ਪਹਿਲਾਂ ਕਰੀਅਰ ਦੀ ਸਫਲਤਾ ਦਾ ਇਕ ਨਿਸ਼ਚਿਤ ਰਸਤਾ ਹੁੰਦਾ ਸੀ-ਡਿਗਰੀ ਲਓ, ਨੌਕਰੀ ਪ੍ਰਾਪਤ ਕਰੋ, ਤਰੱਕੀ ਨਾਲ ਅੱਗੇ ਵਧੋ ਅਤੇ ਸੇਵਾਮੁਕਤੀ ਦੇ ਸਮੇਂ ਤੱਕ ਇਕ ਉੱਚਾ ਅਹੁਦਾ ਪ੍ਰਾਪਤ ਕਰ ਲਓ ਪਰ ਹੁਣ ਇਹ ਮਾਡਲ ਪੁਰਾਣਾ ਹੋ ਗਿਆ ਹੈ। ਅੱਜ ਨੌਕਰੀ ਦੀਆਂ ਭੂਮਿਕਾਵਾਂ ਇੰਨੀ ਤੇਜ਼ੀ ਨਾਲ ਬਦਲ ਰਹੀਆਂ ਹਨ ਕਿ ਤੁਹਾਡੇ ਕੋਲ ਹੁਣ ਜੋ ਹੁਨਰ ਹਨ ਉਨ੍ਹਾਂ ਵਿਚੋਂ ਅੱਧੇ ਅਗਲੇ 5 ਸਾਲਾਂ ਵਿਚ ਅਪ੍ਰਾਸੰਗਿਕ ਹੋ ਸਕਦੇ ਹਨ।
ਵਰਲਡ ਇਕਨਾਮਿਕ ਫੋਰਮ ਦਾ ਅੰਦਾਜ਼ਾ ਹੈ ਕਿ 2027 ਤੱਕ 44 ਫੀਸਦੀ ਕਾਮਿਆਂ ਨੂੰ ਆਪਣੇ ਹੁਨਰਾਂ ਨੂੰ ਅਪਡੇਟ ਕਰਨ ਦੀ ਲੋੜ ਪਵੇਗੀ, ਜਦੋਂ ਕਿ ਖੋਜ ਏਜੰਸੀ ਮੈਕਿੰਸੇ ਦਾ ਕਹਿਣਾ ਹੈ ਕਿ ਲਗਭਗ ਹਰ ਕੰਮ ਲਈ ਡਿਜੀਟਲ ਅਤੇ ਵਿਸ਼ਲੇਸ਼ਣਾਤਮਕ ਹੁਨਰਾਂ ਦੀ ਲੋੜ ਹੋਵੇਗੀ।
ਕਿਸੇ ਖਾਸ ਪੇਸ਼ੇ ਨਾਲ ਸਿੱਧੇ ਤੌਰ ’ਤੇ ਜੁੜੇ ਹੋਣ ਦੀ ਬਜਾਏ, ਹੁਨਰ-ਅਾਧਾਰਿਤ ਪਹੁੰਚ ਹੁਣ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਹਾਰਵਰਡ ਬਿਜ਼ਨੈੱਸ ਸਕੂਲ ਦੀ ਖੋਜ ਦਰਸਾਉਂਦੀ ਹੈ ਕਿ ਕੰਪਨੀਆਂ ਹੁਣ ਡਿਗਰੀਆਂ ਦੀ ਬਜਾਏ ਹੁਨਰਾਂ ਦੇ ਆਧਾਰ ’ਤੇ ਭਰਤੀ ਕਰ ਰਹੀਆਂ ਹਨ। ਜਿਨ੍ਹਾਂ ਲੋਕਾਂ ਕੋਲ ਸਮੱਸਿਆ ਹੱਲ ਕਰਨ, ਡਿਜੀਟਲ ਸਾਖਰਤਾ ਅਤੇ ਰਣਨੀਤਕ ਸੋਚ ਵਰਗੇ ਹੁਨਰ ਹੁੰਦੇ ਹਨ, ਉਹ ਜਲਦੀ ਹੀ ਵੱਖ-ਵੱਖ ਉਦਯੋਗਾਂ ਅਤੇ ਭੂਮਿਕਾਵਾਂ ਵਿਚ ਫਿੱਟ ਹੋ ਸਕਦੇ ਹਨ।
