ਦੇਸ਼ ’ਚ ਨਕਲੀ ਦੀ ਬੀਮਾਰੀ ਹੁਣ ਯੂਨੀਵਰਸਿਟੀਆਂ ਦੇ ਨਕਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਾ ਕੇ ਦੇਣ ਵਾਲੇ ਗਿਰੋਹਾਂ ਤੱਕ ਪਹੁੰਚ ਗਈ ਹੈ। ਇਨ੍ਹਾਂ ਦਾ ਸਹਾਰਾ ਲੈ ਕੇ ਅਨੇਕ ਲੋਕ ਸਰਕਾਰੀ ਨੌਕਰੀਆਂ ਅਤੇ ਹੋਰ ਸਹੂਲਤਾਂ ਦਾ ਅਣਉਚਿਤ ਲਾਭ ਉਠਾ ਰਹੇ ਹਨ। ਪਿਛਲੇ 6 ਮਹੀਨਿਆਂ ’ਚ ਫੜੇ ਗਏ ਫਰਜ਼ੀ ਸਰਟੀਫਿਕੇਟਾਂ ਅਤੇ ਡਿਗਰੀਆਂ ਦੇ ਕੁਝ ਧੰਦੇਬਾਜ਼ਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 7 ਮਈ, 2025 ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਗਿਰੋਹ ਦਾ ਪਰਦਾਫਾਸ਼ ਕਰਕੇ ‘ਸ਼ਿਆਮ ਬਿਹਾਰੀ ਗੁਪਤਾ’ ਅਤੇ ਉਸ ਦੇ ਸਾਥੀ ‘ਇਮਰਾਨ ਖਾਨ’ ਨੂੰ ਗ੍ਰਿਫਤਾਰ ਕੀਤਾ। ਇਹ ਗਿਰੋਹ ਥ੍ਰੀ ਡੀ ਪ੍ਰਿੰਟਿੰਗ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰਕੇ ਨੌਕਰੀ ਅਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਲੋੜਵੰਦਾਂ ਨੂੰ ਫਰਜ਼ੀ ਮਾਰਕਸ਼ੀਟ, ਆਧਾਰ ਕਾਰਡ, ਜਾਤੀ ਪ੍ਰਮਾਣ ਪੱਤਰ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਆਦਿ ਵੇਚ ਕੇ ਮੋਟੀ ਕਮਾੋਈ ਕਰ ਰਿਹਾ ਸੀ।
* 15 ਮਈ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ਪੁਲਸ ਨੇ ਇਕ ਵੱਡੇ ਫਰਜ਼ੀ ਡਿਗਰੀ ਰੈਕੇਟ ਦਾ ਭਾਂਡਾ ਭੰਨ ਕੇ ਇਸ ਦੇ 2 ਮੁੱਖ ਮੈਂਬਰਾਂ ‘ਅਭਿਮਨਿਊ ਗੁਪਤਾ’ ਅਤੇ ‘ਧਰਮਿੰਦਰ ਗੁਪਤਾ’ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀ ਦੀਆਂ 66 ਫਰਜ਼ੀ ਮਾਰਕਸ਼ੀਟਸ, ਮਾਈਗ੍ਰੇਸ਼ਨ ਸਰਟੀਫਿਕੇਟ, ਫਰਜ਼ੀ ਮੋਹਰਾਂ, ਪ੍ਰਿੰਟਰ ਆਦਿ ਬਰਾਮਦ ਕੀਤੇ। ਇਹ ਗਿਰੋਹ ਜਾਅਲੀ ਦਸਤਾਵੇਜ਼ਾਂ ਲਈ ਲੋੜਵੰਦਾਂ ਤੋਂ 20,000 ਤੋਂ 2,00,000 ਰੁਪਏ ਤੱਕ ਵਸੂਲ ਕਰਦਾ ਸੀ।
