ਭਾਰਤੀ ਸੰਸਕ੍ਰਿਤੀ ਦੇ ਸਰਬ-ਸ਼ੁੱਭ ਅਤੇ ਸਦਾ ਨਵੀਂ ਪਰ ਸਦਾ ਪ੍ਰਾਚੀਨ ਹੋਣ ਦਾ ਸਿਹਰਾ ਰਿਸ਼ੀਆਂ, ਸੰਤਾਂ ਅਤੇ ਤਪੱਸਵੀਆਂ ਨੂੰ ਜਾਂਦਾ ਹੈ। ਰਿਸ਼ੀਆਂ ਵਲੋਂ ਰਚੇ ਗਏ ਵੇਦ, ਉਪਨਿਸ਼ਦ, ਪੁਰਾਣ ਅਤੇ ਹੋਰ ਗਿਆਨ ਸਰੋਤ ਇਸ ਦਾ ਸਬੂਤ ਹਨ। ਰਿਸ਼ੀ ਅਗਸਤਯ (ਤਾਮਿਲ ਵਿਚ ਅਗਸਤਯਾਰ) ਦਾ ਮਹਾਨ ਰਿਸ਼ੀਆਂ ਦੀ ਲੰਮੀ ਪਰੰਪਰਾ ਵਿਚ ਇਕ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਸਮਾਜਿਕ ਜਾਗਰੂਕਤਾ, ਅਧਿਆਤਮਿਕ ਚੇਤਨਾ ਦਾ ਵਿਕਾਸ ਅਤੇ ਧਰਮ ਅਤੇ ਵਿਗਿਆਨ ਨੂੰ ਮਜ਼ਬੂਤ ਕਰਨਾ ਸੀ।
ਰਿਸ਼ੀ ਅਗਸਤਯ ਨੇ ਭਾਸ਼ਾ, ਸਮਾਜ, ਧਰਮ, ਵਿਗਿਆਨ, ਦਰਸ਼ਨ ਅਤੇ ਸੱਭਿਆਚਾਰ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ। ਸਾਡੇ ਧਰਮ ਗ੍ਰੰਥਾਂ ਵਿਚ ਉਨ੍ਹਾਂ ਨੂੰ ਇਕ ਸਮਾਜ ਸੁਧਾਰਕ, ਭਾਸ਼ਾ ਪ੍ਰਮੋਟਰ, ਵਿਗਿਆਨੀ, ਦਾਰਸ਼ਨਿਕ, ਖੇਤੀਬਾੜੀ ਵਿਗਿਆਨੀ, ਡਾਕਟਰ ਅਤੇ ਸੱਭਿਆਚਾਰ ਦੇ ਉਪਾਸ਼ਕ ਵਜੋਂ ਦਰਸਾਇਆ ਗਿਆ ਹੈ। ਕਹਾਣੀ ਦੇ ਅਨੁਸਾਰ, ਰਿਸ਼ੀ ਅਗਸਤਯ ਦਾ ਜਨਮ ਇਕ ਬ੍ਰਹਮ ਘੜੇ ’ਚੋਂ ਹੋਇਆ ਸੀ। ਇਸੇ ਕਰ ਕੇ ਉਨ੍ਹਾਂ ਨੂੰ ‘ਕੁੰਭਜ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਪਤਨੀ ਲੋਪਾਮੁਦਰਾ ਇਕ ਵਿਦਵਾਨ ਅਤੇ ਵੇਦਾਂ ਦੀ ਮਾਹਿਰ ਸੀ।
ਰਿਸ਼ੀ ਅਗਸਤਯ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮੁੜ ਪਰਿਭਾਸ਼ਿਤ ਕਰਨ ਵਿਚ ਇਕ ਬੇਮਿਸਾਲ ਯੋਗਦਾਨ ਪਾਇਆ। ਉਹ ਸ਼ਾਇਦ ਪਹਿਲੇ ਰਿਸ਼ੀ ਸਨ ਜਿਨ੍ਹਾਂ ਨੇ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਦੀ ਯਾਤਰਾ ਕੀਤੀ ਅਤੇ ਉੱਥੇ ਵੇਦ, ਸੰਸਕ੍ਰਿਤ ਅਤੇ ਸੱਭਿਆਚਾਰ ਦਾ ਪ੍ਰਚਾਰ ਕੀਤਾ।
