ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ 22 ਅਪ੍ਰੈਲ, 2025 ਦੇ ਪਹਿਲਗਾਮ ਹੱਤਿਆਕਾਂਡ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਸ ਹਮਲੇ ਦਾ ਬਦਲਾ ਲੈਣ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਦੇ ਸ਼ਾਸਕਾਂ ਵਿਚ ਭਾਰੀ ਬੌਖਲਾਹਟ ਪੈਦਾ ਹੋ ਗਈ ਹੈ।
ਇਹ ਇਸੇ ਤੋਂ ਸਪੱਸ਼ਟ ਹੈ ਕਿ ਜਿਥੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅਤੇ ਫੌਜ ਮੁਖੀ ਮੌਲਵੀ ਅਸੀਮ ਮੁਨੀਰ ਨੇ ਆਪਣੇ ਪਰਿਵਾਰਾਂ ਨੂੰ ਵਿਦੇਸ਼ ਭੇਜ ਦਿੱਤਾ ਹੈ, ਉਥੇ ਹੀ ਪਾਕਿਸਤਾਨ ਦੇ ਕੁਝ ਨੇਤਾਵਾਂ ਨੇ ਗਿੱਦੜ ਭਬਕੀ ਦਿੰਦੇ ਹੋਏ ਜੰਗ ਦੀ ਸਥਿਤੀ ਵਿਚ ਭਾਰਤ ਵਿਰੁੱਧ ਪ੍ਰਮਾਣੂ ਬੰਬਾਂ ਦੀ ਵਰਤੋਂ ਕਰਨ ਦਾ ਰਾਗ ਅਲਾਪਣਾ ਸ਼ੁਰੂ ਕੀਤਾ ਹੋਇਆ ਹੈ।
ਇਨ੍ਹਾਂ ਵਿਚ ਪਾਕਿਸਤਾਨ ਦੇ ਰੇਲ ਮੰਤਰੀ ‘ਹਨੀਫ ਅੱਬਾਸੀ’ ਅਤੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਤੋਂ ਇਲਾਵਾ ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ਦੀ ਮੁੱਖ ਮੰਤਰੀ ‘ਮਰੀਅਮ ਨਵਾਜ਼’ ਵੀ ਸ਼ਾਮਲ ਹਨ। ਇਨ੍ਹਾਂ ਤਿੰਨਾਂ ਦਾ ਕਹਿਣਾ ਹੈ ਕਿ ‘‘ਪਾਕਿਸਤਾਨ ਨੇ ਆਪਣੇ ਪ੍ਰਮਾਣੂ ਹਥਿਆਰ ਚੌਕਾਂ ਵਿਚ ਸਜਾਵਟ ਲਈ ਨਹੀਂ ਰੱਖੇ ਹਨ ਅਤੇ ਲੋੜ ਪੈਣ ’ਤੇ ਇਨ੍ਹਾਂ ਦੀ ਵਰਤੋਂ (ਭਾਰਤ ਵਿਰੁੱਧ) ਕੀਤੀ ਜਾਏਗੀ।’’
ਹਾਲਾਂਕਿ ਪਾਕਿਸਤਾਨ ਸਰਕਾਰ ਇਨ੍ਹਾਂ ਹਮਲਿਆਂ ਵਿਚ ਆਪਣਾ ਹੱਥ ਹੋਣ ਤੋਂ ਲਗਾਤਾਰ ਇਨਕਾਰ ਕਰਦੀ ਆ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘ਸ਼ਹਿਬਾਜ਼ ਸ਼ਰੀਫ ਦੀ ਸਰਕਾਰ ਦੇ ਨੇਤਾ ਹੀ ਖੁੱਲ੍ਹੇ ਤੌਰ ’ਤੇ ਅੱਤਵਾਦ ਨੂੰ ਸਮਰਥਨ ਦੇਣ ਦੀ ਗੱਲ ਕਹਿ ਕੇ ਆਪਣੀ ਹੀ ਸਰਕਾਰ ਦੇ ਦਾਅਵਿਆਂ ਨੂੰ ਝੂਠਲਾ ਰਹੇ ਹਨ।’