* 20 ਜੂਨ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ‘ਦਿੱਲੀ-ਐੱਨ. ਸੀ. ਆਰ.’ ’ਚ ਸਰਗਰਮ ਫਰਜ਼ੀ ਡਿਗਰੀ ਅਤੇ ਮਾਰਕਸ਼ੀਟ ਬਣਾਉਣ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ ਗਿਰੋਹ ਦੇ ਸਰਗਣੇ ‘ਵਿੱਕੀ ਹਰਜਾਨੀ’ ਅਤੇ ਉਸ ਦੇ ਸਾਥੀਆਂ ‘ਵਿਵੇਕ ਸਿੰਘ’, ‘ਸਤਵੀਰ ਸਿੰਘ’, ‘ਨਾਰਾਇਣ’ ਅਤੇ ‘ਅਵਨੀਸ਼ ਕਾਂਸਲ’ ਨੂੰ ਗ੍ਰਿਫਤਾਰ ਕੀਤਾ।
ਇਹ ਗਿਰੋਹ ਲੋੜਵੰਦਾਂ ਤੋਂ 2 ਲੱਖ ਤੋਂ 20 ਲੱਖ ਰੁਪਏ ਤੱਕ ਲੈ ਕੇ ਬੀ. ਏ., ਐੱਮ. ਬੀ. ਏ., ਪੀ. ਐੱਚ. ਡੀ., ਐੱਲ. ਐੱਲ. ਬੀ., ਬੀ. ਏ. ਐੱਮ. ਐੱਸ. ਅਤੇ ਬੀ-ਫਾਰਮਾ ਸਮੇਤ 1 ਦਰਜਨ ਕੋਰਸਾਂ ਦੀਆਂ 5 ਹਜ਼ਾਰ ਤੋਂ ਵੱਧ ਫਰਜ਼ੀ ਡਿਗਰੀਆਂ ਅਤੇ ਸਰਟੀਫਿਕੇਟ ਵੇਚ ਚੁੱਕਾ ਹੈ। ਪੁਲਸ ਨੇ ਇਨ੍ਹਾਂ ਤੋਂ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਦੀਆਂ 228 ਜਾਅਲੀ ਮਾਰਕਸ਼ੀਟਸ, 27 ਫਰਜ਼ੀ ਡਿਗਰੀਆਂ ਅਤੇ ਫਰਜ਼ੀ ਮਾਈਗ੍ਰੇਸ਼ਨ ਸਰਟੀਫਿਕੇਟ ਆਦਿ ਬਰਾਮਦ ਕੀਤੇ ਹਨ।
* ਅਤੇ ਹੁਣ 29 ਅਕਤੂਬਰ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ‘ਥਾਣਾ ਸਦਰ ਬਾਜ਼ਾਰ’ ਦੀ ਪੁਲਸ ਨੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਫਰਜ਼ੀ ਡਿਗਰੀਆਂ ਅਤੇ ਮਾਰਕਸ਼ੀਟ ਬਣਾ ਕੇ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਨੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ’ਚ ਆਪਣਾ ਨੈੱਟਵਰਕ ਫੈਲਾਇਆ ਹੋਇਆ ਸੀ ਅਤੇ ਇਨ੍ਹਾਂ ਨੇ ਨਾਗਾਲੈਂਡ ਅਤੇ ਸਿੱਕਮ ਯੂਨੀਵਰਸਿਟੀਆਂ ਤੱਕ ਦੀਆਂ ਫਰਜ਼ੀ ਡਿਗਰੀਆਂ ਬਣਾ ਕੇ ਵੇਚੀਆਂ।
ਇਸ ਗਿਰੋਹ ’ਚ ਸ਼ਾਮਲ 10 ਤੋਂ ਵੱਧ ਮੈਂਬਰ ਸਹਾਰਨਪੁਰ, ਮੇਰਠ, ਮੁਜ਼ੱਫਰਨਗਰ, ਲਖਨਊ, ਬਰੇਲੀ ਅਤੇ ਗਾਜ਼ੀਆਬਾਦ ’ਚ ਰਹਿੰਦੇ ਹਨ।
ਇਹ ਲੋਕ ਹਾਈ ਸਕੂਲ ਅਤੇ ਇੰਟਰਮੀਡੀਏਟ ਦੀ ਮਾਰਕਸ਼ੀਟ ਦੇ 1.20 ਲੱਖ ਰੁਪਏ, ਬੀ. ਏ. ਐੱਮ. ਐੱਸ. ਦੀਆਂ ਡਿਗਰੀਆਂ ਦੇ 4.50 ਲੱਖ ਰੁਪਏ, ਬੀ-ਫਾਰਮਾ ਅਤੇ ਡੀ-ਫਾਰਮਾ ਲਈ 3.50 ਲੱਖ ਰੁਪਏ ਵਸੂਲ ਕਰਦੇ ਸਨ।
