ਦੁਨੀਆ ’ਚ ਮੁਸਲਮਾਨਾਂ ਦੀ ਧਾਰਮਿਕ ਆਸਥਾ ਦਾ ਮਾਮਲਾ ਬੇਹੱਦ ਨਾਜ਼ੁਕ ਹੈ। ਦੁਨੀਆ ਦੇ ਕਿਸੇ ਵੀ ਦੇਸ਼ ’ਚ ਆਸਥਾ ’ਤੇ ਕਿਸੇ ਤਰ੍ਹਾਂ ਦੀ ਟੀਕਾ-ਟਿੱਪਣੀ ਕਾਰਨ ਮੁਸਲਿਮ ਜਗਤ ’ਚ ਹਲਚਲ ਮਚ ਜਾਂਦੀ ਹੈ। ਚੀਨ ਇਸ ਮਾਮਲੇ ’ਚ ਅਪਵਾਦ ਹੈ। ਚੀਨ ’ਚ ਮੁਸਲਮਾਨਾਂ ਨਾਲ ਹੋਣ ਵਾਲੀਆਂ ਵਧੀਕੀਆਂ ’ਤੇ ਮੁਸਲਿਮ ਦੇਸ਼ਾਂ ਦੀ ਚੁੱਪ ਹੈਰਾਨੀਜਨਕ ਹੈ।
ਇੰਨਾ ਹੀ ਨਹੀਂ, ਮੁਸਲਿਮ ਦੇਸ਼ ਇਹ ਜਾਣਦੇ ਹੋਏ ਕਿ ਚੀਨ ਮੁਸਲਮਾਨਾਂ ’ਤੇ ਜ਼ੁਲਮ ਕਰ ਰਿਹਾ ਹੈ, ਫਿਰ ਵੀ ਉਸ ਨਾਲ ਆਰਥਿਕ ਅਤੇ ਜੰਗੀ ਸਬੰਧ ਕਾਇਮ ਰੱਖਣ ਦੇ ਯਤਨਾਂ ’ਚ ਰਹਿੰਦੇ ਹਨ। ਇਨ੍ਹਾਂ ਦੇਸ਼ਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਚੀਨ ਮੁਸਲਮਾਨਾਂ ’ਤੇ ਅੱਤਿਆਚਾਰ ਕਰਨ ਦੇ ਨਾਲ ਹੀ ਮਸਜਿਦਾਂ ਨੂੰ ਢਾਹ ਰਿਹਾ ਹੈ।
ਕੌਮਾਂਤਰੀ ਸੰਗਠਨ ਹਿਊਮਨ ਰਾਈਟਸ ਵਾਚ ਨੇ ਆਪਣੀ ਇਕ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਚੀਨ ਮਸਜਿਦਾਂ ਨੂੰ ਬੰਦ ਕਰ ਰਿਹਾ ਹੈ, ਤੋੜ ਰਿਹਾ ਹੈ ਜਾਂ ਉਨ੍ਹਾਂ ਦੀ ਵਰਤੋਂ ਬਦਲ ਰਿਹਾ ਹੈ। ਐੱਚ. ਆਰ. ਡਬਲਿਊ. ਨੇ ਕਿਹਾ ਹੈ ਕਿ ਇਹ ਕ੍ਰੈਕਡਾਊਨ ਚੀਨ ’ਚ ਇਸਲਾਮ ਦੇ ਪਾਲਣ ਨੂੰ ਰੋਕਣ ਦੇ ਪ੍ਰਬੰਧਕੀ ਯਤਨਾਂ ਦਾ ਨਤੀਜਾ ਹੈ। ਚੀਨ ਅਧਿਕਾਰਤ ਪੱਖੋਂ ਨਾਸਤਿਕ ਦੇਸ਼ ਹੈ ਪਰ ਦਾਅਵਾ ਕਰਦਾ ਹੈ ਕਿ ਉੱਥੇ ਧਾਰਮਿਕ ਆਜ਼ਾਦੀ ਹੈ। ਚੀਨ ’ਚ ਲਗਭਗ 2 ਕਰੋੜ ਮੁਸਲਮਾਨ ਰਹਿੰਦੇ ਹਨ।