ਹੁਣ ਸਥਾਈ ਕਰੀਅਰ ਲੱਭਣ ਦਾ ਸਮਾਂ ਨਹੀਂ ਹੈ, ਸਗੋਂ ਪ੍ਰਯੋਗ ਕਰਨ, ਆਪਣੀਆਂ ਯੋਗਤਾਵਾਂ ਨੂੰ ਸਮਝਣ ਅਤੇ ਬੁਨਿਆਦੀ ਹੁਨਰਾਂ ਨੂੰ ਵਿਕਸਤ ਕਰਨ ਦਾ ਸਮਾਂ ਹੈ। ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਮਹੱਤਵਪੂਰਨ ਹੈ : ਮੈਨੂੰ ਕੁਦਰਤੀ ਤੌਰ ’ਤੇ ਕੀ ਕਰਨ ਵਿਚ ਮਜ਼ਾ ਆਉਂਦਾ ਹੈ? ਕਿਹੜੇ ਹੁਨਰ ਮੈਨੂੰ ਉਤਸ਼ਾਹਿਤ ਕਰਦੇ ਹਨ? ਮੈਨੂੰ ਕਿਹੜੀਆਂ ਸਮੱਸਿਆਵਾਂ ਹੱਲ ਕਰਨ ਵਿਚ ਦਿਲਚਸਪੀ ਹੈ? ਤੁਹਾਡਾ ਹੁਨਰ ਜਿੰਨਾ ਵਿਭਿੰਨ ਹੋਵੇਗਾ, ਬਦਲਦੇ ਨੌਕਰੀ ਬਾਜ਼ਾਰ ਦੇ ਅਨੁਕੂਲ ਬਣਨਾ ਓਨਾ ਹੀ ਆਸਾਨ ਹੋਵੇਗਾ।
ਅੱਜ ਬਹੁ-ਪੱਖੀ ਪੇਸ਼ੇਵਰਾਂ ਦੀ ਮੰਗ ਵਧ ਰਹੀ ਹੈ। ਇਕ ਪ੍ਰੋਗਰਾਮਰ ਜੋ ਮਾਰਕੀਟਿੰਗ ਵੀ ਜਾਣਦਾ ਹੋਵੇ, ਇਕ ਵਿੱਤੀ ਮਾਹਿਰ ਜੋ ਡੇਟਾ ਵਿਗਿਆਨ ਨੂੰ ਸਮਝਦਾ ਹੋਵੇ, ਜਾਂ ਇਕ ਸਿਹਤ ਸੰਭਾਲ ਪੇਸ਼ੇਵਰ ਜੋ ਪ੍ਰਾਜੈਕਟ ਪ੍ਰਬੰਧਨ ਨੂੰ ਜਾਣਦਾ ਹੈ, ਬਹੁਤ ਸਾਰੀਆਂ ਭੂਮਿਕਾਵਾਂ ਵਿਚ ਆਰਾਮ ਨਾਲ ਫਿੱਟ ਹੋ ਸਕਦਾ ਹੈ। ਕੰਪਨੀਆਂ ਹੁਣ ਉਨ੍ਹਾਂ ਮੁਲਾਜ਼ਮਾਂ ਨੂੰ ਤਰਜੀਹ ਦੇ ਰਹੀਆਂ ਹਨ ਜੋ ਕਈ ਖੇਤਰਾਂ ਨੂੰ ਜੋੜ ਸਕਦੇ ਹਨ ਅਤੇ ਆਪਣੀ ਮੁਹਾਰਤ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤ ਸਕਦੇ ਹਨ।
30 ਸਾਲ ਦੀ ਉਮਰ ਤੱਕ, ਜ਼ਿਆਦਾਤਰ ਲੋਕਾਂ ਨੇ ਆਪਣੀ ਮੁਹਾਰਤ ਵਿਕਸਤ ਕਰ ਲਈ ਹੁੰਦੀ ਹੈ, ਪਰ ਹੁਣ ਸਥਿਰਤਾ ਦੀ ਭਾਲ ਵਿਚ ਰੁਕਣਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅੱਜ ਕਰੀਅਰ ਵਿਚ ਤਬਦੀਲੀਆਂ ਆਮ ਹੋ ਗਈਆਂ ਹਨ - ਮਾਰਕੀਟਿੰਗ ਤੋਂ ਉਤਪਾਦ ਪ੍ਰਬੰਧਨ ਵੱਲ, ਵਿੱਤ ਤੋਂ ਰਣਨੀਤੀ ਵੱਲ, ਜਾਂ ਕਾਰਪੋਰੇਟ ਨੌਕਰੀ ਤੋਂ ਕੰਸਲਟਿੰਗ ਵੱਲ। ਲਿੰਕਡਇਨ ਡੇਟਾ ਦਰਸਾਉਂਦਾ ਹੈ ਕਿ ਪਿਛਲੇ ਦਹਾਕੇ ਵਿਚ ਕਰੀਅਰ ਤਬਦੀਲੀਆਂ ਵਿਚ 50 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਜੋ ਲੋਕ ਨਿਯਮਿਤ ਤੌਰ ’ਤੇ ਹੁਨਰਮੰਦੀ ਵਿਚ ਵਾਧਾ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਧ ਤਨਖਾਹ ਵਾਧਾ ਅਤੇ ਨੌਕਰੀ ਦੀ ਸੁਰੱਖਿਆ ਮਿਲਦੀ ਹੈ।
ਇਕ ਸਖ਼ਤ ਕਰੀਅਰ ਰਸਤਾ ਚੁਣਨ ਦੀ ਬਜਾਏ, ਇਨ੍ਹਾਂ 3 ਚੀਜ਼ਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਪਹਿਲਾਂ, ਆਪਣੀਆਂ ਮੁੱਖ ਯੋਗਤਾਵਾਂ ਵਿਚ ਮੁਹਾਰਤ ਹਾਸਲ ਕਰੋ ਅਤੇ ਉਨ੍ਹਾਂ ਨੂੰ ਸਟਾਰਟਅੱਪ, ਕਾਰਪੋਰੇਟ ਅਤੇ ਫ੍ਰੀਲਾਂਸਿੰਗ ਵਰਗੇ ਵੱਖ-ਵੱਖ ਸੰਦਰਭਾਂ ਵਿਚ ਲਾਗੂ ਕਰੋ। ਦੂਜਾ, ਉਦਯੋਗਿਕ ਤਬਦੀਲੀਆਂ ਤੋਂ ਅੱਗੇ ਰਹੋ, ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਆਟੋਮੇਸ਼ਨ ਅਤੇ ਨਵੀਆਂ ਤਕਨਾਲੋਜੀਆਂ ਦੇ ਫੀਲਡ ’ਚ। ਤੀਜਾ, ਹਰੇਕ ਉਦਯੋਗ ਲਈ ਲੋੜੀਂਦੇ ਡੇਟਾ ਵਿਸ਼ਲੇਸ਼ਣ, ਲੀਡਰਸ਼ਿਪ ਅਤੇ ਸੰਕਟ ਹੱਲ ਵਰਗੇ ਉੱਚ-ਮੁੱਲ ਵਾਲੇ ਹੁਨਰ ਵਿਕਸਤ ਕਰੋ।
ਪਹਿਲਾਂ, 40-50 ਸਾਲ ਦੀ ਉਮਰ ਤੱਕ, ਲੋਕ ਲੀਡਰਸ਼ਿਪ ਦੇ ਅਹੁਦੇ ਪ੍ਰਾਪਤ ਕਰਨ ਅਤੇ ਸਥਿਰਤਾ ਬਣਾਈ ਰੱਖਣ ’ਤੇ ਧਿਆਨ ਕੇਂਦ੍ਰਿਤ ਕਰਦੇ ਸਨ ਪਰ ਹੁਣ ਇਹ ਦਹਾਕਾ ਪ੍ਰਭਾਵ ਅਤੇ ਪੁਨਰ ਨਿਰਮਾਣ ਦਾ ਸਮਾਂ ਬਣ ਗਿਆ ਹੈ। ਬਹੁਤ ਸਾਰੇ ਪੇਸ਼ੇਵਰ ਆਪਣੀ ਮੁਹਾਰਤ ਨੂੰ ਸਲਾਹਕਾਰ, ਉੱਦਮੀ ਜਾਂ ਕੰਸਲਟਿੰਗ ਭੂਮਿਕਾਵਾਂ ਵਿਚ ਬਦਲ ਰਹੇ ਹਨ। 2023 ਦੀ ਡੇਲਾਇਟ ਰਿਪੋਰਟ ਦੇ ਅਨੁਸਾਰ, ‘63 ਫੀਸਦੀ ਕਾਰਜਕਾਰੀ ਹੁਣ ਉੱਚ ਅਹੁਦਿਆਂ ਨਾਲੋਂ ਅਰਥਪੂਰਨ ਕੰਮ ਨੂੰ ਤਰਜੀਹ ਦਿੰਦੇ ਹਨ’।
