ਕੋਲਕਾਤਾ ਵਿਚ ਇਕ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਨੇ ਹਸਪਤਾਲਾਂ ਵਿਚ ਔਰਤਾਂ ਦੀ ਸੁਰੱਖਿਆ ਉੱਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਡਾਕਟਰ ਹੁਣ ਪੂਰੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਵਧ ਰਹੇ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਦੀ ਮੰਗ ਕਰ ਰਹੇ ਹਨ।
ਵਿਰੋਧ ਕਰ ਰਹੇ ਡਾਕਟਰਾਂ ਦੁਆਰਾ ਪ੍ਰਸਾਰਿਤ ਕੀਤੀ ਜਾ ਰਹੀ ਪਟੀਸ਼ਨ ਇਸ ਗੱਲ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਇਕ ਇਕੱਲਾ ਕਾਨੂੰਨ ਜ਼ਰੂਰੀ ਸੁਰੱਖਿਆ ਨਹੀਂ ਪ੍ਰਦਾਨ ਕਰ ਸਕਦਾ। ਇਸ ’ਚ ਇਕ ਨਰਸ ਦੇ ਕੇਸ ਦਾ ਹਵਾਲਾ ਦਿੱਤਾ ਗਿਆ ਹੈ ਜਿਸ ’ਤੇ ਮਾਰਚ 2022 ਵਿਚ ਸੂਰਤ ਵਿਚ ਇਕ ਐਮਰਜੈਂਸੀ ਵਾਰਡ ਦੇ ਮਰੀਜ਼ ਵੱਲੋਂ ਲੋਹੇ ਦੀ ਮੇਜ਼ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਤਿੰਨ ਟਾਂਕੇ ਲਾਉਣੇ ਪਏ ਸਨ। ਪਟੀਸ਼ਨ ’ਚ ਕਿਹਾ ਗਿਆ ਹੈ, ‘‘ਨਰਸ ਨੇ ਐੱਫ. ਆਈ. ਆਰ. ਦਰਜ ਕਰਵਾਈ ਅਤੇ ਉਕਤ ਵਿਅਕਤੀ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 332 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਪਰ ਹਸਪਤਾਲ ਜਾਂ ਪੁਲਸ ਵੱਲੋਂ ਕੋਈ ਕਾਰਵਾਈ ਕੀਤੇ ਜਾਣ ਦੀ ਕੋਈ ਸੂਚਨਾ ਨਹੀਂ ਹੈ।’’
