ਦੇਸ਼ ’ਚ ਅਪਰਾਧੀਆਂ ਦੇ ਹੌਸਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਅਤੇ ਹੁਣ ਤਾਂ ਅਪਰਾਧਿਕ ਤੱਤਾਂ ਨੇ ਦਿਨ-ਦਿਹਾੜੇ ਡਿਊਟੀ ਦੇ ਰਹੇ ਪੁਲਸ ਕਰਮਚਾਰੀਆਂ ’ਤੇ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ, ਜਿਸ ਦੀਆਂ ਇਸ ਮਹੀਨੇ ਦੇ 3 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
*1 ਨਵੰਬਰ ਨੂੰ ਬੇਤੀਆ (ਬਿਹਾਰ) ਦੇ ‘ਸ਼ਿਕਾਰਪੁਰ’ ’ਚ ਇਕ ਬਜ਼ੁਰਗ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਤੰਗ ਕੀਤੇ ਜਾਣ ਦੀ ਜਾਂਚ ਕਰਨ ਗਈ ਪੁਲਸ ਟੀਮ ’ਤੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਕੇ 3 ਪੁਲਸ ਮੁਲਾਜ਼ਮਾਂ ਅਤੇ ਕੁਝ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਸਬ-ਇੰਸਪੈਕਟਰ ਦਾ ਬੈਜ ਨੋਚ ਲਿਆ ਅਤੇ ਉਸ ਦੀ ਵਰਦੀ ਵੀ ਪਾੜ ਦਿੱਤੀ।
* 1 ਨਵੰਬਰ ਨੂੰ ਹੀ ਬਰੇਲੀ (ਉੱਤਰ ਪ੍ਰਦੇਸ਼) ਦੇ ਪ੍ਰੇਮ ਨਗਰ ’ਚ ਪੁਲਸ ਦੀ ਗਸ਼ਤੀ ਟੀਮ ਵੱਲੋਂ ਕੁਝ ਲੋਕਾਂ ਨੂੰ ਜੂਆ ਖੇਡਣ ਤੋਂ ਰੋਕਣ ’ਤੇ ਉਨ੍ਹਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਕੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ ਅਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਨਾਲ ਇਕ ਦਰੋਗਾ ਅਤੇ ਕੁਝ ਸਿਪਾਹੀ ਜ਼ਖਮੀ ਹੋ ਗਏ।
* 1 ਨਵੰਬਰ ਨੂੰ ਹੀ ਮੋਤੀਹਾਰੀ (ਬਿਹਾਰ) ਦੇ ਪਹਾੜਪੁਰ ’ਚ ਪ੍ਰੇਮ ਪ੍ਰਸੰਗ ਦੇ ਇਕ ਮਾਮਲੇ ’ਚ ਇਕ ਨੌਜਵਾਨ ਨੂੰ ਫ਼ੜਨ ਗਈ ਪੁਲਸ ਟੀਮ ’ਤੇ ਨੌਜਵਾਨ ਦੇ ਘਰ ਵਾਲਿਆਂ ਅਤੇ ਉਸ ਦੇ ਗੁਆਂਢੀਆਂ ਨੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਕੇ ਇਕ ਏ. ਐੱਸ. ਆਈ. ਅਤੇ ਇਕ ਹੋਮਗਾਰਡ ਜਵਾਨ ਦਾ ਸਿਰ ਪਾੜ ਦਿੱਤਾ।
*1 ਨਵੰਬਰ ਨੂੰ ਹੀ ਸ਼ਹਿਡੋਲ (ਮੱਧ ਪ੍ਰਦੇਸ਼) ’ਚ ਕੁਝ ਬਦਮਾਸ਼ਾਂ ਨੂੰ ਫੜਨ ਗਈ ਪੁਲਸ ਟੀਮ ’ਤੇ ਹਮਲਾ ਕਰਨ ਦੇ ਦੋਸ਼ ’ਚ ਇਕ ਸਾਬਕਾ ਕੌਂਸਲਰ ਅਤੇ ਉਸ ਦੇ ਬੇਟੇ-ਬੇਟੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 2 ਨਵੰਬਰ ਨੂੰ ਛਤਰਪੁਰ (ਮੱਧ ਪ੍ਰਦੇਸ਼) ਦੇ ‘ਦੇਰੀ’ ਪਿੰਡ ’ਚ ਇਨਾਮੀ ਹੱਤਿਆ ਦੇ ਦੋਸ਼ੀ ਨੂੰ ਫੜਨ ਗਈ ਪੁਲਸ ਟੀਮ ’ਤੇ ਦੋਸ਼ੀ ਨੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਮੌਕਾ ਮਿਲਦਿਆਂ ਹੀ ਜੰਗਲ ਵੱਲ ਭੱਜ ਗਿਆ।
