ਪੰਜਾਬ ਦੇ ਜਲੰਧਰ ਸ਼ਹਿਰ ’ਚ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਗਾਂਧੀਵਾਦੀ ਨੇਤਾ ਆਦਰਯੋਗ ਲਾਲਾ ਜਗਤ ਨਾਰਾਇਣ ਜੀ ਨੇ ਸਾਲ 1965 ’ਚ 13 ਜੂਨ ਦੇ ਦਿਨ ਹਿੰਦੀ ਰੋਜ਼ਾਨਾ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ‘ਪੰਜਾਬ ਕੇਸਰੀ’ ਦੀ ਸਥਾਪਨਾ ਦੇ 60 ਸਫਲ ਸਾਲ ਪੂਰੇ ਕਰਨ ਦੇ ਮੌਕੇ ’ਤੇ 1990 ਦੇ ਦਹਾਕੇ ’ਚ ਇਕ ਬਾਲ ਪਾਠਕ ਤੋਂ ਲੈ ਕੇ 21ਵੀਂ ਸਦੀ ਦੀ ਸ਼ੁਰੂਆਤ ਦੀ ਯੁਵਾ ਅਵਸਥਾ ’ਚ ਅਖਬਾਰ ਵੰਡਣ ਦੇ ਕੰਮ ਅਤੇ ਡੈਸਕ ’ਤੇ ਕਰਮਚਾਰੀ ਦੇ ਤੌਰ ’ਤੇ ਅਖਬਾਰ ਨਾਲ ਜੁੜੀਆਂ ਕੁਝ ਯਾਦਾਂ ਅਤੇ ਕਿੱਸੇ ਮਨ ’ਚ ਦੁਬਾਰਾ ਅੰਕਿਤ ਹੋ ਰਹੇ ਹਨ।
ਹਿਮਾਚਲ ਦੇ ਜ਼ਿਲਾ ਕਾਂਗੜਾ ਦੇ ਪਪਰੋਲਾ ਕਸਬੇ ’ਚ ਪਿਤਾ ਜੀ ਬੀਤੇ 55 ਸਾਲਾਂ ਤੋਂ ਅਖਬਾਰ ਵੰਡਣ ਦੇ ਕੰਮ ਨਾਲ ਜੁੜੇ ਸਨ ਤਾਂ ਇਸ ਪੇਸ਼ੇ ਕਾਰਨ ਬਚਪਨ ਤੋਂ ਹੀ ਅਖਬਾਰ ਨਾਲ ਆਪਣੇ-ਆਪ ਜੁੜਾਅ ਹੋ ਗਿਆ। ਉਸ ਸਮੇਂ ਹਿਮਾਚਲ ’ਚ ਸਾਰੇ ਹਿੰਦੀ ਅਖਬਾਰ ਜਲੰਧਰ ਤੋਂ ਹੀ ਛਪ ਕੇ ਆਉਂਦੇ ਸਨ। ‘ਪੰਜਾਬ ਕੇਸਰੀ’, ‘ਹਿੰਦੀ ਮਿਲਾਪ’ ਅਤੇ ‘ਵੀਰ ਪ੍ਰਤਾਪ’ ਆਦਿ ਮੁੱਖ ਰੋਜ਼ਾਨਾ ਅਖ਼ਬਾਰ ਸਨ। ‘ਵੀਰ ਪ੍ਰਤਾਪ’ ਅਤੇ ‘ਮਿਲਾਪ’ ਕਰੀਬ 2 ਦਹਾਕੇ ਪਹਿਲਾਂ ਬੰਦ ਹੋ ਚੁੱਕੇ ਹਨ, ਪਰ ‘ਪੰਜਾਬ ਕੇਸਰੀ’ ਨਾਲ ਪਾਠਕਾਂ ਦਾ ਜੁੜਾਅ ਇਸ ਪਲ-ਪਲ ਬਦਲਦੇ ਡਿਜੀਟਲ ਦੌਰ ’ਚ ਵੀ ਕਾਇਮ ਹੈ। ਵਜ੍ਹਾ ਖੁਦ ਪਾਠਕ ਜਾਣਦੇ ਹਨ।
