‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ (ਐੱਨ. ਸੀ. ਆਰ. ਬੀ.) ਦੀ 2025 ਦੀ ਰਿਪੋਰਟ ਅਨੁਸਾਰ ਸਾਲ 2023 ’ਚ ਪੂਰੇ ਦੇਸ਼ ’ਚ 91,296 ਬੱਚੇ ਲਾਪਤਾ ਹੋਣ ਦੀ ਰਿਪੋਰਟ ਪੁਲਸ ’ਚ ਦਰਜ ਕਰਵਾਈ ਗਈ। ਲਾਪਤਾ ਬੱਚਿਆਂ ’ਚ 68,835 ਕੁੜੀਆਂ ਅਤੇ 22,461 ਮੁੰਡੇ ਸ਼ਾਮਲ ਹਨ। ਇਹ ਗਿਣਤੀ 2022 ’ਚ ਲਾਪਤਾ ਹੋਏ ਬੱਚਿਆਂ ਦੀ ਤੁਲਨਾ ’ਚ 9.5 ਫੀਸਦੀ ਵੱਧ ਹੈ ਅਤੇ ਬੱਚਿਆਂ ਦੇ ਲਾਪਤਾ ਹੋਣ ਦਾ ਇਹ ਸਿਲਸਿਲਾ ਹੁਣ ਵੀ ਜਾਰੀ ਹੈ।
ਨਵਜੰਮੇ ਬੱਚਿਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਬੇਔਲਾਦ ਜੋੜਿਆਂ ਨੂੰ ਵੇਚਣਾ, ਵੱਡੀ ਉਮਰ ਦੇ ਬੱਚਿਆਂ ਕੋਲੋਂ ਭੀਖ ਮੰਗਵਾਉਣ, ਚੋਰੀ-ਚਕਾਰੀ ਵਰਗੇ ਅਪਰਾਧਾਂ ’ਚ ਧੱਕਿਆ ਜਾ ਰਿਹਾ ਹੈ। ਬਾਲ ਸਮੱਗਲਿੰਗ ਦੀਆਂ ਅਜਿਹੀਆਂ ਹੀ ਪਿਛਲੇ 3 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 21 ਅਪ੍ਰੈਲ ਨੂੰ ‘ਬਨਾਸਕਾਂਠਾ’ (ਗੁਜਰਾਤ) ਪੁਲਸ ਨੇ ਇਕ ਅੰਤਰ-ਰਾਜੀ ਬੱਚਾ ਚੋਰ ਗਿਰੋਹ ਦੇ ਸਰਗਣਾ ‘ਮੁਰੂਗਨ’ ਨੂੰ ਗ੍ਰਿਫ਼ਤਾਰ ਕਰਕੇ ਉਸ ਵੱਲੋਂ ਅਗਵਾ ਕੀਤੇ ਗਏ ਇਕ ਚਾਰ ਸਾਲਾ ਬੱਚੇ ਨੂੰ ਬਰਾਮਦ ਕੀਤਾ। ਇਹ ਗਿਰੋਹ ਗੁਜਰਾਤ, ਦਿੱਲੀ, ਤੇਲੰਗਾਨਾ ਅਤੇ ਮਹਾਰਾਸ਼ਟਰ ਤੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਕੇ 4 ਤੋਂ 5 ਲੱਖ ਰੁਪਿਆਂ ’ਚ ਵੇਚਦਾ ਸੀ।
* 28 ਮਈ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਬੱਚਾ ਚੋਰ ਗਿਰੋਹ ਦੇ 2 ਮੈਂਬਰਾਂ ‘ਯੋਗੇਸ਼ ਕਨੌਜੀਆ’ ਅਤੇ ‘ਪਵਨ ਚੰਦੇਲ’ ਨੂੰ ਐਨਕਾਊਂਟਰ ’ਚ ਜ਼ਖਮੀ ਕਰ ਕੇ ਉਨ੍ਹਾਂ ਕੋਲੋਂ ਇਕ ਮੰਦਰ ’ਚੋਂ ਚੋਰੀ ਕੀਤੇ ਗਏ ਡੇਢ ਸਾਲ ਦੇ ਇਕ ਬੱਚੇ ਨੂੰ ਬਰਾਮਦ ਕੀਤਾ।
