ਬਿਹਾਰ ਦੇ ਬਾਰੇ ’ਚ ਬੋਲਣਾ ਜਾਂ ਲਿਖਣਾ ਦੁਖਦਾਈ ਹੈ। ਬਿਹਾਰ ਘੋਰ ਅਣਗਹਿਲੀ ਅਤੇ ਫਜ਼ੂਲ ਦੇ ਦਾਅਵਿਆਂ ਦੀ ਕਹਾਣੀ ਹੈ। 1947 ’ਚ, ਭਾਰਤ ਦੇ ਸਾਰੇ ਰਾਜ ਇਕ ਹੀ ਸ਼ੁਰੂਆਤੀ ਲਾਈਨ ’ਤੇ ਖੜ੍ਹੇ ਸਨ। ਕੋਈ ਵੀ ਰਾਜ ਇਹ ਨਹੀਂ ਕਹਿ ਸਕਦਾ ਸੀ ਕਿ ਉਹ ਆਜ਼ਾਦੀ ਦੇ ਸਮੇਂ ਜਾਂ 1950 ’ਚ ਪਿੱਛੇ ਰਹਿ ਗਿਆ ਸੀ। ਕਿਉਂਕਿ ਕੇਂਦਰ ਅਤੇ ਲਗਭਗ ਸਾਰੇ ਰਾਜਾਂ ’ਚ ਕਾਂਗਰਸ ਪਾਰਟੀ ਦਾ ਹੀ ਸ਼ਾਸਨ ਸੀ, ਇਸ ਲਈ ਪੂਰੇ ਦੇਸ਼ ’ਚ ਇਕੋ-ਜਿਹੀਆਂ ਨੀਤੀਆਂ ਤੇ ਪ੍ਰੋਗਰਾਮ ਲਾਗੂ ਕੀਤੇ ਗਏ। ਅਸਲ ’ਚ ਕੁਝ ਅਗਾਂਹਵਧੂ ਵਿਚਾਰਾਂ ਦੀ ਵਰਤੋਂ ਸਭ ਤੋਂ ਪਹਿਲਾਂ ਬਿਹਾਰ ’ਚ ਕੀਤੀ ਗਈ ਅਤੇ ਬਾਅਦ ’ਚ ਉਨ੍ਹਾਂ ਨੂੰ ਹੋਰਨਾਂ ਰਾਜਾਂ ’ਚ ਵੀ ਲਾਗੂ ਕੀਤਾ ਗਿਆ। ਉਦਾਹਰਣ ਵਜੋਂ ਭੂਮੀ ਸੁਧਾਰ ਅਤੇ ਵੰਡ।
ਬਿਹਾਰ ’ਚ ਵੱਡੇ ਨੇਤਾ ਸਨ। ਇਸ ਦਾ ਪ੍ਰਸ਼ਾਸਨ ਇਕ ਕੁਸ਼ਲ ਅਤੇ ਮਜ਼ਬੂਤ ਸੀ ਅਤੇ ਇਸ ਦੇ ਕੋਲ ਪ੍ਰਸਿੱਧ ਨੌਕਰਸ਼ਾਹ ਸਨ। ਇਸ ਦੀ ਜ਼ਮੀਨ ਸਭ ਤੋਂ ਉਪਜਾਊ ਸੀ ਅਤੇ ਗੰਗਾ ਇਕ ਸਦੀਵੀ ਨਦੀ ਸੀ। ਇਹ ਕੁਦਰਤੀ ਸੋਮਿਆਂ ਨਾਲ ਖੁਸ਼ਹਾਲ ਸੀ ਅਤੇ ਪਹਿਲੀਆਂ ਸਟੀਲ ਮਿੱਲਾਂ ਅਣਵੰਡੇ ਬਿਹਾਰ ’ਚ ਸਥਿਤ ਸਨ ਅਤੇ ਦੇਸ਼ ਦੀਆਂ 4 ਪ੍ਰਮੁੱਖ ਹਾਈਕੋਰਟਾਂ ’ਚ ਇਕ (ਪਟਨਾ ’ਚ) ਅਤੇ ਇਕ ਮਜ਼ਬੂਤ ਨਿਆਂ ਪ੍ਰਣਾਲੀ ਵੀ ਇੱਥੇ ਮੌਜੂਦ ਸੀ। ਫਿਰ ਬਿਹਾਰ ਅਸਫਲ ਕਿਉਂ ਹੋਇਆ।
ਇਕ ਅਸਫਲ ਰਾਜ : ਬਿਹਾਰ ਦੇ ਅਧਿਕਾਰਤ ਅੰਕੜੇ ਨਿਰਾਸ਼ਾਜਨਕ ਹਨ। ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ’ਤੇ ਸਥਿਤੀ ਹੋਰ ਵੀ ਬਦਤਰ ਹੈ। ਹਾਲਾਂਕਿ ਹਰ ਸਰਕਾਰ ਨੂੰ ਦੋਸ਼ ਦੇਣਾ ਹੋਵੇਗਾ ਪਰ ਨਿਤੀਸ਼ ਕੁਮਾਰ 24 ਨਵੰਬਰ, 2005 ਤੋਂ ਮੁੱਖ ਮੰਤਰੀ ਹਨ (ਸਿਵਾਏ ਉਨ੍ਹਾਂ 278 ਦਿਨਾਂ ਦੇ ਜਦੋਂ ਉਨ੍ਹਾਂ ਨੇ ਆਪਣੇ ਪ੍ਰਤੀਨਿਧੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਇਆ ਸੀ)। ਭਾਵ 20 ਸਾਲ। ਅਗਲਾ ਲੰਬਾ ਸ਼ਾਸਨ ਲਾਲੂ ਪ੍ਰਸਾਦ ਯਾਦਵ (ਜਾਂ ਉਨ੍ਹਾਂ ਦੀ ਪਤਨੀ) ਨੇ 1990 ਤੋਂ 2005 ਵਿਚਾਲੇ ਚਲਾਇਆ। 35 ਸਾਲ ਤੋਂ ਘੱਟ ਉਮਰ ਦੇ ਵੋਟਰ ਸਿਰਫ ਇਕ ਹੀ ਮੁੱਖ ਮੰਤਰੀ ਨੂੰ ਜਾਣਦੇ ਹਨ-ਉਹ ਹਨ ਨਿਤੀਸ਼ ਕੁਮਾਰ। 2025 ’ਚ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ 1990 ਦੇ ਦਹਾਕੇ ਜਾਂ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਦੇ ਬਾਰੇ ਨਹੀਂ ਸਗੋਂ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੇ 20 ਸਾਲ ਦੇ ਸ਼ਾਸਨ ਦੇ ਬਾਰੇ ਹਨ।
2025 ’ਚ ਬਿਹਾਰ ਦੀ ਅਨੁਮਾਨਤ ਆਬਾਦੀ 13.43 ਕਰੋੜ ਹੈ। ਇਹ ਅਨੁਮਾਨ ਹੈ ਕਿ ਇਕ ਤੋਂ ਤਿੰਨ ਕਰੋੜ ਨਾਗਰਿਕ ਸੂਬੇ ਤੋਂ ਬਾਹਰ ਚਲੇ ਗਏ ਹਨ। ਮੁੱਖ ਕਾਰਨ ਬਿਹਾਰ ’ਚ ਪਾਈ ਜਾ ਰਹੀ ਬੇਰੁਜ਼ਗਾਰੀ ਅਤੇ ਗਰੀਬੀ ਦੀ ਸਥਿਤੀ ਹੈ। ਯੁਵਾ ਬੇਰੁਜ਼ਗਾਰੀ ਦਰ 10.8 ਫੀਸਦੀ ਹੈ। ਤ੍ਰਾਸਦੀ ਇਹ ਹੈ ਕਿ ਸਿੱਖਿਆ ਦੇ ਪੱਧਰ ਦੇ ਨਾਲ ਬੇਰੁਜ਼ਗਾਰੀ ਦਰ ਵਧਦੀ ਜਾਂਦੀ ਹੈ। ਉਦਯੋਗਿਕ ਉੱਦਮਾਂ ’ਚ ਸਿਰਫ 1,35,464 ਵਿਅਕਤੀ ਕੰਮ ਕਰਦੇ ਹਨ, ਜਿਨ੍ਹਾਂ ’ਚ ਸਿਰਫ 34,700 ਸਥਾਈ ਕਰਮਚਾਰੀ ਹਨ।
ਨੀਤੀ ਆਯੋਗ ਦੀ 2024 ਦੀ ਇਕ ਰਿਪੋਰਟ ਅਨੁਸਾਰ ਬਿਹਾਰ ’ਚ ਸਭ ਤੋਂ ਜ਼ਿਆਦਾ ਗਰੀਬੀ ਦਰ ਹੈ। 64 ਫੀਸਦੀ 10,000 ਰੁਪਏ ਪ੍ਰਤੀ ਮਹੀਨੇ ਤੋਂ ਘੱਟ ਕਮਾਉਂਦੇ ਹਨ ਅਤੇ ਸਿਰਫ 4 ਫੀਸਦੀ ਪਰਿਵਾਰ 50,000 ਰੁਪਏ ਪ੍ਰਤੀ ਮਹੀਨੇ ਤੋਂ ਵੱਧ ਕਮਾਉਂਦੇ ਹਨ।
‘ਬਹੁ-ਆਯਾਮੀ ਗਰੀਬੀ ਸੂਚਕਅੰਕ’ (ਐੱਮ. ਪੀ. ਆਈ.) ਅਨੁਸਾਰ, ਬਿਹਾਰ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਰਾਜ (33.76 ਫੀਸਦੀ) ਹੈ। ਘਾਟ ਦੇ ਹਰ ਪੈਮਾਨੇ ’ਤੇ ਬਿਹਾਰ ਸਭ ਤੋਂ ਉਪਰ ਹੈ, ਜਿਨ੍ਹਾਂ ’ਚ ਬਾਲ ਜੀਵਨ, ਮਾਵਾਂ ਦੀ ਸਿਹਤ, ਸਵੱਛ ਰਸੋਈ, ਸਵੱਛਤਾ ਆਦਿ ਸ਼ਾਮਲ ਹਨ। ‘ਸਿੱਖਿਆ ਦੀ ਗੁਣਵੱਤਾ’ ਸੂਚਕਅੰਕ ਅਤੇ ‘ਸੱਭਿਆ ਕਾਰਜ ਅਤੇ ਆਰਥਿਕ ਵਿਕਾਸ’ ਸੂਚਕਅੰਕ ’ਚ ਬਿਹਾਰ ਸਭ ਤੋਂ ਹੇਠਲੇ ਦਰਜੇ ’ਤੇ ਹੈ। (ਸਰੋਤ : ਨੀਤੀ ਆਯੋਗ, ਬਿਹਾਰ ਆਰਥਿਕ ਸਰਵੇਖਣ 2024-25, ਰਾਸ਼ਟਰੀ ਐੱਮ. ਪੀ. ਆਈ. ਸੂਚਕਅੰਕ, ਏ. ਆਈ. ਸੀ. ਸੀ. ਖੋਜ ਵਿਭਾਗ)। ਨਿਤੀਸ਼ ਕੁਮਾਰ ਦੀ ਸਰਕਾਰ ਮੌਜੂਦਾ ਆਰਥਿਕ ਸਥਿਤੀ ਲਈ ਜ਼ਿੰਮੇਵਾਰ ਹੈ।