* 29 ਅਕਤੂਬਰ ਨੂੰ ਹੀ ‘ਅਰਬਨ ਅਸਟੇਟ’ (ਜਲੰਧਰ) ’ਚ ਵਿਦੇਸ਼ੀ ਕਾਲਜਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ ’ਚ ਇਕ ਇਮੀਗ੍ਰੇਸ਼ਨ ਏਜੰਸੀ ਦੇ ਮਾਲਕ ਅਤੇ ਮੁੱਖ ਮੁਲਜ਼ਮ ‘ਡਾਕਟਰ ਪੁਸ਼ਕਰ ਗੋਇਲ’ ਦੀ ਫਰਾਰ ਚੱਲ ਰਹੀ ਮੈਨੇਜਰ ‘ਮੋਨਿਕਾ’ ਨੇ ਅਦਾਲਤ ’ਚ ਸਰੰਡਰ ਕਰ ਦਿੱਤਾ।
ਦੱਸਿਆ ਜਾਂਦਾ ਹੈ ਕਿ ਮੋਨਿਕਾ ਹੀ ‘ਜਲੰਧਰ’ ਸਮੇਤ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਦੇ ਟ੍ਰੈਵਲ ਏਜੰਟਾਂ ਲਈ ਵਿਦੇਸ਼ਾਂ ’ਚ ਸਥਿਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਫਰਜ਼ੀ ਸਰਟੀਫਿਕੇਟ ਅਤੇ ਡਿਗਰੀਆਂ ਤਿਆਰ ਕਰਵਾਉਂਦੀ ਸੀ।
ਇਹ ਗਿਰੋਹ ਵਿਦੇਸ਼ੀ ਸਕੂਲਾਂ ਦੇ ਵੀ ਦਸਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਦੇ ਫਰਜ਼ੀ ਸਰਟੀਫਿਕੇਟ ਅਤੇ ਡਿਗਰੀਆਂ ਤਿਆਰ ਕਰਕੇ ਅਲੱਗ-ਅਲੱਗ ਟ੍ਰੈਵਲ ਏਜੰਟਾਂ ਨੂੰ ਸਪਲਾਈ ਕਰਕੇ ਲੱਖਾਂ ਰੁਪਏ ਦਾ ਚੂਨਾ ਲਗਾ ਰਿਹਾ ਸੀ। ਪੁਲਸ ਅਨੁਸਾਰ ਇਹ ਗਿਰੋਹ ਹੁਣ ਤੱਕ 15,000 ਤੋਂ ਵੱਧ ਜਾਅਲੀ ਡਿਗਰੀਆਂ ਬਣਾ ਕੇ ਦੇ ਚੁੱਕਾ ਹੈ ਅਤੇ ਹਰੇਕ ਸਰਟੀਫਿਕੇਟ ਲਈ 30,000 ਰੁਪਏ ਤੋਂ 50,000 ਰੁਪਏ ਤੱਕ ਰਕਮ ਵਸੂਲ ਕਰਦਾ ਸੀ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਿਸ ਕਦਰ ਵਧਦੀ ਜਾ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ, ਤਾਂ ਕਿ ਉਹ ਦੂਜਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਿਆਂ ਕਰਕੇ ਦੇਸ਼ ਅਤੇ ਸਮਾਜ ਨਾਲ ਧੋਖਾ ਨਾ ਕਰ ਸਕਣ ਅਤੇ ਹੋਰ ਲੋਕ ਅਜਿਹੇ ਕੰਮ ਕਰਨ ਤੋਂ ਡਰਨ।
–ਵਿਜੇ ਕੁਮਾਰ
ਚੀਨ ਯਾਤਰਾ ਦੇ ਅਨੁਭਵ ਅਤੇ ਭਾਰਤ ਨਾਲ ਤੁਲਨਾ ਦੇ ਦਿਲਚਸਪ ਤੱਥ
NEXT STORY