ਕਹਿੰਦੇ ਹਨ ਕਿ ਜਦੋਂ ਵਾਲਮੀਕਿ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਦੀ ਲਿਖੀ ਰਾਮਾਇਣ ਤੋਂ ਬਿਹਤਰ ਹਨੂੰਮਾਨ ਦੀ ਲਿਖੀ ਰਾਮ ਕਥਾ ਹੈ ਤਾਂ ਉਹ ਬਹੁਤ ਉਦਾਸ ਹੋਏ ਅਤੇ ਸੋਚਣ ਲੱਗੇ ਕਿ ਉਨ੍ਹਾਂ ਦੀ ਮਿਹਨਤ ਵਿਅਰਥ ਗਈ। ਜਦੋਂ ਹਨੂੰਮਾਨ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਲਿਖੇ ਨੂੰ ਪਾੜ ਕੇ ਨਸ਼ਟ ਕਰ ਦਿੱਤਾ ਤਾਂ ਕਿ ਵਾਲਮੀਕਿ ਦੀ ਰਾਮਾਇਣ ਹੀ ਪੜ੍ਹੀ ਜਾਵੇ। ਇਹ ਸਾਧਾਰਨ ਜਾਂ ਖਾਸ ਘਟਨਾ ਹੋ ਸਕਦੀ ਹੈ ਪਰ ਸੇਵਕ ਅਤੇ ਸਵਾਮੀ ਦੇ ਸਬੰਧਾਂ ਦੀ ਵਿਆਖਿਆ ਕਰ ਦਿੰਦੀ ਹੈ।
ਇਹ ਬੰਧਨ ਕੀ ਹੈ?
ਜਿਹੜਾ ਵਿਅਕਤੀ ਸਾਡੇ ਲਈ, ਸਾਡੇ ਨਾਲ ਕੰਮ ਕਰਦਾ ਹੈ, ਉਸ ਦੇ ਦੋ ਹੀ ਕਾਰਨ ਹੋ ਸਕਦੇ ਹਨ। ਇਕ ਤਾਂ ਇਹ ਜੋ ਕਿ ਸਾਰੇ ਜਾਣਦੇ ਹਨ ਕਿ ਧਨ ਦੀ ਘਾਟ ਪੂਰੀ ਕਰਨ ਲਈ ਕੰਮ ਕਰਦਾ ਹੈ ਪਰ ਦੂਜਾ ਵੱਧ ਅਹਿਮ ਹੈ ਕਿ ਪੈਸਿਆਂ ਅਤੇ ਸਹੂਲਤਾਂ ਤੋਂ ਇਲਾਵਾ ਸਾਨੂੰ ਆਪਣੀਆਂ ਸੇਵਾਵਾਂ ਦੇਣ ’ਚ ਉਸ ਤੋਂ ਆਤਮਿਕ ਤਸੱਲੀ ਮਿਲਦੀ ਹੈ। ਦੋਵੇਂ ਸਥਿਤੀਆਂ ਸਹੀ ਹਨ ਪਰ ਕਿਸੇ ਨੂੰ ਅਪਣਾਉਣਾ ਹੈ, ਇਹ ਤੈਅ ਕਰਨ ਲਈ ਵੀ ਦੋ ਹੀ ਬਦਲ ਹਨ। ਪਹਿਲਾ ਇਹ ਕਿ ਆਪਣੀ ਯੋਗਤਾ ਨਾਲ ਸਵਾਮੀ ਦੇ ਕਾਰਜਾਂ ਨੂੰ ਕਰਨ ’ਚ ਆਪਣੀ ਕਾਬਲੀਅਤ ਦਿਖਾਈ ਜਾਵੇ ਅਤੇ ਦੂਜਾ ਇਹ ਕਿ ਯੋਗਤਾ ’ਚ ਭਾਵੇਂ ਕਮੀ ਹੋਵੇ ਪਰ ਉਸ ਦਾ ਆਪਣੇ ਸਵਾਮੀ ਅਤੇ ਕਾਰਜ ਪ੍ਰਤੀ ਸਮਰਪਣ ਭਾਵ ਰੱਖਣਾ, ਕਿਸੇ ਵੀ ਕਾਰਜ ਨੂੰ ਬਿਹਤਰੀਨ ਬਣਾ ਦਿੰਦਾ ਹੈ। ਇਹੀ ਰਾਮ ਕਥਾ ਹੈ। ਇਸ ਲਈ ਹੀ ਰਾਮ ਦਾ ਮਹੱਤਵ ਹੈ ਅਤੇ ਉਨ੍ਹਾਂ ਨੂੰ ਪੁਰਸ਼ੋਤਮ ਕਿਹਾ ਗਿਆ ਹੈ।
ਜੇ ਅਸੀਂ ਰਾਮ ਦੇ ਸਵਾਮੀ ਰੂਪ ਨੂੰ ਦੇਖੀਏ ਤਾਂ ਉਹ ਆਪਣੇ ਸਾਰੇ ਸੇਵਕਾਂ ਨੂੰ ਆਪਣੇ ਪਿੱਛੇ ਚੱਲਣ ਵਾਲਾ ਨਹੀਂ ਬਣਾਉਂਦੇ ਸਗੋਂ ਉਨ੍ਹਾਂ ਨੂੰ ਇੰਨਾ ਊਰਜਾਵਾਨ ਬਣਾ ਦਿੰਦੇ ਹਨ ਕਿ ਉਹ ਬਿਨਾਂ ਕਿਸੇ ਯਤਨ ਦੇ ਰਾਮ ਦੇ ਨਾਲ ਹੀ ਨਹੀਂ ਚੱਲਣ ਲੱਗਦੇ ਸਗੋਂ ਉਨ੍ਹਾਂ ਤੋਂ ਵੀ ਅੱਗੇ ਨਿਕਲ ਕੇ ਸਵਾਮੀ ਦੇ ਕਾਰਜਾਂ ਨੂੰ ਪੂਰਾ ਕਰਨ ’ਚ ਆਪਣੀ ਜਾਨ ਤਕ ਖਤਰੇ ’ਚ ਪਾਉਣ ਲਈ ਤਿਆਰ ਹੋ ਜਾਂਦੇ ਹਨ। ਉਨ੍ਹਾਂ ਦਾ ਇਹ ਸੁਭਾਅ ਉਨ੍ਹਾਂ ਨੂੰ ਸਵਾਮੀ ਦੇ ਰੂਪ ’ਚ ਸਭ ਤੋਂ ਉੱਤਮ ਬਣਾ ਦਿੰਦਾ ਹੈ। ਅੱਜ ਦੇ ਦੌਰ ’ਚ ਕਿਹਾ ਜਾਵੇ ਕਿ ਜਦੋਂ ਤੁਹਾਡੇ ਮੁਲਾਜ਼ਮ ਤੁਹਾਡੀ ਸੋਚ ਦੇ ਦਾਇਰੇ ਨੂੰ ਲੰਘ ਕੇ ਕੋਈ ਪ੍ਰਾਪਤੀ ਹਾਸਲ ਕਰ ਲੈਂਦੇ ਹਨ ਤਾਂ ਤੁਹਾਨੂੰ ਮਾਣ ਹੁੰਦਾ ਹੈ। ਜੇ ਤੁਸੀਂ ਉਸ ਵਿਅਕਤੀ ਦਾ ਸਨਮਾਨ ਨਹੀਂ ਕਰਦੇ, ਉਸ ਦੇ ਕੰਮ ਦੀ ਤਾਰੀਫ ਇਸ ਲਈ ਨਹੀਂ ਕਰਦੇ ਕਿ ਉਹ ਸਿਰਫ ਇਕ ਮੁਲਾਜ਼ਮ ਹੈ, ਤਾਂ ਤੈਅ ਹੈ ਕਿ ਤਦ ਤੁਸੀਂ ਬਿਹਤਰ ਨਹੀਂ ਸਗੋਂ ਸਾਧਾਰਨ ਸਵਾਮੀ ਅਖਵਾਉਂਦੇ ਹੋ। ਤੁਸੀਂ ਪੈਸਾ ਦਿੱਤਾ, ਉਸ ਨੇ ਆਪਣਾ ਕੰਮ ਕੀਤਾ, ਗੱਲ ਖਤਮ, ਦੋਵੇਂ ਆਪਣੇ-ਆਪਣੇ ਰਾਹ।
