ਭਾਰਤੀ ਸੱਭਿਆਚਾਰ ਵਿਚ ਜਦੋਂ ਭਗਤੀ ਲਹਿਰ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਮਸਤਕ ਵਿਚ ਜਿਸ ਅਧਿਆਤਮਕ ਚਿੰਤਕ ਦਾ ਖਿਆਲ ਆਉਂਦਾ ਹੈ, ਉਹ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂ ਆਉਂਦਾ ਹੈ। ਕਹਿੰਦੇ ਹਨ ਕਿ ਜਦੋਂ-ਜਦੋਂ ਦੁਨੀਆ ਵਿਚ ਜ਼ੁਲਮ, ਬਦੀ ਜਾਂ ਵਿਕਾਰ ਸਿਖਰਾਂ ’ਤੇ ਆਉਂਦਾ ਹੈ ਤਾਂ ਇਸ ਅੰਧੇਰੇ ਵਿਚ ਮਨੁੱਖਤਾ ਦਾ ਰਾਹ ਦਿਖਾਉਣ ਲਈ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਆਪ ਇਨਸਾਨੀ ਰੂਪ ਧਾਰਨ ਕਰ ਕੇ ਦੁਨੀਆ ਵਿਚ ਆਉਂਦੇ ਹਨ। 15ਵੀਂ-16ਵੀਂ ਸਦੀ ਦੀ ਗੱਲ ਕਰੀਏ ਜਦੋਂ ਸਮਾਜ ’ਚ ਜਾਤ-ਪਾਤ ਰੂਪੀ ਬੁਰਾਈ, ਗਰੀਬਾਂ ’ਤੇ ਜ਼ੁਲਮਾਂ ਦੀ ਦਾਸਤਾਨ, ਭੇਦ-ਭਾਵ, ਊਚ-ਨੀਚ ਸਿਖਰਾਂ ’ਤੇ ਸੀ ਤਾਂ ਇਨ੍ਹਾਂ ਬੁਰਾਈਆਂ ’ਚੋਂ ਮਨੁੱਖਤਾ ਨੂੰ ਕੱਢਣ ਲਈ ਅਤੇ ਸਮਾਜ ਦੇ ਠੇਕੇਦਾਰਾਂ ਨੂੰ ਸਹੀ ਰਸਤਾ ਦਿਖਾਉਣ ਲਈ ਪ੍ਰਮਾਤਮਾ ਨੇ ਸੰਸਾਰੀ ਰੂਪ ਧਾਰਨ ਕਰ ਕੇ ਇਕ ਮਰਦ ਅਗੰਬੜੇ ਨੂੰ ਧਰਤੀ ’ਤੇ ਭੇਜਿਆ, ਜਿਸ ਨੂੰ ਬਾਅਦ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਨਾਲ ਜਾਣਿਆ ਗਿਆ। ਇਨ੍ਹਾਂ ਦਾ ਜਨਮ 1376 ਈਸਵੀ ਭਾਵ 1433 ਸੰਮਤ ਬਿਕ੍ਰਮੀ ਨੂੰ ਕਾਸ਼ੀ ਬਨਾਰਸ ਹੁਣ ਯੂ. ਪੀ. ਵਿਖੇ ਪਿਤਾ ਸੰਤੋਖ ਅਤੇ ਮਾਤਾ ਕਲਸੀ ਜੀ ਦੀ ਕੁੱਖੋਂ ਹੋਇਆ। ਆਪ ਨੇ ਜੀਵਨ ਕਾਲ ਵਿਚ ਜੋੜਿਆਂ ਨੂੰ ਗੰਢਣ ਦਾ ਕੰਮ ਕੀਤਾ ਅਤੇ ਮਨੁੱਖ ਨੂੰ ਹੱਥ ਨਾਲ ਕਿਰਤ ਕਰਨ ਦਾ ਸੰਦੇਸ਼ ਦਿੱਤਾ ਅਤੇ ਕਿਰਤ ਤੋਂ ਕੀਤੀ ਗਈ ਕਮਾਈ ਨੂੰ ਸੰਗਤ, ਪੰਗਤ ਅਤੇ ਲੰਗਰ ਦੀ ਸੇਵਾ ਵਿਚ ਲਾਇਆ ਅਤੇ ਮਨੁੱਖਤਾ ਨੂੰ ਸੰਦੇਸ਼ ਦਿੱਤਾ ਕਿ ਹੱਥ ਨਾਲ ਕੋਈ ਵੀ ਕੰਮ ਕਰਨਾ ਮਨੁੱਖ ਵਾਸਤੇ ਮਾਣ ਵਾਲੀ ਗੱਲ ਹੈ। ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਸਗੋਂ ਮਨੁੱਖ ਦੀ ਮਾੜੀ ਸੋਚ ਹੀ ਉਸ ਕੰਮ ਨੂੰ ਮਾੜਾ ਬਣਾਉਂਦੀ ਹੈ। ਭਾਵੇਂ ਮਜ਼ਲੂਮਾਂ ਦੀ ਅਾਵਾਜ਼ ਬੁਲੰਦ ਕਰਨ ਵਾਸਤੇ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਪਰ ਫਿਰ ਵੀ ਉਨ੍ਹਾਂ ਨੇ ਨਿਮਰਤਾ ਅਤੇ ਸਾਂਝੀਵਾਲਤਾ ਦੇ ਉਪਦੇਸ਼ ਸਦਕਾ ਹਰ ਭਟਕੇ ਮਨੁੱਖ ਨੂੰ ਉਪਦੇਸ਼ ਦੇ ਕੇ ਸੱਚੇ ਮਾਰਗ ਪਾਇਆ।
ਜੇਕਰ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਦੀ ਰਚਿਤ ਬਾਣੀ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਜੀ ਦੇ 41 ਸ਼ਬਦ/ਸਲੋਕ ਦਰਜ ਹਨ। ਇਸ ਤੋਂ ਇਲਾਵਾ ‘‘ਰੈਦਾਸ ਜੀ ਦੀ ਬਾਣੀ’’ ਇਕ ਹੱਥ ਲਿਖਤ ਗ੍ਰੰਥ ਵੀ ਮੌਜੂਦ ਹੈ। 1984 ਵਿਚ ਭਾਸ਼ਾ ਵਿਭਾਗ ਵੱਲੋਂ ਵੀ ‘‘ਬਾਣੀ ਸਤਿਗੁਰੂ ਰਵਿਦਾਸ ਜੀ ਦੀ’’ ਸਿਰਲੇਖ ਅਧੀਨ ਛਾਪਿਆ ਸੀ। ਸਾਡੇ ਭਾਰਤ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਧਰਤੀ ਉੱਪਰ ਗੁਰੂ, ਸੰਤ, ਫਕੀਰ, ਭਗਤ ਅਧਿਆਤਮਕ ਕਈ ਪੈਦਾ ਹੋਏ ਅਤੇ ਮਨੁੱਖਤਾ ਦੀ ਭਲਾਈ ਲਈ ਆਪਣੇ ਅਣਥੱਕ ਯਤਨ ਕੀਤੇ।
ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਪ੍ਰੇਮ ਭਗਤੀ ’ਤੇ ਆਧਾਰਿਤ ਹੈ ਅਤੇ ਇਕ ਚੰਗੀ ਸੰਗਤ ਵਿਚ ਰਹਿਣ ਲਈ ਪ੍ਰੇਰਿਤ ਕਰਦੀ ਹੈ ਅਤੇ ਸੰਦੇਸ਼ ਦਿੰਦੀ ਹੈ ਕਿ ਮਨੁੱਖ ਦੀ ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਸੇ ਤਰ੍ਹਾਂ ਦੀ ਉਸ ਦੀ ਸੋਚ ਉਤਪੰਨ ਹੋ ਜਾਂਦੀ ਹੈ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਇਕ ਚੰਗੀ ਸੰਗਤ ’ਚ ਰਹਿਣ ਦਾ ਸੰਦੇਸ਼ ਦਿੰਦੀ ਹੈ ਕਿ ਚੰਗੀ ਸੰਗਤ ਮਨੁੱਖ ਦੇ ਵਿਕਾਰਾਂ ਨੂੰ ਦੂਰ ਕਰ ਕੇ ਉਸ ਨੂੰ ਲੋਹੇ ਤੋਂ ਸੋਨਾ ਬਣਾ ਿਦੰਦੀ ਹੈ, ਮਾਨਵਤਾ ਅਤੇ ਰੂਹਾਨੀ ਪ੍ਰੇਮ ਭਾਵਨਾ ਦਾ ਸੰਦੇਸ਼ ਦਿੰਦੀ ਹੈ। ਇਕ ਚੰਗੀ ਸੰਗਤ ਹੀ ਅਗਿਆਨਤਾ ਤੋਂ ਗਿਆਨ, ਹਨੇਰੇ ਤੋਂ ਚਾਨਣ ਅਤੇ ਪੱਖਪਾਤ ਤੋਂ ਨਿਰਪੱਖਤਾ ਵੱਲ ਲੈ ਜਾਂਦੀ ਹੈ। ਚੰਗੀ ਸੰਗਤ ਵਾਲੇ ਦੇ ਮਨ ਦੀ ਭਟਕਣਾ, ਮੈਲ ਅਤੇ ਹਉਮੈ ਖਤਮ ਹੋ ਜਾਂਦੇ ਹਨ ਅਤੇ ਮਨ ਸਥਿਰ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਚੰਗੀ ਸੰਗਤ ਗ੍ਰਹਿਣ ਕਰ ਕੇ ਉਸ ’ਚ ਰਹਿਣਾ ਚਾਹੀਦਾ ਹੈ।
ਉਨ੍ਹਾਂ ਦੀ ਬਾਣੀ ਮਨੁੱਖ ਨੂੰ ਝੂਠੇ ਦਿਖਾਵੇ, ਵਹਿਮਾਂ-ਭਰਮਾਂ/ਮੰਤਰਾਂ ਅਤੇ ਤੰਤਰਾਂ ਤੋਂ ਵਰਜਦੀ ਹੈ ਅਤੇ ਇਕ ਅਜਿਹੇ ਸਮਾਜ ਦੀ ਸਿਰਜਣਾ ਦਾ ਉਦੇਸ਼ ਦਿੰਦੀ ਹੈ, ਜਿੱਥੇ ਮਨੁੱਖ ਨੂੰ ਕੋਈ ਦੁੱਖ-ਦਰਦ ਅਤੇ ਚਿੰਤਾ ਨਾ ਹੋਵੇ। ਕੋਈ ਟੈਕਸ ਨਾ ਦੇਣਾ ਪਵੇ ਅਤੇ ਹਰ ਵਿਅਕਤੀ ਨੂੰ ਸਨਮਾਨ ਸਹਿਤ ਆਪਣਾ ਜੀਵਨ ਜਿਊਣ ਦਾ ਹੱਕ ਹੋਵੇ ਤਾਂ ਹੀ ਉਹ ਆਪਣੀ ਬਾਣੀ ਵਿਚ ਲਿਖਦੇ ਹਨ ਕਿ ‘ਬੇਗਮਪੁਰਾ ਸਹਰ ਕੋ ਨਾਉ, ਦੂਖ ਅੰਦੋਹ ਨਹੀ ਤਿਹਿ ਠਾਉ।’ ਇਸੇ ਤਰ੍ਹਾਂ ਗੁਰੂ ਜੀ ਦੇ ਸਮਕਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿਚ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦਾ ਸੰਦੇਸ਼ ਦਿੱਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅਕਾਲ ਪੁਰਖ ਦੀ ਮਹਿਮਾ ਵਿਚ ਮਾਨਵਤਾ ਦੇ ਭਲੇ ਵਾਸਤੇ ਅੰਕਿਤ ਕੀਤਾ ਕਿ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’’