ਪਿਛਲੇ ਕੁਝ ਸਾਲਾਂ ’ਚ ਸੰਗਠਿਤ ਧਰਮ ਦਾ ਦਮਨ ਵਧਿਆ ਹੈ ਅਤੇ ਚੀਨ ਧਰਮ ’ਤੇ ਆਪਣਾ ਕੰਟ੍ਰੋਲ ਵਧਾ ਰਿਹਾ ਹੈ। ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਜਦੋਂ 4 ਅਰਬ ਦੇਸ਼ ਅਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਇਜ਼ਰਾਈਲ ਅਤੇ ਹਮਾਸ ਜੰਗ ’ਚ ਚੀਨ ਨੂੰ ਦਖਲਅੰਦਾਜ਼ੀ ਕਰਨ ਦੀ ਮੰਗ ਕਰਨ ਲਈ ਗਏ ਹੋਏ ਸਨ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਵੀਟੋ ਪਾਵਰ ਵਾਲੇ ਚੀਨ ਨੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਆਪਣਾ ਭਰਾ ਤਾਂ ਦੱਸਿਆ ਪਰ ਜੰਗ ’ਚ ਦਖਲਅੰਦਾਜ਼ੀ ਕਰਨ ਦਾ ਕੋਈ ਠੋਸ ਵਾਅਦਾ ਨਹੀਂ ਕੀਤਾ।
ਸਾਊਦੀ ਅਰਬ, ਮਿਸਰ, ਜਾਰਡਨ, ਫਿਲਸਤੀਨੀ ਅਥਾਰਿਟੀ ਅਤੇ ਇੰਡੋਨੇਸ਼ੀਆ ਦੇ ਮੰਤਰੀਆਂ ਨੇ ਵੱਖ-ਵੱਖ ਦੇਸ਼ਾਂ ਦੀ ਆਪਣੀ ਯਾਤਰਾ ਅਧੀਨ ਬੀਜਿੰਗ ਦਾ ਦੌਰਾ ਕੀਤਾ ਜੋ ਚੀਨ ਦੇ ਵਧਦੇ ਭੂ-ਸਿਆਸੀ ਪ੍ਰਭਾਵ ਅਤੇ ਫਿਲਸਤੀਨੀਆਂ ਲਈ ਉਸ ਦੀ ਲੰਬੇ ਸਮੇਂ ਦੀ ਹਮਾਇਤ ਨੂੰ ਦਰਸਾਉਂਦੀ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਦੌਰੇ ’ਤੇ ਆਏ ਹੋਏ ਵਿਦੇਸ਼ ਮੰਤਰੀਆਂ ਨੂੰ ਕਿਹਾ ਕਿ ਬੀਜਿੰਗ ਤੋਂ ਯਾਤਰਾ ਦੀ ਸ਼ੁਰੂਆਤ ਕਰਨ ਦਾ ਉਨ੍ਹਾਂ ਦਾ ਫੈਸਲਾ ਚੀਨ ਪ੍ਰਤੀ ਉਨ੍ਹਾਂ ਦੇ ਉੱਚ ਪੱਧਰ ਦੇ ਭਰੋਸੇ ਨੂੰ ਦਰਸਾਉਂਦਾ ਹੈ।