ਜ਼ਰਾ ਸੋਚੋ ਕਿ ਹਨੂੰਮਾਨ ਨੂੰ ਕੀ ਪਈ ਸੀ ਕਿ ਉਹ ਰਾਮ ਦੀ ਹਾਜ਼ਰੀ ਦਰਜ ਕਰਵਾਉਣ ਲਈ ਲੰਕਾ ਹੀ ਸਾੜ ਦਿੰਦੇ। ਉਨ੍ਹਾਂ ਦੀ ਜਾਨ ਨੂੰ ਖਤਰਾ ਸੀ, ਮਰ ਵੀ ਸਕਦੇ ਸਨ, ਕੁਝ ਵੀ ਹੋ ਸਕਦਾ ਸੀ। ਸੀਤਾ ਨੂੰ ਸੰਦੇਸ਼ ਦੇਣਾ ਸੀ, ਦੇ ਦਿੰਦੇ, ਵਾਪਸ ਆ ਜਾਂਦੇ ਪਰ ਨਹੀਂ, ਉਨ੍ਹਾਂ ਨੇ ਤਾਂ ਰਾਵਣ ਨੂੰ ਇਹ ਮਹਿਸੂਸ ਕਰਵਾਉਣਾ ਸੀ ਕਿ ਉਹ ਕਿਸ ਨਾਲ ਦੁਸ਼ਮਣੀ ਮੁੱਲ ਲੈ ਰਹੇ ਹਨ। ਇਸੇ ਤਰ੍ਹਾਂ ਅੰਗਦ ਰਾਮ ਦੇ ਦੂਤ ਬਣ ਕੇ ਗਏ ਸਨ, ਆ ਜਾਂਦੇ ਆਪਣਾ ਸੰਦੇਸ਼ ਦੇ ਕੇ ਪਰ ਨਹੀਂ, ਉਨ੍ਹਾਂ ਨੇ ਤਾਂ ਆਪਣਾ ਪੈਰ ਜਮਾਉਣਾ ਸੀ ਅਤੇ ਦਿਖਾਉਣਾ ਸੀ ਕਿ ਵੱਡੇ-ਵੱਡੇ ਸੂਰਮੇ ਉਨ੍ਹਾਂ ਦਾ ਪੈਰ ਤਕ ਨਹੀਂ ਹਟਾ ਸਕੇ, ਭਾਵੇਂ ਜਾਨ ਹੀ ਚਲੀ ਜਾਵੇ। ਉਹ ਇਹ ਇਸ ਲਈ ਕਰ ਸਕੇ ਕਿਉਂਕਿ ਭਰੋਸਾ ਸੀ ਕਿ ਕੁਝ ਵੀ ਊਚ-ਨੀਚ ਹੋ ਜਾਵੇਗੀ ਤਾਂ ਮਾਲਕ ਸੰਭਾਲ ਲੈਣਗੇ।
ਇਸੇ ਤਰ੍ਹਾਂ ਰਾਮ ਦੇ ਦੂਜੇ ਸੇਵਕ ਸਨ, ਨਲ ਨੀਲ ਹੋਣ ਜਾਂ ਵਾਨਰ ਸੈਨਾ ਹੋਵੇ। ਇਹੀ ਨਹੀਂ, ਰਾਮ ਨਹੀਂ ਸਗੋਂ ਉਨ੍ਹਾਂ ਦੇ ਭਰਾ ਲਛਮਣ ਪ੍ਰਤੀ, ਜੋ ਸਵਾਮੀ ਨਹੀਂ ਸਨ, ਹਨੂੰਮਾਨ ਦਾ ਰਵੱਈਆ ਕਿਹੋ ਜਿਹਾ ਸੀ। ਉਨ੍ਹਾਂ ਨੂੰ ਮੌਤ ਤੋਂ ਬਚਾਉਣ ਲਈ ਚਲੇ ਗਏ ਜੜ੍ਹੀ-ਬੂਟੀਆਂ ਲਿਆਉਣ ਅਤੇ ਜਦੋਂ ਕੁਝ ਸਮਝ ’ਚ ਨਹੀਂ ਆਇਆ ਤਾਂ ਪੂਰਾ ਪਹਾੜ ਹੀ ਚੁੱਕ ਕੇ ਲੈ ਆਏ। ਇਸ ਦਾ ਅਰਥ ਇਹ ਹੈ ਕਿ ਸਵਾਮੀ ਹੀ ਨਹੀਂ, ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਹੈ ਜਿਸ ਲਈ ਉਹੀ ਮਨੋਸਥਿਤੀ ਬਣਾਈ ਰੱਖਣੀ ਹੁੰਦੀ ਹੈ ਜੋ ਸਵਾਮੀ ਲਈ ਹੁੰਦੀ ਹੈ।
