ਭਾਰਤ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ ਅਤੇ ਪੁਰਾਤਨ ਰਵਾਇਤਾਂ ਲਈ ਜਾਣਿਆ ਜਾਣ ਵਾਲਾ ਦੇਸ਼ ਹੈ। ਅੱਜ ਦੁਨੀਆ ਦੇ 200 ਤੋਂ ਵੱਧ ਦੇਸ਼ਾਂ ’ਚ ਵੱਸੇ 6.24 ਕਰੋੜ ਪ੍ਰਵਾਸੀ ਭਾਰਤੀ ਨਾ ਸਿਰਫ ਆਪਣੇ ਮੂਲ ਦੇਸ਼ ਦੀ ਸੱਭਿਆਚਾਰਕ ਪਛਾਣ ਨੂੰ ਬਚਾਏ ਹੋਏ ਹਨ ਸਗੋਂ ਆਪਣੇ ਕਾਰਜ ਖੇਤਰ ’ਚ ਸਫਲਤਾ ਹਾਸਲ ਕਰ ਕੇ ਭਾਰਤ ਨੂੰ ਮਾਣ ਵੀ ਦਿਵਾ ਰਹੇ ਹਨ। ਇਨ੍ਹਾਂ ’ਚੋਂ 3.5 ਕਰੋੜ ਤੋਂ ਵੱਧ ਪ੍ਰਵਾਸੀ ਭਾਰਤੀ ਅਜਿਹੇ ਹਨ, ਜੋ ਪੱਕੇ ਤੌਰ ’ਤੇ ਵਿਦੇਸ਼ਾਂ ’ਚ ਵੱਸ ਗਏ ਹਨ ਪਰ ਉਨ੍ਹਾਂ ਦਾ ਆਪਣੀ ਮਾਤਭੂਮੀ ਨਾਲ ਲਗਾਅ ਬਰਕਰਾਰ ਹੈ।
ਸਰਕਾਰ ਨੇ ਪ੍ਰਵਾਸੀ ਭਾਰਤੀਆਂ ਨੂੰ ਜੋੜਨ ਅਤੇ ਉਨ੍ਹਾਂ ਨੂੰ ਭਾਰਤੀ ਵਿਕਾਸ ਪ੍ਰਕਿਰਿਆ ’ਚ ਹਿੱਸੇਦਾਰ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ’ਚੋਂ ਇਕ ਮੁੱਖ ਪਹਿਲ ਹਰ ਸਾਲ ਆਯੋਜਿਤ ਹੋਣ ਵਾਲਾ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਹੈ। ਇਸ ਸਾਲ 18ਵਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ 8 ਤੋਂ 10 ਜਨਵਰੀ ਤੱਕ ਓਡਿਸ਼ਾ ਦੇ ਭੂਵਨੇਸ਼ਵਰ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਰ ਮੁੱਖ ਵਿਸ਼ਾ ‘ਵਿਕਸਿਤ ਭਾਰਤ ’ਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ’ ਹੈ।
ਭਾਰਤ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ’ਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਜ਼ਬਰਦਸਤ ਹੈ। ਉਹ ਭਾਰਤ ਅਤੇ ਹੋਰ ਦੇਸ਼ਾਂ ਵਿਚਾਲੇ ਇਕ ਮਜ਼ਬੂਤ ਪੁਲ ਦਾ ਕੰਮ ਕਰਦੇ ਹਨ। ਸਾਲ 2023 ’ਚ ਐੱਨ. ਆਰ. ਆਈਜ਼ ਵਲੋਂ ਭਾਰਤ ਨੂੰ ਭੇਜੀ ਗਈ ਰਕਮ 120 ਬਿਲੀਅਨ ਅਮਰੀਕੀ ਡਾਲਰ ਸੀ, ਜੋ ਦੁਨੀਆ ’ਚ ਸਭ ਤੋਂ ਵੱਧ ਸੀ। ਅੱਜ ਭਾਰਤ ਦੇ ਮੁੱਖ ਭਾਈਵਾਲਾਂ ’ਚ ਕੈਨੇਡਾ, ਅਮਰੀਕਾ, ਸਾਊਦੀ ਅਰਬ, ਕਤਰ, ਆਸਟ੍ਰੇਲੀਆ ਅਤੇ ਯੂਰਪੀ ਦੇਸ਼ ਸ਼ਾਮਲ ਹਨ।
