ਬੇਰੋਜ਼ਗਾਰੀ ਅੱਜ ਸਾਡੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ। ਕੇਂਦਰ ਸਰਕਾਰ ਵਲੋਂ ਕਰਵਾਏ ਗਏ ਪੀਰੀਓਡਿਕ ਲੇਬਰ ਫੋਰਸ ਸਰਵੇ ਅਨੁਸਾਰ ਹਰਿਆਣਾ ਦੇ ਸ਼ਹਿਰੀ ਇਲਾਕਿਆਂ ’ਚ ਇਸ ਸਾਲ 15-29 ਸਾਲ ਉਮਰ ਵਰਗ ’ਚ ਬੇਰੋਜ਼ਗਾਰੀ ਦੀ ਦਰ, ਜੋ ਇਸ ਸਾਲ ਜਨਵਰੀ ਤੋਂ ਮਾਰਚ ਦੀ ਤਿਮਾਹੀ ’ਚ 9.5 ਫੀਸਦੀ ਸੀ, ਅਪ੍ਰੈਲ ਤੋਂ ਜੂਨ ਦੀ ਤਿਮਾਹੀ ’ਚ ਵਧ ਕੇ 11.2 ਫੀਸਦੀ ਹੋ ਗਈ ਹੈ।
ਇਸੇ ਤਰ੍ਹਾਂ ਸੂਬੇ ’ਚ 15-29 ਸਾਲ ਉਮਰ ਵਰਗ ਦੀਆਂ ਔਰਤਾਂ ’ਚ ਬੇਰੋਜ਼ਗਾਰੀ ਦੀ ਦਰ ਵੀ, ਜੋ ਇਸ ਸਾਲ ਜਨਵਰੀ-ਮਾਰਚ ਦੀ ਤਿਮਾਹੀ ’ਚ 13.9 ਫੀਸਦੀ ਸੀ, ਅਪ੍ਰੈਲ-ਜੂਨ ਦੀ ਤਿਮਾਹੀ ’ਚ ਵਧ ਕੇ 17.2 ਫੀਸਦੀ ਹੋ ਗਈ ਹੈ ਅਤੇ ਉੱਚ ਸਿੱਖਿਆ ਪ੍ਰਾਪਤ ਲੜਕੇ-ਲੜਕੀਆਂ ਘੱਟ ਯੋਗਤਾ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਹੋ ਰਹੇ ਹਨ।
ਇਸੇ ਕਾਰਨ ਹਰਿਆਣਾ ’ਚ 46,102 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਨੌਜਵਾਨਾਂ ਨੇ ਰਾਜ ਸਰਕਾਰ ਵਲੋਂ ਸੰਚਾਲਿਤ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਲਈ ਠੇਕੇ ’ਤੇ ਮਜ਼ਦੂਰਾਂ ਨੂੰ ਭਰਤੀ ਕਰਨ ਵਾਲੀ ਸੰਸਥਾ ‘ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ’ ਵਿਚ ਠੇਕੇ ’ਤੇ ਸਵੀਪਰਾਂ ਦੀ ਨੌਕਰੀ ਲਈ ਅਰਜ਼ੀ ਦਿੱਤੀ ਹੈ।
2 ਸਤੰਬਰ ਤਕ ਦੇ ਅੰਕੜਿਆਂ ਦੇ ਅਨੁਸਾਰ 15,000 ਰੁਪਏ ਮਹੀਨਾ ਤਨਖਾਹ ਵਾਲੇ ਇਨ੍ਹਾਂ ਅਨਸਕਿਲਡ ਅਹੁਦਿਆਂ ’ਤੇ ਨੌਕਰੀ ਲਈ ਅਰਜ਼ੀਆਂ ਦੇਣ ਵਾਲਿਆਂ ’ਚ 39,990 ਗ੍ਰੈਜੂਏਟ ਅਤੇ 6,112 ਪੋਸਟ ਗ੍ਰੈਜੂਏਟ ਹਨ। ਇਨ੍ਹਾਂ ਤੋਂ ਇਲਾਵਾ ਅਰਜ਼ੀਆਂ ਦੇਣ ਵਾਲਿਆਂ ’ਚ 12ਵੀਂ ਸ਼੍ਰੇਣੀ ਤਕ ਪੜ੍ਹੇ 1,17,144 ਉਮੀਦਵਾਰ ਵੀ ਸ਼ਾਮਲ ਹਨ।