ਅੱਜ ਦੇ ਆਧੁਨਿਕ ਅਤੇ ਵਿਗਿਆਨਕ ਯੁੱਗ ’ਚ ਜਦੋਂ ਧਨ ਅਤੇ ਤੰਤਰ ਦਾ ਸਭ ਤੋਂ ਵੱਧ ਮਹੱਤਵ ਹੈ, ਸੇਵਕ ਅਤੇ ਸਵਾਮੀ ਦੀ ਭੂਮਿਕਾ ਨਹੀਂ ਬਦਲੀ ਹੈ। ਹਾਲਾਂਕਿ ਸਭ ਤਰ੍ਹਾਂ ਦੇ ਉੱਦਮੀ, ਉਦਯੋਗਪਤੀ, ਵਪਾਰੀ ਅਤੇ ਕਾਰੋਬਾਰੀ ਮਿਲਣਗੇ ਅਤੇ ਉਸੇ ਤਰਜ ’ਤੇ ਨੌਕਰ-ਚਾਕਰ, ਮੁਲਾਜ਼ਮ ਅਤੇ ਸੀ. ਈ. ਓ. ਅਤੇ ਐੱਮ. ਡੀ. ਵੀ ਮਿਲਣਗੇ ਪਰ ਸਾਖ ਉਨ੍ਹਾਂ ਦੀ ਹੀ ਬਣਦੀ ਹੈ ਜੋ ਰਾਮ ਅਤੇ ਹਨੂੰਮਾਨ ਦੀ ਲੀਕ ’ਤੇ ਚੱਲਦੇ ਹਨ। ਇਸ ਸੰਦਰਭ ’ਚ ਅੱਜ ਦੇ ਦੌਰ ’ਚ ਰਤਨ ਟਾਟਾ ਨੂੰ ਰੱਖਿਆ ਜਾ ਸਕਦਾ ਹੈ ਜਿਨ੍ਹਾਂ ਲਈ ਆਪਣੇ ਇਕ ਸਾਧਾਰਨ ਵਰਕਰ ਅਤੇ ਉਸ ਲਈ ਭਲਾਈ ਦੀ ਭਾਵਨਾ ਰੱਖਣੀ ਸਭ ਤੋਂ ਅਹਿਮ ਰਿਹਾ ਅਤੇ ਉਨ੍ਹਾਂ ਦੇ ਦਿਹਾਂਤ ’ਤੇ ਮੁਲਾਜ਼ਮਾਂ ਨੂੰ ਲੱਗਾ ਹੋਵੇਗਾ ਕਿ ਉਨ੍ਹਾਂ ਦੇ ਰਾਮ ਸਵਰਗਵਾਸ ਹੋ ਗਏ ਹਨ।ਇਸ ਲੜੀ ’ਚ ਭਾਰਤ ਹੀ ਨਹੀਂ, ਵਿਸ਼ਵ ਦੇ ਕਈ ਉਦਯੋਗਪਤੀ ਆਉਂਦੇ ਹਨ ਜਿਨ੍ਹਾਂ ਨੇ ਭਾਵੇਂ ਆਪਣੇ ਅਤੇ ਪਰਿਵਾਰ ਲਈ ਕੁਝ ਨਾ ਛੱਡਿਆ ਹੋਵੇ ਪਰ ਸਮੁੱਚੀ ਮਨੁੱਖਤਾ ਦੀ ਭਲਾਈ ਦੀ ਭਾਵਨਾ ਰੱਖਦਿਆਂ ਬਹੁਤ ਕੁਝ ਛੱਡ ਗਏ ਹੋਣ।
ਪਰਜਾਤੰਤਰ ਅਤੇ ਰਾਮਰਾਜ
