ਪੰਜਾਬ ਗੁਰੂਆਂ ਦੀ ਧਰਤੀ ਕਰ ਕੇ ਜਾਣਿਆ ਜਾਂਦਾ ਹੈ। ਗੁਰਮਤਿ ਨਾਮ ਸਿਮਰਨ ਦਾ ਰਾਹ ਦੱਸਦੀ ਹੈ। ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’ ਦੀ ਅਰਦਾਸ ਨਾਲ ਇਥੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਗੁਰਬਾਣੀ, ਗੁਰੂ ਸਾਹਿਬਾਨ ਦੇ ਰਹਿਤਨਾਮੇ ਤੇ ਹੁਕਮਨਾਮੇ ਜੀਵਨ ਵਿਚ ਨਸ਼ਿਆਂ ਦੀ ਵਰਤੋਂ ਨਾ ਕਰਨ ਬਾਰੇ ਸਪੱਸ਼ਟ ਹਦਾਇਤਾਂ ਦਿੰਦੇ ਹਨ।
ਨਸ਼ਿਆਂ ਦਾ ਰਿਵਾਜ ਸੰਸਾਰ ਭਰ ਵਿਚ ਹੈ ਪਰ ਉਥੋਂ ਦੀਆਂ ਸਰਕਾਰਾਂ ਗੈਰ-ਕਾਨੂੰਨੀ ਨਸ਼ੇ ਦੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੀਆਂ ਹਨ, ਸਮਾਜ ਨੂੰ ਜਾਗਰੂਕ ਕਰਦੀਆਂ ਹਨ ਤੇ ਪੀੜਤ ਦਾ ਇਲਾਜ ਤੇ ਦੇਖਭਾਲ ਵੀ ਕਰਦੀਆਂ ਹਨ ਪਰ ਪੰਜਾਬ ਵਿਚ ਪਿਛਲੇ ਅਨੇਕ ਸਾਲਾਂ ਤੋਂ ਨਸ਼ਾ ਇਕ ਗੈਰ-ਕਾਨੂੰਨੀ ਵਪਾਰ ਬਣ ਗਿਆ ਹੈ। ਇਸ ਦੀ ਜੜ੍ਹ ਕਿੱਥੇ ਹੈ ਤੇ ਕੌਣ ਇਸਦੀ ਸਰਪ੍ਰਸਤੀ ਕਰਦੇ ਹਨ , ਬਾਰੇ ਪੜਚੋਲ ਵੀ ਜ਼ਰੂਰੀ ਹੈ ।
ਅੰਗਰੇਜ਼ਾਂ ਦੇ ਰਾਜ ਵਿਚ ਅਫੀਮ ਸਰਕਾਰ ਰਾਹੀਂ ਬਣਾਏ ਠੇਕਿਆਂ ’ਤੇ ਵਿਕਦੀ ਸੀ ਤੇ ਬਹੁਤ ਘੱਟ ਲੋਕ ਇਸ ਦੀ ਵਰਤੋਂ ਕਰਦੇ ਸਨ। ਸ਼ਰਾਬ ਵੀ ਠੇਕਿਆਂ ’ਤੇ ਵਿਕਦੀ ਸੀ, ਕੁਝ ਲੋਕ ਆਪਣੀ ਵਰਤੋਂ ਲਈ ਨਾਜਾਇਜ਼ ਢੰਗ ਨਾਲ ਕਸ਼ੀਦ ਕਰ ਲੈਂਦੇ ਸਨ। ਕੁਝ ਲੋਕਾਂ ਲਈ ਨਾਜਾਇਜ਼ ਸ਼ਰਾਬ ਕੱਢਣੀ ਤੇ ਵੇਚਣੀ ਧੰਦਾ ਵੀ ਸੀ ਪਰ ਪੁਲਸ ਦਾ ਡਰ ਸੀ ਤੇ ਸਮਾਜ ਵਿਚ ਅਜਿਹੇ ਲੋਕਾਂ ਦੀ ਇੱਜ਼ਤ ਵੀ ਨਹੀਂ ਸੀ। ਅਪਰਾਧੀਆਂ ਦੀ ਮਦਦ ਕਰਨ ਵਾਲੇ ਪੁਲਸ ਅਧਿਕਾਰੀ ਵੀ ਗਿਣਤੀ ਦੇ ਸਨ। ਬਹੁਤੇ ਥਾਣੇਦਾਰ ਆਪਣੇ ਇਲਾਕੇ ਵਿਚ ਕੋਈ ਅਪਰਾਧ ਨਹੀਂ ਹੋਣ ਦਿੰਦੇ ਸਨ। ਵੱਡੇ ਅਧਿਕਾਰੀ ਤਾਂ ਈਮਾਨਦਾਰ ਜਾਂ ਈਮਾਨਦਾਰੀ ਦੀ ਮਿਸਾਲ ਸਨ।
ਸਰਕਾਰ ਨੇ ਅਫੀਮ ਦੇ ਠੇਕੇ ਬੰਦ ਕਰ ਦਿੱਤੇ। 1878 ਦੇ ਅਫੀਮ ਐਕਟ ਵਿਚ ਗੈਰ-ਕਾਨੂੰਨੀ ਢੰਗ ਨਾਲ ਅਫੀਮ ਰੱਖਣ ਦੀ ਸਜ਼ਾ ਦੋ ਸਾਲ ਸੀ। ਸਰਕਾਰ ਨੇ ਅਫੀਮ ਦੇ ਆਦੀ ਲੋਕਾਂ ਲਈ ਲਾਇਸੈਂਸ ਜਾਰੀ ਕੀਤੇ ਤਾਂ ਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ ਪਰ ਲਾਇਸੈਂਸੀ ਅਫੀਮ ਨਾਲ ਕੁਝ ਦਾ ਗੁਜ਼ਾਰਾ ਨਹੀਂ ਹੁੰਦਾ ਸੀ ਤੇ ਇਨ੍ਹਾਂ ਲਈ ਲੋਕਾਂ ਨੇ ਅਫੀਮ ਦਾ ਗੈਰ-ਕਾਨੂੰਨੀ ਧੰਦਾ ਸ਼ੁਰੂ ਕਰ ਲਿਆ। ਅਜਿਹੇ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਦੀ ਗਿਣਤੀ ਬੜੀ ਘੱਟ ਸੀ। ਵੱਡੇ ਸਮੱਗਲਰ ਤਾਂ ਪੰਜਾਬ ਦੇ ਜ਼ਿਲਿਆਂ ਵਿਚ ਦੋ-ਚਾਰ ਤੋਂ ਜ਼ਿਆਦਾ ਨਹੀਂ ਹੁੰਦੇ ਸਨ, ਪ੍ਰਚੂਨ ਵੇਚਣ ਵਾਲਾ ਵੀ ਕਈ ਪਿੰਡਾਂ ਵਿਚ ਇਕ-ਅੱਧ ਹੀ ਹੁੰਦਾ ਸੀ। ਪੰਜਾਬ ਵਿਚ ਅਫੀਮ ਤੇ ਡੋਡੇ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਲੋਂ ਆਉਂਦੇ ਸਨ।
