ਪ੍ਰਾਚੀਨ ਕਾਲ ’ਚ ਭਾਰਤ ’ਚ ਜਦੋਂ ਬੇਟੀ ਦਾ ਵਿਆਹ ਕੀਤਾ ਜਾਂਦਾ ਸੀ ਤਾਂ ਉਸ ਨੂੰ ਸੋਨਾ, ਚਾਂਦੀ, ਕੱਪੜੇ, ਜ਼ਮੀਨ ਜਾਂ ਹੋਰ ਜਾਇਦਾਦ ਦੇ ਰੂਪ ’ਚ ‘ਇਸਤਰੀ ਧਨ’ ਦਿੱਤਾ ਜਾਂਦਾ ਸੀ। ਇਸ ਦਾ ਮੂਲ ਉਦੇਸ਼ ਪਿਤਾ ਵੱਲੋਂ ਬੇਟੀ ਦੀ ਆਰਥਿਕ ਸੁਰੱਖਿਆ ਯਕੀਨੀ ਬਣਾਉਣਾ ਸੀ, ਕਿਉਂਕਿ ਉਸ ਸਮੇਂ ਔਰਤਾਂ ਕੋਲ ਆਮਦਨ ਦੇ ਸਾਧਨ ਸੀਮਤ ਹੁੰਦੇ ਸਨ। ਬੇਟੀਆਂ ਨੂੰ ਜੱਦੀ ਜਾਇਦਾਦ ’ਚ ਹਿੱਸਾ ਨਹੀਂ ਦਿੱਤਾ ਜਾਂਦਾ ਸੀ, ਇਸ ਲਈ ‘ਇਸਤਰੀ ਧਨ’ ਦੇ ਰੂਪ ’ਚ ਉਨ੍ਹਾਂ ਨੂੰ ਉਨ੍ਹਾਂ ਦਾ ਅਧਿਕਾਰ ਦੇਣ ਦੀ ਪ੍ਰੰਪਰਾ ਸੀ।
ਪਰ ਇਹ ਪ੍ਰੰਪਰਾ ਹੁਣ ਵਿਗੜ ਗਈ ਹੈ ਅਤੇ ਸਵੈ-ਇੱਛਾ ਨਾਲ ਦਿੱਤੇ ਜਾਣ ਵਾਲੇ ‘ਇਸਤਰੀ ਧਨ’ ਦੀ ਜਗ੍ਹਾ ਵਰ ਪੱਖ ਵੱਲੋਂ ਕੀਤੀਆਂ ਜਾਣ ਵਾਲੀਆਂ ਮੰਗਾਂ ਭਾਵ ਦਾਜ ਨੇ ਲੈ ਲਈ ਹੈ, ਜੋ ਇਕ ਸਮਾਜਿਕ ਬੁਰਾਈ ਬਣ ਗਿਆ ਅਤੇ ਇਸ ਦੇ ਕਾਰਨ ਤਸ਼ੱਦਦ ਅਤੇ ਹਿੰਸਾ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2025 ’ਚ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ 2023 ’ਚ ਭਾਰਤ ’ਚ 6100 ਔਰਤਾਂ ਦੀ ਹੱਤਿਆ ਦਾਜ ਲਈ ਕੀਤੀ ਗਈ। ਇਹ ਅੰਕੜਾ 2022 ਦੇ ਮੁਕਾਬਲੇ 14 ਫੀਸਦੀ ਵੱਧ ਹੈ। ਇਸੇ ਮਹੀਨੇ ਦੇ ਦੌਰਾਨ ਸਾਹਮਣੇ ਆਏ ਦਾਜ ਹੱਤਿਆਵਾਂ ਦੇ ਮਾਮਲੇ ਹੇਠਾਂ ਦਰਜ ਹਨ :
* 5 ਮਾਰਚ ਨੂੰ ‘ਉਤਰਾਖੰਡ’ ਦੇ ਦੇਹਰਾਦੂਨ ’ਚ ਵਿਆਹ ਦੇ ਸਿਰਫ ਤਿੰਨ ਮਹੀਨਿਆਂ ਬਾਅਦ ਵਿਆਹੁਤਾ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ‘ਕਹਿਕਸ਼ਾਂ ਆਲਮ’ ਦਾ ਵਿਆਹ 19 ਨਵੰਬਰ, 2025 ਨੂੰ ਹੋਇਆ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ 18 ਫਰਵਰੀ ਦੀ ਰਾਤ ‘ਕਹਿਕਸ਼ਾਂ’ ਨੇ ਆਪਣੇ ਭਰਾ ਨੂੰ ਫੋਨ ਕਰ ਕੇ ਦੱਸਿਆ ਸੀ ਕਿ ਉਸ ਦੇ ਸਹੁਰੇ ਵਾਲੇ ਪਲਾਟ ਖਰੀਦਣ ਲਈ 50 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਅਤੇ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ।