* 2 ਨਵੰਬਰ ਨੂੰ ਹੀ ਪੂਰਬੀ ਦਿੱਲੀ ’ਚ ਇਕ ਸਾਬਕਾ ਡੀ. ਐੱਸ. ਪੀ. ਵੱਲੋਂ 2 ਲੜਕੀਆਂ ਨੂੰ ਹਾਰਨ ਵਜਾਉਣ ਤੋਂ ਰੋਕਣ ’ਤੇ ਹੋਏ ਝਗੜੇ ਪਿੱਛੋਂ ਦੋਵਾਂ ਲੜਕੀਆਂ ਨੇ ਉਸ ਦੇ ਘਰ ਅੰਦਰ ਜਬਰੀ ਦਾਖਲ ਹੋ ਕੇ ਉਸ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
* 2 ਨਵੰਬਰ ਨੂੰ ਹੀ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ‘ਦੇਵਰ ਕੰਚਨ’ ਪਿੰਡ ’ਚ 2 ਧਿਰਾਂ ਦਾ ਝਗੜਾ ਸੁਲਝਾਉਣ ਪੁੱਜੀ ਪੁਲਸ ਟੀਮ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ’ਚ ਚੌਕੀ ਇੰਚਾਰਜ ਸਮੇਤ 4 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।
* 3 ਨਵੰਬਰ ਨੂੰ ਸ਼ਾਮਲੀ (ਉੱਤਰ ਪ੍ਰਦੇਸ਼) ਦੇ ‘ਝਿੰਝਾਨਾ’ ਵਿਚ ਇਕ ਹਿਸਟਰੀ ਸ਼ੀਟਰ ਨੂੰ ਫੜਨ ਗਈ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ (ਐੱਸ. ਓ. ਜੀ.) ਦੀ ਟੀਮ ’ਤੇ ਹਮਲਾ ਕਰ ਕੇ ਲੋਕਾਂ ਨੇ, ਜਿਨ੍ਹਾਂ ’ਚ ਕੁਝ ਔਰਤਾਂ ਵੀ ਸ਼ਾਮਲ ਸਨ, ਨਾ ਸਿਰਫ ਦੋਸ਼ੀ ਨੂੰ ਛੁਡਾ ਲਿਆ, ਸਗੋਂ ਐੱਸ. ਓ. ਜੀ ਟੀਮ ਦੇ ਹਥਿਆਰ ਖੋਹਣ ਦਾ ਯਤਨ ਕੀਤਾ।
* 3 ਨਵੰਬਰ ਨੂੰ ਹੀ ਅੰਮ੍ਰਿਤਸਰ (ਪੰਜਾਬ) ’ਚ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਕਰਨ ਅਤੇ ਉਨ੍ਹਾਂ ਦੀ ਵਰਦੀ ਪਾੜਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ 2 ਔਰਤਾਂ ਸਮੇਤ 5 ਲੋਕਾਂ ’ਤੇ ਕੇਸ ਦਰਜ ਕਰ ਕੇ ਉਨ੍ਹਾਂ ’ਚੋਂ 3 ਨੂੰ ਗ੍ਰਿਫਤਾਰ ਕਰ ਲਿਆ।
* 3 ਨਵੰਬਰ ਨੂੰ ਹੀ ਲੁਧਿਆਣਾ (ਪੰਜਾਬ) ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਭੀੜ ਹੋਣ ਕਾਰਨ ਜਦੋਂ ਇਕ ਸਾਬਕਾ ਫੌਜੀ ਅਤੇ ਉਸ ਦੇ ਪਰਿਵਾਰ ਨੂੰ ਬਾਹਰ ਉਡੀਕ ਕਰਨ ਨੂੰ ਕਿਹਾ ਗਿਆ ਤਾਂ ਸਾਬਕਾ ਫੌਜੀ ਨੇ ਉਥੇ ਮੌਜੂਦ ਏ. ਐੱਸ. ਆਈ. ਦੇ ਮੂੰਹ ’ਤੇ ਮੁੱਕਾ ਮਾਰ ਦਿੱਤਾ ਅਤੇ ਕੁੱਟ-ਮਾਰ ਕੀਤੀ, ਜਿਸ ਨਾਲ ਉਸ ਦੇ ਮੂੰਹ ’ਚੋਂ ਖੂਨ ਵਗਣ ਲੱਗਾ।
