13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ’ਚ ਬ੍ਰਿਟਿਸ਼ ਫੌਜੀਆਂ ਵਲੋਂ ਨਿਹੱਥੇ ਭਾਰਤੀਆਂ ’ਤੇ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ, ਜਿਸ ਨੂੰ ਜਲ੍ਹਿਆਂਵਾਲਾ ਬਾਗ ਕਤਲਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਭਾਰਤੀ ਆਜ਼ਾਦੀ ਸੰਗਰਾਮ ’ਚ ਮਹੱਤਵਪੂਰਨ ਮੋੜ ਸੀ। 13 ਅਪ੍ਰੈਲ 1919 ਨੂੰ, ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ’ਚ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇਕ ਛੋਟਾ ਜਿਹਾ ਬਾਗ ਹੈ, ਇਹ ਘਟਨਾ ਹੋਈ। ਬ੍ਰਿਟਿਸ਼ ਫੌਜੀਆਂ ਨੇ ਨਿਹੱਥੇ ਭਾਰਤੀਆਂ ਦੀ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਕਈ ਵਿਅਕਤੀ ਮਾਰੇ ਗਏ ਅਤੇ ਜ਼ਖਮੀ ਹੋਏ। ਬ੍ਰਿਗੇਡੀਅਰ ਜਨਰਲ ਰੇਜੀਨਾਲਡ ਐਡਵਰਡ ਡਾਇਰ ਦੀ ਅਗਵਾਈ ’ਚ ਬ੍ਰਿਟਿਸ਼ ਫੌਜੀਆਂ ਨੇ ਇਹ ਕਾਰਵਾਈ ਕੀਤੀ। ਫੌਜੀਆਂ ਨੇ ਲਗਭਗ 10 ਮਿੰਟ ਗੋਲੀਆਂ ਚਲਾਈਆਂ, ਜਿਨ੍ਹਾਂ ’ਚ 1650 ਰਾਊਂਡ ਫਾਇਰ ਕੀਤੇ ਗਏ।
ਇਸ ਘਟਨਾ ’ਚ ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ। ਕੁਝ ਲੋਕਾਂ ਨੇ ਬਚਣ ਲਈ ਬਾਗ ਦੇ ਅੰਦਰ ਇਕ ਖੂਹ ’ਚ ਛਾਲਾਂ ਮਾਰ ਦਿੱਤੀਆਂ, ਜਿੱਥੇ ਕਈ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਜਲਿਆਂਵਾਲਾ ਬਾਗ ਹੱਤਿਆਕਾਂਡ ਤੋਂ ਬਾਅਦ, ਮਹਾਤਮਾ ਗਾਂਧੀ ਨੇ ਕਿਹਾ, ‘‘ਭਾਰਤ ਦੇ ਅਣਖੀ ਲੋਕ ਉੱਠਣਗੇ ਅਤੇ ਆਪਣੀ ਮਾਤਭੂਮੀ ਨੂੰ ਆਜ਼ਾਦ ਕਰਵਾਉਣਗੇ।’’ ਜਲ੍ਹਿਆਂਵਾਲਾ ਬਾਗ ਕਤਲਕਾਂਡ ਭਾਰਤੀ ਆਜ਼ਾਦੀ ਸੰਗਰਾਮ ’ਚ ਇਕ ਮਹੱਤਵਪੂਰਨ ਘਟਨਾ ਸੀ, ਜਿਸ ਨੇ ਭਾਰਤੀਆਂ ਨੂੰ ਬ੍ਰਿਟਿਸ਼ ਰਾਜ ਵਿਰੁੱਧ ਹੋਰ ਜ਼ਿਆਦਾ ਇਕਜੁੱਟ ਕੀਤਾ। ਇਹ ਘਟਨਾ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਬਣ ਗਈ।