ਅਜਿਹੀਆਂ ਸਭ ਮਹੱਤਵਪੂਰਨ ਜਾਣਕਾਰੀਆਂ ਹੋਣ ਦੇ ਬਾਵਜੂਦ ਜੇਕਰ ਅਸੀਂ ਅਜੋਕੇ ਸਮੇਂ ਵਿਚ ਸੁਚੇਤਤਾ ਦੀ ਗੱਲ ਕਰੀਏ ਤਾਂ ਅਸੀਂ ਗੁਰਪੁਰਬ ਮਨਾਉਣ ਵਿਚ ਤਾਂ ਸਮਰੱਥ ਹੋ ਗਏ ਹਾਂ ਪ੍ਰੰਤੂ ਗੁਰੂ ਜੀ ਦੀ ਸਿੱਖਿਆ ਉੱਪਰ ਚੱਲਣ ਲਈ ਅਸੀਂ ਅਜੇ ਵੀ ਅਸਫਲ ਹਾਂ। ਉਨ੍ਹਾਂ ਦੀਆਂ ਧਾਰਮਿਕ ਯਾਤਰਾਵਾਂ, ਫਲਸਫੇ ਅਤੇ ਬਾਣੀ ਨੇ ਸਾਨੂੰ ਜਿਸ ਅੰਧਕਾਰ ਵਿਚੋਂ ਕੱਢ ਕੇ ਲਿਆਂਦਾ ਸੀ ਉਸ ਨੂੰ ਸਮਝਣ ਵਿਚ ਅਸੀਂ ਅੱਜ ਵੀ ਅਸਫਲ ਹਾਂ। ਅਫਸੋਸ ਹੈ ਕਿ ਵੱਡੇ-ਵੱੱਡੇ ਫਲੈਕਸਾਂ, ਜੈਕਾਰਿਆਂ ਅਤੇ ਨਾਅਰਿਆਂ ਦੀ ਗੂੰਜ ਸਾਡੇ ਮਨ ਨੂੰ ਬੁਲੰਦ ਨਹੀਂ ਕਰ ਸਕੀ। ਜਿਸ ਕਾਰਨ ਸਾਡਾ ਮਨ ਅੱਜ ਵੀ ਭਟਕਣਾ ਵਿਚ ਫਸਿਆ ਹੋਇਆ ਹੈ। ਅਸੀਂ ਪ੍ਰਭਾਤ ਫੇਰੀਆਂ, ਨਗਰ ਕੀਰਤਨਾਂ ਅਤੇ ਸੋਭਾ ਯਾਤਰਾਵਾਂ ਵਿਚ ਤਾਂ ਸਹਿਜੇ ਹੀ ਸ਼ਾਮਲ ਹੋ ਜਾਂਦੇ ਹਾਂ ਪ੍ਰੰਤੂ ਸੱਚ ਦੀ ਖੋਜ ਅਤੇ ਮਾਰਗ ਜੋ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਸਾਨੂੰ ਦੱਸਿਆ ਸੀ, ਉਸ ਉਪਰ ਚੱਲਣ ਲਈ ਅਸੀਂ ਅਜੇ ਵੀ ਅਸਹਿਜ ਹਾਂ। ਆਓ ਇਸ ਗੁਰਪੁਰਬ ’ਤੇ ਅਸੀਂ ਪ੍ਰਣ ਕਰੀਏ ਕਿ ਅਸੀਂ ਇਸ ਨੂੰ ਮੇਲੇ ਵਾਂਗ ਨਾ ਮਨਾਈਏ ਸਗੋਂ ਉਨ੍ਹਾਂ ਦੇ ਸੱਚੇ-ਸੁੱਚੇ ਫਲਸਫੇ ਨੂੰ ਆਪਣੇ ਜੀਵਨ ਵਿਚ ਉਤਾਰ ਕੇ ਇਕ ਇਮਾਨਦਾਰ ਅਤੇ ਈਰਖਾ ਰਹਿਤ ਸਮਾਜ ਦੀ ਸਿਰਜਣਾ ਕਰੀਏ ਅਤੇ ਫ੍ਰੀ ਦੇ ਸਾਮਾਨ ਨੂੰ ਨਾ ਅਪਣਾ ਕੇ ਆਪ ਅਤੇ ਆਪਣੇ ਬੱਿਚਆਂ ਨੂੰ ਵੱਧ ਤੋਂ ਵੱਧ ਪੜ੍ਹਾਈਏ ਅਤੇ ਆਪਣੇ ਹੱਥੀਂ ਿਕਰਤ ਕਰ ਕੇ ਆਪਣੇ ਪਰਿਵਾਰ, ਦੇਸ਼ ਅਤੇ ਸਮਾਜ ਨੂੰ ਉਚਾਈਆਂ ਅਤੇ ਿਸਖਰਾਂ ਵੱਲ ਲੈ ਕੇ ਜਾਈਏ।
ਸਰਬਜੀਤ ਰਾਏ (ਸਾਬਕਾ ਪੁਲਸ ਕਪਤਾਨ ਜਲੰਧਰ)
ਅਜੀਤ ਪਵਾਰ ਦੇ ਦਿਹਾਂਤ ਨਾਲ ਰਾਕਾਂਪਾ ਵਿਚ ਅਨਿਸ਼ਚਿਤਤਾ
NEXT STORY