ਡਾ. ਵਰਿੰਦਰ ਭਾਟੀਆ
ਹਾਲ ਹੀ ’ਚ ਪਾਕਿਸਤਾਨ ਦੇ ਦੱਖਣ-ਪੂਰਬੀ ਸਿੰਧ ਸੂਬੇ ’ਚ ਇਕ ਮੰਦਿਰ ’ਚ ਭੰਨ-ਤੋੜ ਦੀ ਖਬਰ ਦੱਸਦੀ ਹੈ ਕਿ ਪਾਕਿਸਤਾਨ ’ਚ ਘੱਟ-ਗਿਣਤੀ ਸੁਰੱਖਿਅਤ ਨਹੀਂ ਹਨ। ਖਬਰਾਂ ਅਨੁਸਾਰ ਪਾਕਿਸਤਾਨ ਦੇ ਬਾਦਿਨ ਜ਼ਿਲੇ ’ਚ ਮੰਦਿਰ ’ਚ ਰੱਖੀਅਾਂ ਮੂਰਤੀਅਾਂ ਨੂੰ ਇਕ ਸ਼ੱਕੀ ਨੇ ਤੋੜ ਦਿੱਤਾ ਅਤੇ ਭੱਜ ਗਿਆ। ਬਾਦਿਨ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸ਼ੱਕੀ ਨੂੰ ਸ਼ਿਕਾਇਤ ਮਿਲਣ ਦੇ ਕੁਝ ਘੰਟਿਅਾਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ। ਪਾਕਿਸਤਾਨ ’ਚ ਹਿੰਦੂ ਸਭ ਤੋਂ ਵੱਡਾ ਘੱਟ-ਗਿਣਤੀ ਭਾਈਚਾਰਾ ਹੈ। ਕੁਝ ਸਮਾਂ ਪਹਿਲਾਂ ਹੀ ਪਾਕਿਸਤਾਨ ’ਚ ਇਕ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਜਬਰੀ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸਿੰਧ ਸੂਬੇ ਦੇ ਖੈਰਪੁਰ ਜ਼ਿਲੇ ਤੋਂ ਕੁਝ ਦਿਨ ਪਹਿਲਾਂ 14 ਸਾਲ ਦੀ ਪਰਸ਼ਾ ਕੁਮਾਰੀ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਦੇ ਤੁਰੰਤ ਬਾਅਦ ਹੀ ਉਸ ਦੇ ਮਾਪਿਅਾਂ ਨੇ ਸਥਾਨਕ ਪੁਲਸ ਸਟੇਸ਼ਨ ’ਚ ਗੁੰਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ ਇਸ ਸ਼ਿਕਾਇਤ ’ਤੇ ਪੁਲਸ ਵਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਬਾਅਦ ’ਚ ਇਹ ਖੁਲਾਸਾ ਹੋਇਆ ਕਿ ਨਾਬਾਲਗ ਲੜਕੀ ਤੋਂ ਜ਼ਬਰਦਸਤੀ ਧਰਮ ਤਬਦੀਲ ਕਰਵਾਇਆ ਗਿਆ, ਨਾਲ ਹੀ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦਾ ਵਿਆਹ ਕਰਵਾ ਦਿੱਤਾ ਗਿਆ।
ਘੱਟ-ਗਿਣਤੀਅਾਂ ਦੀ ਸੁਰੱਖਿਆ ਦੇ ਚੱਲਦਿਅਾਂ ਪਾਕਿਸਤਾਨ ਦੀ ਕੇਂਦਰੀ ਕੈਬਨਿਟ ’ਚ 5 ਮਈ 2020 ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਰਾਸ਼ਟਰੀ ਘੱਟ-ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਸ ਤਰ੍ਹਾਂ ਦੇ ਵਿਭਾਗ ਨੂੰ ਸਥਾਪਿਤ ਕਰਨ ਦਾ ਹੁਕਮ 2014 ’ਚ ਪਾਕਿਸਤਾਨੀ ਸੁਪਰੀਮ ਕੋਰਟ ਨੇ ਆਪਣੇ ਇਕ ਫੈਸਲੇ ’ਚ ਦਿੱਤਾ ਸੀ। ਉਂਝ ਤਾਂ ਇਹ ਕਮਿਸ਼ਨ ਸੁਪਰੀਮ ਕੋਰਟ ਦੇ ਫੈਸਲੇ ਦੇ 6 ਸਾਲ ਬਾਅਦ ਸਥਾਪਿਤ ਹੋਇਆ ਪਰ ਸ਼ੁਰੂ ’ਚ ਹੀ ਅਜਿਹੀਅਾਂ ਆਵਾਜ਼ਾਂ ਉੱਠਣ ਲੱਗੀਅਾਂ ਕਿ ਮੌਜੂਦਾ ਹਾਲਾਤ ’ਚ ਇਹ ਧਾਰਮਿਕ ਘੱਟ-ਗਿਣਤੀਅਾਂ ਨੂੰ ਨਿਅਾਂ ਦਿਵਾਉਣ ’ਚ ਕਾਫੀ ਨਹੀਂ ਹੈ। ਪਾਕਿਸਤਾਨ ’ਚ ਘੱਟ-ਗਿਣਤੀ ਕਮਿਸ਼ਨ ਬਣਾਉਣ ਦਾ ਮੁੱਖ ਮਕਸਦ ਘੱਟ-ਗਿਣਤੀਅਾਂ ਨੂੰ ਧਾਰਮਿਕ ਆਜ਼ਾਦੀ ਮੁਹੱਈਆ ਕਰਵਾਉਣਾ ਅਤੇ ਅਜਿਹੇ ਕਦਮ ਚੁੱਕਣਾ ਸੀ ਜਿਸ ਨਾਲ ਉਹ ਮੁੱਖ ਧਾਰਾ ਦਾ ਪੂਰੀ ਤਰ੍ਹਾਂ ਨਾਲ ਹਿੱਸਾ ਬਣ ਸਕਣ ਅਤੇ ਮੁੱਖ ਧਾਰਾ ’ਚ ਉਨ੍ਹਾਂ ਦੀ ਪੂਰੀ ਹਿੱਸੇਦਾਰੀ ਹੋਵੇ ਪਰ ਹਾਲ ਹੀ ’ਚ ਵਾਪਰੀਅਾਂ ਘੱਟ-ਗਿਣਤੀ ਵਿਰੋਧੀ ਕੁਝ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਬਾਰੇ ਲੋਕਾਂ ਦੀ ਚਿੰਤਾ ਗਲਤ ਨਹੀਂ ਸੀ।
ਪਾਕਿ ਦੇ ਸਿੰਧ ਸੂਬੇ ’ਚ ਹਿੰਦੂ, ਪੰਜਾਬ ’ਚ ਈਸਾਈ ਅਤੇ ਖੈਬਰ ਪਖਤੂਨਖਵ੍ਹਾ ਦਾ ਕੈਲਾਸ਼ ਭਾਈਚਾਰਾ ਜਬਰੀ ਧਰਮ ਤਬਦੀਲੀ ਦੀਅਾਂ ਸ਼ਿਕਾਇਤਾਂ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਹੈ। ਹਿਊਮਨ ਰਾਈਟਸ ਕਮਿਸ਼ਨ ਸਮੇਤ ਮਨੁੱਖੀ ਅਧਿਕਾਰ ਦੇ ਦੂਜੇ ਸੰਗਠਨ ਵੀ ਇਨ੍ਹਾਂ ਸ਼ਿਕਾਇਤਾਂ ਦੀ ਪੁਸ਼ਟੀ ਕਰਦੇ ਹਨ। ਹਿਊਮਨ ਰਾਈਟਸ ਕਮਿਸ਼ਨ ਦੀ ਧਰਮ ਜਾਂ ਮਾਨਤਾਵਾਂ ਦੀ ਆਜ਼ਾਦੀ ਬਾਰੇ 2018 ਦੀ ਇਕ ਸਮੀਖਿਆ ਰਿਪੋਰਟ ਅਨੁਸਾਰ ਹਰ ਸਾਲ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀਅਾਂ ਲਗਭਗ ਇਕ ਹਜ਼ਾਰ ਲੜਕੀਅਾਂ ਦੇ ਜਬਰੀ ਧਰਮ ਤਬਦੀਲੀ ਦੀਅਾਂ ਘਟਨਾਵਾਂ ਸਾਹਮਣੇ ਆਉਂਦੀਅਾਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਲੜਕੀਅਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ।
ਲੰਡਨ ’ਚ ਰਹਿ ਰਹੀ ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਅਤੇ ਦੇਸ਼ ’ਚ ਘੱਟ-ਗਿਣਤੀਅਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਅੱਗੇ ਰਹਿਣ ਵਾਲੀ ਮਹਿਲਾ ਬੁਲਾਰਾ ਅਨਿਲਾ ਗੁਲਜ਼ਾਰ ਨੇ ਮੀਡੀਆ ਨੂੰ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਸਿੰਧ ’ਚ ਲਗਭਗ 428 ਮੰਦਿਰ ਹੁੰਦੇ ਸਨ ਪਰ ਹੁਣ ਸਿਰਫ 20 ਹੀ ਬਚੇ ਹਨ। ਇਹ ਮਾਮਲਾ ਪਾਕਿਸਤਾਨ ’ਚ ਘੱਟ-ਗਿਣਤੀਅਾਂ ਦੇ ਮੁਸ਼ਕਲ ਹਾਲਾਤ ਦੀ ਇਕ ਹੋਰ ਮਿਸਾਲ ਹੈ। ਯਾਦ ਰਹੇ ਕਿ ਇਹ ਪਹਿਲੀ ਘਟਨਾ ਨਹੀਂ ਹੈ ਜਿਥੇ ਹਿੰਦੂ ਮੰਦਿਰਾਂ ’ਚ ਭੰਨ-ਤੋੜ ਅਤੇ ਮੂਰਤੀਅਾਂ ਨੂੰ ਤੋੜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹੀਅਾਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਅਾਂ ਹਨ। ਇਸ ਸਾਲ ਹੀ 26 ਜਨਵਰੀ 2020 ਨੂੰ ਸਿੰਧੂ ਸੂਬੇ ਦੇ ਚਾਚਰੋਂ ’ਚ ਮਾਤਾ ਰਾਣੀ ਭਾਤਿਆਣੀ ਮੰਦਿਰ ’ਚ ਭੰਨ-ਤੋੜ ਕੀਤੀ ਗਈ ਸੀ। ਇਸ ਮਹੀਨੇ ਪਵਿੱਤਰ ਧਰਮ ਸਥਾਨ ਨਨਕਾਣਾ ਸਾਹਿਬ ’ਤੇ ਪੱਥਰਬਾਜ਼ੀ ਦਾ ਮਾਮਲਾ ਵੀ ਚਰਚਾ ’ਚ ਸੀ। ਜੁਲਾਈ 2020 ’ਚ ਰਾਜਧਾਨੀ ਇਸਲਾਮਾਬਾਦ ’ਚ ਬਣਾਏ ਜਾਣ ਵਾਲੇ ਕ੍ਰਿਸ਼ਨ ਮੰਦਿਰ ਦੀ ਨੀਂਹ ਹੀ ਤੋੜ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸਤੰਬਰ 2019 ’ਚ ਸਿੰਧ ਸੂਬੇ ਦੇ ਘੋਟਕੀ ’ਚ ਹਿੰਦੂ ਮੰਦਿਰ ’ਚ ਭੰਨ-ਤੋੜ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਹਿੰਦੂ ਸਭ ਤੋਂ ਵੱਡਾ ਘੱਟ-ਗਿਣਤੀ ਭਾਈਚਾਰਾ ਹੈ। ਅਧਿਕਾਰਿਤ ਅੰਕੜਿਅਾਂ ਅਨੁਸਾਰ ਪਾਕਿਸਤਾਨ ’ਚ 75 ਲੱਖ ਹਿੰਦੂ ਰਹਿੰਦੇ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਸਿੰਧ ਸੂਬੇ ’ਚ ਹਨ। ਚੋਣ ਕਮਿਸ਼ਨ ਦੇ ਅੰਕੜਿਅਾਂ ਅਨੁਸਾਰ ਹਿੰਦੂ ਵੋਟਰਾਂ ਦੀ ਗਿਣਤੀ 17 ਲੱਖ ਤੋਂ ਵੱਧ ਹੈ ਜਿਨ੍ਹਾਂ ’ਚੋਂ ਜ਼ਿਆਦਾਤਰ ਸਿੰਧ ਸੂਬੇ ’ਚ ਰਹਿੰਦੇ ਹਨ ਅਤੇ ਉਨ੍ਹਾਂ ’ਚੋਂ ਥਾਰ ਅਤੇ ਅਮਰਕੋਟ ਜ਼ਿਲਿਅਾਂ ਦੀ 40-40 ਫੀਸਦੀ ਆਬਾਦੀ ਹਿੰਦੂ ਹੈ। ਇਸ ਤੋਂ ਇਲਾਵਾ ਵੀ ਉਥੇ ਹੋਰ ਘੱਟ-ਗਿਣਤੀਅਾਂ ਕਾਫੀ ਗਿਣਤੀ ’ਚ ਹਨ, ਜਿਨ੍ਹਾਂ ’ਚ ਸਿੱਖ-ਈਸਾਈ ਆਦਿ ਸ਼ਾਮਲ ਹਨ। ਇਕ ਮਸ਼ਹੂਰ ਪਾਕਿਸਤਾਨੀ ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ’ਚੋਂ ਲਗਭਗ 5 ਹਜ਼ਾਰ ਹਿੰਦੂ ਪਰਿਵਾਰ ਭੱਜ ਕੇ ਭਾਰਤ ਆਉਂਦੇ ਹਨ। ਹਾਲਾਂਕਿ ਇਹ ਗਿਣਤੀ ਪਿਛਲੇ ਕਾਫੀ ਸਾਲਾਂ ’ਚ ਕਾਫੀ ਵਧ ਗਈ ਹੈ। ਆਮ ਤੌਰ ’ਤੇ ਇਹ ਸ਼ਰਨਾਰਥੀ ਰਾਜਸਥਾਨ, ਦਿੱਲੀ ਅਤੇ ਮੱਧ ਪ੍ਰਦੇਸ਼ ’ਚ ਸ਼ਰਨ ਲੈਂਦੇ ਹਨ। ਸਾਲ 2018 ’ਚ ਭਾਰਤ ਸਰਕਾਰ ਨੇ ਪਾਕਿਸਤਾਨ, ਅਫਗਾਨਿਸਤਾਨ ਤੋਂ ਆਏ 12732 ਮੁਸਲਮਾਨਾਂ ਅਤੇ ਸਿੱਖਾਂ ਨੂੰ ਨਾਗਰਿਕਤਾ ਦਿੱਤੀ। ਇਸ ਤੋਂ ਪਹਿਲਾਂ 2017 ’ਚ 4712 ਲੋਕਾਂ ਨੂੰ ਸ਼ਰਨ ਦਿੱਤੀ ਗਈ। 2016 ’ਚ 2298 ਹਿੰਦੂ ਅਤੇ ਸਿੱਖ ਸ਼ਰਨਾਰਥੀਅਾਂ ਨੂੰ ਸ਼ਰਨ ਮਿਲੀ।