ਕੈਨੇਡਾ ’ਚ ਲਗਭਗ 16 ਲੱਖ ਐੱਨ. ਆਰ. ਆਈ. ਰਹਿੰਦੇ ਹਨ ਜੋ ਉਥੋਂ ਦੀ ਕੁੱਲ ਆਬਾਦੀ ਦਾ ਲਗਭਗ 3 ਫੀਸਦੀ ਹਨ। ਇਸੇ ਤਰ੍ਹਾਂ ਸਾਊਦੀ ਅਰਬ ’ਚ 24.6 ਲੱਖ ਅਤੇ ਕਤਰ ’ਚ 8.20 ਲੱਖ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇਹ ਭਾਰਤੀ ਨਾ ਸਿਰਫ ਆਪਣੇ ਕਾਰੋਬਾਰ ਅਤੇ ਵਪਾਰ ’ਚ ਸਫਲਤਾ ਹਾਸਲ ਕਰ ਰਹੇ ਹਨ, ਸਗੋਂ ਉਨ੍ਹਾਂ ਦੇਸ਼ਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ’ਚ ਵੀ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਭਾਰਤ ਸਰਕਾਰ ਨੇ ਐੱਨ. ਆਰ. ਆਈਜ਼ ਦੇ ਕਲਿਆਣ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ’ਚ ਪ੍ਰਵਾਸੀ ਭਾਰਤੀ ਬੀਮਾ ਯੋਜਨਾ (ਪੀ. ਬੀ. ਬੀ. ਵਾਈ.) ਖਾਸ ਤੌਰ ’ਤੇ ਜ਼ਿਕਰਯੋਗ ਹੈ। ਇਹ ਯੋਜਨਾ ਵਿਦੇਸ਼ਾਂ ’ਚ ਕੰਮ ਕਰਨ ਵਾਲੇ ਭਾਰਤੀਆਂ ਨੂੰ 10 ਲੱਖ ਰੁਪਏ ਤਕ ਦਾ ਬੀਮਾ ਕਵਰ ਦਿੰਦੀ ਹੈ।
ਇਸ ਯੋਜਨਾ ਤਹਿਤ ਹੁਣ ਤੱਕ 80 ਲੱਖ ਤੋਂ ਵੱਧ ਐੱਨ. ਆਰ. ਆਈ. ਲਾਭ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰੀ ਡਿਪਾਰਚਰ ਓਰੀਅੈਂਟੇਸ਼ਨ ਟ੍ਰੇਨਿੰਗ (ਪੀ. ਡੀ. ਓ. ਟੀ.) ਵਰਗੇ ਪ੍ਰੋਗਰਾਮ ਪ੍ਰਵਾਸੀ ਕਿਰਤੀਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਜ਼ਰੂਰੀ ਟ੍ਰੇਨਿੰਗ ਅਤੇ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।
ਪ੍ਰਵਾਸੀ ਭਾਰਤੀ ਨਾ ਸਿਰਫ ਆਰਥਿਕ ਖੇਤਰ ’ਚ ਸਗੋਂ ਸੱਭਿਆਚਾਰਕ ਸਿੱਖਿਆ ਅਤੇ ਵਿਗਿਆਨਕ ਖੇਤਰ ’ਚ ਵੀ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਭਾਰਤੀ ਮੂਲ ਦੇ ਡਾਕਟਰ, ਵਿਗਿਆਨੀ ਅਤੇ ਅਧਿਆਪਕ ਵੱਖ-ਵੱਖ ਦੇਸ਼ਾਂ ’ਚ ਆਪਣੀ ਮੁਹਾਰਤ ਲਈ ਪਛਾਣੇ ਜਾਂਦੇ ਹਨ। ਉਨ੍ਹਾਂ ਦੇ ਯੋਗਦਾਨ ਨਾਲ ਨਾ ਸਿਰਫ ਸਬੰਧਤ ਦੇਸ਼ਾਂ ਨੂੰ ਲਾਭ ਹੁੰਦਾ ਹੈ ਸਗੋਂ ਭਾਰਤੀ ਮੂਲ ਦੀ ਪਛਾਣ ਵੀ ਮਜ਼ਬੂਤ ਹੁੰਦੀ ਹੈ।