ਹੁਣ ਸਵਾਲ ਬਦਲ ਗਏ ਹਨ ਕਿ ਮੇਰੀ ਅਗਲੀ ਤਰੱਕੀ ਕੀ ਹੋਵੇਗੀ? ਇਸ ਦੀ ਬਜਾਏ, ਇਹ ਸੋਚਣਾ ਮਹੱਤਵਪੂਰਨ ਹੈ ਕਿ ਮੈਂ ਸਭ ਤੋਂ ਵੱਧ ਪ੍ਰਭਾਵ ਕਿੱਥੇ ਪਾ ਸਕਦਾ ਹਾਂ? ਕੀ ਮੈਂ ਅਗਵਾਈ ਕਰਨਾ, ਸਿਖਾਉਣਾ, ਸਲਾਹ ਦੇਣਾ, ਜਾਂ ਕੁਝ ਨਵਾਂ ਬਣਾਉਣਾ ਚਾਹੁੰਦਾ ਹਾਂ? ਇਕ ਨਵਾਂ ਰੁਝਾਨ ‘ਪੋਰਟਫੋਲੀਓ ਕਰੀਅਰ’ ਦਾ ਹੈ, ਜਿਸ ’ਚ ਲੋਕ ਇਕੋ ਵੇਲੇ ਕਈ ਭੂਮਿਕਾਵਾਂ ਨੂੰ ਨਿਭਾਉਂਦੇ ਹਨ ਜਿਵੇਂ ਕੰਸਲਟਿੰਗ, ਕੋਚਿੰਗ, ਇਨਵੈਸਟਿੰਗ ਅਤੇ ਰਾਈਟਿੰਗ। ਗਿਗ ਇਕਾਨਮੀ, ਫ੍ਰੀਲਾਂਸਿੰਗ ਪਲੇਟਫਾਰਮ ਅਤੇ ਰਿਮੋਟ ਵਰਕ ਨੇ ਇਸ ਬਦਲਾਅ ਨੂੰ ਹੋਰ ਤੇਜ਼ ਕਰ ਦਿੱਤਾ ਹੈ, ਜਿਸ ਨਾਲ ਲੋਕ ਆਪਣੇ ਕਰੀਅਰ ਨੂੰ ਆਪਣੀਆਂ ਰੁਚੀਆਂ ਅਤੇ ਪੇਸ਼ੇਵਰ ਟੀਚਿਆਂ ਅਨੁਸਾਰ ਢਾਲ ਸਕਦੇ ਹਨ।
ਅੱਜ ਦੇ ਸਮੇਂ ਵਿਚ, ਸਭ ਤੋਂ ਸੁਰੱਖਿਅਤ ਕਰੀਅਰ ਲਗਾਤਾਰ ਸਿੱਖਦੇ ਰਹਿਣਾ ਹੈ। ਜੋ ਲੋਕ ਜੀਵਨ ਭਰ ਸਿੱਖਣ ਵਿਚ ਵਿਸ਼ਵਾਸ ਰੱਖਦੇ ਹਨ, ਉਹ ਸਭ ਤੋਂ ਵੱਧ ਸਫਲ ਹੁੰਦੇ ਹਨ। ਪੀ. ਡਬਲਯੂ. ਸੀ. ਦੀ ਰਿਪੋਰਟ ਦਰਸਾਉਂਦੀ ਹੈ ਕਿ 77 ਫੀਸਦੀ ਮੁਲਾਜ਼ਮ ਭਵਿੱਖ ਵਿਚ ਰੁਜ਼ਗਾਰ ਯੋਗ ਰਹਿਣ ਲਈ ਨਵੇਂ ਹੁਨਰ ਸਿੱਖਣ ਜਾਂ ਪੂਰੀ ਤਰ੍ਹਾਂ ਦੁਬਾਰਾ ਸਿਖਲਾਈ ਲੈਣ ਲਈ ਤਿਆਰ ਹੋਣਗੇ।
ਸਿੱਖਣ ਦਾ ਮਤਲਬ ਸਿਰਫ਼ ਰਸਮੀ ਸਿੱਖਿਆ ਨਹੀਂ ਹੈ। ਮਾਈਕ੍ਰੋ-ਕ੍ਰੈਡੈਂਸ਼ੀਅਲਜ਼, ਆਨਲਾਈਨ ਕੋਰਸ, ਇੰਡਸਟਰੀ ਸਰਟੀਫਿਕੇਸ਼ਨ ‘ਉਦਯੋਗ ਪ੍ਰਮਾਣੀਕਰਣ’ ਅਤੇ ਵਿਹਾਰਕ ਅਨੁਭਵ ਰਵਾਇਤੀ ਡਿਗਰੀਆਂ ਨਾਲੋਂ ਵੀ ਜ਼ਿਆਦਾ ਕੀਮਤੀ ਹੋ ਸਕਦੇ ਹਨ। ਗੂਗਲ ਅਤੇ ਆਈ. ਬੀ. ਐੱਮ. ਵਰਗੀਆਂ ਕੰਪਨੀਆਂ ਹੁਣ ਡਿਗਰੀਆਂ ਨਾਲੋਂ ਹੁਨਰਾਂ ਨੂੰ ਤਰਜੀਹ ਦਿੰਦੀਆਂ ਹਨ ਅਤੇ ਇਹ ਰੁਝਾਨ ਭਵਿੱਖ ਵਿਚ ਹੋਰ ਵੀ ਵਧੇਗਾ।
