ਭਾਰਤ ਦੀ ਰਾਜ ਭਾਸ਼ਾ ਹਿੰਦੀ ਵਿਸ਼ਵ ਦੀ ਪ੍ਰਾਚੀਨ, ਖੁਸ਼ਹਾਲ ਅਤੇ ਸੌਖੀ ਭਾਸ਼ਾ ਹੈ, ਜੋ ਅੱਜ ਨਾ ਸਿਰਫ ਭਾਰਤ ’ਚ ਸਗੋਂ ਦੁਨੀਆ ਦੇ ਕਈ ਦੇਸ਼ਾਂ ’ਚ ਬੋਲੀ ਜਾਂਦੀ ਹੈ। ਵਿਸ਼ਵ ਭਰ ’ਚ ਹਿੰਦੀ ਦੇ ਪ੍ਰਚਾਰ-ਪ੍ਰਸਾਰ ਲਈ ਵਾਤਾਵਰਣ ਬਣਾਉਣ, ਹਿੰਦੀ ਪ੍ਰਤੀ ਮੋਹ ਪੈਦਾ ਕਰਨ ਅਤੇ ਕੌਮਾਂਤਰੀ ਭਾਸ਼ਾ ਦੇ ਰੂਪ ’ਚ ਹਿੰਦੀ ਨੂੰ ਪੇਸ਼ ਕਰਨ ਦੇ ਮਕਸਦ ਨਾਲ ਪਿਛਲੇ ਕਈ ਸਾਲਾਂ ਤੋਂ 10 ਜਨਵਰੀ ਨੂੰ ‘ਵਿਸ਼ਵ ਹਿੰਦੀ ਦਿਵਸ’ ਮਨਾਇਆ ਜਾਂਦਾ ਹੈ, ਜੋ ਕੌਮਾਂਤਰੀ ਪੱਧਰ ’ਤੇ ਹਿੰਦੀ ਦੀ ਮਹਾਨਤਾ ਦੇ ਪ੍ਰਚਾਰ-ਪ੍ਰਸਾਰ ਦਾ ਇਕ ਮਜ਼ਬੂਤ ਮਾਧਿਅਮ ਹੈ।
ਨਾਗਪੁਰ ’ਚ 10 ਜਨਵਰੀ, 1975 ਨੂੰ ਪਹਿਲੀ ਵਾਰ ਵਿਸ਼ਵ ਹਿੰਦੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤਾ ਗਿਆ ਸੀ। ਉਸ ਸੰਮੇਲਨ ’ਚ 30 ਦੇਸ਼ਾਂ ਦੇ 122 ਪ੍ਰਤੀਨਿਧੀ ਸ਼ਾਮਲ ਹੋਏ ਸਨ। ਉਸ ਦੇ ਬਾਅਦ ਭਾਰਤ ਤੋਂ ਇਲਾਵਾ ਮਾਰੀਸ਼ਸ, ਯੂਨਾਈਟਿਡ ਕਿੰਗਡਮ, ਤ੍ਰਿਨੀਦਾਦ, ਅਮਰੀਕਾ ਆਦਿ ’ਚ ਵੀ ਵਿਸ਼ਵ ਹਿੰਦੀ ਸੰਮੇਲਨਾਂ ਦਾ ਆਯੋਜਨ ਕੀਤਾ ਗਿਆ।
ਬੇਸ਼ੱਕ ਹੀ ਆਧੁਨਿਕਤਾ ਵੱਲ ਤੇਜ਼ੀ ਨਾਲ ਵਧ ਰਹੇ ਕੁਝ ਭਾਰਤੀ ਹੀ ਅੱਜ ਅੰਗ੍ਰੇਜ਼ੀ ਬੋਲਣ ’ਚ ਆਪਣੀ ਆਨ, ਬਾਨ ਅਤੇ ਸ਼ਾਨ ਸਮਝਦੇ ਹੋਣ ਪਰ ਸੱਚ ਇਹੀ ਹੈ ਕਿ ਹਿੰਦੀ ਅਜਿਹੀ ਭਾਸ਼ਾ ਹੈ ਜੋ ਹਰ ਭਾਰਤੀ ਨੂੰ ਵਿਸ਼ਵ ਪੱਧਰ ’ਤੇ ਸਨਮਾਨ ਦਿਵਾਉਂਦੀ ਹੈ। ਵਿਸ਼ਵ ਪੱਧਰ ਦੀਆਂ ਭਾਸ਼ਾਵਾਂ ਦਾ ਇਤਿਹਾਸ ਰੱਖਣ ਵਾਲੀ ਸੰਸਥਾ ‘ਐਥਨੋਲਾਗ’ ਵੱਲੋਂ ਜਦੋਂ ਹਿੰਦੀ ਨੂੰ ਦੁਨੀਆ ਭਰ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਦੱਸਿਆ ਜਾਂਦਾ ਹੈ ਤਾਂ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ।
ਜੇ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਵ ਪੱਧਰ ’ਚ 75 ਕਰੋੜ ਤੋਂ ਵੀ ਵੱਧ ਲੋਕ ਹਿੰਦੀ ਬੋਲਦੇ ਹਨ। ਇਹੀ ਨਹੀਂ, ਇੰਟਰਨੈੱਟ ’ਤੇ ਵੀ ਹਿੰਦੀ ਦਾ ਰੁਝਾਨ ਦਿਨੋਂ-ਦਿਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਵੱਲੋਂ ਕੁਝ ਸਾਲ ਪਹਿਲਾਂ ਤੱਕ ਜਿੱਥੇ ਅੰਗ੍ਰੇਜ਼ੀ ਸਮੱਗਰੀ ਨੂੰ ਹੀ ਮਹੱਤਵ ਦਿੱਤਾ ਜਾਂਦਾ ਸੀ, ਉੱਥੇ ਹੁਣ ਗੂਗਲ ਵੱਲੋਂ ਭਾਰਤ ’ਚ ਹਿੰਦੀ ਅਤੇ ਕੁਝ ਖੇਤਰੀ ਭਾਸ਼ਾਵਾਂ ਦੀ ਸਮੱਗਰੀ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਬੜੀ ਜਲਦੀ ਹਿੰਦੀ ’ਚ ਇੰਟਰਨੈੱਟ ਵਰਤਣ ਵਾਲਿਆਂ ਦੀ ਗਿਣਤੀ ਅੰਗ੍ਰੇਜ਼ੀ ’ਚ ਇਸ ਦੀ ਵਰਤੋਂ ਕਰਨ ਵਾਲਿਆਂ ਤੋਂ ਜ਼ਿਆਦਾ ਹੋ ਜਾਵੇਗੀ। ਗੂਗਲ ਦਾ ਮੰਨਣਾ ਹੈ ਕਿ ਹਿੰਦੀ ’ਚ ਇੰਟਰਨੈੱਟ ’ਤੇ ਸਮੱਗਰੀ ਪੜ੍ਹਨ ਵਾਲੇ ਹਰ ਸਾਲ 94 ਫੀਸਦੀ ਵਧ ਰਹੇ ਹਨ ਜਦਕਿ ਅੰਗ੍ਰੇਜ਼ੀ ’ਚ ਇਹ ਦਰ ਹਰ ਸਾਲ 17 ਫੀਸਦੀ ਘੱਟ ਰਹੀ ਹੈ। ਗੂਗਲ ਅਨੁਸਾਰ ਆਉਣ ਵਾਲੇ ਦਿਨਾਂ ’ਚ ਇੰਟਰਨੈੱਟ ’ਤੇ 20 ਕਰੋੜ ਤੋਂ ਵੀ ਵੱਧ ਲੋਕ ਹਿੰਦੀ ਦੀ ਵਰਤੋਂ ਕਰਨ ਲੱਗਣਗੇ।