ਜਲ੍ਹਿਆਂਵਾਲਾ ਬਾਗ ’ਚ ਇਕ ਯਾਦਗਾਰ ਬਣਾਈ ਗਈ, ਜੋ ਇਸ ਘਟਨਾ ਦੀ ਯਾਦ ਦਿਵਾਉਂਦੀ ਹੈ। ਸਾਈਟ ’ਤੇ ਸ਼ਹੀਦ ਗੈਲਰੀ ਵੀ ਹੈ, ਜਿੱਥੇ ਘਟਨਾ ਦੀ ਕਹਾਣੀ ਦੱਸੀ ਗਈ ਹੈ। 1997 ’ਚ ਮਹਾਰਾਣੀ ਐਲਿਜ਼ਾਬੈੱਥ ਨੇ ਇਸ ਯਾਦਗਾਰ ’ਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਸੀ। 2023 ’ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਵੀ ਇਸ ਯਾਦਗਾਰ ’ਤੇ ਆਏ ਸਨ। ਵਿਜ਼ੀਟਰਜ਼ ਬੁੱਕ ’ਚ ਉਨ੍ਹਾਂ ਨੇ ਲਿਖਿਆ ਕਿ ‘ਬ੍ਰਿਟਿਸ਼ ਇਤਿਹਾਸ ਦੀ ਇਹ ਇਕ ਸ਼ਰਮਨਾਕ ਘਟਨਾ ਸੀ’। 13 ਅਪ੍ਰੈਲ 1919 ਨੂੰ ਵਿਸਾਖੀ ਵਾਲਾ ਦਿਨ ਸੀ। ਵਿਸਾਖੀ ਉਂਝ ਪੂਰੇ ਭਾਰਤ ’ਚ ਇਕ ਪ੍ਰਮੁੱਖ ਤਿਉਹਾਰ ਹੈ ਪਰ ਖਾਸ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਰਦੀਆਂ ਦੀ ਹਾੜ੍ਹੀ ਦੀ ਫਸਲ ਵੱਢ ਲੈਣ ਦੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਦਿਨ 13 ਅਪ੍ਰੈਲ, 1699 ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਇਸ ਕਤਲਕਾਂਡ ਦੀ ਵਿਸ਼ਵ ਪੱਧਰੀ ਨਿੰਦਾ ਹੋਈ ਜਿਸ ਦੇ ਦਬਾਅ ’ਚ ਭਾਰਤ ਲਈ ਸੈਕ੍ਰੇਟਰੀ ਆਫ ਸਟੇਟ ਐਡਵਿਨ ਮਾਨਟੇਗੂ ਨੇ 1919 ਦੇ ਅਖੀਰ ’ਚ ਇਸ ਦੀ ਜਾਂਚ ਲਈ ਹੰਟਰ ਕਮਿਸ਼ਨ ਨਿਯੁਕਤ ਕੀਤਾ। ਕਮਿਸ਼ਨ ਦੇ ਸਾਹਮਣੇ ਬ੍ਰਿਗੇਡੀਅਰ ਜਨਰਲ ਡਾਇਰ ਨੇ ਮੰਨਿਆ ਕਿ ਉਹ ਗੋਲੀ ਚਲਾ ਕੇ ਲੋਕਾਂ ਨੂੰ ਮਾਰ ਦੇਣ ਦਾ ਫੈਸਲਾ ਪਹਿਲਾਂ ਤੋਂ ਹੀ ਲੈ ਕੇ ਉੱਥੇ ਗਿਆ ਸੀ ਅਤੇ ਉਹ ਉਨ੍ਹਾਂ ਲੋਕਾਂ ’ਤੇ ਚਲਾਉਣ ਲਈ ਦੋ ਤੋਪਾਂ ਵੀ ਲੈ ਕੇ ਗਿਆ ਸੀ ਜੋ ਕਿ ਭੀੜੇ ਰਸਤੇ ਰਾਹੀਂ ਅੰਦਰ ਨਹੀਂ ਜਾ ਸਕੀਆਂ ਸਨ। ਹੰਟਰ ਕਮਿਸ਼ਨ ਦੀ ਰਿਪੋਰਟ ਆਉਣ ’ਤੇ 1920 ’ਚ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਦਾ ਅਹੁਦਾ ਘਟਾ ਕੇ ਉਸ ਨੂੰ ਕਰਨਲ ਬਣਾ ਦਿੱਤਾ ਗਿਆ ਅਤੇ ਗੈਰ-ਸਰਗਰਮ ਮੁਲਾਜ਼ਮਾਂ ਦੀ ਸੂਚੀ ’ਚ ਰੱਖ ਦਿੱਤਾ ਗਿਆ।
ਉਸ ਨੂੰ ਭਾਰਤ ’ਚ ਪੋਸਟ ਨਾ ਦੇਣ ਦਾ ਫੈਸਲਾ ਲਿਆ ਗਿਆ ਅਤੇ ਉਸ ਨੂੰ ਸਿਹਤ ਦੇ ਕਾਰਨਾਂ ਕਰ ਕੇ ਬ੍ਰਿਟੇਨ ਵਾਪਸ ਭੇਜ ਦਿੱਤਾ ਗਿਆ। ਹਾਊਸ ਆਫ ਕਾਮਨਸ ਨੇ ਉਸ ਦਾ ਨਿੰਦਾ ਮਤਾ ਪਾਸ ਕੀਤਾ ਪਰ ਹਾਊਸ ਆਫ ਲਾਰਡਸ ਨੇ ਇਸ ਹੱਤਿਆ ਕਾਂਡ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਸ਼ਲਾਘਾ ਦਾ ਮਤਾ ਪਾਸ ਕੀਤਾ। ਵਿਸ਼ਵ ਪੱਧਰੀ ਨਿੰਦਾ ਦੇ ਦਬਾਅ ’ਚ ਬਾਅਦ ’ਚ ਬ੍ਰਿਟਿਸ਼ ਸਰਕਾਰ ਨੇ ਉਸ ਦਾ ਨਿੰਦਾ ਮਤਾ ਪਾਸ ਕੀਤਾ ਅਤੇ 1920 ’ਚ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਨੂੰ ਅਸਤੀਫਾ ਦੇਣਾ ਪਿਆ। ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਇਸ ਹੱਤਿਆਕਾਂਡ ਦੇ ਵਿਰੋਧ ਵਜੋਂ ਆਪਣੀ ਨਾਈਟਹੁੱਡ ਉਪਾਧੀ ਨੂੰ ਵਾਪਸ ਕਰ ਦਿੱਤਾ।
ਜਦੋਂ ਜਲ੍ਹਿਆਂਵਾਲਾ ਬਾਗ ’ਚ ਇਹ ਹੱਤਿਆਕਾਂਡ ਹੋ ਰਿਹਾ ਸੀ ਉਦੋਂ ਊਧਮ ਸਿੰਘ ਉੱਥੇ ਸਨ ਅਤੇ ਉਨ੍ਹਾਂ ਨੂੰ ਵੀ ਗੋਲੀ ਵੱਜੀ ਸੀ। ਉਨ੍ਹਾਂ ਨੇ ਉਦੋਂ ਸਹੁੰ ਖਾ ਲਈ ਸੀ ਕਿ ਉਹ ਇਸ ਦਾ ਬਦਲਾ ਲੈਣਗੇ। ਜਲ੍ਹਿਆਂਵਾਲਾ ਬਾਗ ਰਾਸ਼ਟਰੀ ਯਾਦਗਾਰ ਬਣਾਉਣ ਲਈ ਇਕ ਟਰੱਸਟ ਦੀ ਸਥਾਪਨਾ ਕੀਤੀ ਗਈ ਸੀ। 1923 ’ਚ ਟਰੱਸਟ ਨੇ ਯਾਦਗਾਰ ਪ੍ਰਾਜੈਕਟ ਲਈ ਜ਼ਮੀਨ ਖਰੀਦੀ ਸੀ। ਅਮਰੀਕੀ ਵਾਸਤੂਕਾਰ ਬੇਂਜਾਮਿਨ ਪੋਲਕ ਵਲੋਂ ਡਿਜ਼ਾਈਨ ਕੀਤੀ ਗਈ ਇਕ ਯਾਦਗਾਰ, ਸਾਈਟ ’ਤੇ ਬਣਾਈ ਗਈ ਸੀ ਅਤੇ 13 ਅਪ੍ਰੈਲ 1961 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਹੋਰਨਾਂ ਆਗੂਆਂ ਦੀ ਹਾਜ਼ਰੀ ’ਚ ਭਾਰਤ ਦੇ ਉਸ ਸਮੇਂ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੇ ਇਸ ਦਾ ਉਦਘਾਟਨ ਕੀਤਾ ਸੀ।
ਕੇਂਦਰੀ ਸੱਭਿਆਚਾਰ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਕਿ ਜਲਿਆਂਵਾਲਾ ਬਾਗ ਇਕ ਰਾਸ਼ਟਰੀ ਯਾਦਗਾਰ ਹੈ ਅਤੇ ਘਟਨਾ ਦੇ ਸਾਲ 13 ਅਪ੍ਰੈਲ ਨੂੰ 2019 ’ਚ, 100 ਸਾਲ ਪੂਰੇ ਹੋਣ ਮੌਕੇ ’ਤੇ ਅਸੀਂ ਇਸ ਯਾਦਗਾਰ ਨੂੰ ਸਿਆਸਤ ਤੋਂ ਮੁਕਤ ਕਰਾਉਣਾ ਚਾਹੁੰਦੇ ਹਾਂ।
ਪ੍ਰਧਾਨ ਮੰਤਰੀ ਮੋਦੀ ਜੀ ਵਲੋਂ ਜਲਿਆਂਵਾਲਾ ਬਾਗ ਦੇ ਵਿਕਾਸ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਨਾਲ ਜਿੱਥੇ ਗੇਟ ਵਾਲੀ ਗਲੀ, ਸ਼ਹੀਦੀ ਖੂਹ, ਗੋਲੀਆਂ ਦੇ ਨਿਸ਼ਾਨ ਸੰਭਾਲਣ ਦਾ ਕਾਰਜ ਹੋਇਆ ਉੱਥੇ ਹੀ ਕਤਲਕਾਂਡ ਬਾਰੇ ਆਉਣ ਵਾਲੇ ਦੇਸੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਜਾਣਕਾਰੀ ਲਈ ਲਾਈਟ ਐਂਡ ਸਾਊਂਡ ਸ਼ੋਅ, ਡਿਜੀਟਲ 3 ਡੀ ਡਾਕੂਮੈਂਟਰੀ, ਆਜ਼ਾਦੀ ਸੰਗਰਾਮੀਆਂ ਬਾਰੇ ਜਾਣਕਾਰੀ ਦੇਣ ਲਈ ਏਅਰਕੰਡੀਸ਼ਨਡ ਗੈਲਰੀ ਅਤੇ ਗਾਈਡਸ, ਬੂਟੇ ਲਾਉਣ, ਲਿਲੀ ਪੌਂਡ, ਸੁੰਦਰ ਲਾਈਟਿੰਗ ਅਤੇ ਸਾਫ-ਸੁਥਰੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਗਏ। ਮੋਦੀ ਜੀ ਨੇ ਕੋਵਿਡ ਕਾਰਨ ਵੀਡੀਓ ਕਾਨਫਰੰਸ ਰਾਹੀਂ ਅੰਮ੍ਰਿਤਸਰ ਸਥਿਤ ਜਲਿਆਂਵਾਲਾ ਬਾਗ ਯਾਦਗਾਰ ਦੇ ਮੁੜ ਉਸਾਰੇ ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
-ਸ਼ਵੇਤ ਮਲਿਕ
ਅੰਨ ਦੀ ਬਰਬਾਦੀ ਰੋਕਣੀ ਅਤਿ ਜ਼ਰੂਰੀ
NEXT STORY