ਭਾਰਤ ਨੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੇ ਅਧਿਕਾਰ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀਜ਼ਾ ਨਿਯਮਾਂ ਨੂੰ ਸੌਖਾ ਬਣਾਇਆ ਹੈ। ਹੁਣ ਤਕ 133 ਦੇਸ਼ਾਂ ਦੇ ਨਾਲ ਵੀਜ਼ਾ ਛੋਟ ਸਮਝੌਤੇ ’ਤੇ ਹਸਤਾਖਰ ਕੀਤੇ ਜਾ ਚੁੱਕੇ ਹਨ ਅਤੇ 166 ਦੇਸ਼ਾਂ ’ਚ ਈ-ਵੀਜ਼ਾ ਸਹੂਲਤ ਮੁਹੱਈਆ ਹੈ। ਇਸ ਨਾਲ ਪ੍ਰਵਾਸੀ ਭਾਰਤੀਆਂ ਲਈ ਭਾਰਤ ਆਉਣਾ ਅਤੇ ਇਸ ਦੇ ਵਿਕਾਸ ’ਚ ਯੋਗਦਾਨ ਦੇਣਾ ਸੌਖਾ ਹੋ ਗਿਆ ਹੈ।
ਭਾਰਤ ਦੀ ਗਲੋਬਲ ਮੌਜੂਦਗੀ ਅਤੇ ਵੱਕਾਰ ਪ੍ਰਵਾਸੀ ਭਾਰਤੀਆਂ ਲਈ ਮਾਣ ਦੀ ਗੱਲ ਹੈ। ਭਾਰਤ ਦੀ ਡਿਜੀਟਲ ਕ੍ਰਾਂਤੀ ਨੇ ਇਸ ਨੂੰ ਇਕ ਮੋਹਰੀ ਦੇਸ਼ ਦੇ ਰੂਪ ’ਚ ਸਥਾਪਿਤ ਕੀਤਾ ਹੈ। ਅੱਜ ਭਾਰਤ ’ਚ ਗਲੋਬਲ ਰੀਅਲ ਟਾਈਮ ਡਿਜੀਟਲ ਲੈਣ-ਦੇਣ ਦਾ 40 ਫੀਸਦੀ ਹਿੱਸਾ ਹੈ। ਇਸ ਤੋਂ ਇਲਾਵਾ ਭਾਰਤ ਦਾ ਸਟਾਰਟਅਪ ਈਕੋ-ਸਿਸਟਮ ਦੁਨੀਆ ਦੇ ਟਾਪ-3 ’ਚ ਸ਼ਾਮਲ ਹੈ।
ਇਹ ਸਭ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਅਤੇ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਨਤੀਜਾ ਹੈ। ਪੁਲਾੜ ਤਕਨੀਕ ’ਚ ਭਾਰਤ ਦੀਆਂ ਪ੍ਰਾਪਤੀਆਂ ਵੀ ਪ੍ਰਵਾਸੀ ਭਾਰਤੀਆਂ ਲਈ ਮਾਣ ਦੀ ਗੱਲ ਹੈ। ਭਾਰਤ ਨੇ ਇਕੱਠੇ 100 ਤੋਂ ਵੱਧ ਉਪਗ੍ਰਹਿ ਦਾਗਣ ਦਾ ਰਿਕਾਰਡ ਸਥਾਪਿਤ ਕੀਤਾ ਹੈ। ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼, ਜੰਗੀ ਬੇੜੇ ਆਈ. ਐੱਨ. ਐੱਸ. ਵਿਕਰਾਂਤ ਅਤੇ ਪ੍ਰਮਾਣੂ ਪਣਡੁੱਬੀ ਅਰਿਹੰਤ ਵਰਗੇ ਪ੍ਰਾਜੈਕਟਾਂ ਨੇ ਭਾਰਤ ਦੀਆਂ ਤਕਨੀਕੀ ਅਤੇ ਰੱਖਿਆ ਸਮਰੱਥਾਵਾਂ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ ਹੈ।
ਭਾਰਤ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਲਈ ਸ਼ੁਰੂ ਕੀਤੀ ਗਈ ਗੱਲਬਾਤ ਪ੍ਰਣਾਲੀ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸੁਝਾਅ ਪ੍ਰਾਪਤ ਕਰਨ ਲਈ ਇਕ ਅਹਿਮ ਮੰਚ ਮੁਹੱਈਆ ਕਰਦੀ ਹੈ। ਕਾਂਸੁਲਰ ਗੱਲਬਾਤ ਪ੍ਰਣਾਲੀ ਤਹਿਤ ਹੁਣ ਤਕ 30 ਤੋਂ ਵੱਧ ਦੇਸ਼ਾਂ ਨਾਲ ਦੋਪੱਖੀ ਸਮਝੌਤੇ ਕੀਤੇ ਜਾ ਚੁੱਕੇ ਹਨ ਜਿਸ ਰਾਹੀਂ ਵੀਜ਼ਾ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਜਾਂਦੀ ਹੈ।