2016 ’ਚ ਡਿਜੀਟਲ ਮਾਧਿਅਮ ’ਚ ਹਿੰਦੀ ਖਬਰਾਂ ਪੜ੍ਹਨ ਵਾਲਿਆਂ ਦੀ ਗਿਣਤੀ ਲਗਭਗ 5.5 ਕਰੋੜ ਸੀ, ਜੋ ਹੁਣ ਵੱਧ ਕੇ 14 ਕਰੋੜ ਤੋਂ ਵੀ ਵੱਧ ਹੋ ਜਾਣ ਦਾ ਅੰਦਾਜ਼ਾ ਹੈ। ਇੰਟਰਨੈੱਟ ’ਤੇ ਹਿੰਦੀ ਦਾ ਜੋ ਘੇਰਾ ਕੁਝ ਸਮਾਂ ਪਹਿਲਾਂ ਤੱਕ ਕੁਝ ਬਲਾਗਾਂ ਅਤੇ ਹਿੰਦੀ ਦੀਆਂ ਕੁਝ ਕੁ ਵੈੱਬਸਾਈਟਾਂ ਤੱਕ ਹੀ ਸੀਮਤ ਸੀ, ਹੁਣ ਹਿੰਦੀ ਅਖਬਾਰਾਂ ਦੀਆਂ ਵੈੱਬਸਾਈਟਾਂ ਨੇ ਕਰੋੜਾਂ ਨਵੇਂ ਹਿੰਦੀ ਪਾਠਕਾਂ ਨੂੰ ਆਪਣੇ ਨਾਲ ਜੋੜ ਕੇ ਹਿੰਦੀ ਨੂੰ ਇਕ ਖੁਸ਼ਹਾਲ ਅਤੇ ਲੋਕਾਂ ਦੀ ਭਾਸ਼ਾ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੇ ਰਾਸ਼ਟਰ ਭਾਸ਼ਾ ਦੀ ਤਾਕਤ ਹੀ ਕਹੀ ਜਾਵੇਗੀ ਕਿ ਇਸ ਦੀ ਇੰਨੀ ਵੱਧ ਵਰਤੋਂ ਕਾਰਨ ਹੀ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਵੀ ਹਿੰਦੀ ਦੀ ਵਰਤੋਂ ਕਰਨ ਲੱਗੀਆਂ ਹਨ।
ਹਿੰਦੀ ਦੀ ਵਧਦੀ ਤਾਕਤ ਨੂੰ ਮਹਿਸੂਸ ਕਰਦੇ ਹੋਏ ਹੁਣ ਭਾਰਤ ’ਚ ਈ-ਕਾਮਰਸ ਸਾਈਟਾਂ ਵੀ ਵੱਧ ਤੋਂ ਵੱਧ ਗਾਹਕਾਂ ਤੱਕ ਆਪਣੀ ਪਹੁੰਚ ਬਣਾਉਣ ਲਈ ਹਿੰਦੀ ’ਚ ਹੀ ਆਪਣੀ ‘ਐਪ’ ਲੈ ਕੇ ਆ ਰਹੀਆਂ ਹਨ। ਹਿੰਦੀ ਇਸ ਸਮੇਂ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਭਾਸ਼ਾ ਹੈ। ਜੇਕਰ 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਦੇਖੀਏ ਤਾਂ 2001 ਤੋਂ 2011 ਦਰਮਿਆਨ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ’ਚ ਦੇਸ਼ ’ਚ ਲਗਭਗ 10 ਕਰੋੜ ਲੋਕਾਂ ਦਾ ਵਾਧਾ ਹੋਇਆ ਹੈ। ਸਾਲ 2001 ’ਚ ਜਿੱਥੇ 41.03 ਫੀਸਦੀ ਲੋਕਾਂ ਨੇ ਹਿੰਦੀ ਨੂੰ ਆਪਣੀ ਮਾਤਭਾਸ਼ਾ ਦੱਸਿਆ ਸੀ, ਉੱਥੇ ਹੀ 2011 ’ਚ ਅਜਿਹੇ ਲੋਕਾਂ ਦੀ ਗਿਣਤੀ ਲਗਭਗ 42 ਕਰੋੜ ਦੇ ਨਾਲ 43.63 ਫੀਸਦੀ ਦਰਜ ਕੀਤੀ ਗਈ ਤੇ ਜਿਸ ਤਰ੍ਹਾਂ ਹਿੰਦੀ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ, ਮੰਨਿਆ ਜਾਣਾ ਚਾਹੀਦਾ ਕਿ 2011 ਦੀ ਮਰਦਮਸ਼ੁਮਾਰੀ ਪਿੱਛੋਂ ਇਸ ਇਕ ਦਹਾਕੇ ’ਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ’ਚ ਕਈ ਕਰੋੜ ਲੋਕਾਂ ਦਾ ਹੋਰ ਵਾਧਾ ਜ਼ਰੂਰ ਹੋਵੇਗਾ।
ਹੈਰਾਨੀ ਦੀ ਗੱਲ ਹੈ ਕਿ ਜਿਸ ਅੰਗ੍ਰੇਜ਼ੀ ਭਾਸ਼ਾ ਸਾਹਮਣੇ ਹਿੰਦੀ ਨੂੰ ਸਾਡੇ ਹੀ ਦੇਸ਼ ’ਚ ਕੁਝ ਲੋਕ ਨੀਚ ਮੰਨਦੇ ਹਨ, 2011 ਦੀ ਮਰਦਮਸ਼ੁਮਾਰੀ ’ਚ ਗੈਰ-ਸੂਚੀਬੱਧ ਭਾਸ਼ਾਵਾਂ ’ਚ ਅੰਗ੍ਰੇਜ਼ੀ ਨੂੰ ਸਿਰਫ 2.6 ਲੱਖ ਲੋਕਾਂ ਨੇ ਹੀ ਆਪਣੀ ਮਾਤਭਾਸ਼ਾ ਦੱਸਿਆ ਸੀ, ਜਿਸ ’ਚ ਸਭ ਤੋਂ ਵੱਧ 1.06 ਲੱਖ ਲੋਕ ਮਹਾਰਾਸ਼ਟਰ ਤੋਂ, ਉਸ ਦੇ ਬਾਅਦ ਤਮਿਲਨਾਡੂ ਤੇ ਕਰਨਾਟਕ ਤੋਂ ਸਨ। ਹਿੰਦੀ ਭਾਸ਼ੀ ਇਲਾਕਿਆਂ ’ਚ ਅੰਗ੍ਰੇਜ਼ੀ ਨੂੰ ਜਾਣਨ ਵਾਲੇ ਸਿਰਫ 2 ਫੀਸਦੀ ਲੋਕ ਹਨ। ਕੁਝ ਪਿੰਡਾਂ ਦੇ ਸਕੂਲਾਂ ’ਚ ਇਕ ਸਰਵੇ ਦੌਰਾਨ ਤਾਂ ਇਹ ਤੱਥ ਵੀ ਸਾਹਮਣੇ ਆਇਆ ਸੀ ਕਿ ਕਈ ਪਿੰਡਾਂ ’ਚ ਅਧਿਆਪਕ ਜਿੱਥੇ ਬੜੀ ਚੰਗੀ ਤਰ੍ਹਾਂ ਲਿਖ-ਬੋਲ ਅਤੇ ਪੜ੍ਹਾ ਲੈਂਦੇ ਹਨ, ਉੱਥੇ ਹੀ ਉਨ੍ਹਾਂ ’ਚੋਂ ਕਈਆਂ ਨੂੰ ਤਾਂ ਅੰਗ੍ਰੇਜ਼ੀ ਦੇ ਸਾਧਾਰਨ ਸ਼ਬਦਾਂ ਦੇ ਸਪੈਲਿੰਗ ਤੱਕ ਨਹੀਂ ਆਉਂਦੇ। ਅਜਿਹੇ ’ਚ ਹਿੰਦੀ ਨੂੰ ਕਮਜ਼ੋਰ ਮੰਨਣ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਭਾਰਤ ’ਚ ਬਹੁਗਿਣਤੀ ਵਰਗ ਦੀ ਆਮ ਬੋਲਚਾਲ ਦੀ ਭਾਸ਼ਾ ਹੈ। ਤਕਨੀਕੀ ਤੌਰ ’ਤੇ ਹਿੰਦੀ ਨੂੰ ਹੋਰ ਵੱਧ ਉੱਨਤ, ਖੁਸ਼ਹਾਲ ਅਤੇ ਸੌਖੀ ਬਣਾਉਣ ਲਈ ਹੁਣ ਕਈ ਸਾਫਟਵੇਅਰ ਵੀ ਹਿੰਦੀ ਲਈ ਬਣ ਰਹੇ ਹਨ।
ਹਾਲਾਂਕਿ ਕੁਝ ਲੋਕਾਂ ਦਾ ਤਰਕ ਹੈ ਕਿ ਭਾਰਤ ਸਰਕਾਰ ਯੋਗ ਨੂੰ ਤਾਂ 177 ਦੇਸ਼ਾਂ ਦਾ ਸਮਰਥਨ ਦਿਵਾਉਣ ’ਚ ਸਫਲ ਹੋ ਗਈ ਹੈ ਪਰ ਹਿੰਦੀ ਲਈ 129 ਦੇਸ਼ਾਂ ਦਾ ਸਮਰਥਨ ਨਹੀਂ ਹਾਸਲ ਕਰ ਸਕੀ ਅਤੇ ਇਸ ਨੂੰ ਹੁਣ ਤੱਕ ਸੰਯੁਕਤ ਰਾਸ਼ਟਰ ਦੀ ਭਾਸ਼ਾ ਬਣਾਉਣ ’ਚ ਸਫਲਤਾ ਨਹੀਂ ਮਿਲੀ। ਇਸ ਤਰ੍ਹਾਂ ਨਾਂਹਪੱਖੀ ਗੱਲਾਂ ਨਾਲ ਨਾ ਹਿੰਦੀ ਦਾ ਕੁਝ ਭਲਾ ਹੋਣ ਵਾਲਾ ਹੈ ਅਤੇ ਨਾ ਹੀ ਇਸ ਦਾ ਕੁਝ ਵਿਗੜਨ ਵਾਲਾ ਹੈ। ਅਜਿਹੇ ਵਿਅਕਤੀ ਹਿੰਦੀ ਦੀ ਵਧਦੀ ਤਾਕਤ ਦਾ ਇਹ ਹਾਂਪੱਖੀ ਪੱਖ ਕਿਉਂ ਨਹੀਂ ਦੇਖਦੇ ਕਿ ਅੱਜ ਵਿਸ਼ਵ ਭਰ ’ਚ ਕਰੋੜਾਂ ਲੋਕ ਹਿੰਦੀ ਬੋਲਦੇ ਹਨ। ਨੇਪਾਲ, ਬੰਗਲਾਦੇਸ਼, ਪਾਕਿਸਤਾਨ, ਮਾਰੀਸ਼ਸ, ਸੂਰੀਨਾਮ, ਤ੍ਰਿਨੀਦਾਦ, ਅਮਰੀਕਾ, ਬਰਤਾਨੀਆ, ਜਰਮਨੀ, ਨਿਊਜ਼ੀਲੈਂਡ, ਸੰਯੁਕਤ ਅਰਬ ਅਮੀਰਾਤ, ਯੁਗਾਂਡਾ, ਗੁਯਾਨਾ, ਸਾਊਥ ਅਫਰੀਕਾ ਆਦਿ ਕਈ ਦੇਸ਼ ਅਜਿਹੇ ਹਨ, ਜਿੱਥੇ ਹਿੰਦੀ ਵੀ ਬੋਲੀ ਜਾਂਦੀ ਹੈ।
ਦੁਨੀਆ ਦੇ 150 ਤੋਂ ਵੱਧ ਦੇਸ਼ਾਂ ’ਚ ਅਜਿਹੀਆਂ ਯੂਨੀਵਰਸਿਟੀਆਂ ਵੀ ਹਨ ਜਿੱਥੇ ਹਿੰਦੀ ਪੜ੍ਹਾਈ ਜਾਂਦੀ ਹੈ ਅਤੇ ਇਹ ਉੱਥੇ ਅਧਿਐਨ, ਅਧਿਆਪਨ ਤੇ ਖੋਜ ਦੀ ਭਾਸ਼ਾ ਵੀ ਬਣ ਚੁੱਕੀ ਹੈ। ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਮੇਲਾਨੇਸ਼ੀਆ ’ਚ ਫਿਜੀ ਨਾਂ ਦੇ ਟਾਪੂ ’ਚ ਤਾਂ ਹਿੰਦੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ। ਅਮਰੀਕਾ ਦੀ ‘ਗਲੋਬਲ ਲੈਂਗੁਏਜ ਮਾਨੀਟਰ’ ਨਾਂ ਦੀ ਸੰਸਥਾ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਸੀ ਕਿ ਹਿੰਦੀ ਦੇ ਸੈਂਕੜੇ ਅਜਿਹੇ ਸ਼ਬਦ ਹਨ, ਜੋ ਅੰਗ੍ਰੇਜ਼ੀ ਸ਼ਬਦਕੋਸ਼ ਦਾ ਹਿੱਸਾ ਬਣ ਗਏ ਹਨ।
ਹਿੰਦੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਕਿ ਵੱਡਾ ਯੁਵਾ ਵਰਗ ਅੰਗ੍ਰੇਜ਼ੀ ਵੱਲ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅੰਗ੍ਰੇਜ਼ੀ ’ਚ ਹੀ ਰੋਜ਼ਗਾਰ ਦੇ ਮੌਕੇ ਹਨ ਅਤੇ ਇਸ ਲਈ ਉਹੀ ਇਸ ਸਮੇਂ ਦੀ ਭਾਸ਼ਾ ਬਣ ਗਈ ਹੈ। ਗਿਣਤੀ ਦੇ ਆਧਾਰ ’ਤੇ ਹਿੰਦੀ ਜ਼ਰੂਰ ਵਿਸ਼ਵ ਭਾਸ਼ਾ ਬਣ ਸਕਦੀ ਹੈ ਪਰ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਕੋਈ ਵੀ ਭਾਸ਼ਾ ਬਿਨਾਂ ਸਾਹਿਤ, ਵਿਚਾਰ, ਆਰਥਿਕਤਾ ਦੇ ਅਜਿਹਾ ਦਰਜਾ ਹਾਸਲ ਨਹੀਂ ਕਰ ਸਕਦੀ ਅਤੇ ਹਿੰਦੀ ’ਚ ਇਸ ਤਰ੍ਹਾਂ ਦੀ ਸਾਰੀ ਆਵਾਜਾਈ ਬੀਤੇ ਸਾਲਾਂ ’ਚ ਲਗਾਤਾਰ ਵਾਪਰਦੀ ਗਈ ਹੈ।
ਦੇਖਿਆ ਜਾਵੇ ਤਾਂ ਹਿੰਦੀ ਦਾ ਲਗਭਗ 1.2 ਲੱਖ ਸ਼ਬਦਾਂ ਦਾ ਇੰਨਾ ਖੁਸ਼ਹਾਲ ਭਾਸ਼ਾ ਫੰਡ ਹੋਣ ਦੇ ਬਾਵਜੂਦ ਵਧੇਰੇ ਲੋਕ ਹਿੰਦੀ ਲਿਖਦੇ ਅਤੇ ਬੋਲਦੇ ਸਮੇਂ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦਾਂ ਦੀ ਵੀ ਵਰਤੋਂ ਕਰਦੇ ਹਨ। ਭਾਰਤੀ ਸਮਾਜ ’ਚ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਅਜਿਹੀ ਹੋ ਗਈ ਹੈ ਕਿ ਹਿੰਦੀ ਬੋਲਣ ਵਾਲਿਆਂ ਨੂੰ ਉਹ ਪੱਛੜਾ ਅਤੇ ਅੰਗ੍ਰੇਜ਼ੀ ’ਚ ਆਪਣੀ ਗੱਲ ਕਹਿਣ ਵਾਲਿਆਂ ਨੂੰ ਆਧੁਨਿਕ ਦਾ ਦਰਜ ਦਿੰਦੇ ਹਨ।
ਅਜਿਹੇ ’ਚ ਹਰ ਸਾਲ ਹਿੰਦੀ ਦਿਵਸ, ਹਿੰਦੀ ਹਫਤਾ, ਹਿੰਦੀ ਪੰਦਰਵਾੜਾ ਆਦਿ ਮਨਾਉਣ ਦਾ ਮਕਸਦ ਇਹੀ ਹੈ ਕਿ ਇਨ੍ਹਾਂ ਰਾਹੀਂ ਲੋਕਾਂ ਨੂੰ ਹਿੰਦੀ ਭਾਸ਼ਾ ਦੇ ਵਿਕਾਸ, ਹਿੰਦੀ ਦੀ ਵਰਤੋਂ ਦੇ ਲਾਭ ਅਤੇ ਵਰਤੋਂ ਨਾ ਕਰਨ ’ਤੇ ਨੁਕਸਾਨ ਬਾਰੇ ਸਮਝਾਇਆ ਜਾ ਸਕੇ।
ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਜਾਵੇ ਕਿ ਹਿੰਦੀ ਉਨ੍ਹਾਂ ਦੀ ਰਾਜ ਭਾਸ਼ਾ ਹੈ, ਜਿਸ ਦਾ ਸਨਮਾਨ ਤੇ ਪ੍ਰਚਾਰ-ਪ੍ਰਸਾਰ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਜਦੋਂ ਤੱਕ ਸਾਰੇ ਲੋਕ ਇਸ ਦੀ ਵਰਤੋਂ ਨਹੀਂ ਕਰਨਗੇ, ਇਸ ਭਾਸ਼ਾ ਦਾ ਵਿਕਾਸ ਨਹੀਂ ਹੋਵੇਗਾ। ਅਸਲ ’ਚ ਹਿੰਦੀ ਵਰਗੀ ਰੋਚਕ, ਮਿੱਠੀ ਅਤੇ ਪਿਆਰੀ ਭਾਸ਼ਾ ਸ਼ਾਇਦ ਹੀ ਦੁਨੀਆ ’ਚ ਕੋਈ ਹੋਰ ਹੋਵੇ। ਭਾਰਤ ’ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਆਮ ਲੋਕਾਂ ਅਤੇ ਸੰਪਰਕ ਦੀ ਇਹ ਅਜਿਹੀ ਭਾਸ਼ਾ ਹੈ ਜੋ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਵੀ ਪ੍ਰਤੀਕ ਹੈ।
ਯੋਗੇਸ਼ ਕੁਮਾਰ ਗੋਇਲ
ਨਵਾਂ ਸਾਲ ਸਾਡੇ ਲਈ ਬੜਾ ਮਹੱਤਵਪੂਰਨ
NEXT STORY