*15 ਮਾਰਚ ਨੂੰ ‘ਬੈਂਗਲੁਰੂ’ ’ਚ ਇਕ 22 ਸਾਲਾ ਘਰੇਲੂ ਔਰਤ ‘ਸ਼ਰੂਤੀ’ ਨੇ ਦਾਜ ਦੇ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਇਕ ਨਿੱਜੀ ਬੈਂਕ ’ਚ ਕੰਮ ਕਰਦੇ ‘ਸ਼ਰੂਤੀ’ ਦੇ ਪਤੀ ‘ਪਵਨ ਕਲਿਆਣ’ ’ਤੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਹੈ। ਔਰਤ ਦਾ ਵਿਆਹ 16 ਮਹੀਨੇ ਪਹਿਲਾਂ ਹੀ ਹੋਇਆ ਸੀ।
*16 ਮਾਰਚ ਨੂੰ ਗੁੜਗਾਓਂ ’ਚ ਪੁਲਸ ਨੇ ‘ਨੂਹ’ ਦੇ ਬਦੋਰਪੁਰ ਪਿੰਡ ’ਚ ਇਕ ਖੂਹ ’ਚ 28 ਸਾਲਾ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਦੀਆਂ ਲਾਸ਼ਾਂ ਮਿਲਣ ਦੇ ਲੱਗਭਗ ਇਕ ਹਫ਼ਤੇ ਬਾਅਦ ਉਸ ਦੇ ਪਤੀ ਨੂੰ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਪੁਲਸ ਮੁਤਾਬਕ ਮੁਲਜ਼ਮ ‘ਸ਼ਾਹਿਦ’ ਆਪਣੀ ਪਤਨੀ ‘ਸਾਹਿਲਾ’ ਨੂੰ ਦਾਜ ਲਈ ਲਗਾਤਾਰ ਤੰਗ ਕਰ ਰਿਹਾ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸੇ ਕਾਰਨ ‘ਸਾਹਿਲਾ’ ਆਪਣੇ ਬੱਚਿਆਂ ‘ਅਕਸ਼ਾ’ (5), ‘ਸਾਨੀਆ’ (2) ਅਤੇ ਚਾਰ ਮਹੀਨੇ ਦੀ ‘ਸਨਾਇਆ’ ਨਾਲ ਖੂਹ ’ਚ ਕੁੱਦ ਗਈ।
* 22 ਮਾਰਚ ਨੂੰ ‘ਗੁੜਗਾਓਂ’ ’ਚ 23 ਸਾਲਾ ਔਰਤ ‘ਕਾਜਲ’ ਦੀ ਲਾਸ਼ ਮਿਲਣ ਦੇ 2 ਦਿਨ ਬਾਅਦ ਉਸ ਦੇ ਪਤੀ ‘ਅਰੁਣ ਸ਼ਰਮਾ’ ਨੂੰ ਦਾਜ ਹੱਤਿਆ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ। ‘ਅਰੁਣ’ ’ਤੇ ਦੋਸ਼ ਹੈ ਕਿ ਉਸ ਨੇ ‘ਕਾਜਲ’ ਨੂੰ ਦਾਜ ਤਸ਼ੱਦਦ ਦੌਰਾਨ ਕਥਿਤ ਤੌਰ ’ਤੇ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਸੀ।
ਦਾਜ ਦੇ ਮਾਮਲਿਆਂ ’ਚ ਔਰਤਾਂ ਦੀ ਮੌਤ ਦੀਆਂ ਘਟਨਾਵਾਂ ਨੂੰ ਸਮਾਜ ’ਤੇ ਡੂੰਘਾ ਧੱਬਾ ਦੱਸਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਵਿਜੇ ਬਿਸ਼ਨੋਈ ਦੇ ਬੈਂਚ ਨੇ ਦਾਜ ਨਾਲ ਜੁੜੀ ਇਕ ਮੌਤ ਦੇ ਮਾਮਲੇ ’ਚ ਇਕ ਵਿਅਕਤੀ ਦੀ ਜ਼ਮਾਨਤ ਰੱਦ ਕਰਦੇ ਹੋਏ ਕਿਹਾ ਕਿ ਕਾਨੂੰਨੀ ਰੋਕ ਦੇ ਬਾਵਜੂਦ ਇਸ ਪ੍ਰਥਾ ਕਾਰਨ ਹਜ਼ਾਰਾਂ ਔਰਤਾਂ ਬੇ-ਮੌਤ ਮਾਰੀਆਂ ਜਾਂਦੀਆਂ ਹਨ।
ਬੈਂਚ ਨੇ ਕਿਹਾ ਕਿ ਦਾਜ ਹੱਤਿਆ ਦੇ ਇਕ ਮਾਮਲੇ ’ਚ ਪਟਨਾ ਹਾਈ ਕੋਰਟ ਦਾ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਟਿਕਾਊ ਨਹੀਂ ਹੈ। ਔਰਤ ਦਾ ਵਿਆਹ ਮੁਲਜ਼ਮ ਨਾਲ ਡੇਢ ਸਾਲ ਪਹਿਲਾਂ ਹੋਇਆ ਸੀ। 1 ਸਤੰਬਰ, 2024 ਨੂੰ ਔਰਤ ਆਪਣੇ ਸਹੁਰੇ ਘਰ ’ਚ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਈ ਗਈ ਸੀ। ਬੈਂਚ ਨੇ ਕਿਹਾ ਕਿ ਦਾਜ ਹੱਤਿਆ ਵਰਗੇ ਬੇਹੱਦ ਗੰਭੀਰ ਅਪਰਾਧ ’ਚ, ਉੱਚ ਅਦਾਲਤ ਨੂੰ ਆਪਣੇ ਵਿਵੇਕ ਦੀ ਵਰਤੋਂ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਸੀ।
ਦਾਜ ਹੱਤਿਆਵਾਂ ਦੇ ਮਾਮਲੇ ’ਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਸਮਾਜ ਦੇ ਨਾਲ-ਨਾਲ ਨਿਆਂਇਕ ਵਿਵਸਥਾ ਨੂੰ ਵੀ ਸੰਦੇਸ਼ ਦੇਣ ਵਾਲੀ ਹੈ, ਜਿਸ ਤਰੀਕੇ ਨਾਲ ਦੇਸ਼ ’ਚ ਇਹ ਸਮਾਜਿਕ ਬੁਰਾਈ ਪੈਰ ਪਸਾਰ ਰਹੀ ਹੈ, ਉਸ ਨੂੰ ਦੇਖਦੇ ਹੋਏ ਅਜਿਹੇ ਮਾਮਲਿਆਂ ’ਚ ਫਾਸਟ ਟਰੈਕ ਅਦਾਲਤਾਂ ਰਾਹੀਂ ਸੁਣਵਾਈ ਕਰ ਕੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਜ਼ਰੂਰੀ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲਿਆਂ ’ਤੇ ਲਗਾਮ ਲੱਗ ਸਕੇ ਅਤੇ ਬੇਟੀਆਂ ਦੀਆਂ ਜ਼ਿੰਦਗੀਆਂ ਬਚ ਸਕਣ।
—ਵਿਜੇ ਕੁਮਾਰ
ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ
NEXT STORY