ਚੀਨ ਲੰਬੇ ਸਮੇਂ ਤੋਂ ਫਿਲਸਤੀਨੀਆਂ ਦੀ ਹਮਾਇਤ ਕਰਦਾ ਰਿਹਾ ਹੈ ਅਤੇ ਕਬਜ਼ੇ ਵਾਲੇ ਖੇਤਰਾਂ ’ਚ ਬਸਤੀਆਂ ਨੂੰ ਲੈ ਕੇ ਇਜ਼ਰਾਈਲ ਦੀ ਨਿੰਦਾ ਕਰਦਾ ਰਿਹਾ ਹੈ। ਚੀਨ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੀ ਆਲੋਚਨਾ ਨਹੀਂ ਕੀਤੀ ਜਦੋਂ ਕਿ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਇਸ ਨੂੰ ਅੱਤਵਾਦੀ ਕਾਰਾ ਕਿਹਾ ਹੈ। ਹਾਲਾਂਕਿ ਚੀਨ ਦੇ ਇਜ਼ਰਾਈਲ ਨਾਲ ਆਰਥਿਕ ਸਬੰਧ ਵਧ ਰਹੇ ਹਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਸਲਿਮ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਗੱਲਬਾਤ ਦੌਰਾਨ ਚੀਨ ਵੱਲੋਂ ਮੁਸਲਮਾਨਾਂ ’ਤੇ ਕੀਤੀ ਜਾ ਰਹੀ ਦਮਨ ਭਰੀ ਕਾਰਵਾਈ ਦੀ ਨਿਖੇਧੀ ਕਰਨੀ ਤਾਂ ਦੂਰ, ਉਸ ਦਾ ਜ਼ਿਕਰ ਤਕ ਕਰਨ ਦੀ ਹਿੰਮਤ ਤੱਕ ਨਹੀਂ ਦਿਖਾਈ। ਐੱਚ. ਆਰ. ਡਬਲਿਊ. ਦੀ ਰਿਪੋਰਟ ਮੁਤਾਬਕ ਖੁਦਮੁਖਤਾਰ ਖੇਤਰ ਨਿੰਗਕਸਿਆ ਯਾ ਕੇ ਲਿਆਓਕਿਆਓ ਪਿੰਡ ’ਚ 6 ’ਚੋਂ 3 ਮਸਜਿਦਾਂ ਦੇ ਗੁੰਬਦ ਅਤੇ ਮੀਨਾਰਾਂ ਨੂੰ ਹਟਾ ਦਿੱਤਾ ਗਿਆ ਹੈ।
ਬਾਕੀ 3 ਦੇ ਨਮਾਜ਼ ਪੜ੍ਹਨ ਦੇ ਮੁੱਖ ਹਾਲ ਨਸ਼ਟ ਕਰ ਦਿੱਤੇ ਗਏ ਹਨ। ਐੱਚ. ਆਰ. ਡਬਲਿਊ. ਨੂੰ ਮਿਲੀਆਂ ਸੈਟੇਲਾਈਟ ਤਸਵੀਰਾਂ ’ਚ ਮਸਜਿਦ ਦੇ ਇਕ ਗੋਲ ਗੁੰਬਦ ਦੀ ਥਾਂ ਚੀਨੀ ਸਟਾਈਲ ਦਾ ਪੈਗੋਡਾ ਦਿਖਾਈ ਦੇ ਰਿਹਾ ਹੈ। ਇਹ ਤਬਦੀਲੀਆਂ ਅਕਤੂਬਰ 2018 ਤੋਂ ਜਨਵਰੀ 2020 ਦਰਮਿਆਨ ਹੋਈਆਂ।
