ਭਾਰਤ ਦੁਨੀਆ ’ਚ ਚੌਥਾ ਸਭ ਤੋਂ ਨੌਜਵਾਨ ਦੇਸ਼ ਮੰਨਿਆ ਜਾਂਦਾ ਹੈ ਪਰ ਸੰਯੁਕਤ ਰਾਸ਼ਟਰ ਦੀ ‘ਇੰਡੀਆ ਏਜਿੰਗ ਰਿਪੋਰਟ-2023’ ਨੇ ਦੇਸ਼ ਲਈ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਕ ਭਾਰਤ ’ਚ 1961 ਤੋਂ 2001 ਤੱਕ ਬਜ਼ੁਰਗਾਂ ਦੀ ਆਬਾਦੀ ਵਧਣ ਦੀ ਰਫਤਾਰ ਘੱਟ ਰਹੀ ਪਰ ਇਸ ਪਿੱਛੋਂ ਇਸ ’ਚ ਤੇਜ਼ੀ ਨਾਲ ਵਾਧਾ ਸ਼ੁਰੂ ਹੋ ਗਿਆ ਹੈ।
2050 ਤਕ ਦੇਸ਼ ’ਚ ਕੁੱਲ ਆਬਾਦੀ ਦੇ 20.8 ਫੀਸਦੀ ਭਾਵ 60 ਸਾਲ ਤੋਂ ਵਧ ਉਮਰ ਵਾਲੇ ਲਗਭਗ 35 ਕਰੋੜ ਬਜ਼ੁਰਗ ਹੋਣਗੇ, ਜਿਨ੍ਹਾਂ ਦੀ ਗਿਣਤੀ ਇਸ ਸਮੇਂ 10 ਫੀਸਦੀ ਦੇ ਆਸ-ਪਾਸ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਲ 2050 ਤਕ ਭਾਰਤ ’ਚ ਹਰ 100 ’ਚੋਂ 21 ਵਿਅਕਤੀ ਬਜ਼ੁਰਗ ਹੋਣਗੇ।
ਇਕ ਰਿਪੋਰਟ ਮੁਤਾਬਕ ਭਾਰਤ ’ਚ ਔਰਤਾਂ ਦੀ ਔਸਤ ਉਮਰ ਮਰਦਾਂ ਨਾਲੋਂ ਵੱਧ ਹੋਣ ਕਾਰਨ ਭਵਿੱਖ ’ਚ ਦੇਸ਼ ’ਚ ਵਿਧਵਾ ਔਰਤਾਂ ਦੀ ਗਿਣਤੀ ਵੱਧ ਹੋਵੇਗੀ, ਇਸ ਲਈ ਸਮਾਜਿਕ, ਆਰਥਿਕ ਨੀਤੀਆਂ ’ਤੇ ਧਿਆਨ ਦੇਣ ਦੀ ਲੋੜ ਹੈ।
ਇਸ ਦੌਰਾਨ ਸਟੇਟ ਬੈਂਕ ਦੀ ਰਿਪੋਰਟ ‘ਇੰਡੀਆਜ਼ ਇਕੋ ਰੈਪ’ ’ਚ ਦੱਸਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਜ਼ੁਰਗਾਂ ਦੀ ਆਬਾਦੀ ’ਚ 2011 ਤੋਂ 2024 ਦਰਮਿਆਨ ਵਰਨਣਯੋਗ ਵਾਧਾ ਹੋਇਆ ਹੈ। ਹਿਮਾਚਲ ’ਚ 2011 ’ਚ ਬਜ਼ੁਰਗਾਂ ਦੀ ਆਬਾਦੀ 10.2 ਫੀਸਦੀ ਸੀ ਜੋ 2024 ’ਚ ਵਧ ਕੇ 13.1 ਫੀਸਦੀ ਹੋ ਗਈ। ਇਸੇ ਤਰ੍ਹਾਂ ਪੰਜਾਬ ’ਚ ਇਹ 2011 ’ਚ 10.3 ਫੀਸਦੀ ਤੋਂ ਵਧ ਕੇ 12.6 ਫੀਸਦੀ ਅਤੇ ਹਰਿਆਣਾ ’ਚ 2011 ’ਚ 8.7 ਫੀਸਦੀ ਤੋਂ ਵਧ ਕੇ 2024 ’ਚ 9.8 ਫੀਸਦੀ ਹੋ ਗਈ।
ਮਾਹਿਰਾਂ ਮੁਤਾਬਕ ਬਜ਼ੁਰਗਾਂ ਦੀ ਉਮਰ ’ਚ ਵਾਧੇ ਦੇ ਅਨੁਪਾਤ ’ਚ ਉਨ੍ਹਾਂ ਦੀ ਸਿਹਤ ਖਾਸ ਕਰ ਕੇ ਪੁਰਾਣੀਆਂ ਬੀਮਾਰੀਆਂ ਲਈ ਦੇਖਭਾਲ ਵਰਗੀਆਂ ਸੇਵਾਵਾਂ ’ਚ ਵਾਧਾ ਨਹੀਂ ਹੋਇਆ ਅਤੇ ਪੰਜਾਬ ਅਤੇ ਹਿਮਾਚਲ ’ਚ ਬਜ਼ੁਰਗਾਂ ਦੀ ਦੇਖਭਾਲ ਲਈ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀ ਕਮੀ ਇਕ ਚੁਣੌਤੀ ਬਣ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਪੇਂਡੂ ਕਮਿਊਨਿਟੀ ਸਿਹਤ ਕੇਂਦਰਾਂ ’ਚ ਮਾਹਿਰਾਂ ਦੀ 96.68 ਫੀਸਦੀ ਕਮੀ ਹੈ ਅਤੇ ਪ੍ਰਵਾਨਿਤ 392 ਮਾਹਿਰਾਂ ਦੀ ਤੁਲਨਾ ’ਚ ਸਿਰਫ 13 ਮਾਹਿਰ ਹੀ ਉਪਲੱਬਧ ਹਨ। ਪੰਜਾਬ ਦੇ ਸ਼ਹਿਰੀ ਕਮਿਊਨਿਟੀ ਸਿਹਤ ਕੇਂਦਰਾਂ ’ਚ ਮਾਹਿਰਾਂ ਦੇ 336 ਪ੍ਰਵਾਨਿਤ ਅਹੁਦਿਆਂ ਦੇ ਮੁਕਾਬਲੇ ਸਿਰਫ 119 ਮਾਹਿਰ ਹੀ ਕੰਮ ਕਰ ਰਹੇ ਹਨ ਜਦੋਂ ਕਿ ਪੇਂਡੂ ਖੇਤਰਾਂ ’ਚ ਸਿਰਫ 55 ਮਾਹਿਰ ਹੀ ਉਪਲੱਬਧ ਹਨ।
ਇਸ ਪਿਛੋਕੜ ’ਚ ‘ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵਲੈੱਪਮੈਂਟ’ ਦੇ ਡਾਕਟਰ ਇੰਦਰਵੀਰ ਗਿੱਲ ਦਾ ਕਹਿਣਾ ਹੈ ਕਿ ਬਜ਼ੁਰਗ ਆਬਾਦੀ ਬਹੁਤ ਅਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਮਦਦ ਦੀ ਲੋੜ ਹੈ। ਵਧੇਰੇ ਬਜ਼ੁਰਗਾਂ ਕੋਲ ਵਿੱਤੀ ਆਜ਼ਾਦੀ ਨਾ ਹੋਣ ਕਾਰਨ ਉਨ੍ਹਾਂ ਦੇ ਇਲਾਜ ਲਈ ਹੋਣ ਵਾਲੇ ਖਰਚਿਆਂ ਨੂੰ ਘੱਟ ਕਰਨ ਲਈ ਜਨਤਕ ਸਿਹਤ ਸੇਵਾਵਾਂ ਦੀ ਪਹੁੰਚ ਵਧਾਉਣੀ ਜ਼ਰੂਰੀ ਹੈ।
ਇਸ ਲਈ ਡਾਕਟਰਾਂ ਦੀ ਗਿਣਤੀ, ਬੁਨਿਆਦੀ ਢਾਂਚੇ ਅਤੇ ਉਪਕਰਣਾਂ ਨੂੰ ਵਧਾ ਕੇ ਜਨਤਕ ਸਿਹਤ ਸੇਵਾਵਾਂ ਨੂੰ ਵਧੀਆ ਬਣਾਉਣਾ, ਸਿਹਤ ਬੀਮਾ ਕਵਰੇਜ ਦਾ ਪਸਾਰ ਕਰਨਾ ਅਤੇ ਮੁਫਤ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣੀਆਂ ਵੀ ਜ਼ਰੂਰੀ ਹਨ। ਮੌਜੂਦਾ ਸਿਹਤ ਪ੍ਰਣਾਲੀ ਬਜ਼ੁਰਗਾਂ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਨਾਕਾਫੀ ਹੈ।
ਉਂਝ ਵੀ 60 ਸਾਲ ਦੀ ਉਮਰ ਤੋਂ ਬਾਅਦ ਸਰਕਾਰ ਵਲੋਂ ਬਜ਼ੁਰਗਾਂ ਦੀ ਸਿਹਤ ਦੀ ਆਮ ਜਾਂਚ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਰੋਗਾਂ ਦੇ ਪ੍ਰਕੋਪ ਤੋਂ ਬਚਾਉਣ ਲਈ ਸਰੀਰ ਲਈ ਜ਼ਰੂਰੀ ਸਪਲੀਮੈਂਟਸ ਦਿੱਤੇ ਜਾਣੇ ਚਾਹੀਦੇ ਹਨ।
ਜ਼ਿੰਦਗੀ ਦੀ ਸ਼ਾਮ ’ਚ ਬਜ਼ੁਰਗਾਂ ਨੂੰ ਢੁੱਕਵੀਂ ਦੇਖਭਾਲ ਮਿਲੇ ਅਤੇ ਉਹ ਦੇਸ਼ ਲਈ ਉਪਯੋਗੀ ਨਾਗਰਿਕ ਸਿੱਧ ਹੋ ਸਕਣ, ਇਸ ਲਈ ਡਾਕਟਰ ਇੰਦਰਵੀਰ ਗਿੱਲ ਦੇ ਸੁਝਾਵਾਂ ’ਤੇ ਤੁਰੰਤ ਅਮਲ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰਾਂ ਦੀ ਲੋੜ
NEXT STORY