ਪ੍ਰਵਾਸੀ ਭਾਰਤੀ ਨਾ ਸਿਰਫ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਪ੍ਰੇਰਣਾਸਰੋਤ ਹਨ ਸਗੋਂ ਭਾਰਤ ਦੇ ਗਲੋਬਲ ਸੰਬੰਧਾਂ ਦੇ ਨਿਰਮਾਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਭਾਰਤੀ ਨੌਜਵਾਨਾਂ ਲਈ ਪ੍ਰੇਰਣਾਸਰੋਤ ਹਨ ਅਤੇ ਇਹ ਸਾਬਿਤ ਕਰਦੀਆਂ ਹਨ ਕਿ ਭਾਰਤ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆ ਦੀ ਵਿਸ਼ਵ ਪੱਧਰ ’ਤੇ ਕਿੰਨੀ ਮੰਗ ਹੈ। ਅੱਜ ਭਾਰਤ ਇਕ ਮਜ਼ਬੂਤ ਅਤੇ ਵਿਕਸਿਤ ਰਾਸ਼ਟਰ ਦੇ ਰੂਪ ’ਚ ਉੱਭਰ ਰਿਹਾ ਹੈ। ਇਸ ਦੀ ਵਧਦੀ ਅਰਥਵਿਵਸਥਾ, ਵਿਸ਼ਵ ਮੰਚ ’ਤੇ ਅਸਰਦਾਰ ਮੌਜੂਦਗੀ ਅਤੇ ਤਕਨੀਕੀ ਤਰੱਕੀ ਇਹ ਸੰਕੇਤ ਦਿੰਦੀ ਹੈ ਕਿ ਭਾਰਤ ਇਕ ਮਜ਼ਬੂਤ ਭਵਿੱਖ ਵੱਲ ਵਧ ਰਿਹਾ ਹੈ। ਇਸ ਯਾਤਰਾ ’ਚ ਪ੍ਰਵਾਸੀ ਭਾਰਤੀ ਭਾਈਚਾਰਾ ਇਕ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।
ਆਖਿਰਕਾਰ ਪ੍ਰਵਾਸੀ ਭਾਰਤੀ ਭਾਈਚਾਰਾ ਨਾ ਸਿਰਫ ਭਾਰਤ ਦੀ ਅਮੀਰ ਪ੍ਰੰਪਰਾ ਦਾ ਸਰਪ੍ਰਸਤ ਹੈ ਸਗੋਂ ਉਹ ਇਕ ਅਜਿਹਾ ਪੁਲ ਵੀ ਬਣਾ ਰਿਹਾ ਹੈ ਜੋ ਭਾਰਤ ਅਤੇ ਬਾਕੀ ਦੁਨੀਆ ਦੇ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਦੀ ਸਖਤ ਮਿਹਨਤ, ਸਮਰਪਣ ਅਤੇ ਭਾਰਤ ਪ੍ਰਤੀ ਵਫਾਦਾਰੀ ਹੀ ਉਨ੍ਹਾਂ ਨੂੰ ਸ਼ਾਨਦਾਰ ਬਣਾਉਂਦੀ ਹੈ। ਭਾਰਤ ਅਤੇ ਪ੍ਰਵਾਸੀ ਭਾਰਤੀਆਂ ਵਿਚਾਲੇ ਇਹ ਆਪਸੀ ਸਹਿਯੋਗ ਨਾ ਸਿਰਫ ਮੌਜੂਦਾ ਸਮੇਂ ’ਚ ਲਾਭਦਾਇਕ ਹੈ ਸਗੋਂ ਭਵਿੱਖ ’ਚ ਦੋਵਾਂ ਲਈ ਖੁਸ਼ਹਾਲੀ ਅਤੇ ਵਿਕਾਸ ਦੇ ਨਵੇਂ ਦਰਵਾਜ਼ੇ ਵੀ ਖੋਲ੍ਹੇਗਾ।
-ਦੇਵੇਂਦਰ ਰਾਜ ਸੁਥਾਰ
ਟਰੂਡੋ ਵਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ?
NEXT STORY