ਬਿਹਾਰ ’ਚ ਭਾਰਤ ਦੀ 9 ਫੀਸਦੀ ਆਬਾਦੀ ਰਹਿੰਦੀ ਹੈ, ਪਰ ਭਾਰਤ ਦਾ ਕੁੱਲ ਘਰੇਲੂ ਉਤਪਾਦ ’ਚ ਯੋਗਦਾਨ ਸਿਰਫ 3.7 ਫੀਸਦੀ ਹੈ। 2023-24 ’ਚ ਪ੍ਰਤੀ ਜੀਅ ਆਮਦਨ 32,174 ਰੁਪਏ ਸੀ ਜੋ ਰਾਸ਼ਟਰੀ ਔਸਤ 106,744 ਰੁਪਏ ਦਾ ਇਕ ਤਿਹਾਈ ਹੈ। ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਬਿਹਾਰ ਦੀ ਪ੍ਰਤੀ ਜੀਅ ਆਮਦਨ ਰਾਸ਼ਟਰੀ ਔਸਤ ਤੋਂ ਘੱਟ ਦਰ ਨਾਲ ਵੱਧ ਰਹੀ ਹੈ ਅਤੇ ਇਹ ਫਰਕ ਵਧਦਾ ਹੀ ਜਾ ਰਿਹਾ ਹੈ।
ਧਰਮ ਅਤੇ ਜਾਤੀ ਦਾ ਜਾਲ : ਮੇਰੇ ਵਿਚਾਰ ’ਚ, ਆਪਣੀਆਂ ਸੰਭਾਵਨਾਵਾਂ ਦੇ ਬਾਵਜੂਦ, ਬਿਹਾਰ ਆਪਣੀ ਰਾਜਨੀਤੀ ਦੇ ਕਾਰਨ ਗਰੀਬ ਬਣਿਆ ਹੋਇਆ ਹੈ। ਇਸ ਦੀ ਸਰਕਾਰ ਅਤੇ ਇਸ ਦੀਆਂ ਸੰਸਥਾਵਾਂ ਧਰਮ ਅਤੇ ਜਾਤੀ ਦੇ ਆਪੇ ਬੁਣੇ ਜਾਲ ’ਚ ਫਸੀਆਂ ਹੋਈਆਂ ਹਨ। ਧਰਮ ਬਿਹਾਰ ’ਚ ਵੰਡਣ ਵਾਲੀ ਕੰਧ ਹੈ। ਸਰਕਾਰ ’ਚ ਭਾਜਪਾ ਦੀ ਹਾਜ਼ਰੀ ਨੇ ਸ਼ਾਸਨ ਦੇ ਹਰ ਪਹਿਲੂ ’ਚ ਧਰਮ ਦਾ ਦਖਲ ਦੇ ਦਿੱਤਾ ਹੈ। ਗਿਰੀਰਾਜ ਸਿੰਘ ਦੀ ‘ਨਮਕ ਹਰਾਮ’ ਵਾਲੀ ਟਿੱਪਣੀ ਦੇਖੋ ਕਿ ਮੁਸਲਮਾਨ ਨਾ-ਸ਼ੁਕਰੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਇਹ ਉਸ ਰਾਜ ’ਚ ਹੈ ਜਿੱਥੇ ਮੁਸਲਮਾਨਾਂ ਦੀ ਆਬਾਦੀ 17 ਫੀਸਦੀ ਹੈ। (ਹਿੰਦੂਆਂ ਦੇ 82 ਫੀਸਦੀ ਦੇ ਮੁਕਾਬਲੇ)।
ਜਾਤੀ ਲੋਕਾਂ ’ਚ ਹਰ ਗੱਲਬਾਤ, ਇੱਥੋਂ ਤੱਕ ਰਾਜਨੀਤਿਕ ਵਿਚਾਰ-ਵਟਾਂਦਰੇ ’ਤੇ ਵੀ ਹਾਵੀ ਹੈ। ਇਸ ਤੋਂ ਇਲਾਵਾ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਓ. ਬੀ. ਸੀ., ਐੱਮ. ਬੀ. ਸੀ. ਅਤੇ ਈ. ਬੀ. ਸੀ. ਵਰਗੇ ਵਰਗੀਕਰਨਾਂ ਦੀ ਵਰਤੋਂ ਕਰ ਕੇ ਵੰਡਿਆ ਗਿਆ ਹੈ। ਈ. ਬੀ. ਸੀ. ਦੀਆਂ 112 ਜਾਤੀਆਂ ’ਚੋਂ 4 ਨੂੰ ਜ਼ਿਆਦਾ ਮਹੱਤਵਪੂਰਨ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