ਸਕੰਦ ਪੁਰਾਣ ਅਨੁਸਾਰ, ਸ਼ਿਵ ਅਤੇ ਪਾਰਵਤੀ ਦੇ ਸ਼ੁੱਭ ਵਿਆਹ ਦੇ ਅਲੌਕਿਕ ਦ੍ਰਿਸ਼ ਨੂੰ ਦੇਖਣ ਲਈ ਸਾਰਾ ਸੰਸਾਰ ਹਿਮਾਲਿਆ ਪਰਬਤ ’ਤੇ ਆਇਆ ਸੀ। ਨਤੀਜੇ ਵਜੋਂ, ਵਾਧੂ ਭਾਰ ਕਾਰਨ ਧਰਤੀ ਇਕ ਪਾਸੇ ਝੁਕ ਗਈ। ਫਿਰ ਭਗਵਾਨ ਸ਼ਿਵ ਦੇ ਕਹਿਣ ’ਤੇ, ਰਿਸ਼ੀ ਅਗਸਤਯ ਸੰਤੁਲਨ ਸਥਾਪਤ ਕਰਨ ਲਈ ਕਾਸ਼ੀ ਤੋਂ ਦੱਖਣ ਵੱਲ ਚਲੇ ਗਏ ਸਨ।
ਰਿਸ਼ੀ ਅਗਸਤਯ ਨੂੰ ਤਾਮਿਲ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇਕ ਤਾਮਿਲ ਸੱਭਿਆਚਾਰਕ ਨਾਇਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਤਾਮਿਲ ਵਿਆਕਰਨ, ਕਾਵਿ ਸ਼ਾਸਤਰ ਅਤੇ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ ਹੈ। ‘ਅਗਸਤਯ ਵਿਆਕਰਨ’ ਉਨ੍ਹਾਂ ਦੀ ਮਸ਼ਹੂਰ ਰਚਨਾ ਹੈ, ਜਿਸ ਵਿਚ ਤਾਮਿਲ ਭਾਸ਼ਾ ਦੀ ਵਿਆਕਰਨ ਅਤੇ ਸਾਹਿਤਕ ਰਵਾਇਤਾਂ ਦਾ ਜ਼ਿਕਰ ਹੈ।
ਉਨ੍ਹਾਂ ਦੇ ਯਤਨਾਂ ਸਦਕਾ ਤਾਮਿਲ ਭਾਸ਼ਾ, ਸਾਹਿਤ, ਖੇਤੀਬਾੜੀ ਪ੍ਰਣਾਲੀ ਅਤੇ ਸਿੰਚਾਈ ਨੂੰ ਇਕ ਨਵੀਂ ਪਛਾਣ ਮਿਲੀ। ਇਸ ਤੋਂ ਇਲਾਵਾ, ਰਿਸ਼ੀ ਅਗਸਤਯ ਨੂੰ ਆਯੁਰਵੇਦ ਅਤੇ ਡਾਕਟਰੀ ਵਿਗਿਆਨ ਦਾ ਜਨਮਦਾਤਾ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਖਣੀ ਭਾਰਤ ਵਿਚ ਔਸ਼ਧੀ ਪੌਦਿਆਂ ਅਤੇ ਉਨ੍ਹਾਂ ਦੀ ਵਰਤੋਂ ਦੇ ਗਿਆਨ ਦਾ ਵੀ ਪ੍ਰਸਾਰ ਕੀਤਾ।
ਭਲਾਈ ਕਾਰਜਾਂ ਨੂੰ ਸਥਿਰਤਾ ਅਤੇ ਗਤੀ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਦੱਖਣੀ ਭਾਰਤ ਵਿਚ ਬਹੁਤ ਸਾਰੇ ਆਸ਼ਰਮ ਸਥਾਪਿਤ ਕੀਤੇ ਅਤੇ ਲੋਕਾਂ ਨੂੰ ਵੇਦ, ਆਯੁਰਵੇਦ ਅਤੇ ਧਰਮ ਸ਼ਾਸਤਰ ਸਿਖਾਏ। ਉਨ੍ਹਾਂ ਦੇ ਯਤਨਾਂ ਸਦਕਾ, ਦੱਖਣੀ ਭਾਰਤ ਵਿਚ ਵੈਦਿਕ ਰਵਾਇਤਾਂ ਦੀ ਨੀਂਹ ਰੱਖੀ ਗਈ ਅਤੇ ਉੱਤਰ ਅਤੇ ਦੱਖਣ ਵਿਚਲਾ ਅੰਤਰ ਵੀ ਮਿਟ ਗਿਆ।