‘ਯੋਗੇਸ਼’ ਅਤੇ ‘ਪਵਨ’ ਬੱਚੇ ਨੂੰ ਦਿੱਲੀ ’ਚ ਵੇਚਣ ਦੇ ਇਰਾਦੇ ਨਾਲ ਮੋਟਰਸਾਈਕਲ ’ਤੇ ਜਾ ਰਹੇ ਸਨ। ਉਦੋਂ ਹੀ ਸੂਚਨਾ ਮਿਲਣ ’ਤੇ ਪੁਲਸ ਨੇ ‘ਫੁਲਾਸੀ ਤਿਰਾਏ’ ’ਤੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਇਸੇ ਦੌਰਾਨ ਬੱਚਾ ਉਨ੍ਹਾਂ ਦੇ ਹੱਥਾਂ ’ਚੋਂ ਨਿਕਲ ਕੇ ਸੜਕ ਦੇ ਨੇੜੇ ਝਾੜੀਆਂ ’ਚ ਜਾ ਡਿੱਗਿਆ, ਜਿਸ ਨੂੰ ਪੁਲਸ ਨੇ ਚੁੱਕ ਕੇ ਇਲਾਜ ਲਈ ਭੇਜ ਦਿੱਤਾ ਅਤੇ ਦੋਵਾਂ ਬੱਚਾ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
* 2 ਜੂਨ ਨੂੰ ‘ਹਾਪੁੜ’ ਪੁਲਸ ਨੇ ਬੱਚਿਆਂ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਬੱਚੇ ਨੂੰ ਮੁਕਤ ਕਰਵਾਇਆ। ਇਹ ਗਿਰੋਹ ਵੱਖ-ਵੱਖ ਉਮਰ ਦੇ ਬੱਚਿਆਂ ਨੂੰ ਚੋਰੀ ਕਰਕੇ ਉਨ੍ਹਾਂ ਨੂੰ ਲੋੜਵੰਦਾਂ ਨੂੰ ਵੇਚਦਾ ਸੀ।
* 10 ਜੂਨ ਨੂੰ ‘ਆਂਧਰਾ ਪ੍ਰਦੇਸ਼’ ਵਿਚ ‘ਓਂਗੋਲ’ ਰੇਲਵੇ ਸਟੇਸ਼ਨ ’ਤੇ ‘ਪ੍ਰਕਾਸ਼ਮ ਜ਼ਿਲਾ ਬਾਲ ਕਲਿਆਣ ਸਮਿਤੀ’ ਅਤੇ ਪੁਲਸ ਨੇ ਬੱਚੇ ਚੋਰੀ ਕਰਨ ਵਾਲੇ ਇਕ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਬਿਹਾਰ ਤੋਂ ਤਾਮਿਲਨਾਡੂ ’ਚ ਮਜ਼ਦੂਰੀ ਕਰਵਾਉਣ ਲਈ ਲਿਜਾਏ ਜਾ ਰਹੇ 15 ਬੱਚਿਆਂ ਨੂੰ ਮੁਕਤ ਕਰਵਾਇਆ।
* 12 ਜੂਨ ਨੂੰ ‘ਇਟਾਵਾ’ (ਉੱਤਰ ਪ੍ਰਦੇਸ਼) ’ਚ 5 ਮਹੀਨੇ ਦੀ ਬੱਚੀ ਨੂੰ ਬਰਾਮਦ ਕੀਤਾ ਗਿਆ। ਉਸ ਨੂੰ 27 ਮਈ ਨੂੰ ‘ਹਰਿਦੁਆਰ’ (ਉੱਤਰਾਖੰਡ) ’ਚ ‘ਹਰਿ ਕੀ ਪੌੜੀ’ ਤੋਂ ਅਗਵਾ ਕਰ ਲਿਆ ਗਿਆ ਸੀ। ਉਕਤ ਬੱਚੀ ਦੇ ਮਾਤਾ-ਪਿਤਾ ‘ਸੰਭਲ’ (ਉੱਤਰ ਪ੍ਰਦੇਸ਼) ਤੋਂ ਗੰਗਾ ’ਚ ਇਸ਼ਨਾਨ ਕਰਨ ਹਰਿਦੁਆਰ ਆਏ ਸਨ।
* ਅਤੇ ਹੁਣ 18 ਜੂਨ ਨੂੰ ਦਿੱਲੀ ਪੁਲਸ ਨੇ ਬੱਚਾ ਚੋਰ ਗਿਰੋਹ ਦੀ ਸਰਗਣਾ ਸਮੇਤ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਮੁਕਤ ਕਰਵਾਏ ਗਏ 5 ਨਵਜੰਮੇ ਬੱਚਿਆਂ ਨੂੰ ‘ਬਾਲ ਕਲਿਆਣ ਸਮਿਤੀ’ ਦੀ ਦੇਖ-ਰੇਖ ’ਚ ਭੇਜ ਦਿੱਤਾ। ਇਨ੍ਹਾਂ ’ਚੋਂ ਇਕ ਬੱਚੇ ਦੀ ਉਮਰ 4 ਮਹੀਨੇ, 2 ਬੱਚਿਆਂ ਦੀ ਉਮਰ 27 ਦਿਨ, ਇਕ ਬੱਚੇ ਦੀ ਉਮਰ 20 ਦਿਨ ਅਤੇ ਇਕ ਹੋਰ ਬੱਚੇ ਦੀ ਉਮਰ ਮਹਿਜ਼ 5 ਦਿਨ ਸੀ।