ਸਾਰੇ ਉਮੀਦਵਾਰਾਂ ਦੀ ਕਹਾਣੀ ਲਗਭਗ ਇਕੋ ਜਿਹੀ ਹੈ ਕਿ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਾਰ-ਵਾਰ ਅਰਜ਼ੀ ਦੇਣ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਘਰ ’ਚ ਵਿਹਲੇ ਬੈਠਣ ਦੀ ਥਾਂ ਸਵੀਪਰ ਦੀ ਨੌਕਰੀ ਲਈ ਅਰਜ਼ੀ ਦੇ ਕੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।
ਕੁਝ ਉਮੀਦਵਾਰਾਂ ਦਾ ਕਹਿਣਾ ਹੈ ਕਿ ਨੌਕਰੀ ਭਾਵੇਂ ਸਵੀਪਰ ਦੀ ਹੀ ਕਿਉਂ ਨਾ ਹੋਵੇ, ਉਹ ਇਸ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨੀ ਚਾਹੁੰਦੇ ਹਨ, ਤਾਂਕਿ ਉਨ੍ਹਾਂ ਦਾ ਵਿਆਹ ਹੋ ਸਕੇ। ਲੜਕੀ ਵਾਲੇ ਸਰਕਾਰੀ ਨੌਕਰੀ ਵਾਲਿਆਂ ਨੂੰ ਹੀ ਪਹਿਲ ਦਿੰਦੇ ਹਨ।
ਉਂਝ ਤਾਂ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਪਰ ਜੇਕਰ ਉੱਚ ਯੋਗਤਾ ਪ੍ਰਾਪਤ ਲੋਕਾਂ ਨੂੰ ਘੱਟ ਯੋਗਤਾ ਵਾਲੇ ਅਹੁਦਿਆਂ ’ਤੇ ਕੰਮ ਕਰਨ ਨੂੰ ਮਜਬੂਰ ਹੋਣਾ ਪਏ ਤਾਂ ਸਮਝਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਗੰਭੀਰ ਹੈ।
ਵਰਣਨਯੋਗ ਹੈ ਕਿ ਵਧਦੀ ਬੇਰੋਜ਼ਗਾਰੀ ਕਾਰਨ ਲੋਕ ਨਾਜਾਇਜ਼ ਤਰੀਕੇ ਅਪਣਾ ਕੇ ਵੀ ਨੌਕਰੀਆਂ ਪ੍ਰਾਪਤ ਕਰਨ ਦੇ ਹੱਥਕੰਡੇ ਅਪਣਾਉਣ ਲੱਗੇ ਹਨ। ਇਸ ਲਈ ਸਰਕਾਰ ਨੂੰ ਨਵੇਂ ਉਦਯੋਗਾਂ ਦੀ ਸਥਾਪਨਾ ਕਰਕੇ ਰੋਜ਼ਗਾਰ ਅਤੇ ਨੌਕਰੀਆਂ ਪੈਦਾ ਕਰਨ ਦੇ ਉਪਾਅ ਕਰਨੇ ਚਾਹੀਦੇ ਹਨ, ਤਾਂਕਿ ਦੇਸ਼ ’ਚੋਂ ਬੇਰੋਜ਼ਗਾਰੀ ਦੂਰ ਹੋਵੇ ਅਤੇ ਨੌਕਰੀ ਲਈ ਨੌਜਵਾਨਾਂ ’ਚ ਵਿਦੇਸ਼ ਜਾਣ ਦਾ ਰੁਝਾਨ ਵੀ ਘੱਟ ਹੋਵੇ।
–ਵਿਜੇ ਕੁਮਾਰ
ਬਰੇਲੀ-ਕਾਨਪੁਰ ਦੇ ਉਲੇਮਿਆਂ ਦੀ ਸਹੀ ਸਲਾਹ- ‘ਅੱਧੀ ਰੋਟੀ ਘੱਟ ਖਾਓ, ਬੇਟੀਆਂ ਨੂੰ ਜ਼ਰੂਰ ਪੜ੍ਹਾਓ’
NEXT STORY