ਇਸ ਦਾ ਇਕ ਪੱਖ ਹੋਰ ਵੀ ਸੀ ਪੰਜਾਬ ਨਾਲ ਪਾਕਿਸਤਾਨ ਦਾ ਬਾਰਡਰ ਕਰੀਬ 550 ਕਿਲੋਮੀਟਰ ਲੱਗਦਾ ਹੈ। ਪਾਕਿਸਤਾਨ ਵਾਲੇ ਬਾਰਡਰ ਦੇ ਨੇੜੇ ਵੱਡੇ ਸ਼ਹਿਰ ਲਾਹੌਰ, ਕਸੂਰ, ਸਿਆਲਕੋਟ ਤੇ ਕਈ ਵੱਡੇ ਕਸਬੇ ਲੱਗਦੇ ਹਨ ਤੇ ਉੱਥੇ ਚੰਗਾ ਕਾਰੋਬਾਰ ਵੀ ਹੈ, ਦੂਜੇ ਪਾਸੇ ਭਾਰਤ ਦੇ ਬਾਰਡਰ ਨਾਲ ਲੱਗਦੇ ਸ਼ਹਿਰਾਂ ਤੇ ਕਸਬਿਆਂ ਵਿਚ ਚੱਲਦੇ ਕਾਰੋਬਾਰ ਵੀ 1965 ਤੇ 1971 ਦੀ ਲੜਾਈ ਤੋਂ ਬਾਅਦ ਬੰਦ ਹੋ ਚੁੱਕੇ ਹਨ, ਨਾ ਕੋਈ ਨਵਾਂ ਕਾਰਖਾਨਾ ਲੱਗਿਆ, ਨਾ ਕਿਸੇ ਪੁਰਾਣੇ ਕਾਰੋਬਾਰ ਨੂੰ ਸੁਰਜੀਤ ਕਰਨ ਲਈ ਕੋਈ ਉੱਦਮ ਹੋਇਆ ਜਾਂ ਨੀਤੀ ਹੀ ਬਣੀ ਹੈ।
1988 ਤੋਂ ਪਹਿਲਾਂ ਬਾਰਡਰ ’ਤੇ ਕੋਈ ਰੋਕ ਵੀ ਨਹੀਂ ਸੀ। ਰੋਟੀ-ਰੋਜ਼ੀ ਲਈ ਲੋਕਾਂ ਨੇ ਪਾਕਿਸਤਾਨ ਵਿਚ ਗ਼ੈਰ-ਕਾਨੂੰਨੀ ਵਪਾਰ ਸ਼ੁਰੂ ਕਰ ਦਿੱਤਾ, ਭਾਰਤ ਵਿਚੋਂ ਸ਼ਰਾਬ, ਇਲਾਚੀਆਂ, ਪਾਨ ਦੇ ਪੱਤੇ, ਮਸਾਲੇ ਤੇ ਪਸ਼ੂ ਲੋਕ ਪਾਕਿਸਤਾਨ ਲੈ ਕੇ ਜਾਂਦੇ ਸਨ ਤੇ ਉੱਥੋਂ ਕੱਪੜਾ, ਅਫੀਮ ਤੇ ਹੋਰ ਚੀਜ਼ਾਂ ਲਿਆ ਕੇ ਇਧਰ ਵੇਚ ਦਿੰਦੇ ਸਨ, ਇਹ ਗਰੀਬ ਲੋਕ ਸਨ ਤੇ ਪਾਕਿਸਤਾਨ ਦੇ ਸਮੱਗਲਰ ਵੀ ਬੇਖੌਫ ਹੋ ਕੇ ਇਨ੍ਹਾਂ ਦੇ ਘਰਾਂ ਵਿਚ ਆ ਠਹਿਰਦੇ ਸਨ।