ਹਰ ਅੰਕ ਦੀ ਰਹਿੰਦੀ ਸੀ ਉਡੀਕ : ਮੈਨੂੰ ਯਾਦ ਹੈ ਕਿ ਉਸ ਸਮੇਂ ‘ਪੰਜਾਬ ਕੇਸਰੀ’ ਦੇ ਮੁੱਖ ਪੰਨੇ ਤੋਂ ਪਹਿਲਾਂ ਮੈਗਜ਼ੀਨ ਦੇ ਕਲਰ ਪੰਨੇ ਛਪਦੇ ਸਨ। ਉਸ ਸਮੇਂ ਪੂਰੀ ਅਖਬਾਰ ਅੱਜ ਵਾਂਗ ਰੰਗੀਨ ਨਹੀਂ ਹੁੰਦੀ ਸੀ। ਸੋਮਵਾਰ ਨੂੰ ਧਾਰਮਿਕ ਲੇਖਾਂ ਦਾ ਪੰਨਾ ਆਉਂਦਾ ਤਾਂ ਮੰਗਲਵਾਰ ਨੂੰ ‘ਆਂਖਿਨ ਦੇਖੀ’ ਪੰਨੇ ’ਚ ਪੂਰੇ ਵਿਸ਼ਵ ਦੇ ਅਜਬ-ਗਜਬ ਕਿੱਸੇ ਰੰਗੀਨ ਚਿੱਤਰਾਂ ਨਾਲ ਛਪਦੇ ਸਨ। ਬੁੱਧਵਾਰ ਨੂੰ ਮੈਗਜ਼ੀਨ ’ਚ ਖੇਡ ਨਾਲ ਜੁੜੇ ਰਜਿੰਦਰ ਸਜਵਾਨ ਦੇ ਲੇਖ ਪੜ੍ਹਨ ਦੀ ਖੇਡ ਪ੍ਰੇਮੀ ਪੂਰੇ ਹਫਤੇ ਤੋਂ ਉਡੀਕ ਕਰਦੇ। ਵੀਰਵਾਰ ਨੂੰ ਮਨੋਰੰਜਨ ਪੰਨੇ ’ਤੇ ਛਪੇ ਆਪਣੀ ਪਸੰਦ ਦੇ ਬਾਲੀਵੁੱਡ ਕਲਾਕਾਰਾਂ ਦੀਆਂ ਫੋਟੋਆਂ ਅਸੀਂ ਘਰ ਦੀਆਂ ਕੰਧਾਂ ’ਤੇ ਲਗਾ ਕੇ ਖੂਬ ਖੁਸ਼ ਹੁੰਦੇ।
ਰਵਿਵਾਰੀਯ ਪੰਨੇ ਦੀ ਤਾਂ ਗੱਲ ਹੀ ਅਲੱਗ : ਰਵਿਵਾਰੀਯ ਪੰਨੇ ਦੀ ਤਾਂ ਸਦਾ ਤੋਂ ਗੱਲ ਹੀ ਅਲੱਗ ਹੈ। ਛੁੱਟੀ ਵਾਲੇ ਦਿਨ ਗਲੇਜ਼ਡ ਪੇਪਰ ਵਾਲੇ ਰੰਗੀਨ ਮੁਲਾਇਮ ਪੰਨੇ ’ਤੇ ਛਪੀਆਂ ਲੜੀਵਾਰ ਕਹਾਣੀਆਂ, ਕ੍ਰਿਸ਼ਨ ਅਵਤਾਰ, ਹਫਤਾਵਾਰੀ ਰਾਸ਼ੀਫਲ ਤੋਂ ਲੈ ਕੇ ਬੱਚਿਆਂ ਨਾਲ ਜੁੜੇ ਲੇਖ ਪੜ੍ਹਨ ਨਾਲ ਮਨ ਨੂੰ ਬਹੁਤ ਆਨੰਦ ਮਿਲਦਾ। ਮਨੋਰੰਜਨ ਅਤੇ ਰਵਿਵਾਰੀਯ ਪੰਨੇ ਅੱਜ ਵੀ ਉਹੀ ਅਹਿਸਾਸ ਦਿੰਦੇ ਹਨ।