ਪਹਿਲਗਾਮ ਹਮਲੇ ਤੋਂ 3 ਦਿਨ ਬਾਅਦ ਹੀ 25 ਅਪ੍ਰੈਲ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ‘ਖਵਾਜ਼ਾ ਆਸਿਫ’ ਨੇ ਇਕ ਨਿਊਜ਼ ਚੈਨਲ ‘ਸਕਾਈ ਨਿਊਜ਼’ ਨੂੰ ਇੰਟਰਵਿਊ ਦਿੰਦੇ ਹੋਏ ਸਵੀਕਾਰ ਕੀਤਾ ਸੀ ਕਿ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਧਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੰਦਾ ਆ ਰਿਹਾ ਹੈ ਅਤੇ ਅਮਰੀਕਾ ਤੇ ਬ੍ਰਿਟੇਨ ਸਮੇਤ ਪੱਛਮ ਦੇ ਦੇਸ਼ਾਂ ਲਈ ਦਹਾਕਿਆਂ ਤੋਂ ਇਹ ‘ਗੰਦਾ ਕੰਮ’ ਕਰਦਾ ਰਿਹਾ ਹੈ ਅਤੇ ਅਤੀਤ ਵਿਚ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਸਰਕਾਰ ਨਾਲ ਸਬੰਧਾਂ ਦੇ ਕੁਝ ਲਿੰਕ ਮਿਲੇ ਹਨ।
ਇਸ ਦੇ ਇਕ ਹਫਤੇ ਬਾਅਦ ਹੀ 2 ਮਈ ਨੂੰ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ‘ਪਾਕਿਸਤਾਨ ਪੀਪਲਜ਼ ਪਾਰਟੀ’ ਦੇ ਨੇਤਾ ‘ਬਿਲਾਵਲ ਭੁੱਟੋ’ ਨੇ ਵੀ ਇਕ ਇੰਟਰਵਿਊ ਵਿਚ ਸਵੀਕਾਰ ਕੀਤਾ ਕਿ ਪਾਕਿਸਤਾਨ ਅੱਤਵਾਦ ਦੀ ਪਨਾਹਗਾਹ ਹੈ।
ਉਨ੍ਹਾਂ ਕਿਹਾ ਕਿ ‘‘ਪਾਕਿਸਤਾਨ ਦਾ ਇਕ ਅਤੀਤ ਹੈ ਅਤੇ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਕਿ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸਬੰਧ ਰਹੇ ਹਨ। ਅੱਤਵਾਦ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਹੈ, ਹਾਲਾਂਕਿ ਸਮੇਂ ਦੇ ਨਾਲ ਸੁਧਾਰ ਹੋਇਆ ਹੈ।’’
ਇਨ੍ਹਾਂ ਦੋਵਾਂ ਹੀ ਨੇਤਾਵਾਂ ਦੇ ਉਕਤ ਬਿਆਨਾਂ ਨਾਲ ਭਾਰਤ ਦੇ ਰੁਖ਼ ਨੂੰ ਮਜ਼ਬੂਤੀ ਮਿਲੀ ਹੈ ਕਿਉਂਕਿ ਭਾਰਤ ਸੰਸਾਰਿਕ ਮੰਚ ’ਤੇ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਪਾਕਿਸਤਾਨ ਦੀ ਸਰਕਾਰ, ਫੌਜ ਅਤੇ ਆਈ. ਐੱਸ. ਆਈ. ਹੀ ਅੱਤਵਾਦ ਨੂੰ ਸਮਰਥਨ ਦਿੰਦੇ ਹਨ ਪਰ ਪਾਕਿਸਤਾਨ ਨੇ ਆਪਣੀ ਅੱਤਵਾਦ ਦੀ ਨੀਤੀ ਦਾ ਠੀਕਰਾ ਅਮਰੀਕਾ ’ਤੇ ਭੰਨਿਆ ਹੈ ਅਤੇ ਉਨ੍ਹਾਂ ਦੇ ਇਸ ਬਿਆਨ ਨਾਲ ਪਾਕਿਸਤਾਨੀ ਵੀ ਭੜਕ ਉੱਠੇ ਹਨ।
ਇਸੇ ਦੌਰਾਨ ਜਿਥੇ ਪਾਕਿਸਤਾਨ ਵੱਲੋਂ ਪਿਛਲੇ 9 ਦਿਨਾਂ ਤੋਂ ਲਗਾਤਾਰ ਸਰਹੱਦ ’ਤੇ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉਥੇ ਹੀ ਭਾਰਤ ਦਾ ਹਮਲਾਵਰੀ ਰੁਖ਼ ਦੇਖਦੇ ਹੋਏ ਉਹ ਆਪਣੇ ਹਥਿਆਰਾਂ ਨੂੰ ਚਲਾ ਕੇ ਦੇਖ ਰਿਹਾ ਹੈ। ਇਸੇ ਕੜੀ ਵਿਚ ਉਸ ਨੇ 3 ਮਈ ਨੂੰ ਆਪਣੀ ‘ਅਬਦਾਲੀ ਮਿਜ਼ਾਈਲ’ ਦਾ ਪ੍ਰੀਖਣ ਕੀਤਾ।