ਜੋ ਲੋਕ ਲਗਾਤਾਰ ਆਪਣੇ ਆਪ ਨੂੰ ਅਪਡੇਟ ਕਰਦੇ ਰਹਿੰਦੇ ਹਨ, ਉਹ ਉਦਯੋਗ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਸਭ ਤੋਂ ਪਹਿਲਾਂ ਸਮਝਦੇ ਹਨ, ਨਵੀਆਂ ਤਕਨੀਕਾਂ ਅਪਣਾਉਂਦੇ ਹਨ ਅਤੇ ਉੱਭਰ ਰਹੇ ਮੌਕਿਆਂ ਲਈ ਆਪਣੇ ਆਪ ਨੂੰ ਤਿਆਰ ਰੱਖਦੇ ਹਨ।
ਭਾਵੇਂ ਇਹ ਏ. ਆਈ. ਟੂਲਜ਼ ਵਿਚ ਮੁਹਾਰਤ ਹਾਸਲ ਕਰਨੀ ਹੋਵੇ, ਸਾਈਬਰ ਸੁਰੱਖਿਆ ਨੂੰ ਸਮਝਣਾ ਹੋਵੇ, ਜਾਂ ਹਾਈਬ੍ਰਿਡ ਟੀਮਾਂ ਦਾ ਪ੍ਰਬੰਧਨ ਕਰਨਾ ਹੋਵੇ, ਹੁਣ ਸਫਲਤਾ ਲਈ ਅਪਸਕਿਲਿੰਗ ਜ਼ਰੂਰੀ ਹੋ ਗਈ ਹੈ।
ਰਵਾਇਤੀ ਕਰੀਅਰ ਦੀ ਪੌੜੀ ਖਤਮ ਹੋ ਰਹੀ ਹੈ, ਪਰ ਇਹ ਕੋਈ ਸੰਕਟ ਨਹੀਂ ਹੈ, ਸਗੋਂ ਇਕ ਮੌਕਾ ਹੈ। ਹੁਣ ਕਰੀਅਰ ਕਿਸੇ ਕੰਪਨੀ ਦੇ ਢਾਂਚੇ ਜਾਂ ਨੌਕਰੀ ਦੀ ਭੂਮਿਕਾ ਨਾਲ ਨਹੀਂ ਬਲਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਅਪਡੇਟ ਅਤੇ ਵਿਕਸਤ ਕਰ ਸਕਦੇ ਹੋ, ਇਸ ਨਾਲ ਨਿਰਧਾਰਤ ਕੀਤਾ ਜਾਵੇਗਾ।
ਜੇਕਰ ਤੁਸੀਂ ਆਪਣੀ ਸਿੱਖਿਆ ਦੀ ਜ਼ਿੰਮੇਵਾਰੀ ਖੁਦ ਲੈਂਦੇ ਹੋ ਅਤੇ ਲਗਾਤਾਰ ਨਵੇਂ ਹੁਨਰ ਵਿਕਸਤ ਕਰਦੇ ਹੋ, ਤਾਂ ਤੁਸੀਂ ਨਾ ਸਿਰਫ਼ ਬਦਲਦੀ ਦੁਨੀਆ ਵਿਚ ਟਿਕੇ ਰਹੋਗੇ ਸਗੋਂ ਇਕ ਰੌੌਸ਼ਨ ਭਵਿੱਖ ਵੱਲ ਵੀ ਅੱਗੇ ਵਧੋਗੇ।
(ਲੇਖਕ ਓਰੇਨ ਇੰਟਰਨੈਸ਼ਨਲ ਦੇ ਐੱਮ. ਡੀ. ਅਤੇ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ (ਐੱਨ. ਐੱਸ. ਡੀ. ਸੀ.) ਦੇ ਸਿਖਲਾਈ ਭਾਈਵਾਲ ਹਨ।)- ਦਿਨੇਸ਼ ਸੂਦ
ਕਿਸਾਨਾਂ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਾਲੇ ਮਤਭੇਦ ਉੱਭਰੇ
NEXT STORY