ਸੰਪਾਦਕੀ ਪੰਨੇ ਦੇ ਸੂਖਮ ਵਿਚਾਰ : ਸੰਪਾਦਕੀ ਪੰਨੇ ਦਾ ਜ਼ਿਕਰ ਵੀ ਜ਼ਰੂਰੀ ਹੈ। ਉਸ ਸਮੇਂ ਵਿਜੇ ਜੀ, ਅਸ਼ਵਨੀ ਮਿੰਨਾ ਜੀ ਅਤੇ ਵਿਜੇ ਨਿਰਬਾਧ ਜੀ ਦੇ ਸੰਪਾਦਕੀ ਲੇਖ ਪੜ੍ਹ ਕੇ ਦੇਸ਼-ਦੁਨੀਆ ਦੇ ਅਹਿਮ ਮੁੱਦਿਆਂ ’ਤੇ ਸਮਝ ਵਧਦੀ ਸੀ। ਸ਼੍ਰੀ ਵਿਜੇ ਚੋਪੜਾ ਦੀ ‘ਕੋਲੰਬਸ ਕੇ ਭਾਰਤ ਮੇਂ’ ਅਤੇ ਸ਼੍ਰੀ ਅਵਿਨਾਸ਼ ਚੋਪੜਾ ਦੀ ‘ਨਿਊਯਾਰਕ ਸੇ ਮੇਨਹੱਟਨ ਤਕ’ ਨਾਮੀ ਲੇਖਾਂ ਦੀ ਕਿਸ਼ਤ ਕਈ ਸਾਲਾਂ ਤੱਕ ‘ਆਂਖਿਨ ਦੇਖੀ’ ਮੈਗਜ਼ੀਨ ਪੰਨੇ ’ਤੇ ਪ੍ਰਕਾਸ਼ਿਤ ਹੋਈ, ਜੋ ਕਿ ਦੇਸ਼-ਵਿਦੇਸ਼ ਨਾਲ ਜੁੜੀਆਂ ਕਈ ਰੋਚਕ ਜਾਣਕਾਰੀਆਂ ਦਾ ਖਜ਼ਾਨਾ ਸੀ।
ਗਲੇਜ਼ਡ ਪੇਪਰ ’ਤੇ ਰੰਗੀਨ ਮੈਗਜ਼ੀਨ ਪੜ੍ਹਨ ਦਾ ਚਾਅ : ਮੈਨੂੰ ਯਾਦ ਹੈ ਕਿ 90 ਦੇ ਦਹਾਕੇ ’ਚ ਜਦੋਂ ‘ਪੰਜਾਬ ਕੇਸਰੀ’ ਨੇ ਜਲੰਧਰ ’ਚ ਪਹਿਲੀ ਵਾਰ ਹਿੰਦੀ ਅਖਬਾਰਾਂ ’ਚ ਗਲੇਜ਼ਡ ਪੇਪਰ ’ਤੇ ਮੈਗਜ਼ੀਨ ਛਾਪਣੀ ਸ਼ੁਰੂ ਕੀਤੀ ਸੀ ਤਾਂ ਇਕ ਵਾਰ ਮੁੱਖ ਦਫਤਰ ’ਚ ਜਾ ਕੇ ਵਿਦੇਸ਼ ਤੋਂ ਆਈ ਹੀਟ ਪ੍ਰੈੱਸ ਮਸ਼ੀਨ ’ਚ ਗਲੇਜ਼ਡ ਪੇਪਰ ’ਚ ਮੁਲਾਇਮ ਰੰਗੀਨ ਪੰਨੇ ਛਪਦੇ ਦੇਖ ਕੇ ਮਨ ਅਚੰਭਿਤ ਹੋ ਗਿਆ ਸੀ। ਬਾਅਦ ’ਚ ਹਿਮਾਚਲ ਤੋਂ ਕਈ ਅਖਬਾਰਾਂ ਦੇ ਪ੍ਰਕਾਸ਼ਨ ਸ਼ੁਰੂ ਹੋਣ ’ਤੇ ‘ਪੰਜਾਬ ਕੇਸਰੀ’ ਨੇ ਵੀ ਪਾਲਮਪੁਰ ’ਚ ਪ੍ਰਕਾਸ਼ਨ ਅਤੇ ਛਪਾਈ ਦਫਤਰ ਸ਼ੁਰੂ ਕੀਤਾ ਤਾਂ ਕਿਸਮਤ ਨਾਲ ਮੈਨੂੰ ਵੀ ਡੈਸਕ ’ਤੇ ਕੰਮ ਕਰਨ ਦਾ ਮੌਕਾ ਮਿਲਿਆ। ਪੱਤਰਕਾਰਿਤਾ ਦਾ ਤਜਰਬਾ ਅਤੇ ਖੁਸ਼ਨੁਮਾ ਯਾਦਾਂ ਸਾਰੀ ਉਮਰ ਕਾਇਮ ਰਹਿਣਗੀਆਂ।
ਪੱਤਰਕਾਰਿਤਾ ਦੇ ਸਿਧਾਂਤਾਂ ’ਤੇ ਅਟੱਲ : ਪੰਜਾਬ ’ਚ 80 ਦੇ ਦਹਾਕੇ ’ਚ ਅੱਤਵਾਦ ਦੇ ਕਾਲੇ ਦੌਰ ’ਚ ਪੱਤਰਕਾਰਿਤਾ ਦੇ ਸਿਧਾਂਤਾਂ ’ਤੇ ਅਟੱਲ ਰਹਿ ਕੇ ਆਪਣੇ ਦੋ ਮੁੱਖ ਸੰਪਾਦਕਾਂ, ਕਈ ਪੱਤਰਕਾਰਾਂ ਅਤੇ ਏਜੰਟਾਂ/ਹਾਕਰਾਂ ਦੇ ਬਲੀਦਾਨ ਦਾ ਗਵਾਹ ਹਿੰਦ ਸਮਾਚਾਰ ਪੱਤਰ ਸਮੂਹ ਅੱਜ ਵੀ ਸ਼ਹੀਦ ਪਰਿਵਾਰ ਫੰਡ, ਰਾਹਤ ਫੰਡ ਵੰਡ, ਖੂਨਦਾਨ ਅਤੇ ਸਿਹਤ ਕੈਂਪ ਮੁਹਿੰਮਾਂ ਦਾ ਸੰਚਾਲਨ ਕਰ ਕੇ ਜਨ ਸੇਵਾ ਨੂੰ ਬਾਖੂਬੀ ਨਿਭਾਅ ਰਿਹਾ ਹੈ ਜੋ ਕਿ ਹਰ ਕਿਸੇ ਲਈ ਪ੍ਰੇਰਣਾ ਦਾ ਸਰੋਤ ਹੈ। ਭਰੋਸੇਯੋਗ ਪੱਤਰਕਾਰਿਤਾ ਅਤੇ ਵੱਖ-ਵੱਖ ਲੇਖਾਂ ਅਤੇ ਜਨਮਾਨਸ ਦੇ ਮਾਮਲਿਆਂ ਨੂੰ ਤਰਜੀਹ ਦੇਣ ਕਾਰਨ 6 ਦਹਾਕੇ ਬਾਅਦ ਵੀ ‘ਪੰਜਾਬ ਕੇਸਰੀ’ ਅਖਬਾਰ ਅਤੇ ਡਿਜੀਟਲ ਦੋਵਾਂ ਰੂਪਾਂ ’ਚ ਪਾਠਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।
–ਸੌਰਭ ਕੁਮਾਰ
ਮੋਦੀ ਸਰਕਾਰ ਦੇ 11 ਸਾਲ : ਇਕ ਆਲੋਚਨਾ
NEXT STORY