ਜਾਣਕਾਰਾਂ ਅਨੁਸਾਰ ਆਰਥਿਕ ਸੰਕਟ ਵਿਚ ਫਸਿਆ ਹੋਣ ਕਾਰਨ ਯੂਕ੍ਰੇਨ ਅਤੇ ਇਜ਼ਰਾਈਲ ਨੂੰ ਵੱਡੀ ਮਾਤਰਾ ਵਿਚ ਆਪਣਾ ਗੋਲਾ ਬਾਰੂਦ ਵੇਚਣ ਲਈ ਪਾਕਿਸਤਾਨ ਮਜਬੂਰ ਹੋ ਰਿਹਾ ਹੈ, ਜਦਕਿ ਖੁਦ ਉਸ ਦੇ ਕੋਲ ਭਾਰਤ ਨਾਲ 4 ਦਿਨ ਜੰਗ ਲੜਨ ਦੇ ਯੋਗ ਵੀ ਗੋਲਾ ਬਾਰੂਦ ਨਹੀਂ ਹੈ।
ਇਸ ਦੇ ਬਾਵਜੂਦ ਉਸ ਦੀਆਂ ਗਿੱਦੜ ਭਬਕੀਆਂ ਵਿਚ ਕੋਈ ਕਮੀ ਨਹੀਂ ਆਈ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਸਿੰਧੂ ਨਦੀ ਦਾ ਪਾਣੀ ਰੋਕਣ ਦੇ ਫੈਸਲੇ ਦੇ ਮੱਦੇਨਜ਼ਰ ਪਾਕਿਸਤਾਨ ਦੇ ਰੱਖਿਆ ਮੰਤਰੀ ‘ਖਵਾਜ਼ਾ ਆਸਿਫ’ ਨੇ ਧਮਕੀ ਦੇ ਦਿੱਤੀ ਹੈ ਕਿ ਜੇਕਰ ਭਾਰਤ ਨੇ ਪਾਣੀ ਰੋਕਣ ਲਈ ਬੰਨ੍ਹ ਬਣਾਇਆ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਏਗਾ।
ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੌਜ ਮੁਖੀ ਅਾਸਿਮ ਮੁਨੀਰ ਨੇ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮਦਦ ਮੰਗੀ ਹੈ ਜਿਸ ਨਾਲ ਪਾਕਿਸਤਾਨ ’ਚ ਨਵੀਆਂ ਸਿਆਸੀ ਗਿਣਤੀਆਂ-ਮਿਣਤੀਆਂ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਜਾਣ ਲੱਗੀ ਹੈ।
ਭਾਰਤ -ਪਾਕਿਸਤਾਨ ’ਚ ਵਧਦੀ ਅਸ਼ਾਂਤੀ ਵਿਚਾਲੇ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਕਲਾਤ ਜ਼ਿਲੇ ’ਚ ਮੈਂਗੋਚਰ ਨਗਰ ਅਤੇ ਰਣਨੀਤਿਕ ਤੌਰ ’ਤੇੇ ਮਹੱਤਵਪੂਰਨ ਕਵੇਟਾ -ਕਰਾਚੀ ਹਾਈਵੇਅ ’ਤੇ ਕਬਜ਼ਾ ਕਰ ਲਿਆ ਹੈ ਅਤੇ ਸਰਕਾਰੀ ਦਫਤਰਾਂ ਨੂੰ ਸਾੜ ਦਿੱਤਾ ਹੈ।
ਖੈਰ ਜਿਥੇ ਪਾਕਿਸਤਾਨ ਦੇ ਹੀ 2 ਵੱਡੇ ਨੇਤਾਵਾਂ ਨੇ ਅੱਤਵਾਦ ਨੂੰ ਸਮਰਥਨ ਦੇਣ ਦੀ ਗੱਲ ਸਵੀਕਾਰ ਕਰ ਕੇ ਆਪਣੀ ਹੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਉਥੇ ਹੀ ਪਾਕਿਸਤਾਨ ਦੇ ਨੇਤਾਵਾਂ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੇ ਅਤੀਤ ਦੇ ਤਜਰਬਿਆਂ ਤੋਂ ਕੁਝ ਨਹੀਂ ਸਿੱਖਿਆ ਕਿ ਭਾਰਤ ਦੇ ਨਾਲ ਕਿਸੇ ਵੀ ਕਿਸਮ ਦੀ ਜੰਗ ਵਿਚ ਉਲਝਣਾ ਉਨ੍ਹਾਂ ਦੇ ਲਈ ਲੋਹੇ ਦੇ ਚਨੇ ਚਬਾਉਣ ਵਰਗਾ ਹੀ ਸਿੱਧ ਹੋਵੇਗਾ।
-ਵਿਜੇ ਕੁਮਾਰ
ਪਾਕਿਸਤਾਨ ਦਾ ਅੱਤਵਾਦੀ ਰਾਹ : ਕਸ਼ਮੀਰ ਤੋਂ ਕਾਬੁਲ ਅਤੇ ਉਸ ਤੋਂ ਅੱਗੇ
NEXT STORY