ਇਸ ਗਿਰੋਹ ਦੀਆਂ ਤਾਰਾਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ। ਇਹ ਗਿਰੋਹ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਚੰਗੀ-ਖ਼ਾਸੀ ਰਕਮ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਵਜੰਮੇ ਬੱਚੇ ਲੈ ਲੈਂਦਾ ਸੀ।
ਇਸ ਤੋਂ ਬਾਅਦ ਦਿੱਲੀ ਦੇ ਇਕ ਹਸਪਤਾਲ ਰਾਹੀਂ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਬੇਔਲਾਦ ਜੋੜਿਆਂ ਨੂੰ ਲੱਖਾਂ ਰੁਪਿਆਂ (ਕੁੜੀਆਂ ਨੂੰ 1 ਲੱਖ ਅਤੇ ਮੁੰਡਿਆਂ ਨੂੰ 2 ਲੱਖ ਤੱਕ) ’ਚ ਵੇਚ ਦਿੱਤਾ ਜਾਂਦਾ ਸੀ।
ਪੁਲਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਜਾਂਚ ਇਕ ਔਰਤ ਬਾਰੇ ਪੁਖ਼ਤਾ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਹੋਈ, ਜਿਸ ਨੂੰ 20 ਦਿਨ ਪਹਿਲਾਂ ਵੀ ਇਕ ਨਵਜੰਮੇ ਬੱਚੇ ਨਾਲ ਦੇਖਿਆ ਗਿਆ ਸੀ, ਜੋ ਬਾਅਦ ’ਚ ਗਾਇਬ ਹੋ ਗਿਆ।
ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਗਿਣੇ-ਮਿੱਥੇ ਢੰਗ ਨਾਲ ਬੱਚਾ ਚੋਰੀ ਕਰਕੇ ਵੇਚਣ ਵਾਲੇ ਗਿਰੋਹਾਂ ਦੀ ਸਰਗਰਮੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਵੱਲ ਵਧੇਰੇ ਧਿਆਨ ਦੇਣ, ਖ਼ਾਸ ਕਰਕੇ ਰੇਲਵੇ ਸਟੇਸ਼ਨਾਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ’ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਮਾਮੂਲੀ ਜਿਹੀ ਲਾਪਰਵਾਹੀ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
ਇਸ ਬੁਰਾਈ ’ਤੇ ਰੋਕ ਲਾਉਣ ਲਈ ਅਜਿਹੇ ਅਪਰਾਧਾਂ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਵੀ ਲੋੜ ਹੈ।
—ਵਿਜੇ ਕੁਮਾਰ
ਅੱਜ ਦੀ ਸਥਿਤੀ 1990-91 ਦੀ ਯਾਦ ਦਿਵਾਉਂਦੀ ਹੈ!
NEXT STORY