ਕੋਈ ਬਦਲਾਅ ਨਹੀਂ-ਨਿਤੀਸ਼ ਕੁਮਾਰ : ਬਿਹਾਰ ਦੀ ਰਾਜਨੀਤੀ ਬਦਲਣੀ ਹੀ ਚਾਹੀਦੀ ਹੈ। ਇਸ ਨੂੰ ਕੌਣ ਬਦਲੇਗਾ? ਜਵਾਬ ਵੱਖ-ਵੱਖ ਹੋ ਸਕਦੇ ਹਨ ਪਰ ਇਹ ਸੁਭਾਵਿਕ ਹੈ ਕਿ ਨਿਤੀਸ਼ ਕੁਮਾਰ ਉਹ ਵਿਅਕਤੀ ਨਹੀਂ ਹਨ ਜੋ ਬਦਲਾਅ ਦੀ ਸ਼ੁਰੂਆਤ ਕਰਨਗੇ। ਉਹ ਆਪਣੀਆਂ 20 ਸਾਲ ਪੁਰਾਣੀਆਂ ਆਦਤਾਂ ’ਚ ਜਕੜੇ ਹੋਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਦੇ ਅਣਕਿਆਸੇ ਵਤੀਰੇ ਨੂੰ ਲੈ ਕੇ ਅਸਲ ’ਚ ਚਿੰਤਾਵਾਂ ਵੀ ਹਨ। ਇਹ ਸੋਚਣਾ ਮੂਰਖਤਾ ਹੈ ਕਿ ਨਿਤੀਸ਼ ਕੁਮਾਰ ਖੁਦ ਨੂੰ ਬਦਲਣਗੇ ਜਾਂ ਬਿਹਾਰ ਦੇ ਸ਼ਾਸਨ ’ਚ ਕੋਈ ਵੱਡੀ ਤਬਦੀਲੀ ਲਿਆਉਣਗੇ।
ਨਿਤੀਸ਼ ਕੁਮਾਰ ਵੀ ਉਨ੍ਹਾਂ ਹੀ ਮੇਮਣਿਆਂ ਵਾਂਗ ਬਲੀ ਦਾ ਬੱਕਰਾ ਬਣ ਜਾਣਗੇ ਜਿਨ੍ਹਾਂ ਨੂੰ ਭਾਜਪਾ ਨੇ ਪੰਜਾਬ, ਹਰਿਆਣਾ, ਓਡਿਸ਼ਾ ਅਤੇ ਮਹਾਰਾਸ਼ਟਰ ’ਚ ਬਲੀ ਦਾ ਬੱਕਰਾ ਬਣਾਇਆ ਸੀ। ਭਾਜਪਾ ਨੇ ਜਿਸ ਵੀ ਖੇਤਰੀ ਦਲ ਨੂੰ ਅਪਣਾਇਆ ਉਸ ਦਾ ਪਤਨ ਜਾਂ ਅੰਤ ਹੋ ਗਿਆ। ਜਦ (ਯੂ) ਦੀ ਕਿਸਮਤ ਵੀ ਸ਼ਾਇਦ ਇਸ ਤੋਂ ਵੱਖ ਨਹੀਂ ਹੋਵੇਗੀ।
ਪੀ. ਚਿਦਾਂਬਰਮ
‘ਨੌਕਰੀਆਂ ਹਾਸਲ ਕਰਨ ਦੇ ਇੱਛੁਕਾਂ ਲਈ’ ਜਾਅਲੀ ਸਰਟੀਫਿਕੇਟ ਅਤੇ ਡਿਗਰੀਆਂ ਬਣਾਉਣ ਦਾ ਧੰਦਾ ਜ਼ੋਰਾਂ ’ਤੇ!
NEXT STORY