ਕੁਝ ਵੱਡੇ ਲੋਕਾਂ ਨੇ ਸੋਨੇ, ਚਾਂਦੀ ਅਤੇ ਭਾਰੀ ਮਾਤਰਾ ਵਿਚ ਅਫੀਮ ਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਵੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤ ਦੇ ਖੁਫੀਆ ਰਾਜ਼ ਜਾਣਨ ਲਈ ਭਾਰਤੀ ਸਮੱਗਲਰਾਂ ਦੀ ਇਸ ਧੰਦੇ ਵਿਚ ਮਦਦ ਕਰਦੀ ਸੀ। ਦਿਨਾਂ ਵਿਚ ਹੀ ਇਹ ਵੱਡੇ ਸਮੱਗਲਰ ਸ਼ਾਹੂਕਾਰ ਬਣ ਗਏ, ਇਨ੍ਹਾਂ ਟਰਾਂਸਪੋਰਟਾਂ ਬਣਾ ਲਈਆਂ, ਪਿੰਡ ਦੇ ਸਰਪੰਚ ਬਣ ਕੇ ਮੋਹਤਬਰ ਬਣ ਗਏ। ਸਿਆਸੀ ਆਗੂਆਂ ਦੇ ਚੋਣ ਫੰਡ ਤੇ ਖਰਚੇ ਚੁੱਕਣ ਲੱਗ ਪਏ। ਸਰਕਾਰੀ ਅਧਿਕਾਰੀਆਂ ਪਾਸੋਂ ਬਚਣ ਲਈ ਸਫੈਦਪੋਸ਼ ਏਜੰਟ ਕਾਇਮ ਕਰ ਲਏ। ਕੁਝ ਸਰਕਾਰੀ ਅਧਿਕਾਰੀਆਂ ਨਾਲ ਰਿਸ਼ਤੇਦਾਰੀਆਂ ਤੇ ਜ਼ਮੀਨ-ਜਾਇਦਾਦ ਵਿਚ ਭਾਈਵਾਲੀ ਬਣਾ ਲਈ।
1978 ਵਿਚ ਇਕ ਅਫਸਰ ਜੋ ਇਕ ਜ਼ਿਲੇ ਦਾ ਪੁਲਸ ਮੁਖੀ ਸੀ, ਨੇ ਮੇਰੇ ਸਮੇਤ ਦੋ ਹੋਰ ਪੁਲਸ ਅਫਸਰਾਂ ਨੂੰ ਖਾਣੇ ਲਈ ਆਪਣੇ ਘਰ ਸੱਦਿਆ। ਘਰ ਪੁੱਜਣ ’ਤੇ ਆਖਿਆ ਕਿ ਪੰਜਾਬ ਦੇ ਇਕ ਸਾਬਕਾ ਮੰਤਰੀ ਦੇ ਘਰ ਖਾਣੇ ’ਤੇ ਚੱਲਣਾ ਹੈ, ਜਦੋਂ ਉੱਥੇ ਪੁੱਜੇ ਤਾਂ ਪਤਾ ਲੱਗਾ ਕਿ ਮੰਤਰੀ ਜੀ ਇਕ ਸਮੱਗਲਰ ਦੇ ਕਤਲ ਦੇ ਮੁਕੱਦਮੇ ਵਿਚੋਂ ਬਰੀ ਹੋਣ ਦਾ ਫੰਕਸ਼ਨ ਕਰ ਰਹੇ ਸਨ ਤੇ ਉਸ ਧੜੇ ਦੇ ਸਾਰੇ ਸਮੱਗਲਰ ਹਾਜ਼ਰ ਸਨ।
ਅਸੀਂ ਉੱਥੋਂ ਖਿਸਕਣ ਵਿਚ ਭਲਾ ਸਮਝਿਆ, ਸਾਹਿਬ ਸਾਨੂੰ ਸਮੱਗਲਰਾਂ ਨਾਲ ਮਿਲਾਉਣ ਲਈ ਲੈ ਕੇ ਆਏ ਸਨ। ਬਾਅਦ ਵਿਚ ਉਹ ਆਈ. ਜੀ. ਪੁਲਸ ਵੀ ਬਣ ਗਏ। ਇਕ ਐੱਸ. ਐੱਸ. ਪੀ. ਇਕ ਦੂਜੇ ਗਰੁੱਪ ਦੀ ਪੁਸ਼ਤਪਨਾਹੀ ਕਰਦੇ ਸਨ। ਇਕ ਐੱਸ. ਐੱਸ. ਪੀ. ਦਾ ਲੜਕਾ ਅਪਾਹਜ ਸੀ, ਸਮੱਗਲਰ ਨੇ ਆਪਣੀ ਖੂਬਸੂਰਤ ਲੜਕੀ ਦਾ ਰਿਸ਼ਤਾ ਉਸ ਨਾਲ ਕਰ ਦਿੱਤਾ, ਜਿੰਨੀ ਦੇਰ ਉਹ ਐੱਸ. ਐੱਸ. ਪੀ. ਜ਼ਿਲੇ ਵਿਚ ਰਿਹਾ, ਸਮੱਗਲਿੰਗ ਚੱਲਦੀ ਰਹੀ। ਜਦੋਂ ਉਸ ਦੀ ਬਦਲੀ ਹੋ ਗਈ, ਰਿਸ਼ਤਾ ਟੁੱਟ ਗਿਆ। ਅਜਿਹੇ ਸਮੱਗਲਰਾਂ ਨਾਲ ਮਿਲੇ ਅਫਸਰਾਂ ਦੀ ਇਕ ਲੰਬੀ ਸੂਚੀ ਹੈ।
ਸਾਕਾ ਨੀਲਾ ਤਾਰਾ ਸਮੇਂ ਬਹੁਤੇ ਹਥਿਆਰ ਇਨ੍ਹਾਂ ਰਾਹੀਂ ਹੀ ਅੱਤਵਾਦੀਆਂ ਕੋਲ ਪਹੁੰਚੇ ਸਨ। ਹੁਣ ਇਹ ਪੁਲਸ ਅਫਸਰਾਂ ਦੀ ਅੱਤਵਾਦੀਆਂ ਤੋਂ ਜਾਨ ਬਚਾਉਣ ਵਾਲੇ ਦਲਾਲ ਵੀ ਬਣ ਗਏ। ਇਸ ਸਮੇਂ ਹੀ ਪਾਕਿਸਤਾਨ ਤੋਂ ਹੈਰੋਇਨ ਵੀ ਹਥਿਆਰਾਂ ਨਾਲ ਸਮੱਗਲ ਹੋ ਕੇ ਭਾਰਤ ਪੁੱਜਣੀ ਸ਼ੁਰੂ ਹੋ ਗਈ। ਸਾਕਾ ਨੀਲਾ ਤਾਰਾ ਤੋਂ ਬਾਅਦ ਸਰਕਾਰੀ ਏਜੰਸੀਆਂ ਦਾ ਜ਼ੋਰ ਪੈਣ ਨਾਲ ਇਹੀ ਸਮੱਗਲਰ ਮੁਖ਼ਬਰ ਬਣ ਗਏ ਤੇ ਸਰਕਾਰੀ ਸਰਪ੍ਰਸਤੀ ਨਾਲ ਸਮੱਗਲਿੰਗ ਜਾਰੀ ਰੱਖੀ। ਅੱਜ ਸਮੱਗਲਿੰਗ ਦਾ ਕਾਰੋਬਾਰ ਅੰਤਰਰਾਸ਼ਟਰੀ ਪੱਧਰ ’ਤੇ ਹੈ। ਗੈਰ-ਕਾਨੂੰਨੀ ਧੰਦਾ ਸਰਕਾਰੀ ਤੰਤਰ ਦੀ ਕਮਜ਼ੋਰੀ ਜਾਂ ਮਿਲੀਭੁਗਤ ਬਗੈਰ ਹੋ ਨਹੀਂ ਸਕਦਾ।
ਨੌਜਵਾਨ ਵਰਗ ਨਸ਼ਿਆਂ ਵੱਲ ਕਿਉਂ ਜਾ ਰਿਹਾ ਹੈ? ਇਸ ਲਈ ਕੀ ਨੀਤੀ ਹੈ? ਨੌਜਵਾਨ ਦੀ ਸ਼ਕਤੀ ਨੂੰ ਚੰਗੇ ਪਾਸੇ ਲਾਉਣ ਲਈ ਰੋਜ਼ਗਾਰ ਤੇ ਕਾਰੋਬਾਰ ਦਾ ਪ੍ਰਬੰਧ ਕਰਨਾ, ਸਰਕਾਰੀ ਨੌਕਰੀ ਹਰ ਇਕ ਨੂੰ ਨਹੀਂ ਮਿਲ ਸਕਦੀ ਕਿਉਂਕਿ ਕਿਸੇ ਵੀ ਦੇਸ਼ ਜਾਂ ਸੂਬੇ ਵਿਚ ਸਰਕਾਰੀ ਕਰਮਚਾਰੀਆਂ ਦੀ ਗਿਣਤੀ ਡੇਢ-ਦੋ ਫ਼ੀਸਦੀ ਤੋਂ ਜ਼ਿਆਦਾ ਨਹੀਂ ਹੁੰਦੀ, ਰੋਜ਼ਗਾਰ ਦੀ ਲੋੜ ਤਾਂ 80 ਫੀਸਦੀ ਲੋਕਾਂ ਨੂੰ ਹੈ। ਸੈਰ-ਸਪਾਟਾ ਤੇ ਟੂਰਿਸਟ ਦੁਨੀਆ ਦਾ ਸਭ ਤੋਂ ਵੱਡਾ ਕਾਰੋਬਾਰ ਹੈ। ਪੰਜਾਬ ਵਿਚ ਲੋੜੀਂਦੇ ਧਾਰਮਿਕ, ਸੱਭਿਆਚਾਰਕ ਤੇ ਘੁੰਮਣ-ਫਿਰਨ ਦੀਆਂ ਸੰਭਾਵਨਾਵਾਂ ਹਨ ਪਰ ਅਜੇ ਇਸ ਬਾਰੇ ਕਿਸੇ ਸੋਚਿਆ ਨਹੀਂ।
ਸ਼ੁਰੂਆਤ ਉੱਪਰੋਂ ਕਰੀਏ ਤਾਂ ਕਾਮਯਾਬੀ ਮਿਲੇਗੀ। ਪਹਿਲਾਂ ਤਾਂ ਅਸੀਂ ਸਿਅਸੀ ਆਗੂ ਇਹ ਐਲਾਨ ਕਰੀਏ ਕਿ ਉਹ ਸਮੱਗਲਰਾਂ ਤੋਂ ਚੋਣ ਫੰਡ ਤੇ ਹੋਰ ਮਦਦ ਨਹੀਂ ਲੈਣਗੇ। ਕੋਈ ਸਿਆਸੀ ਆਗੂ ਸ਼ਰਾਬ ਦੀ ਫੈਕਟਰੀ ਨਹੀਂ ਲਗਾਏਗਾ ਤੇ ਸ਼ਰਾਬ ਦੇ ਕਾਰੋਬਾਰ ਵਿਚ ਭਾਈਵਾਲੀ ਨਹੀਂ ਪਾਏਗਾ। ਨਸ਼ੇ ਨਾ ਵਰਤੇਗਾ ਤੇ ਨਾ ਹੀ ਚੋਣਾਂ ਵਿਚ ਵੰਡੇਗਾ। ਕੁਝ ਦਿਨ ਦੀ ਮੁਹਿੰਮ ਚਲਾ ਕੇ ਕਿਸੇ ਵੀ ਸਮੱਸਿਆ ਦਾ ਸਥਾਈ ਹੱਲ ਨਹੀਂ ਲੱਭਿਆ ਜਾ ਸਕਦਾ। ਇਸ ਬੀਮਾਰੀ ਦੀਆਂ ਜੜ੍ਹਾਂ ਬਹੁਤ ਥੱਲੇ ਪੁੱਜ ਚੁੱਕੀਆਂ ਹਨ। ਗੁਰੂਆਂ ਦੀ ਧਰਤੀ ਨੂੰ ਮੁੜ ਚੜ੍ਹਦੀ ਕਲਾ ਵਿਚ ਲਿਆਉਣ ਲਈ ਵੱਡੀ ਸੋਚ ਤੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ।
–ਇਕਬਾਲ ਸਿੰਘ ਲਾਲਪੁਰਾ
ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨਗੀਆਂ ਔਰਤਾਂ
NEXT STORY