ਪਾਕਿ ਸਮੇਤ ਗੁਆਂਢੀ ਦੇਸ਼ਾਂ ’ਚ ਹਿੰਦੂ ਅਤੇ ਸਿੱਖ ਘੱਟ-ਗਿਣਤੀਅਾਂ ’ਤੇ ਹੋਣ ਵਾਲੇ ਅੱਤਿਆਚਾਰ ਅਤੇ ਫਿਰ ਉਨ੍ਹਾਂ ਦੇ ਭਾਰਤ ਹਿਜਰਤ ਕਰਨ ਦੇ ਨਜ਼ਰੀਏ ਨਾਲ ਦੇਸ਼ ’ਚ ਨਾਗਰਿਕਤਾ ਸੋਧ ਕਾਨੂੰਨ ਬਾਰੇ ਸੋਚਿਆ ਗਿਆ ਸੀ ਤਾਂ ਕਿ ਸ਼ੋਸ਼ਣ ਦਾ ਸ਼ਿਕਾਰ ਘੱਟ-ਗਿਣਤੀਅਾਂ ਨੂੰ ਭਾਰਤ ’ਚ ਸ਼ਰਨ ਲੈਣ ’ਤੇ ਉਨ੍ਹਾਂ ਨੂੰ ਰਾਹਤ ਮਿਲ ਸਕੇ। ਪਾਕਿਸਤਾਨ ’ਚ ਭਾਰਤੀ ਮੂਲ ਦੇ ਘੱਟ-ਗਿਣਤੀ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ ਅਤੇ ਉਸ ਦਾ ਸਭ ਤੋਂ ਵੱਡਾ ਕਾਰਨ ਧਾਰਮਿਕ ਆਧਾਰ ’ਤੇ ਉਨ੍ਹਾਂ ਨਾਲ ਉਥੇ ਹੋਣ ਵਾਲਾ ਅੱਤਿਆਚਾਰ ਹੈ ਜਿਸ ਕਾਰਨ ਵੱਡੇ ਪੱਧਰ ’ਤੇ ਉਹ ਹਰ ਸਾਲ ਉਥੋਂ ਭੱਜ ਕੇ ਭਾਰਤ ਆ ਰਹੇ ਹਨ। ਪਾਕਿਸਤਾਨ ’ਚ ਘੱਟ-ਗਿਣਤੀਅਾਂ ਦੀ ਆਵਾਜ਼ ਕਿਸ ਤਰ੍ਹਾਂ ਦਬਾਈ ਜਾਂਦੀ ਹੈ ਇਸ ਨੂੰ ਲੈ ਕੇ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਅਾਂ ਹਨ। ਧਾਰਮਿਕ ਘੱਟ-ਗਿਣਤੀਅਾਂ ਦੇ ਨਾਲ-ਨਾਲ ਪਾਕਿਸਤਾਨ ’ਚ ਸਿੰਧ ਅਤੇ ਬਲੋਚ ਭਾਈਚਾਰੇ ਦੇ ਲੋਕਾਂ ਨੇ ਵੀ ਪਾਕਿਸਤਾਨ ਦੀ ਸਰਕਾਰ ਅਤੇ ਫੌਜ ’ਤੇ ਉਨ੍ਹਾਂ ਨੂੰ ਦਬਾਉਣ ਦਾ ਦੋਸ਼ ਲਾਇਆ ਹੈ। ਸਿੰਧੀ ਅਤੇ ਬਲੋਚ ਭਾਈਚਾਰੇ ਦੇ ਲੋਕ ਇਸ ਨੂੰ ਲੈ ਕੇ ਆਏ ਦਿਨ ਪ੍ਰਦਰਸ਼ਨ ਕਰਦੇ ਰਹੇ ਹਨ।
ਸਾਨੂੰ ਪਾਕਿ ਦੇ ਘੱਟ-ਗਿਣਤੀਅਾਂ ਦੀ ਸੁਰੱਖਿਆ ਨੂੰ ਲੈ ਕੇ ਅਤਿ-ਜ਼ਰੂਰੀ ਕਦਮ ਛੇਤੀ ਚੁੱਕਣੇ ਚਾਹੀਦੇ ਹਨ ਅਤੇ ਕੌਮਾਂਤਰੀ ਪੱਧਰ ’ਤੇ ਪਾਕਿ ਦੀ ਦੋਰੰਗੀ ਅਸਲੀਅਤ ਸਾਹਮਣੇ ਲਿਆਉਣੀ ਪਵੇਗੀ। ਪਾਕਿ ’ਚ ਘੱਟ-ਗਿਣਤੀਅਾਂ ਦੇ ਧਾਰਮਿਕ ਅਤੇ ਹੋਰ ਤਰ੍ਹਾਂ ਦੇ ਸ਼ੋਸ਼ਣ ਦਾ ਮੂਲ ਕਾਰਨ ਉਨ੍ਹਾਂ ਦਾ ਭਾਰਤੀ ਜੜ੍ਹ ਅਤੇ ਭਾਰਤੀ ਮੂਲ ਨਾਲ ਅਟੁੱਟ ਜੁੜਾਅ ਹੈ।
ਮੋਦੀ ਸਾਹਿਬ ਕਿਸਾਨਾਂ ਨੂੰ ਸੱਦੋ, ਸਾਉਣੀ ਦੀ ਫਸਲ ਤਿਆਰ ਹੈ
NEXT STORY