ਸਾਲ 2020 ਪਿੱਛੋਂ ਨਿੰਗਕਸਿਆ ਯਾ ’ਚ 1300 ਤੋਂ ਵੱਧ ਮਸਜਿਦਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਿਗਆ ਜਾਂ ਉਨ੍ਹਾਂ ਦੀ ਵਰਤੋਂ ਨੂੰ ਬਦਲ ਦਿੱਤਾ ਗਿਆ ਹੈ। ਇਹ ਇਸ ਖੇਤਰ ਦੀਆਂ ਕੁਲ ਮਸਜਿਦਾਂ ’ਚੋਂ ਇਕ-ਤਿਹਾਈ ਹਨ। ਚੀਨ ਦੇ ਨੇਤਾ ਸ਼ੀ ਜਿਨਪਿੰਗ ਦੇ ਰਾਜਕਾਲ ’ਚ ਕਮਿਊਨਿਸਟ ਪਾਰਟੀ ਨੇ ਧਰਮ ਨੂੰ ਆਪਣੀ ਸਿਆਸੀ ਵਿਚਾਰਧਾਰਾ ਅਤੇ ਚੀਨ ਦੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਾਲ 2018 ’ਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਇਕ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਸੀ ਜਿਸ ’ਚ ਮਸਜਿਦਾਂ ਦੇ ਕੰਟ੍ਰੋਲ ਦਾ ਜ਼ਿਕਰ ਕੀਤਾ ਗਿਆ ਸੀ।
ਇਸ ਦਸਤਾਵੇਜ਼ ’ਚ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਵਧੇਰੇ ਮਸਜਿਦਾਂ ਨੂੰ ਤੋੜੋ ਅਤੇ ਘੱਟ ਦੀ ਉਸਾਰੀ ਕਰੋ। ਅਜਿਹੇ ਢਾਂਚਿਆਂ ਦੀ ਕੁਲ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੋ। ਇਸ ਦਸਤਾਵੇਜ਼ ਮੁਤਾਬਕ ਮਸਜਿਦਾਂ ਦੀ ਉਸਾਰੀ, ਲੇਅ-ਆਊਟ ਅਤੇ ਮਸਜਿਦਾਂ ਨੂੰ ਮਿਲਣ ਵਾਲੇ ਫੰਡ ’ਤੇ ਸਖਤ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਦਮਨ ਤਿੱਬਤ ਅਤੇ ਸ਼ਿਨਜਿਆਂਗ ’ਚ ਜ਼ਿਆਦਾ ਰਿਹਾ ਸੀ ਪਰ ਹੁਣ ਇਹ ਦੂਜੇ ਇਲਾਕਿਆਂ ’ਚ ਵੀ ਫੈਲ ਰਿਹਾ ਹੈ।
ਚੀਨ ’ਚ ਮੁਸਲਮਾਨਾਂ ਦੇ ਦੋ ਮੁੱਖ ਨਸਲੀ ਗਰੁੱਪ ਹਨ, ਹੁਈ ਉਨ੍ਹਾਂ ਮੁਸਲਮਾਨਾਂ ਦੇ ਖਾਨਦਾਨ ’ਚੋਂ ਹਨ ਜੋ 8ਵੀਂ ਸਦੀ ’ਚ ਟੈਂਗ ਦੇ ਰਾਜ ਦੌਰਾਨ ਚੀਨ ਪਹੁੰਚੇ ਸਨ। ਦੂਜਾ ਗਰੁੱਪ ਵੀਗਰਾਂ ਦਾ ਹੈ ਜੋ ਵਧੇਰੇ ਕਰ ਕੇ ਸ਼ਿਨਜਿਆਂਗ ’ਚ ਰਹਿੰਦੇ ਹਨ।
ਚੀਨ ਦੇ ਮੁਸਲਿਮ ਦੇਸ਼ਾਂ ਨਾਲ ਚੰਗੇ ਸਬੰਧ ਹਨ ਪਰ ਇਹ ਵੀ ਸੱਚ ਹੈ ਕਿ ਮੁਸਲਮਾਨਾਂ ’ਤੇ ਸਭ ਤੋਂ ਵੱਧ ਅੱਤਿਆਚਾਰ ਚੀਨ ’ਚ ਹੀ ਹੁੰਦਾ ਹੈ। ਮੱਧ ਪੂਰਬ ’ਚ ਹਮਾਸ ਨੇ ਇਜ਼ਰਾਈਲ ’ਤੇ ਹਮਲਾ ਕੀਤਾ ਤਾਂ ਉਸ ਦੀ ਕੀਮਤ ਗਾਜ਼ਾ ਵਾਲਿਆਂ ਨੂੰ ਚੁਕਾਉਣੀ ਪਈ। ਇਹ ਕੋਈ ਨਵੀਂ ਗੱਲ ਨਹੀਂ। ਚੀਨ ’ਚ ਮੁਸਲਮਾਨਾਂ ਨਾਲ ਹਮੇਸ਼ਾ ਮਾੜਾ ਸਲੂਕ ਹੁੰਦਾ ਆਇਆ ਹੈ। ਦੁਨੀਆ ਦੇ ਕੱਟੜਪੰਥੀ ਜੋ ਅਮਰੀਕਾ ਨੂੰ ਅੱਖਾਂ ਦਿਖਾਉਂਦੇ ਹਨ, ਯੂਰਪ ’ਚ ਭੀੜ ਇਕੱਠੀ ਕਰ ਕੇ ਫਰਾਂਸ, ਬਰਤਾਨੀਆ ਅਤੇ ਜਰਮਨ ਨੂੰ ਹਿਲਾ ਦੇਣ ਦਾ ਦਮ ਭਰਦੇ ਹਨ। ਉਹ ਚੀਨ ਦੇ ਕਿਸੇ ਰੁੱਖ ਦਾ ਪੱਤਾ ਤੋੜਨ ਦੀ ਵੀ ਹਿੰਮਤ ਨਹੀਂ ਕਰਦੇ।
ਚੀਨ ਨਾਲ ਦੁਸ਼ਮਣੀ ਪਾਲਣ ਵਰਗੀਆਂ ਗੱਲਾਂ ਕਰਨੀਆਂ ਤਾਂ ਦੂਰ, ਉਹ ਇਸ ਦਾ ਨਾਂ ਤੱਕ ਆਪਣੀ ਜ਼ੁਬਾਨ ’ਤੇ ਨਹੀਂ ਲਿਆਉਂਦੇ। ਇੰਝ ਲੱਗਦਾ ਹੈ ਜਿਵੇਂ ਚੀਨ ਵਿਰੁੱਧ ਕੁਝ ਕਹਿਣ ਤੋਂ ਪਹਿਲਾਂ ਉਨ੍ਹਾਂ ਦੀ ਜ਼ੁਬਾਨ ’ਤੇ ਤਾਲਾ ਲੱਗ ਜਾਂਦਾ ਹੈ। ਮੁਸਲਮਾਨਾਂ ਅਤੇ ਉਨ੍ਹਾਂ ਦੀ ਆਸਥਾ ’ਤੇ ਸੱਟ ਮਾਰਨ ਵਾਲੇ ਚੀਨ ਵਿਰੁੱਧ ਚੁੱਪ ਤੋਂ ਇਹ ਸਾਬਤ ਹੋ ਗਿਆ ਹੈ ਕਿ ਮੁਸਲਿਮ ਦੇਸ਼ ਕਿਵੇਂ ਦੋਹਰੀ ਨੀਤੀ ਅਪਣਾ ਰਹੇ ਹਨ। ਇਹ ਗੱਲ ਦੁਨੀਆ ਦੇ ਮੁਸਲਮਾਨਾਂ ਨੂੰ ਸਮਝਣ ਦੀ ਲੋੜ ਹੈ।
ਯੋਗੇਂਦਰ ਯੋਗੀ
ਖਰਾਬ ਹੁੰਦੀ ਆਰਥਿਕ ਹਾਲਤ ਵਿਚਾਲੇ ਸ਼ੀ ਵੱਲੋਂ ਪ੍ਰਭਾਵਸ਼ਾਲੀ ਲੋਕਾਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਮੁਹਿੰਮ ਤੇਜ਼
NEXT STORY