ਜੇਕਰ ਆਈ. ਪੀ. ਸੀ. ਦੀ ਧਾਰਾ 332 ਤਹਿਤ ਦੋਸ਼ੀ ਠਹਿਰਾਇਆ ਜਾਂਦਾ ਹੈ, ਜੋ ਕਿਸੇ ਸਰਕਾਰੀ ਕਰਮਚਾਰੀ ਨੂੰ ਉਸ ਦੀ ਡਿਊਟੀ ਤੋਂ ਰੋਕਣ ਲਈ ਸੱਟ ਮਾਰਨ ਵਾਲੀ ਹਿੰਸਾ ਨਾਲ ਸਬੰਧਤ ਹੈ, ਤਾਂ ਸਜ਼ਾ 3 ਸਾਲ ਤੱਕ ਦੀ ਕੈਦ ਅਤੇ/ਜਾਂ ਜੁਰਮਾਨਾ ਹੈ। ਇਹ ਇਕ ਅਜਿਹਾ ਅਪਰਾਧ ਹੈ, ਜਿਸ ’ਚ ਦੋਸ਼ੀ ਨੂੰ ਬਿਨਾਂ ਵਾਰੰਟ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਗੈਰ-ਜ਼ਮਾਨਤੀ ਅਤੇ ਗੈਰ-ਸਮਝੌਤਾਯੋਗ ਹੈ (ਇਕ ਵਿਵਸਥਾ ਜੋ ਆਮ ਤੌਰ ’ਤੇ ਘਿਨਾਉਣੇ ਅਪਰਾਧਾਂ ’ਤੇ ਲਾਗੂ ਹੁੰਦੀ ਹੈ), ਮਤਲਬ ਕਿ ਅਦਾਲਤੀ ਕਾਰਵਾਈ ਜਾਰੀ ਰਹੇਗੀ ਭਾਵੇਂ ਪੀੜਤ ਅਤੇ ਦੋਸ਼ੀ ਕਿਸੇ ਨਿੱਜੀ ਸਮਝੌਤੇ ’ਤੇ ਪਹੁੰਚ ਜਾਂਦੇ ਹਨ।
ਕੀਤੀ ਗਈ ਕਾਰਵਾਈ ਬਾਰੇ ਹੋਰ ਜਾਣਕਾਰੀ ਦੀ ਘਾਟ ਜਾਂ ਤਾਂ ਹਸਪਤਾਲ ਦੁਆਰਾ ਨਾਕਾਫ਼ੀ ਫਾਲੋ-ਅੱਪ ਜਾਂ ਨਿਆਂ ਪ੍ਰਣਾਲੀ ਦੀ ਆਮ ਦੇਰੀ ਨੂੰ ਦਰਸਾਉਂਦੀ ਹੈ। ਇਹ ਦੋਵੇਂ ਸਮੱਸਿਆਵਾਂ ਨਵੇਂ ਕੇਂਦਰੀ ਕਾਨੂੰਨ ਨਾਲ ਵੀ ਬਰਕਰਾਰ ਰਹਿਣਗੀਆਂ, ਕਿਉਂਕਿ ਕਠਿਨਾਈ ਕਾਨੂੰਨ ਨਾਲੋਂ ਇਸ ਦੇ ਲਾਗੂ ਹੋਣ ਵਿਚ ਜ਼ਿਆਦਾ ਜਾਪਦੀ ਹੈ।
ਬਹੁਤੇ ਸੂਬਿਆਂ ਨੇ ਪਹਿਲਾਂ ਹੀ ਇਕ ਕਾਨੂੰਨ, ਮੈਡੀਕੇਅਰ ਸਰਵਿਸ ਪਰਸਨਜ਼ ਅਤੇ ਮੈਡੀਕੇਅਰ ਸਰਵਿਸ ਇੰਸਟੀਚਿਊਸ਼ਨਜ਼ (ਹਿੰਸਾ ਅਤੇ ਜਾਇਦਾਦ ਦੇ ਨੁਕਸਾਨ ਦੀ ਰੋਕਥਾਮ) ਐਕਟ ਨੂੰ ਅਪਣਾ ਲਿਆ ਹੈ, ਜੋ ਕੁਝ ਭਿੰਨਤਾਵਾਂ ਦੇ ਨਾਲ ਹਿੰਸਕ ਅਪਰਾਧੀਆਂ ਨੂੰ ਸਜ਼ਾ ਦਿੰਦਾ ਹੈ। ਹਾਲਾਂਕਿ, ਖੋਜ ਨੇ ਦਿਖਾਇਆ ਹੈ ਕਿ ਇਨ੍ਹਾਂ ਸੂਬਿਆਂ ਵਿਚ ਵੀ, ਇਸ ਕਾਨੂੰਨ ਤਹਿਤ ਮੁਕੱਦਮੇ ਚਲਾਏ ਜਾਣ ਵਾਲੇ 10 ਫ਼ੀਸਦੀ ਤੋਂ ਵੀ ਘੱਟ ਕੇਸ ਦੋਸ਼ ਦਾਇਰ ਹੋਣ ਤੋਂ ਬਾਅਦ ਅਦਾਲਤ ਵਿਚ ਪਹੁੰਚਦੇ ਹਨ।