ਪੌਰਾਣਿਕ ਮਾਨਤਾ ਅਨੁਸਾਰ, ਵਿੰਧਿਆ ਪਹਾੜ ਨੇ ਆਪਣੀ ਉਚਾਈ ਵਧਾ ਕੇ ਸੂਰਜ ਦੇਵਤਾ ਦਾ ਰਸਤਾ ਰੋਕ ਦਿੱਤਾ ਸੀ। ਇਸ ਸਮੱਸਿਆ ਤੋਂ ਚਿੰਤਤ ਹੋ ਕੇ, ਦੇਵਤਿਆਂ ਨੇ ਰਿਸ਼ੀ ਅਗਸਤਯ ਤੋਂ ਮਦਦ ਮੰਗੀ। ਰਿਸ਼ੀ ਅਗਸਤਯ ਨੇ ਆਪਣੀ ਅਧਿਆਤਮਿਕ ਸ਼ਕਤੀ ਦੀ ਵਰਤੋਂ ਕਰਕੇ ਵਿੰਧਿਆ ਪਹਾੜ ਨੂੰ ਝੁਕਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਪਹਾੜ ਤੋਂ ਵਾਅਦਾ ਲਿਆ ਕਿ ਜਦੋਂ ਤੱਕ ਉਹ ਦੱਖਣ ਤੋਂ ਵਾਪਸ ਨਹੀਂ ਆਉਂਦੇ, ਉਦੋਂ ਤੱਕ ਇਹ ਝੁਕਿਆ ਰਹੇਗਾ ਪਰ ਰਿਸ਼ੀ ਦੱਖਣੀ ਭਾਰਤ ਦੇ ਪੋਥੀਗਾਈ ਪਹਾੜਾਂ ਵਿਚ ਸਥਾਈ ਤੌਰ ’ਤੇ ਵਸ ਗਏ ਅਤੇ ਵਿੰਧਿਆ ਪਹਾੜ ਅਜੇ ਵੀ ਉਨ੍ਹਾਂ ਦੀ ਉਡੀਕ ਵਿਚ ਝੁਕਿਆ ਹੋਇਆ ਹੈ।ਆਸ ਹੈ ਕਿ ਜੇ ਜੇਕਰ ਵਿੰਧਿਆ ਦੀ ਉਚਾਈ ਘੱਟ ਨਾ ਹੁੰਦੀ ਤਾਂ ਦੱਖਣੀ ਅਤੇ ਉੱਤਰੀ ਭਾਰਤ ਵਿਚਕਾਰ ਰਸਤਾ ਬੰਦ ਹੋ ਜਾਂਦਾ।
ਇਹ ਅਗਸਤਯ ਰਿਸ਼ੀ ਹੀ ਸਨ ਜਿਨ੍ਹਾਂ ਨੇ ਵਿੰਧਿਆ ਪਹਾੜ ਨੂੰ ਝੁਕਾ ਕੇ ਇਸ ਰਸਤੇ ਨੂੰ ਸੁਚਾਰੂ ਬਣਾਇਆ ਅਤੇ ਦੋਵਾਂ ਖੇਤਰਾਂ ਵਿਚਕਾਰ ਆਪਸੀ ਸੰਪਰਕ ਨੂੰ ਉਤਸ਼ਾਹਿਤ ਕੀਤਾ। ਤਾਮਿਲ ਰਵਾਇਤਾਂ ਵਿਚ, ਅਗਸਤਯ ਨੂੰ ਗਿਆਨ ਦੇ ਦਾਰਸ਼ਨਿਕ ਅਤੇ ਵਿਹਾਰਕ ਦੋਵਾਂ ਪਹਿਲੂਆਂ ਵਿਚ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਿੱਧ ਭਾਵ 2 ਗਿਆਨਾਂ ਨੂੰ ਪੂਰਾ ਕਰਨ ਅਤੇ ਿਸੱਧ ਹੋਣ ਵਾਲਾ ਮੰਨਿਆ ਜਾਂਦਾ ਹੈ।