ਇਕ ਹੋਰ ਮਾਮਲੇ ’ਚ ਉਕਤ ਹਸਪਤਾਲ ’ਚ ਮੈਡੀਕਲ ਕਰਵਾਉਣ ਆਈਆਂ 2 ਧਿਰਾਂ ਐਮਰਜੈੈਂਸੀ ’ਚ ਹੀ ਭਿੜ ਗਈਆਂ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕਰਨ ’ਤੇ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਕੁੱਟ ਦਿੱਤਾ।
* 3 ਨਵੰਬਰ ਨੂੰ ਹੀ ਦੱਖਣੀ-ਪੱਛਮੀ ਦਿੱਲੀ ’ਚ ‘ਹਿੱਟ ਐਂਡ ਰਨ’ ਦੇ ਇਕ ਮਾਮਲੇ ’ਚ ਜਦੋਂ ਡਿਊਟੀ ’ਤੇ ਤਾਇਨਾਤ ਦਿੱਲੀ ਟ੍ਰੈਫਿਕ ਪੁਲਸ ਦੇ 2 ਮੁਲਾਜ਼ਮਾਂ ਨੇ ਇਕ ਕਾਰ ਸਵਾਰ ਨੂੰ ਰੈੱਡ ਲਾਈਟ ਜੰਪ ਕਰਨ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਪਹਿਲਾਂ ਤਾਂ ਉਹ ਰੁਕਿਆ ਪਰ ਉਸ ਦੇ ਤੁਰੰਤ ਪਿੱਛੋਂ ਦੋਵਾਂ ਮੁਲਾਜ਼ਮਾਂ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਉਨ੍ਹਾਂ ਨੂੰ ਘੜੀਸਦਾ ਲੈ ਗਿਆ, ਜਿਸ ਨਾਲ ਉਹ ਦੋਵੇਂ ਜ਼ਖ਼ਮੀ ਹੋ ਗਏ।
* 3 ਨਵੰਬਰ ਨੂੰ ਹੀ ਝਾਂਸੀ (ਉੱਤਰ ਪ੍ਰਦੇਸ਼) ਦੇ ਪ੍ਰੇਮ ਨਗਰ ਥਾਣਾ ਇਲਾਕੇ ’ਚ ਜ਼ਮੀਨ ’ਤੇ ਕਬਜ਼ੇ ਦੀ ਸ਼ਿਕਾਇਤ ਮਿਲਣ ’ਤੇ ਜਾਂਚ ਕਰਨ ਪੁੱਜੀ ਪੁਲਸ ਟੀਮ ਨਾਲ ਦਬੰਗਾਂ ਨੇ ਗਾਲ੍ਹ-ਮੰਦਾ ਕੀਤਾ ਅਤੇ ਉਸ ’ਤੇ ਲਾਠੀਆਂ-ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਇੰਸਪੈਕਟਰ ਦਾ ਮੋਬਾਈਲ ਵੀ ਖੋਹ ਲਿਆ।
ਡਿਊਟੀ ਨਿਭਾ ਰਹੇ ਪੁਲਸ ਮੁਲਾਜ਼ਮਾਂ ’ਤੇ ਹਮਲਿਆਂ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਪਰਾਧਿਕ ਤੱਤਾਂ ਦੇ ਹੌਸਲੇ ਕਿਸ ਕਦਰ ਵਧਦੇ ਜਾ ਰਹੇ ਹਨ, ਜਿਨ੍ਹਾਂ ਨੂੰ ਨੱਥ ਪਾਉਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਤੇਜ਼ ਕਰਨ ਅਤੇ ਅਪਰਾਧੀਆਂ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂਕਿ ਇਸ ਗਲਤ ਰੁਝਾਨ ’ਤੇ ਰੋਕ ਲੱਗ ਸਕੇ। ਜੇ ਅਜਿਹਾ ਨਾ ਕੀਤਾ ਗਿਆ ਤਾਂ ਪੁਲਸ ਛੋਟੇ-ਮੋਟੇ ਮਾਮਲਿਆਂ ’ਚ ਦਖਲ ਦੇਣਾ ਹੀ ਬੰਦ ਕਰ ਦੇਵੇਗੀ, ਜਿਸ ਨਾਲ ਅਖੀਰ ਆਮ ਲੋਕਾਂ ਨੂੰ ਹੀ ਹਾਨੀ ਹੋਵੇਗੀ।
–ਵਿਜੇ ਕੁਮਾਰ
ਚੁਣੇ ਹੋਏ ਲੋਕਤੰਤਰ ਦੀ ਪ੍ਰੀਖਿਆ
NEXT STORY