ਜਦੋਂ ਕਿ ਪਟੀਸ਼ਨ ਸਾਰੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ, ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਉਸ ਭਿਆਨਕਤਾ ਦੇ ਖਿਲਾਫ ਗੁੱਸੇ ਦਾ ਇਕ ਅੰਸ਼ ਵੀ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਹਮਲਿਆਂ ਦਾ ਨਰਸਾਂ ਜਾਂ ਹੇਠਲੇ ਪੱਧਰ ਦੇ ਹਸਪਤਾਲ ਦੇ ਸਟਾਫ਼ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਨਸਾਫ਼ ਦੀ ਲੜਾਈ, ਜਿੱਥੇ ਨਰਸਾਂ ਨਾਲ ਜਬਰ-ਜ਼ਨਾਹ ਅਤੇ ਕਤਲ ਦੀਆਂ ਕਈ ਭਿਆਨਕ ਘਟਨਾਵਾਂ ਵਾਪਰ ਚੁੱਕੀਆਂ ਹਨ, ਨੂੰ ਉਨ੍ਹਾਂ ਦੇ ਪਰਿਵਾਰਾਂ ’ਤੇ ਛੱਡ ਦਿੱਤਾ ਗਿਆ ਹੈ।
ਸਿਹਤ ਪ੍ਰਣਾਲੀ ਵਿਚ ਔਰਤ ਨਰਸਾਂ ਸਭ ਤੋਂ ਕਮਜ਼ੋਰ ਹਨ। ਸਹਿ-ਕਰਮੀਆਂ ਤੋਂ ਲੈ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਤੱਕ ਹਰ ਕਿਸੇ ਵੱਲੋਂ ਉਨ੍ਹਾਂ ਦਾ ਜ਼ੁਬਾਨੀ, ਸਰੀਰਕ ਅਤੇ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਕੋਲ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੈ। ਉਨ੍ਹਾਂ ਦਾ ਇਕੋ-ਇਕ ਸਹਾਰਾ ਕੰਮ ਵਾਲੀ ਥਾਂ ’ਤੇ ਸਾਰੀਆਂ ਔਰਤਾਂ ਦੀ ਸੁਰੱਖਿਆ ਕਰਨ ਵਾਲੇ ਆਮ ਕਾਨੂੰਨ ਹਨ।
2024 ’ਚ ਹਸਪਤਾਲਾਂ ’ਚ ਦਰਜ ਕੀਤੇ ਗਏ ਸੈਕਸ ਸੋਸ਼ਣ ਦੇ 5 ’ਚੋਂ 4 ਮਾਮਲਿਆਂ ’ਚ ਪੀੜਤ ਔਰਤ ਮਰੀਜ਼ ਹਨ। ਪਿਛਲੇ 10 ਸਾਲਾਂ ਵਿਚ ਭਾਰਤ ਭਰ ਵਿਚ ਦੋ ਦਰਜਨ ਦੇ ਕਰੀਬ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਹਸਪਤਾਲਾਂ ਵਿਚ ਔਰਤ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਕੀ ਸਿਹਤ ਪ੍ਰਣਾਲੀ ਦੇ ਅੰਦਰ ਮਰੀਜ਼ਾਂ ਨੂੰ ਹਿੰਸਾ ਤੋਂ ਬਚਾਉਣ ਲਈ ਕੋਈ ਵਿਸ਼ੇਸ਼ ਕਾਨੂੰਨ ਹਨ?
ਕੀ ਪ੍ਰਸੂਤੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਸੁਰੱਖਿਆ ਲਈ ਕੋਈ ਵਿਸ਼ੇਸ਼ ਕਾਨੂੰਨ ਹੈ, ਜਿਸ ਵਿਚ ਜਣੇਪੇ ਦੌਰਾਨ ਔਰਤ ਨਾਲ ਛੇੜਛਾੜ ਅਤੇ ਥੱਪੜ ਮਾਰਨਾ ਸ਼ਾਮਲ ਹੈ, ਜਿਸ ਦੀ ਵਿਆਪਕਤਾ ਜ਼ਿਆਦਾਤਰ ਡਾਕਟਰ ਪ੍ਰਮਾਣਿਤ ਕਰਨਗੇ? ਕੀ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਧੂ ਚਾਰਜਿੰਗ ਦੀ ਵਿੱਤੀ ਮਾਰ ਤੋਂ ਬਚਾਉਣ ਲਈ ਕੋਈ ਖਾਸ ਕਾਨੂੰਨ ਹਨ? ਨਹੀਂ ਹਨ। ਉਹ ਕਾਨੂੰਨ ਦੀਆਂ ਉਹੀ ਧਾਰਾਵਾਂ ਦੀ ਵਰਤੋਂ ਕਰਦੇ ਹਨ ਜੋ ਆਮ ਆਬਾਦੀ ਨੂੰ ਉਸੇ ਸੁਸਤ ਨਿਆਂ ਪ੍ਰਣਾਲੀ ਤਹਿਤ ਨਿਆਂ ਲੈਣ ਲਈ ਉਪਲਬਧ ਹਨ, ਜਿਸ ਨਾਲ ਸਿਹਤ ਕਰਮਚਾਰੀ ਸੰਘਰਸ਼ ਕਰਦੇ ਹਨ।
ਇਕ ਸਿਹਤ ਪ੍ਰਣਾਲੀ ਵਿਚ ਮਰੀਜ਼ ਸ਼ਾਇਦ ਸਭ ਤੋਂ ਘੱਟ ਤਾਕਤਵਰ ਹੁੰਦੇ ਹਨ ਅਤੇ ਉਨ੍ਹਾਂ ਵਲੋਂ ਵਿਰੋਧ ਕਰਨ ਲਈ ਕੋਈ ਸੰਗਠਿਤ ਸਮੂਹ ਨਹੀਂ ਹੁੰਦਾ। ਮਰੀਜ਼ਾਂ ਦੀ ਸੁਰੱਖਿਆ ਜਾਂ ਬੁਨਿਆਦੀ ਹੱਕਾਂ ਲਈ ਕੋਈ ਲਾਬੀ ਸੜਕਾਂ ’ਤੇ ਨਹੀਂ ਉਤਰੀ। ਸਿਹਤ ਕਰਮਚਾਰੀਆਂ ਨੂੰ ਦਰਪੇਸ਼ ਹਿੰਸਾ ’ਤੇ ਬਹੁਤ ਸਾਰੇ ਅਧਿਐਨ ਹਨ ਪਰ ਮਰੀਜ਼ਾਂ ਵਲੋਂ ਅਕਸਰ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਵੱਲੋਂ ਕੀਤੀ ਜਾਂਦੀ ਹਿੰਸਾ ’ਤੇ ਸ਼ਾਇਦ ਹੀ ਕੋਈ ਅਧਿਐਨ ਕੀਤਾ ਗਿਆ ਹੋਵੇ। ਇਸ ਅਸਮਾਨਤਾ ਨੇ ਸਿਹਤ ਕਰਮਚਾਰੀਆਂ ਵਿਚ ਪੀੜਤ ਹੋਣ ਦੀ ਭਾਵਨਾ ’ਤੇ ਅਹਿਮ ਪ੍ਰਭਾਵ ਪਾਇਆ ਹੈ ਅਤੇ ਇਸ ਨੂੰ ਪ੍ਰਣਾਲੀਗਤ ਬੁਰਾਈਆਂ ਤੋਂ ਹੋਰ ਦੂਰ ਕਰਦੀ ਹੈ।