ਅਕਸਰ ਇਸ ਗੱਲ ’ਤੇ ਬਹਿਸ ਹੁੰਦੀ ਰਹਿੰਦੀ ਹੈ ਕਿ ਪਰਜਾਤੰਤਰ ’ਚ ਰਾਮਰਾਜ ਦੀ ਕਲਪਨਾ ਨੂੰ ਸਾਕਾਰ ਅਤੇ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ ਅਤੇ ਜੇ ਹਾਂ, ਤਾਂ ਫਿਰ ਉਸ ਦੇ ਮਾਪਦੰਡ ਕੀ ਹੋਣ? ਪਰਜਾਤੰਤਰ ਅਤੇ ਰਾਜਤੰਤਰ ਦਾ ਟਕਰਾਅ ਇਹ ਹੈ ਕਿ ਦੋਵੇਂ ਇਕ-ਦੂਜੇ ਦੇ ਉਲਟ ਹੋਣ ਕਾਰਨ ਹਮੇਸ਼ਾ ਆਪਸ ’ਚ ਹੀ ਸੰਘਰਸ਼ ਕਰਦੇ ਦਿਖਾਈ ਦਿੰਦੇ ਹਨ। ਪਰਜਾਤੰਤਰ ’ਚ ਰਾਜਤੰਤਰ ਦਾ ਸਥਾਨ ਪਰਿਵਾਰ ਤੰਤਰ ਨੇ ਲੈ ਲਿਆ ਹੈ। ਇਸ ਲਈ ਦੇਸ਼ ’ਚ ਪਰਿਵਾਰ ਨੂੰ ਹੀ ਆਪਣੇ ਸੂਬੇ ਜਾਂ ਦੇਸ਼ ਦਾ ਸ਼ਾਸਨ ਚਲਾਉਣ ’ਚ ਤਰਜੀਹ ਮਿਲਣੀ ਜਨਮਸਿੱਧ ਅਧਿਕਾਰ ਮੰਨ ਲਏ ਜਾਣ ਦੀ ਦੂਸ਼ਿਤ ਮਾਨਸਿਕਤਾ ਨੂੰ ਬਲ ਮਿਲਦਾ ਰਿਹਾ ਹੈ।
ਰਾਮ ਦੇ ਆਦਰਸ਼ਾਂ ’ਤੇ ਚੱਲਣਾ
ਅੱਜ ਰਾਮ ਸਭ ਦੇ, ਇਥੋਂ ਤਕ ਕਿ ਹਿੰਦੂਆਂ ਤੋਂ ਵੱਖ ਹੋਰ ਧਰਮਾਂ ਦੇ ਲੋਕਾਂ ਲਈ ਵੀ ਪੂਜਨੀਕ ਹਨ, ਅਰਾਧਨਾ ਕੀਤੇ ਜਾਣ ਵਾਲੇ ਹਨ ਅਤੇ ਉਹ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹ ਨਾਸਤਿਕ ਜਾਂ ਆਸਤਿਕ ਹੋਣ ਦਾ ਸਵਾਲ ਨਹੀਂ ਹੈ, ਸਗੋਂ ਪ੍ਰੇਮ, ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਹੈ। ਜੀਵਨ ’ਚ ਰਾਮ ਦਾ ਇਹੀ ਮਹੱਤਵ ਹੈ ਕਿ ਸੌਣ-ਜਾਗਣ ਤੋਂ ਲੈ ਕੇ ਮਰਦੇ ਸਮੇਂ ਵੀ ਮੂੰਹੋਂ ਰਾਮ ਨਿਕਲਦਾ ਹੈ।
-ਪੂਰਨ ਚੰਦ ਸਰੀਨ
ਸਾਦਗੀ, ਸੰਜਮ ਅਤੇ ਸ਼ਿਸ਼ਟਾਚਾਰ ਦੀ ਮੂਰਤ ਸਨ 'ਰਤਨ ਟਾਟਾ'
NEXT STORY