ਮਹਾਰਿਸ਼ੀ ਅਗਸਤਯ ਨੂੰ ਤਾਮਿਲਨਾਡੂ ਦੀ ਭਾਰਤੀ ਮਾਰਸ਼ਲ ਆਰਟ, ਸਿਲੰਬਮ ਅਤੇ ਵੱਖ-ਵੱਖ ਰੋਗਾਂ ਦੇ ਇਲਾਜ ਲਈ ਵਰਮਮ ਬਿੰਦੂਆਂ ਦੀ ਵਰਤੋਂ ਕਰਨ ਕਰ ਕੇ ਪ੍ਰਾਚੀਨ ਵਿਗਿਆਨ ਵਰਮਮ ਦੇ ਖੋਜੀ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕੇਰਲ ਦੇ ਇਕ ਭਾਰਤੀ ਮਾਰਸ਼ਲ ਆਰਟ ਕਲਰੀਪਯੱਟ ਦੇ ਡਾਕਟਰਾਂ ਵਲੋਂ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਦੀ ਕਿਤਾਬ ‘ਅਗਸਤਯ ਸੰਹਿਤਾ’ ਵਿਚ ਵਰਣਿਤ ਵਿਗਿਆਨ ਵਿਗਿਆਨੀਆਂ ਨੂੰ ਹੈਰਾਨ ਕਰਦਾ ਹੈ। ਇਸ ਵਿਚ ਮਸ਼ੀਨ ਨਿਰਮਾਣ, ਬਿਜਲੀ ਉਤਪਾਦਨ ਅਤੇ ਹੋਰ ਤਕਨੀਕੀ ਤਰੀਕਿਆਂ ਦਾ ਜ਼ਿਕਰ ਹੈ। ਇਹ ਇਕ ‘ਪਾਣੀ ਦੀ ਬੈਟਰੀ’ ਦਾ ਵਰਣਨ ਕਰਦਾ ਹੈ, ਜੋ ਤਾਂਬੇ ਅਤੇ ਜ਼ਿੰਕ ਦੀ ਵਰਤੋਂ ਕਰ ਕੇ ਬਿਜਲੀ ਪੈਦਾ ਕਰਨ ਦਾ ਇਕ ਤਰੀਕਾ ਦੱਸਦੀ ਹੈ, ਜੋ ਕਿ ਪ੍ਰਾਚੀਨ ਭਾਰਤ ਦੀ ਵਿਗਿਆਨਕ ਤਰੱਕੀ ਨੂੰ ਦਰਸਾਉਂਦਾ ਹੈ।
ਇਸੇ ਲਈ ਰਿਸ਼ੀ ਅਗਸਤਯ ਨੂੰ ‘ਬੈਟਰੀ ਬੋਨ’ ਵੀ ਕਿਹਾ ਜਾਂਦਾ ਹੈ। ਮਹਾਰਿਸ਼ੀ ਅਗਸਤਯ ਨੇ ਆਸਮਾਨ ਵਿਚ ਗੁਬਾਰੇ ਉਡਾਉਣ ਅਤੇ ਜਹਾਜ਼ ਚਲਾਉਣ ਦੀਆਂ ਤਕਨੀਕਾਂ ਦਾ ਵੀ ਜ਼ਿਕਰ ਕੀਤਾ ਹੈ। ਉਹ ਪਾਣੀ ਨੂੰ ਵੰਡਣ ਦੀ ਪ੍ਰਕਿਰਿਆ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ।
ਦੱਖਣੀ ਭਾਰਤ ਵਿਚ ਇਹ ਵੀ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਦਵਾਰਕਾ ਤੋਂ ਦੱਖਣ ਵੱਲ ਅਠਾਰਾਂ ਵੇਲੀਰ ਕਬੀਲਿਆਂ ਦੇ ਪ੍ਰਵਾਸ ਦੀ ਅਗਵਾਈ ਵੀ ਕੀਤੀ ਸੀ।
–ਆਚਾਰੀਆ ਰਾਘਵੇਂਦਰ ਪੀ. ਤਿਵਾੜੀ
(ਵਾਈਸ ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ)
ਰੈਗਿੰਗ ਦੇ ਨਾਂ ’ਤੇ ਜਾਰੀ ਹੈ ਜੂਨੀਅਰ ਵਿਦਿਆਰਥੀਆਂ ’ਤੇ ਜ਼ੁਲਮ
NEXT STORY