ਸਿਹਤ ਸੰਭਾਲ ਕਰਮਚਾਰੀਆਂ ਵਿਰੁੱਧ ਹਿੰਸਾ ਵਿਸ਼ਵ ਪੱਧਰ ’ਤੇ ਦਰਜ ਕੀਤੀ ਗਈ ਹੈ ਅਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸਿਹਤ ਸੰਭਾਲ ਕਰਮਚਾਰੀਆਂ ਦੇ ਵਿਰੁੱਧ ਹਮਲੇ ਆਮ ਕੰਮ ਵਾਲੀਆਂ ਥਾਵਾਂ ’ਤੇ ਪੇਸ਼ੇਵਰਾਂ ਵਿਰੁੱਧ ਹਮਲਿਆਂ ਨਾਲੋਂ 4 ਗੁਣਾ ਜ਼ਿਆਦਾ ਹਨ। ਕੀ ਇਸ ਬਾਰੇ ਕੋਈ ਸਮਾਨ ਅਧਿਐਨ ਕੀਤਾ ਗਿਆ ਹੈ ਕਿ ਕੀ ਸਿਹਤ ਸੰਭਾਲ ਦੀ ਮੰਗ ਕਰਨ ਵਾਲੇ ਮਰੀਜ਼ ਕਿਸੇ ਹੋਰ ਸੇਵਾ ਦੇ ਖਪਤਕਾਰਾਂ ਨਾਲੋਂ ਹਿੰਸਾ ਦਾ ਅਨੁਭਵ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ? ਕੀ ਸਿਹਤ ਪ੍ਰਣਾਲੀ ਜਾਂ ਕਿਸੇ ਸੇਵਾ ਪ੍ਰਦਾਨ ਪ੍ਰਣਾਲੀ ਵਿਚ ਬੀਮਾਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲੋਂ ਕੋਈ ਵਧੇਰੇ ਅਸੁਰੱਖਿਅਤ ਸਮੂਹ ਹੈ?
ਸਿਹਤ ਸਹੂਲਤਾਂ ਵਿਚ ਹਿੰਸਾ ਨੂੰ ਸੰਬੋਧਿਤ ਕਰਨ ਵਾਲੇ ਅਧਿਐਨਾਂ ਨੇ ਕਈ ਜੋਖਮ ਕਾਰਕਾਂ ਦੀ ਪਛਾਣ ਕੀਤੀ ਹੈ, ਜਿਸ ਵਿਚ ਘੱਟ ਕਰਮਚਾਰੀਆਂ ਵਾਲੇ ਐਮਰਜੈਂਸੀ ਵਿਭਾਗ, ਮਰੀਜ਼ਾਂ ਲਈ ਲੰਮੀ ਉਡੀਕ, ਸਿਹਤ ਸੇਵਾਵਾਂ ਦੀ ਮਾੜੀ ਗੁਣਵੱਤਾ ਅਤੇ ਸੰਚਾਰ ਸ਼ਾਮਲ ਹਨ। ਹਾਲਾਂਕਿ ਇਹ ਕਾਰਕ ਸਿਹਤ ਸੰਭਾਲ ਕਰਮਚਾਰੀਆਂ ਲਈ ਹਿੰਸਾ ਦੇ ਜੋਖਮ ਨੂੰ ਵਧਾਉਂਦੇ ਹਨ, ਪਰ ਇਨ੍ਹਾਂ ਦਾ ਮਤਲਬ ਮਰੀਜ਼ਾਂ ਲਈ ਬਹੁਤ ਜ਼ਿਆਦਾ ਦੁੱਖ ਜਾਂ ਮੌਤ ਵੀ ਹੋ ਸਕਦਾ ਹੈ।
ਰੇਮਾ ਨਾਗਰਾਜਨ
ਬੰਗਲਾਦੇਸ਼ੀ ਹਿੰਦੂਆਂ ਨੂੰ ਭਾਰਤ ’ਚ ਸ਼ਰਨ ’ਤੇ ‘ਭਾਜਪਾ ’ਚ ਉੱਠਣ ਲੱਗੀਆਂ ਆਵਾਜ਼ਾਂ
NEXT STORY