰਥੀਆਂ ’ਚ ਹਮਲਾਵਰੀਪਣ ਕੁੜੱਤਣ ਅਤੇ ਦਬਾਅ ਦਾ ਨਤੀਜਾ ਹੈ। ਵਿਦਿਆਰਥੀਆਂ ’ਚ ਗੁੱਸੇ, ਨਿਰਾਸ਼ਾ ਜਾਂ ਚਿੰਤਾ ਵਰਗੀਆਂ ਭਾਵਨਾਵਾਂ ਨੂੰ ਕਾਬੂ ਕਰਨ ਦੀ ਸਮਰੱਥਾ ਦੀ ਘਾਟ ਹੁੰਦੀ ਹੈ, ਜਿਸ ਨਾਲ ਉਹ ਹਮਲਾਵਰ ਹੋ ਜਾਂਦੇ ਹਨ।
ਪੜ੍ਹਾਈ ਅਤੇ ਇਮਤਿਹਾਨ ’ਚ ਚੰਗੇ ਅੰਕ ਲਿਆਉਣ ਦਾ ਭਾਰੀ ਦਬਾਅ ਅਤੇ ਅਸਫਲਤਾ ਦਾ ਡਰ ਵਿਦਿਆਰਥੀਆਂ ’ਚ ਚਿੜਚਿੜਾਪਣ ਅਤੇ ਹਮਲਾਵਰੀਪਣ ਪੈਦਾ ਕਰਦਾ ਹੈ। ਧਿਆਨ ਦੀ ਘਾਟ ਅਤੇ ਬਹੁਤਾ ਸਰਗਰਮ ਹੋਣ ਕਾਰਨ ਵਿਦਿਆਰਥੀ ਤੁਰੰਤ ਉਤੇਜਿਤ ਹੋ ਜਾਂਦੇ ਹਨ। ਕੰਡਕਟ ਡਿਸਆਰਡਰ ਇਕ ਅਜਿਹਾ ਵਿਕਾਰ ਹੈ, ਜਿਸ ’ਚ ਨਿਯਮਾਂ ਨੂੰ ਤੋੜਨਾ ਅਤੇ ਹਮਲਾਵਰ ਵਿਵਹਾਰ ਕਰਨਾ ਸ਼ਾਮਲ ਹੁੰਦਾ ਹੈ। ਇਸ ’ਚ ਵਿਦਿਆਰਥੀ ਵੱਡਿਆਂ ਅਤੇ ਅਧਿਆਪਕਾਂ ਪ੍ਰਤੀ ਲਗਾਤਾਰ ਹੁਕਮ ਅਦੂਲੀ ਕਰਨ ਵਾਲਾ ਅਤੇ ਗੁੱਸੇ ਵਾਲਾ ਰੁਖ ਅਪਣਾਉਂਦੇ ਹਨ। ਲੰਬੇ ਸਮੇਂ ਤੱਕ ਰਹਿਣ ਵਾਲੀ ਉਦਾਸੀ ਜਾਂ ਅੰਦਰੂਨੀ ਮਾਨਸਿਕ ਪੀੜਾ ਵੀ ਗੁੱਸੇ ਦੇ ਰੂਪ ’ਚ ਬਾਹਰ ਆਉਂਦੀ ਹੈ।
ਬਚਪਨ ’ਚ ਕਿਸੇ ਪ੍ਰਕਾਰ ਦਾ ਸਰੀਰਕ ਜਾਂ ਮਾਨਸਿਕ ਸ਼ੋਸ਼ਣ, ਘਰ ’ਚ ਹਿੰਸਾ ਵੇਖਣਾ ਜਾਂ ਅਣਡਿੱਠ ਕੀਤੇ ਜਾਣ ਦਾ ਸ਼ਿਕਾਰ ਹੋਣਾ ਵਿਦਿਆਰਥੀਆਂ ਦੇ ਮਨ ’ਚ ਡੂੰਘੇ ਡਰ ਅਤੇ ਗੁੱਸੇ ਨੂੰ ਜਨਮ ਦਿੰਦਾ ਹੈ। ਜਦੋਂ ਵਿਦਿਆਰਥੀ ਆਪਣੀ ਗੱਲ ਜਾਂ ਆਪਣੀਆਂ ਲੋੜਾਂ ਦੂਜਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਾ ਪਾਉਂਦੇ, ਤਾਂ ਉਨ੍ਹਾਂ ਦੀ ਝੁੰਝਲਾਹਟ ਹਮਲਾਵਰੀਪਣ ’ਚ ਬਦਲ ਜਾਂਦੀ ਹੈ। ਜਿਹੜੇ ਵਿਦਿਆਰਥੀ ਖ਼ੁਦ ਸਕੂਲ ਜਾਂ ਦੋਸਤਾਂ ’ਚ ਰੈਗਿੰਗ ਜਾਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਸ਼ਿਕਾਰ ਹੁੰਦੇ ਹਨ, ਉਹ ਅਕਸਰ ਆਪਣੀ ਹੀਣਭਾਵਨਾ ਜਾਂ ਬਦਲੇ ਦੀ ਭਾਵਨਾ ਨੂੰ ਦੂਜਿਆਂ ’ਤੇ ਹਮਲਾਵਰੀਪਣ ਜ਼ਰੀਏ ਕੱਢਦੇ ਹਨ। ਖ਼ੁਦ ਨੂੰ ਇਕੱਲਾ ਮਹਿਸੂਸ ਕਰਨਾ ਜਾਂ ਆਤਮ-ਸਨਮਾਨ ਘੱਟ ਹੋਣਾ ਵੀ ਵਿਦਿਆਰਥੀਆਂ ’ਚ ਕੁੜੱਤਣ ਅਤੇ ਹਮਲਾਵਰ ਰੁਝਾਨ ਨੂੰ ਬੜ੍ਹਾਵਾ ਦਿੰਦਾ ਹੈ। ਇਨ੍ਹਾਂ ਮਨੋਵਿਗਿਆਨਕ ਕਾਰਨਾਂ ਦਾ ਹੱਲ ਕਿਵੇਂ ਹੋਵੇਗਾ?
ਕੈਂਪਸ ਦਾ ਮਾਹੌਲ ਜੇਕਰ ਸਕਾਰਾਤਮਕ ਨਾ ਹੋਵੇ ਤਾਂ ਵੀ ਵਿਦਿਆਰਥੀ ਹਮਲਾਵਰ ਹੋ ਜਾਂਦੇ ਹਨ। ਕੀ ਦੇਸ਼ ਦੀਆਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ’ਚ ਮਨੋਵਿਗਿਆਨਕ ਸਲਾਹਕਾਰਾਂ ਦਾ ਪ੍ਰਬੰਧ ਹੈ? ਕੀ ਇਸ ਦਿਸ਼ਾ ’ਚ ਰੈਗੂਲੇਟਰੀ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ? ਕੀ ਉੱਚ ਸਿੱਖਿਆ ਸੰਸਥਾਵਾਂ ਦਾ ਹੌਲੀ-ਹੌਲੀ ਵਪਾਰਕ ਸੰਸਥਾਵਾਂ ’ਚ ਤਬਦੀਲ ਹੋ ਜਾਣਾ, ਸਿੱਖਿਆ ਜਗਤ ਦੇ ਸਮਾਜਿਕ-ਜਨਤਕ ਹਿੱਤਾਂ ਦੀ ਰੱਖਿਆ ਕਰ ਸਕੇਗਾ?
ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦਾ ਹੱਲ ਕਰਨ ਨਾਲ ਵਿਦਿਆਰਥੀਆਂ ’ਚ ਹਮਲਾਵਰੀਪਣ ਨੂੰ ਘੱਟ ਕੀਤਾ ਜਾ ਸਕਦਾ ਹੈ।
-ਡਾ. ਵਰਿੰਦਰ ਭਾਟੀਆ
‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
NEXT STORY